ਸਾਕਤ ਬੁਧੀਜੀਵੀਆਂ ਦਾ ਨਵਾਂ ਅਵਤਾਰ ਇਕਬਾਲ ਸਿੰਘ ਢਿੱਲੋਂ 

ਸਾਕਤ ਬੁਧੀਜੀਵੀਆਂ ਦਾ ਨਵਾਂ ਅਵਤਾਰ ਇਕਬਾਲ ਸਿੰਘ ਢਿੱਲੋਂ 

* ਅਖੇ ਸਾਬਤ ਕਰ ਨਹੀਂ ਸਕਦੇ ਕਿ 'ਸਿਖ ਧਰਮ' ਗੁਰੂ ਸਾਹਿਬਾਨ ਨੇ ਚਲਾਇਆ ਸੀ, 'ਸਿਖ' ਸ਼ਬਦ ਦੀ ਪਰੀਭਾਸਾ਼ ਵੀ ਨਹੀਂ ਦੇ ਸਕਦੇ: ਸਿੱਟਾ ਕੀ ਕੱਢੋਗੇ ? 

 ਵਿਸ਼ੇਸ਼ ਟਿਪਣੀ                                   

 ਚੰਡੀਗੜ ਦਾ ਰਹਿਣ ਵਾਲਾ ਇਕਬਾਲ ਸਿੰਘ ਢਿਲੋਂ ਹਰਨੇਕ ਸਿੰਘ ਨੇਕੀ ਵਰਗਾ ਪਿਸ਼ਾਚੀ ਅਵਤਾਰ ਹੈ ਜੋ ਸਿਖ ਧਰਮ ਚਿੰਤਨ , ਮਰਿਯਾਦਾ ,ਇਤਿਹਾਸ ਬਾਰੇ ਸੈਮੀਨਾਰਾਂ ਤੇ ਸ਼ੋਸ਼ਲ ਮੀਡੀਆ ਉਪਰ ਨੈਤਿਕਤਾ ਤੇ ਅਕਾਦਮਿਕਤਾ ਤੋਂ ਡਿਗਕੇ ਘਟੀਆ ਵਾਰ ਕਰ ਰਿਹਾ , ਨਫਰਤ ਫੈਲਾ ਰਿਹਾ ਹੈ। ਨਵ ਮਿਸ਼ਨਰੀ ਤੇ ਭਗਵੇਂ ਤਰਕਸ਼ੀਲਾਂ ਵਾਂਗ ਇਹ ਵਾਇਰਸ ਬਰਾਂਡ ਦੀ ਕਿਸਮ ਦੀ ਖੇਤੀ ਭਗਵੇਂਵਾਦੀ ਕਰ ਰਹੇ ਹਨ।ਇਹ ਉਹਨਾਂ ਦੇ ਹਥਿਆਰ ਹਨ   । ਫੇਸ ਬੁਕ ਉਪਰ ਉਸ ਦੇ ਬਿਆਨ ਪੜੋ।ਕੁਝ ਉਸਦੇ ਵਾਇਰਸੀ ਬਿਆਨ ਇੰਝ ਹਨ :ਇਕਬਾਲ ਸਿੰਘ ਢਿਲੋਂ ਆਖਦਾ ਹੈ ਕਿ ਜੇਕਰ ਕਿਸੇ 'ਸਿਖ' ਅਖਵਾਉਂਦੇ ਵਿਅਕਤੀ ਵੱਲੋਂ ਪਹਿਨੀ ਹੋਈ ਕਿਰਪਾਨ ਇਕ ਧਾਰਮਿਕ ਚਿੰਨ੍ਹ ਹੈ ਤਾਂ ਇਸ ਕਿਰਪਾਨ ਅਤੇ ਜਨੇਊ ਵਿਚ ਕੋਈ ਫਰਕ ਨਹੀਂ।ਜਾਂ ਤਾਂ ਇਹ ਸਾਬਿਤ ਕਰੋ ਕਿ ਗੁਰੂ ਨਾਨਕ ਜੀ ਨੇ ਕੋਈ ਮਜ਼ਹਬ/'ਧਰਮ' ਚਲਾਇਆ ਸੀ ਜਾਂ ਇਹ ਮੰਨੋਂ ਕਿ ਪਿਛਲੀਆਂ ਤਿੰਨ ਸਦੀਆਂ ਤੋਂ ਉਹਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ।   ਉਹ ਆਖਦਾ ਹੈ ਕਿ  ਸਾਬਤ ਕਰ ਨਹੀਂ ਸਕਦੇ ਕਿ 'ਸਿਖ ਧਰਮ' ਗੁਰੂ ਸਾਹਿਬਾਨ ਨੇ ਚਲਾਇਆ ਸੀ, 'ਸਿਖ' ਸ਼ਬਦ ਦੀ ਪਰੀਭਾਸਾ਼ ਵੀ ਨਹੀਂ ਦੇ ਸਕਦੇ: ਸਿੱਟਾ ਕੀ ਕੱਢੋਗੇ ?     

ਦੂਸਰੇ ਵਿਚਾਰ ਵਿਚ ਉਹ ਸਿਖਾਂ ਨੂੰ ਜੂਨ 84 ਦਾ ਦੋਸ਼ੀ ਠਹਿਰਾ ਰਿਹਾ ਹੈ।ਬਿਲਕੁੱਲ ਉਹੀ ਬੋਲੀ ਬੋਲਦਾ ਹੈ ਜੋ ਭਗਵੇਂਵਾਦੀ ਬੋਲਦੇ ਹਨ ਤੇ ਸਿਖ ਪੰਥ ਵਿਰੁਧ ਜ਼ਹਿਰ ਘੋਲਦੇ ਹਨ।ਉਹ ਆਖਦਾ ਹੈ ਕਿ ਭਾਰਤੀ ਸੁਰੱਖਿਆ ਬਲਾਂ ਵੱਲੌਂ ਜੂਨ 1984 ਵਿਚ ‘ਦਰਬਾਰ ਸਾਹਿਬ’ ਕੰਪਲੈਕਸ ਇਲਾਕੇ ਵਿਚ ਕੀਤੀ ਗਈ ਕਾਰਵਾਈ ਸਬੰਧੀ, ਜਾਣੇ ਵੀ ਅਤੇ ਅਣਜਾਣੇ ਵੀ, ਜੋ ਦੋ ਵੱਡੇ ਝੂਠ ਬੋਲੇ ਜਾਂਦੇ ਹਨ ਉਹ ਹਨ:

1. ਭਾਰਤੀ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ਇਕ ‘ਹਮਲਾ’ ਸੀ।

2. ਇਹ ‘ਹਮਲਾ’ ਦਰਬਾਰ ਸਾਹਿਬ ਉੱਤੇ ਕੀਤਾ ਗਿਆ ਸੀ।

ਪਹਿਲਾਂ ਤਾਂ ‘ਦਰਬਾਰ ਸਾਹਿਬ’ ਅਤੇ ‘ਦਰਬਾਰ ਸਾਹਿਬ ਕੰਪਲੈਕਸ’ ਵਿਚ ਫਰਕ ਸਮਝਣ ਦੀ ਲੋੜ ਹੈ। ‘ਦਰਬਾਰ ਸਾਹਿਬ ਕੰਪਲੈਕਸ’ ਵਿਚ ਸਰੋਵਰ, ਪਰਕਰਮਾ, ਅਕਾਲ-ਤਖਤ ਇਮਾਰਤ, ਬੁੰਗੇ, ਲੰਗਰ-ਹਾਲ, ਸਰਾਵਾਂ, ਲਾਇਬ੍ਰੇਰੀ, ਅਜਾਇਬ ਘਰ, ਦਰਬਾਰ ਸਾਹਿਬ, ਦਰਸ਼ਨੀ ਡਿਓਢੀ ਆਦਿਕ ਸ਼ਾਮਲ ਹਨ ਜਿਹਨਾਂ ਵਿੱਚੋਂ ਦਰਬਾਰ ਸਾਹਿਬ ‘ਹਰਿਮੰਦਰ’ ਇਸ ‘ਕੰਪਲੈਕਸ’ ਦਾ ਇਕ ਹਿੱਸਾ ਮਾਤਰ ਹੈ। ਦੂਸਰਾ, ਸੁਰੱਖਿਆ ਬਲਾਂ ਦੀ ਕਾਰਵਾਈ ‘ਹਮਲਾ’ ਇਸ ਲਈ ਨਹੀਂ ਸੀ, ਕਿਉਂਕਿ ਇਸ ਕਾਰਵਾਈ ਦਾ ਮਕਸਦ ਕੇਵਲ ਦਹਿਸ਼ਤਗਰਦੀ ਅਤੇ ਬਗਾਵਤੀ ਅਮਲ ਨੂੰ ਕਾਬੂ ਵਿਚ ਲਿਆਉਣਾ ਸੀ ਅਤੇ ਸੰਸਾਰ ਦੀ ਕੋਈ ਵੀ ਸਰਕਾਰ ਆਪਣੇ ਦੇਸ਼ ਵਿਚ ਅਮਨ-ਕਾਨੂੰਨ ਨੂੰ ਕਾਇਮ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਲਈ ਅਜਿਹਾ ਕਰੇਗੀ ਹੀ।  ਇਹ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਜੇਕਰ ਸੁਰੱਖਿਆ ਦਲਾਂ ਦਾ ਨਿਸ਼ਾਨਾ ‘ਦਰਬਾਰ ਸਾਹਿਬ’ ਉੱਤੇ ਹਮਲਾ ਕਰਨਾ ਹੀ  ਸੀ ਤਾਂ ਉਹਨਾਂ ਨੂੰ ਟੈਂਕਾਂ ਅਤੇ ਦੂਸਰੇ ਹੱਥਿਆਰਾਂ ਦੀ ਵਰਤੋਂ ਕਰਨ ਦੀ ਕੀ ਲੋੜ ਸੀ। ਇਹ ਕੰਮ ਤਾਂ ਜਹਾਜ ਰਾਹੀਂ ਇਕ ਬੰਬ ਸੁੱਟ ਕੇ ਅਰਾਮ ਨਾਲ ਹੀ ਕੀਤਾ ਜਾ ਸਕਦਾ ਸੀ। ਪਰੰਤੂ ਸੁਰੱਖਿਆ ਬਲਾਂ ਵੱਲੋਂ ਆਪਣਾ ਮਿਸ਼ਨ ਵੀ ਪੂਰਾ ਕਰ ਲਿਆ ਗਿਆ ਅਤੇ ‘ਦਰਬਾਰ ਸਾਹਿਬ’ ਦੀ ਇਮਾਰਤ ਨੂੰ ਕੋਈ ਨੁਕਸਾਨ ਹੋਣ ਤੋਂ ਵੀ ਬਚਾ ਕਰ ਲਿਆ ਗਿਆ। ਸੰਨ 1984 ਵਿਚ ਸਿਖ ਭਾਈਚਾਰੇ ਦਾ ਜੋ ਨੁਕਸਾਨ ਹੋਇਆ ਸੋ ਹੋਇਆ ਪਰੰਤੂ ਸਿਖ ਭਾਈਚਾਰੇ ਦੇ ਲੋਕਾਂ ਵੱਲੋਂ ਪਿਛਲੇ 35 ਸਾਲਾਂ ਦੌਰਾਨ ਉੱਪਰ ਵਾਲੇ ਦੋ ਝੂਠ ਵਾਰ-ਵਾਰ ਬੋਲ ਕੇ ਪਹਿਲਾਂ ਨਾਲੋਂ ਵੀ ਵਡੇਰਾ ਨੁਕਸਾਨ ਕਰਵਾਉਣ ਦਾ ਮੁੱਢ ਬੰਨ ਲਿਆ ਗਿਆ ਹੈ। ਲੋੜ ਹੈ ਕਿ ਸਿਖ ਭਾਈਚਾਰੇ  ਦੀ ਨੌਜਵਾਨ ਪੀੜ੍ਹੀ ਇਸ ਸਥਿਤੀ ਨੂੰ ਗੰਭੀਰਤਾ ਨਾਲ ਲਵੇ।    ਧਾਰਮਿਕਤਾ ਇਕ ਗੰਭੀਰ ਮਾਨਸਿਕ ਰੋਗ ਹੈ; ਇਸ ਤੋਂ ਬਚਣ ਲਈ ਤਰਕਸ਼ੀਲਤਾ ਸਭ ਤੋਂ ਵੱਧ ਕਾਰਗਰ ਵੈਕਸੀਨ ਹੈ

ਇਕਬਾਲ ਸਿੰਘ ਵਰਗੇ ਲੋਕ ਡੀਪ ਸਟੇਟ ਦੇ ਸ਼ਤਰੰਜੀ ਪਿਆਦੇ ਹਨ।ਜੋ ਸਿਖ ਪੰਥ ਉਪਰ ਬੜੇ ਸਾਜਿਸ਼ੀ ਢੰਗ ਨਾਲ ਹਮਲੇ ਬੋਲਦੇ ਹਨ ਤਾਂ ਜੋ ਸਿਖ ਪੰਥ ਦਾ ਮਨੋਬਲ ਤੋੜਿਆ ਜਾ ਸਕੇ। ਸਿਖ ਧਰਮ ਕੀ ਹੈ ,ਸਾਡੀ ਸਭ ਦੀ ਸਮਝ ਇਸ ਬਾਰੇ ਜਰੂਰੀ ਹੈ।ਸਿੱਖ ਧਰਮ  ਇਸ ਧਰਤਿ ਉਪਰ ਕਾਇਨਾਤੀ ਇਨਕਲਾਬ ਹੈ।ਕੁਝ ਸਾਕਤ ਸ਼ਕਤੀਆਂ ਜੋ ਸਮਾਜ ਨੂੰ ਨਸਲਵਾਦ ,ਜਾਤੀਵਾਦ ਤੇ ਨਾਸਤਕਵਾਦ ਦੇ ਉਜਡਵਾਦ ਵਲ ਧਕੇਲਣਾ ਚਾਹੁੰਦੀਆਂ ਹਨ ਉਹ ਗੁਰੂ ਗਰੰਥ ਸਾਹਿਬ ਤੇ ਸਿਖੀ ਉਪਰ ਵਾਰ ਕਰ ਰਹੀਆਂ ਹਨ। ਜਦੋਂ ਤੋਂ ਸਿਖ ਧਰਮ ਪ੍ਰਗਟ ਹੋਇਆ ਤਿਉਂ ਹੀ ਅਸੀਂ ਸਾਕਤਾਂ ਦੇ ਹਮਲਿਆਂ ਦਾ ਸਾਹਮਣਾ ਕਰ ਰਹੇ ਹਾਂ।ਅਨੇਕਾਂ ਪਿ੍ਥੀਚੰਦੀਏ , ਰਾਮਰਾਈਏ , ਧੀਰਮਲੀਏ , ਚੰਦੂ ,ਗੰਗੂ ਸਿਖੀ ਦਾ ਰੂਪ ਧਾਰਨ ਕਰਕੇ ਇਸ ਕਲਯੁਗ ਵਿਚ ਪਿਸ਼ਾਚੀ ਅਵਤਾਰ ਧਾਰਨ ਕਰ ਚੁਕੇ ਹਨ।ਸੋ ਇਕਬਾਲ ਸਿੰਘ ਬੁਧੀਜੀਵੀ ਇਸੇ ਬਰਾਂਡ ਦੀ ਨਸਲ ਹੈ।ਇਹ ਕਹਿ ਰਿਹਾ ਕਿ ਸਿਖ ਕੋਈ ਧਰਮ ਨਹੀਂ। ਇਸ ਦੀ ਕੋਈ ਪਰਿਭਾਸ਼ਾ ਨਹੀਂ।ਜਦਕਿ ਪੂਰਾ ਗੁਰੂ ਗਰੰਥ ਸਾਹਿਬ ਸਿਖ ,ਗੁਰਸਿਖ ਦੀ ਪਰਿਭਾਸ਼ਾ ਨਿਸ਼ਾਨੀ ਨਾਲ ਭਰਪੂਰ ਹੈ।ਜੋ ਇਤਿਹਾਸ ਵਿਚ ਅਸੀਂ ਕਮਾਈ ਕੀਤੀ ਹੈ ਬਾਬਰ, ਜਹਾਂਗੀਰ ਔਰੰਗਜੇਬ ,ਬਹਾਦਰਸ਼ਾਹ ,ਫਰੁਖਸ਼ੀਅਰ , ਨਾਦਰਸ਼ਾਹ ਅਬਦਾਲੀ ,ਗੋਰੇ ਬਿਲਿਆਂ ਨੂੰ ਲਲਕਾਰਿਆ ਹੈ ,ਉਹ ਸਾਡੇ ਹਕੀਕੀ ਵਾਜੂਦ ਦੀ ਨਿਸ਼ਾਨੀ ਹੈ। ਸਾਡੀ ਵਿਲਖਣਤਾ , ਭਰਪੂਰਤਾ ਗੁਰੂ ਗੋਬਿੰਦ ਸਿੰਘ ਜੀ ਸੰਪੂਰਨ ਕਰਦੇ ਹਨ। ਗੁਰੂ ਸਾਹਿਬ ਨੇ ਦੁਨੀਆ ਵਿੱਚ ਅਜਿਹੇ ਵਿਚਾਰ ਪ੍ਰਗਟ ਕੀਤੇ ਹਨ ਜਿਹੜੇ ਪਹਿਲਾਂ ਕਿਸੇ ਦਾਰਸ਼ਨਿਕ ਰਹਿਬਰ ਤੇ ਵਿਦਵਾਨ  ਨੇ ਪ੍ਰਗਟ ਨਹੀਂ ਕੀਤੇ। ਜਿੱਥੇ ਸਿੱਖਾਂ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਨਵੀਨ ਨਰੋਆ ਤੇ ਵਿਲੱਖਣ ਸੋਮਾ ਹੈ, ਉਥੇ ਆਪਣੀ ਵੱਖਰੀ ਰਹਿਤ ਮਰਯਾਦਾ, ਵੱਖਰੇ ਧਰਮ ਧਾਰਮਿਕ ਅਸਥਾਨ (ਗੁਰਦੁਆਰੇ), ਵੱਖਰਾ ਇਤਿਹਾਸ  ਹੈ। ਸਿੱਖ ਧਰਮ ਇੱਕ ਨਿਆਰਾ ਧਰਮ ਹੈ ਅਤੇ ਸਿੱਖ ਪੰਥ ਇੱਕ ਨਿਆਰਾ ਤੇ ਆਦਰਸ਼ਕ ਸਮਾਜ ਹੈ।ਸਿੱਖ ਦੀ ਪ੍ਰੀਭਾਸ਼ਾ ਹਮੇਸ਼ਾਂ ਹੀ ਗੁਰਬਾਣੀ ਦੇ ਇਸ ਫ਼ਰਮਾਨ ਵਾਲੀ ਹੀ ਰਹੇਗੀ: ‘ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥’  (ਪੰਨਾ ੬੦੧) ਹੇ ਭਾਈ! ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ।ਭਾਈ ਗੁਰਦਾਸ ਜੀ ਸਿੱਖੀ ਦੀ ਪਹਿਲੀ ਪੌੜੀ ਗੁਰੂ ਪਾਸੋਂ ਸਿੱਖਿਆ ਲੈਣੀ ਦੱਸਦੇ ਹਨ:

- ਗੁਰ ਦੀਖਿਆ ਲੈ ਸਿਖਿ ਸਿਖੁ ਸਦਾਇਆ।      (ਵਾਰ 3:11)

- ਗੁਰ ਸਿਖ ਲੈ ਗੁਰਸਿਖ ਹੋਇ...।                  (ਵਾਰ 7:1)                                             ਭਾਈ ਗੁਰਦਾਸ ਜੀ ਅਨੁਸਾਰ:

ਗੁਰਸਿਖੀ ਦਾ ਸਿਖਣਾ ਸਬਦਿ ਸੁਰਤਿ ਸਤਿਸੰਗਤਿ ਸਿਖੈ। (ਵਾਰ 28:5)

ਸਤਿਸੰਗਤ ਬਿਨਾਂ ਸਿਖੀ ਗ੍ਰਹਿਣ ਨਹੀਂ ਹੋ ਸਕਦੀ।

ਦਸਮੇਸ਼ ਪਿਤਾ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਨਾਂਦੇੜ ਦੱਖਣ ਵਿਖੇ 1765 ਬਿਕ੍ਰਮੀ (1708 ਈ.) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਦੇਹਧਾਰੀ ਗੁਰੂ-ਪਰੰਪਰਾ ਖ਼ਤਮ ਕਰ ਦਿੱਤੀ ਅਤੇ ਪੰਥ ਨੂੰ ਸਥਾਈ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ-ਗੁਰੂ) ਦੇ ਤਾਬੇ ਕਰ ਦਿੱਤਾ। ਗੁਰੂ ਜੀ ਨੇ ਸਿੱਖਾਂ ਨੂੰ ਆਪਣੇ ਪਿੱਛੋਂ ‘ਗੁਰੂ ਮਾਨੀਓ ਗ੍ਰੰਥ’ ਅਤੇ ‘ਖੋਜ ਸਬਦ ਮੈਂ ਲੇਹੁ’ ਦਾ ਹੁਕਮ ਦੇ ਕੇ ਪਹਿਲੇ ਗੁਰੂ ਸਾਹਿਬਾਨ ਦੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਇਆ ਅਤੇ ‘ਸ਼ਬਦ-ਗੁਰੂ’ ਦੇ ਸਿਧਾਂਤ ’ਤੇ ਮੋਹਰ ਲਗਾ ਦਿੱਤੀ। ਹੇਠ ਲਿਖੇ ਕਥਨ ਇਸ ਤੱਥ ਦੀ ਗਵਾਹੀ ਦਿੰਦੇ ਹਨ:

-ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ।

- ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ।

- ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸਬਦ ਮੈਂ ਲੇਹ। (ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼, ਪੰਨਾ 353)

- ਗ੍ਰੰਥ ਪੰਥ ਗੁਰ ਮਾਨੀਏ ਤਾਰੈ ਸਕਲ ਜਹਾਨ।(ਰਹਿਤਨਾਮਾ ਭਾਈ ਦਯਾ ਸਿੰਘ)

- ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਆਗਿਆ ਗ੍ਰੰਥ ਕੀ।                                       ਰਹਿਤਨਾਮਾ ਭਾਈ ਚਉਪਾ ਸਿੰਘ

- ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ। (ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ)

ਸਿਖੀ ਦਾ ਆਧਾਰ ਗੁਰੂ ਗਰੰਥ ਸਾਹਿਬ ਹੈ।ਹਰ ਸਿਖ ਗੁਰੂ ਗਰੰਥ ਸਾਹਿਬ ਦਾ ਵਿਦਿਆਰਥੀ ਤੇ ਚੇਲਾ ਹੈ।ਉਹ ਸਭ ਗੁਰੂ ਗਰੰਥ ਸਾਹਿਬ ਤੋਂ ਗ੍ਰਹਿਣ ਕਰਦਾ ਹੈ।

ਅਮਰੀਕਾ ਦਾ ਧਰਮ ਚਿੰਤਕ ਐਚ. ਐਲ. ਬ੍ਰਾਡਸ਼ਾ; ਸਿੱਖ ਧਰਮ ਬਾਰੇ ਲਿਖਦਾ ਹੈ ਕਿ ਸਿੱਖੀ, ਜਿੱਥੇ ਇੱਕ ਸਰਬ ਵਿਆਪਕ ਵਿਸ਼ਵ ਧਰਮ ਹੈ ਉਥੇ ਇਹ ਨਵੇਂ ਯੁੱਗ ਦਾ ਧਰਮ ਵੀ ਹੈ। ਮਿਸ ਪਰਲ ਬੱਕ (ਨੋਬਲ ਪਰਾਈਜ਼ ਵਿਨਰ) ਲਿਖਦੀ ਹੈ ਕਿ ਮੈਂ ਹੋਰ ਧਰਮਾਂ ਦੇ ਗ੍ਰੰਥ ਵੀ ਪੜ੍ਹੇ ਹਨ ਪਰ ਦਿਲ ਨੂੰ ਟੁੰਬਨ ਵਾਲੀ ਸ਼ਕਤੀ, ਮੈਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਪ੍ਰਾਪਤ ਹੋਈ ਹੈ। ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਸੰਸਾਰ ਪ੍ਰਸਿੱਧ ਫ਼ਿਲਾਸਫ਼ਰ ਡਾ. ਰਾਧਾ ਕ੍ਰਿਸ਼ਨਨ ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੁੱਟ ਭਗਤੀ ਅਤੇ ਅਟਲ ਸਚਾਈਆਂ ਦੇ ਸਾਹਮਣੇ ਸਮੁੰਦਰਾਂ ਅਤੇ ਪਹਾੜਾਂ ਦੇ ਹੱਦ ਬੰਨੇ ਜੋ ਇੱਕ ਦੇਸ਼ ਨੂੰ ਦੂਜੇ ਦੇਸ਼ ਤੋਂ ਵੱਖ ਕਰਦੇ ਹਨ, ਹੱਟ ਜਾਣਗੇ।ਸੀ. ਐਚ. ਪੇਨ; ਸਿੱਖ ਧਰਮ ਨੂੰ ਜੁਝਾਰੂਆਂ ਦਾ ਧਰਮ ਕਹਿੰਦਾ ਹੈ ਜਿਹੜੇ ਦੁਨੀਆਂ ਵਿੱਚ ਰਹਿ ਕੇ ਬੁਰਾਈਆਂ ਨਾਲ ਜੂਝਦੇ ਰਹਿੰਦੇ ਹਨ। ਉਹ ਲਿਖਦਾ ਹੈ ਕਿ ਧਰਮ ਉਹੀ ਜਿੰਦਾ ਰਹਿ ਸਕਦਾ ਹੈ ਜਿਹੜਾ ਇਸ ਦੀ ਵਰਤੋਂ ਸਿਖਾਵੇ। ਇਹ ਨਾ ਸਿਖਾਵੇ ਕਿ ਬਦੀਆਂ ਤੋਂ ਕਿਵੇਂ ਬਚਣਾ ਹੈ ਸਗੋਂ ਇਹ ਸਿਖਾਵੇ ਕਿ ਬਦੀਆਂ ਦਾ ਟਾਕਰਾ ਕਰਦੇ ਹੋਏ ਕਿਵੇਂ ਕਾਮਯਾਬ ਹੋਣਾ ਹੈ। ਇੰਗਲੈਂਡ ਦਾ ਸੰਸਾਰ ਪ੍ਰਸਿੱਧ ਵਿਦਵਾਨ ਆਰਨਲ ਟਇਨਬੀ ਲਿਖਦਾ ਹੈ ਕਿ ਸਿੱਖ ਧਰਮ ਅੱਜ ਦਾ ਧਰਮ ਹੀ ਨਹੀਂ ਸਗੋਂ ਕਲ ਦਾ ਧਰਮ ਵੀ ਹੈ, ਕਿਉਂਕਿ ਇਸ ਦਾ ਖਜ਼ਾਨਾ ਆਤਮਿਕ ਸ਼ਾਂਤੀ ਦਾ ਅਮੁਕ ਸੋਮਾ ਹੈ। ਬਾਬਾ ਸਾਹਿਬ ਅੰਬੇਦਕਰ ਆਖਦੇ ਹਨ ਕਿ ਸਿਖ ਧਰਮ ਵਿਚ ਸਾਥੀ ਭਾਵਨਾ ਬਹੁਤ ਹੈ।ਜਿਥੇ ਇਕ ਸਿਖ ਉਪਰ ਸੰਕਟ ਆ ਜਾਵੇ ਸਾਰੇ ਸਿੱਖ ਉਸ ਮਗਰ ਖੜ ਜਾਂਦੇ ਹਨ। ਸੋ ਜਿਹਨਾਂ ਨੂੰ ਗਿਆਨ ਹੋ ਗਿਆ ,ਗੁਰੂ ਦੀ ਮਤਿ ਸਮਝ ਲਈ ਉਹ ਸਿਖ ਧਰਮ ਨੂੰ ਸਮਝ ਗਿਆ।ਪਰ ਇਕਬਾਲ ਸਿੰਘ ਢਿਲੋਂ ਵਰਗੇ ਸਾਕਤ ਵਿਅਕਤੀ ਇਸ ਧਰਮ ਦੇ ਵਾਜੂਦ ਤੋਂ ਅਖਾਂ ਮੀਟਨ ਹਲਕੇ ਪਧਰ ਦੀਆਂ ਟਿਪਣੀਆਂ ਕਰਨ ਤਾਂ ਉਹਨਾਂ ਦਾ ਕੋਈ ਇਲਾਜ ਨਹੀਂ। 

 

   ਪ੍ਰੋਫੈਸਰ ਬਲਵਿੰਦਰ ਪਾਲ ਸਿੰਘ