ਯੂਕਰੇਨ ਵਿਚ ਆਮ ਲੋਕਾਂ ਦੀਆਂ ਮੌਤਾਂ ਇਕ ਯੁੱਧ ਅਪਰਾਧ

ਯੂਕਰੇਨ ਵਿਚ ਆਮ ਲੋਕਾਂ ਦੀਆਂ ਮੌਤਾਂ ਇਕ ਯੁੱਧ ਅਪਰਾਧ

ਮਨੁੱਖੀ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਯੁੱਧ ਤੋਂ ਵੱਡਾ ਕੋਈ ਅਪਰਾਧ ਨਹੀਂ ਹੁੰਦਾ।

ਚੀਨ ਨੇ ਯੂਕਰੇਨ ਦੇ ਸ਼ਹਿਰ ਬੂਚਾ ਵਿਚ ਆਮ ਲੋਕਾਂ ਦੀਆਂ ਮੌਤਾਂ ਦੀਆਂ ਸਾਹਮਣੇ ਆਈਆਂ ਤਸਵੀਰਾਂ ਨੂੰ 'ਬੇਹੱਦ ਪ੍ਰੇਸ਼ਾਨ' ਕਰਨ ਵਾਲੀਆਂ ਦੱਸਦਿਆਂ ਇਨ੍ਹਾਂ ਦੀ ਜਾਂਚ ਮੰਗੀ ਹੈ। ਹਾਲਾਂਕਿ ਉਸ ਨੇ ਇਸ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਤੇ ਕਿਹਾ ਕਿ ਤੱਥਾਂ ਦੀ ਜਾਂਚ ਹੋਣੀ ਚਾਹੀਦੀ ਹੈ। ਰੂਸ ਵਲੋਂ ਯੂਕਰੇਨ ਦੇ ਲੋਕਾਂ ਦੀ ਹੱਤਿਆ ਕਰਨ ਸੰਬੰਧੀ ਕਈ ਸਬੂਤ ਸਾਹਮਣੇ ਆ ਰਹੇ ਹਨ ਤੇ ਚੀਨ ਲਈ ਹੁਣ ਰੂਸ ਦਾ ਬਚਾਅ ਕਰਨਾ ਔਖਾ ਹੋ ਰਿਹਾ ਹੈ। ਵੈਟੀਕਨ ਵਿਚ ਈਸਾਈ ਧਰਮ ਗੁਰੂ ਪੋਪ ਫਰਾਂਸਿਸ ਨੇ ਬੂਚਾ ਕਤਲੇਆਮ ਦੀ ਨਿੰਦਾ ਕੀਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਰੂਸ ਉਤੇ ਹੱਤਿਆਵਾਂ, ਜਬਰ-ਜਨਾਹ ਤੇ ਤਬਾਹੀ ਕਰਨ ਦਾ ਦੋਸ਼ ਲਾਇਆ ਹੈ। ਰਾਜਧਾਨੀ ਕੀਵ ਦੇ ਆਲੇ-ਦੁਆਲੇ ਜਾਂਚ ਕਰਤਾਵਾਂ ਨੂੰ ਨਾਗਰਿਕਾਂ 'ਤੇ ਤਸ਼ੱਦਦ ਅਤੇ ਹੱਤਿਆਵਾਂ ਦੇ ਸਬੂਤ ਮਿਲੇ ਹਨ।

ਉਧਰ ਪੱਛਮੀ ਦੇਸ਼ ਰੂਸ ਉਤੇ ਹੋਰ ਪਾਬੰਦੀਆਂ ਲਗਾ ਰਹੇ ਹਨ। ਅਮਰੀਕਾ ਨੇ ਅੱਜ ਰੂਸੀ ਬੈਂਕਾਂ ਤੇ ਮੁਲਕ ਦੇ ਅਮੀਰ ਵਪਾਰੀਆਂ ਉਤੇ ਕਈ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕੀਆਂ ਦੇ ਰੂਸ ਵਿਚ ਨਿਵੇਸ਼ 'ਤੇ ਵੀ ਪਾਬੰਦੀ ਲਾਈ ਗਈ ਹੈ। ਗਰੀਸ ਨੇ ਰੂਸ ਦੇ 12 ਰਾਜਦੂਤਾਂ ਨੂੰ ਕੱਢ ਦਿੱਤਾ ਹੈ। ਇਸ ਤੋਂ ਪਹਿਲਾਂ ਹੋਰ ਵੀ ਯੂਰਪੀ ਮੁਲਕ ਅਜਿਹਾ ਕਰ ਚੁੱਕੇ ਹਨ। ਅਮਰੀਕੀ ਕੰਪਨੀ 'ਇੰਟੇਲ' ਨੇ ਰੂਸ ਵਿਚ ਆਪਣਾ ਸਾਰਾ ਕਾਰੋਬਾਰ ਬੰਦ ਕਰਨ ਦਾ ਐਲਾਨ ਕੀਤਾ ਹੈ।

ਯੂਕਰੇਨੀ ਸ਼ਹਿਰ ਬੂਚਾ ਵਿਚ ਤਸ਼ੱਦਦ ਕਰਕੇ ਮਾਰਨ ਦੀਆਂ ਘਟਨਾਵਾਂ ਬਾਰੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਲੋਕ ਸਭਾ ਵਿਚ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ, 'ਇਨ੍ਹਾਂ ਘਟਨਾਵਾਂ ਦੀ ਸਖ਼ਤ ਨਿਖੇਧੀ ਕਰਦੇ ਹਨ ਅਤੇ ਇਸ ਗੰਭੀਰ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਖ਼ੂਨ-ਖਰਾਬੇ ਨਾਲ ਕੋਈ ਹੱਲ ਨਹੀਂ ਨਿਕਲੇਗਾ। ਦੋਵਾਂ ਮੁਲਕਾਂ ਨੂੰ ਉਨ੍ਹਾਂ ਗੱਲਬਾਤ ਤੇ ਕੂਟਨੀਤੀ ਰਾਹੀਂ ਮਸਲੇ ਦਾ ਹੱਲ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਭਾਰਤ ਨੇ ਰੂਸ-ਯੂਕਰੇਨ ਯੁੱਧ ਦੀ ਵਿਰੋਧਤਾ ਕਰਦਿਆਂ ਸ਼ਾਂਤੀ ਦਾ ਰਾਹ ਚੁਣਿਆ ਹੈ। ਬੂਚਾ ਵਿਚ ਕਤਲੇਆਮ ਦੀ ਜਾਂਚ ਦੀ ਮੰਗ ਦਾ ਸਮਰਥਨ ਕਰਕੇ ਭਾਰਤ ਨੇ ਉੱਚਿਤ ਕਦਮ ਉਠਾਇਆ ਹੈ। ਸੰਯੁਕਤ ਰਾਸ਼ਟਰ ਵਿਚ ਵੀ ਭਾਰਤ ਦੇ ਪ੍ਰਤੀਨਿਧ ਨੇ ਇਨ੍ਹਾਂ ਸਮੂਹਿਕ ਹੱਤਿਆਵਾਂ ਦੀ ਨਿੰਦਾ ਕੀਤੀ ਹੈ।

ਪਿਛਲੇ ਕਈ ਦਿਨਾਂ ਤੋਂ ਅਮਰੀਕਾ ਤੇ ਯੂਰਪੀ ਸੰਘ ਰੂਸ ਉਤੇ ਯੁੱਧ ਅਪਰਾਧ ਦੇ ਇਲਜ਼ਾਮ ਲਾ ਰਹੇ ਹਨ। ਰਿਹਾਇਸ਼ੀ ਇਲਾਕਿਆਂ ਉਤੇ ਹਮਲੇ ਨਾਗਰਿਕਾਂ ਦਾ ਕਤਲੇਆਮ ਯੁੱਧ ਦੇ ਕੌਮਾਂਤਰੀ ਨਿਯਮਾਂ ਤੇ ਸੰਧੀਆਂ ਦੀ ਉਲੰਘਣਾ ਹੈ। ਕਈ ਦੇਸ਼ਾਂ ਨੇ ਕੌਮਾਂਤਰੀ ਅਦਾਲਤ ਦਾ ਵੀ ਦਰਵਾਜ਼ਾ ਖੜਕਾਇਆ ਹੈ। ਪਰ ਭਾਰਤ ਨੇ ਰੂਸ ਦੇ ਵਿਰੁੱਧ ਅਜਿਹਾ ਕੋਈ ਬਿਆਨ ਨਹੀਂ ਸੀ ਦਿੱਤਾ। ਯੂਕਰੇਨ ਯੁੱਧ ਦੇ ਮੁੱਦੇ 'ਤੇ ਸੁਰੱਖਿਆ ਪ੍ਰੀਸ਼ਦ ਵਿਚ ਜਿਹੜੇ ਵੀ ਪ੍ਰਸਤਾਵ ਆਏ ਉਨ੍ਹਾਂ 'ਤੇ ਵੀ ਮਤਦਾਨ ਸਮੇਂ ਭਾਰਤ ਬਚਦਾ ਰਿਹਾ। ਪਰ ਹੁਣ ਪਹਿਲੀ ਵਾਰ ਅਜਿਹਾ ਹੋਇਆ ਜਦ ਬੂਚਾ ਵਿਚ ਸੈਂਕੜੇ ਲੋਕਾਂ ਦੇ ਮਾਰੇ ਜਾਣ ਖਿਲਾਫ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮੰਚ 'ਤੇ ਇਸ ਦੀ ਸੁਤੰਤਰ ਜਾਂਚ ਕਰਵਾਏ ਜਾਣ ਦੀ ਹਮਾਇਤ ਕੀਤੀ। ਰੂਸ-ਯੂਕਰੇਨ ਯੁੱਧ ਛੇਵੇਂ ਹਫਤੇ ਵਿਚ ਦਾਖ਼ਲ ਹੋ ਚੁੱਕਾ ਹੈ। ਰੂਸ ਨੇ ਜਿਸ ਬੇਰਹਿਮੀ ਨਾਲ ਯੂਕਰੇਨ ਨੂੰ ਨਿਸ਼ਾਨਾ ਬਣਾਇਆ ਹੈ, ਉਹ ਬੇਹੱਦ ਖੌਫ਼ਨਾਕ ਹੈ। ਰੂਸੀ ਸੈਨਾ ਨੇ ਹਸਪਤਾਲ, ਸਕੂਲ ਤੇ ਪਨਾਹਗਾਹਾਂ ਨੂੰ ਵੀ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਉਣ ਤੋਂ ਪ੍ਰਹੇਜ਼ ਨਹੀਂ ਕੀਤਾ। ਇਥੇ ਹੀ ਬਸ ਨਹੀਂ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਜੋ ਇਕ ਘੋਰ ਅਪਰਾਧ ਹੈ। ਬੂਚਾ ਸ਼ਹਿਰ ਤੋਂ ਸਾਹਮਣੇ ਆਈਆਂ ਤਸਵੀਰਾਂ ਸਬੂਤ ਦੇ ਰਹੀਆਂ ਹਨ ਕਿ ਰੂਸੀ ਫ਼ੌਜੀਆਂ ਨੇ ਲੋਕਾਂ ਨੂੰ ਫੜ-ਫੜ ਕੇ, ਉਨ੍ਹਾਂ ਦੇ ਹੱਥ ਪਿਛੇ ਬੰਨ੍ਹ ਕੇ ਗੋਲੀਆਂ ਨਾਲ ਭੁੰਨ ਸੁੱਟਿਆ। ਬੂਚਾ ਦੀਆਂ ਸੜਕਾਂ ਤੇ ਗਲੀਆਂ ਵਿਚ ਗਲ-ਸੜ ਰਹੀਆਂ ਸੈਂਕੜੇ ਲਾਸ਼ਾਂ ਦੱਸ ਰਹੀਆਂ ਹਨ ਕਿ ਰੂਸੀ ਫ਼ੌਜੀ ਪਹਿਲਾਂ ਤੋਂ ਹੀ ਇਸ ਦੀ ਯੋਜਨਾ ਬਣਾ ਕੇ ਆਏ ਹੋਣਗੇ। ਬੂਚਾ ਦਾ ਕਤਲੇਆਮ ਜੰਗੀ ਅਪਰਾਧ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਵੈਸੇ ਤਾਂ ਯੁੱਧ ਅਪਰਾਧ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਦਮਾਂ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ, ਕਿਉਂਕਿ ਜਾਂਚ ਕਮਿਸ਼ਨ ਬਣਾਉਣ ਲਈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਪ੍ਰਸਤਾਵ ਪਾਸ ਕੀਤਾ ਸੀ। ਇਸ ਤੋਂ ਬਾਅਦ ਅਮਰੀਕਾ ਤੇ ਹੋਰ ਦੇਸ਼ਾਂ ਨੇ ਯੁੱਧ ਦੇ ਨਿਯਮਾਂ ਦੀ ਉਲੰਘਣਾ ਦੀ ਜਾਂਚ ਸ਼ੁਰੂ ਕਰ ਦਿੱਤੀ। ਜਰਮਨੀ ਪਹਿਲਾਂ ਹੀ ਆਪਣੇ ਪੱਧਰ 'ਤੇ ਜਾਂਚ ਕਰ ਰਿਹਾ ਹੈ। ਪਰ ਜਦੋਂ ਅਮਰੀਕਾ ਦੀ ਫ਼ੌਜ ਨੇ ਵੀਅਤਨਾਮ, ਇਰਾਕ ਤੇ ਅਫ਼ਗਾਨਿਸਤਾਨ ਨੂੰ ਤਬਾਹ ਕੀਤਾ ਸੀ ਅਤੇ ਸੀਰੀਆ, ਲੀਬੀਆ ਵਿਚ ਫ਼ੌਜੀ ਕਾਰਵਾਈ ਕੀਤੀ ਸੀ ਤਾਂ ਕੀ ਉਹ ਉਸ ਦਾ ਜੰਗੀ ਅਪਰਾਧ ਨਹੀਂ ਸੀ?

ਇਸ ਹਕੀਕਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰੂਸ ਵਿਰੁੱਧ ਸਬੂਤ ਜੁਟਾਉਣੇ ਅਤੇ ਮਾਮਲੇ ਨੂੰ ਅੱਗੇ ਵਧਾਉਣਾ ਕੋਈ ਅਸਾਨ ਨਹੀਂ ਹੈ। ਮਨੁੱਖੀ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਯੁੱਧ ਤੋਂ ਵੱਡਾ ਕੋਈ ਅਪਰਾਧ ਨਹੀਂ ਹੁੰਦਾ। ਨਿਰਸੰਦੇਹ ਰੂਸੀ ਫ਼ੌਜ ਵਲੋਂ ਬੂਚਾ (ਯੂਕਰੇਨ) ਵਿਚਲਾ ਕਤਲੇਆਮ ਇਕ ਯੁੱਧ ਅਪਰਾਧ ਹੈ।

         ਮੁਖਤਾਰ ਗਿੱਲ