ਤਵਾਰੀਖ਼ ਦੇ ਪੰਨਿਆਂ 'ਤੇ ਜੂਨ 1984  (ਭਾਗ ਪਹਿਲਾ)

ਤਵਾਰੀਖ਼ ਦੇ ਪੰਨਿਆਂ 'ਤੇ ਜੂਨ 1984  (ਭਾਗ ਪਹਿਲਾ)

ਕਿਉਂ ਲੜੇ ਸੀ  ਜੂਨ 1984 ਵਿੱਚ 


ਮੇਰੀ ਕੌਮ ਦੇ ਨਿੱਕੜੇ ਬਰਖੁਰਦਾਰੋ ਆਓ ਜੂਨ 1984 ਦੀ ਬਾਤ ਸੁਣਾਵਾਂ,ਮੈਨੂੰ ਨਹੀਂ ਪਤਾ ਤੁਹਾਨੂੰ ਹੁਣ ਤੱਕ ਇਸ ਬਾਰੇ ਕੀ ਸੁਣਾਇਆ ਗਿਆ ਹੈ ਜਾਂ ਸੁਣਾਇਆ ਹੀ ਨਹੀਂ ਗਿਆ ਜਾਂ ਫੇਰ ਪੱਬ ਜੀ ਤੇ ਟਿੱਕ ਟਾਕ ਦੇ ਚੱਸਕੇ ਨੇ ਇਸ ਖੂਨੀ ਦੌਰ ਬਾਰੇ ਕਦੀ ਸੋਚਣ ਵੀ ਦਿੱਤਾ ਹੈ ਕਿ ਨਹੀਂ , ਅੱਜ ਦੇ ਦਿਨ ਇਕ ਜੂਨ ਨੂੰ ਤੀਜੇ ਘਲੂਘਾਰੇ ਦੀ ਸ਼ੁਰੂਆਤ ਹੋਈ ਸੀ ਅੱਜ ਦੇ ਦਿਨ ਭਾਰਤੀ ਹਕੂਮਤ ਨੇ ਸਿੱਖ ਕੌਮ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ,ਘਲੂਘਾਰੇ ਦਾ ਮਤਲਬ ਹੁੰਦਾ ਜਦ ਹਕੂਮਤ ਕਿਸੇ ਕੌਮ ਦਾ ਸੰਪੁਰਨ ਸਫਾਇਆ ਕਰਨ ਦੇ ਮਕਸਦ ਨਾਲ ਚੌਹ ਤਰਫਾ ਹਮਲਾ ਕਰਦੀ ,ਇਸ ਤੋਂ ਪਹਿਲਾਂ ਅਠਾਰਵੀਂ ਸਦੀ ਵਿਚ ਵੱਡਾ ਘੱਲੂਘਾਰਾ ਹੋਇਆ ਜਿਸ ਵਿਚ 30000 ਸਿੱਖ ਸ਼ਹੀਦ ਹੋਏ ਤੇ ਛੋਟੇ ਘੱਲੂਘਾਰੇ ਵਿਚ 7000 ਸਿੱਖ ਸ਼ਹੀਦ ਹੋਏ ,ਇਕ ਮੁੱਢਲਾ ਸਵਾਲ ਹੈ ਕਿ ਭਾਰਤਵਰਸ਼ ਵਿਚ ਸਿੱਖ ਕੌਮ ਹੀ ਹਰ ਸਦੀ ਵਿਚ ਵੱਡੀ ਪੱਧਰ ਤੇ ਸ਼ਹੀਦੀ ਜਾਮ ਕਿਉਂ ਪੀਂਦੀ ਹੈ ? ਮੁਗਲਾਂ ਤੋਂ ਇੰਦਰਾ ਗਾਂਧੀ ਤੱਕ ਦਿੱਲੀ ਤਖ਼ਤ ਦੇ ਹਰ ਬਾਦਸ਼ਾਹ ਨੇ ਸਿੱਖ ਕੌਮ ਨੂੰ ਹੀ ਕਿਉਂ ਖ਼ਤਮ ਕਾਰਨ ਦੀ ਮੋਹਿੰਮ ਚਲਾਈ ? ਅਬਦਾਲੀ ਤੋਂ ਇੰਦਰ ਤੱਕ  ਦੀਆਂ ਜੰਗੀ ਤੋਪਾਂ ਦੇ ਗੋਲੇ ਦਰਬਾਰ ਸਾਹਿਬ ਵੱਲ ਹੀ ਕਿਉਂ ਚਲਾਏ ਜਾਂਦੇ ਹਨ ? ਦਰਬਾਰ ਸਾਹਿਬ ਵਿਚ ਅੱਠੋ ਪਹਿਰ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ,ਹਰ ਵੇਲੇ ਗੁਰਬਾਣੀ ਰਾਹੀਂ ਦਇਆ ,ਧਰਮ ,ਹੱਕ, ਸੱਚ,ਇਨਸਾਫ, ,ਸਾਂਝੀਵਾਲਤਾ ,ਬਰਾਬਰਤਾ ਦਾ ਪਾਠ ਪੜ੍ਹਿਆ ਜਾਂਦਾ ਹੈ , ਹਰ ਹਕੂਮਤ ਦਾ ਅਸਲ ਮਕਸਦ ਵੀ ਮਨੁੱਖਤਾ ਦੇ ਇਹਨਾਂ ਸਿਧਾਂਤਾਂ ਦੀ ਪਹਿਰੇਦਾਰੀ ਕਰਨਾ ਹੁੰਦਾ ਹੈ ਫੇਰ ਹਰ ਹਕੂਮਤ ਦੀ ਸਿੱਖ ਕੌਮ ਨਾਲ ਦੁਸ਼ਮਣੀ ਕਿਸ ਗੱਲ ਦੀ ? ਆਓ ਇਸ ਸਵਾਲ ਦੇ ਜੁਆਬ ਵਿਚੋਂ ਜੂਨ 1984 ਹਮਲੇ ਦਾ ਅਸਲ ਕਾਰਨ ਲੱਭੀਏ ,ਵੇਖੋ ਹਕੂਮਤ ਦੀ ਜੰਗ ਦਾ ਕਾਰਨ ਹੈ ਗੁਰੂ ਨਾਨਕ ਸਾਹਿਬ ਜੀ ਦਾ ਗਲੋਬਲ ਵਿਜ਼ਨ  ਅਤੇ ਮਿਸ਼ਨ ਜਿਸ ਵਿਚ ਧਰਮੀ ਹੋਣ ਦਾ ਮਤਲਬ ਇਬਾਦਤ ਦੇ ਸਫ਼ਰ ਤੇ ਚੱਲ ਕੇ ਸ਼ਹਾਦਤ ਦੇ ਸਫ਼ਰ ਤੱਕ ਪਹੁੰਚਣਾ ਹੈ ਭਾਵ ਆਪਣੇ ਜੀਵਨ ਨੂੰ ਗੁਰਬਾਣੀ ਰਾਹੀਂ ਸਚਿਆਰ ਬਣਾ ਕੇ ਧਰਤੀ ਤੇ ਧਰਮ ਕਾ ਜੈਕਾਰ ਕਰਨਾ ਹੈ ,ਜੇ ਕੋਈ ਬਾਬਰ ਵਰਗਾ ਜਰਵਾਣਾ ਹਕੂਮਤ ਦੇ ਨਸ਼ੇ ਵਿਚ ਸਰਬੱਤ ਦੇ ਭਲੇ ਵਿਚ ਖਰਾਬੀ ਕਰਕੇ ਮਨੁੱਖਤਾ ਤੇ ਅਤਿਆਚਾਰ ਕਰੇ ਤਾਂ ਉਸ ਦੇ  ਸਾਹਮਣੇ ਉਸ ਨੂੰ ਜਾਬਰ ਆਖ ਕੇ ਮਜਲੂਮ ਮਨੁੱਖਤਾ ਦਾ ਸਾਥ ਦੇਣਾ ਹੈ | ਜੇ ਔਰੰਗਜੇਬ ਹਕੂਮਤ ਦੇ ਜ਼ੋਰ ਨਾਲ ਮਨੁੱਖਤਾ ਦੀ ਧਾਰਮਿਕ ਅਜਾਦੀ ਤੇ ਹਮਲਾ ਕਰਦਾ ਹੈ  ਤਾਂ ਗੁਰੂ ਤੇਗ ਸਾਹਿਬ ਜੀ ਸਿਰ ਦੇ ਕੇ ਹਿੰਦੂਆਂ ਦੀ ਧਾਰਮਿਕ ਅਜਾਦੀ ਦੀ ਰਾਖੀ ਕਰਦੇ ਹਨ |

ਸਿੱਖ ਦੀ ਮੰਜ਼ਿਲ ਹੈ ਸਚਿਆਰ ਹੋਣਾ ,ਤੇ ਸ਼ਹਾਦਤ ਦਾ ਅਰਥ ਹੈ ਸੱਚ ਦੀ ਗਵਾਹੀ ,ਤਾਂ ਹੀ ਹਰ ਸਚਿਆਰ ਸਿੱਖ ਸੱਚ ਦੀ ਗਵਾਹੀ (ਸ਼ਹਾਦਤ ) ਦੇਂਦਾ ਹੈ ਭਾਵੇਂ ਇਸ ਸੱਚ ਦੀ ਗਵਾਹੀ ਦੀ ਕੀਮਤ ਭਿਆਨਕ ਮੌਤ ਹੀ ਕਿਉਂ ਨਾ ਹੋਵੇ | ਫਿਰ ਤੁਸੀਂ ਸਵਾਲ ਕਰੋਗੇ ਕੇ ਹਕੂਮਤਾਂ ਨੂੰ ਤਾਂ ਐਸੇ ਸੱਚ ਦੇ ਪਹਿਰੇਦਾਰਾਂ ਦੇ ਪੈਰ ਚੁੰਮਣੇ ਚਾਹੀਦੇ ਨੇ ਫਿਰ  ਇਹ ਘੱਲੂਘਾਰੇ ਕਿਉਂ ?
ਅਸਲ ਵਿਚ ਮੁੱਢ ਕਦੀਮ ਤੋਂ ਹੀ ਰਾਜਨੀਤਕ ਹਕੂਮਤਾਂ ਇਨਸਾਫ ਦੇ ਮਕਸਦ ਤੋਂ ਪਾਸੇ ਜਾ ਕੇ ਗਰੀਬ ਮਜਲੂਮਾਂ ਨਿਆਸਰਿਆਂ ਤੇ ਅਤਿਆਚਾਰ ਕਰਦੀਆਂ ਹਨ , ਧਾਰਮਿਕ ਪੁਜਾਰੀ ਵਰਗ  ਸਰਕਾਰਾਂ ਨਾਲ ਰੱਲਕੇ ਦੂਜੇ ਧਰਮ ਦੇ ਲੋਕਾਂ ਨੂੰ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖ ਧਰਮ ਦੀ ਪ੍ਰੰਪਰਾ ਹੈ ਕਿ ਸਿੱਖ ਕੌਮ ਕਿਸੇ ਵੀ ਧਰਮ ਜਾਤ ਦੇ ਵਖਰੇਵੇਂ ਤੋਂ ਉੱਤੇ ਉੱਠ ਕੇ  ਇਨਸਾਨੀਅਤ ਖਾਤਰ ਮਜਲੂਮ ਲਈ ਜਾਨ ਦੇ ਵੀ ਦੇਂਦੇ ਨੇ ਤੇ ਜਾਨ ਲੈ ਵੀ ਲੈਂਦੇ ਨੇ |  ਇਥੋਂ ਸਿੱਖਾਂ ਅਤੇ ਹਕੂਮਤਾਂ ਦੇ  ਸਿਧਾਂਤਕ ਵਿਰੋਧ ਦਾ ਮੁੱਢ ਬੱਝਦਾ ਹੈ, ਤਾਂ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਕੌਮ ਨੂੰ ਮੀਰੀ ਪੀਰੀ ਦਾ  ਸਿਧਾਂਤ ਦਿੰਦਿਆਂ ਸਿੱਖਾਂ ਨੂੰ ਵੱਖਰੇ ਸਿੱਖ ਰਾਜ ਦਾ ਸੰਕਲਪ ਦੇਕੇ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਜੋ ਕਿ ਇਕ ਗੁਰਦੁਆਰਾ ਨਾ ਹੋ ਕੇ ਇਕ ਥੜੇ ਦੇ ਰੂਪ ਵਿਚ ਅਕਾਲੀ (ਰੱਬੀ ) ਇਨਸਾਫ ਦਾ ਤਖ਼ਤ ਹੈ , ਅਕਾਲ ਪੁਰਖ ਦੇ ਇਸ ਮਹਾਨ ਤਖ਼ਤ ਤੋਂ ਸਿੱਖ ਕੌਮ ਦੀ ਸਿਧਾਂਤਕ  ਜਿੰਮੇਵਾਰੀ ਹੈ ਕਿ ਜਿਸ ਨੂੰ ਵੀ ਸੰਸਾਰਕ ਹਕੂਮਤਾਂ ਇਨਸਾਫ ਨਾ ਦੇਣ ਉਸ ਨੂੰ ਅਕਾਲ ਤਖ਼ਤ ਇਨਸਾਫ ਦੇਵੇਗਾ ਇਸ ਗੁਰੂ ਵਰੋਸਾਈ ਪ੍ਰੰਪਰਾ ਨੇ ਬਿਨਾ ਕਿਸੇ ਧਰਮ, ਜਾਤ ,ਲਿੰਗ ਭੇਦ, ਊਚ ਨੀਚ,ਅਮੀਰ ਗਰੀਬ ਦੇ ਵਖਰੇਵੇਂ ਤੋਂ  ਫਾਰਿਆਦੀਆਂ ਨੂੰ ਇਨਸਾਫ ਦਿੱਤਾ | ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਚਣੌਤੀ ਮੰਨਕੇ ਤੋਪਾਂ ਤੇ ਮੂੰਹ ਖੋਲ ਦਿੱਤੇ ਕਿਉਂਕਿ ਕੋਈ ਵੀ ਸਰਕਾਰ ਸਟੇਟ ਵਿਦ ਇਨ ਸਟੇਟ ਨੂੰ ਪ੍ਰਵਾਨ ਨਹੀਂ ਕਰਦੀ |
 ਸਿੱਖ ਕੌਮ ਮੀਰੀ ਪੀਰੀ ਦੇ ਸਿਧਾਂਤ ਤੇ ਚੱਲ ਕੇ  ਗੁਰੂ ਹੁਕਮਾਂ ਤੇ ਪਹਿਰਾ ਦਿੰਦਿਆਂ ਮੁਗਲਾਂ ਨਾਲ ਲੜੀ, ਭਾਰਤ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਕਾਇਮ ਕੀਤਾ , ਫਿਰ ਅਫਗਾਨ ਧਾੜਵੀਆਂ ਨਾਲ ਲੋਹਾ ਲਿਆ ਦੋ ਘੱਲੂਘਾਰੇ ਹੰਢਾਏ ,ਤੇ ਦੂਜੀ ਵਾਰ ਸਿੱਖ ਰਾਜ ਕਾਇਮ ਕੀਤਾ , ਸਦੀਆਂ ਤੋਂ ਮੁਗਲਾਂ ,ਅਫਗਾਨਾਂ ਦੇ ਭਾਰਤ ਤੇ ਹਮਲਿਆਂ ਦਾ ਦਰਵਾਜਾ  'ਦੱਰਾ ਖ਼ੈਬਰ' ਸਦਾ ਲਈ ਬੰਦ ਕੀਤਾ ,ਅਫਗਾਨਿਸਤਾਨ ,ਕਸ਼ਮੀਰ ,ਤਿੱਬਤ ਤੱਕ ਰਾਜ ਕੀਤਾ , ਅੰਗਰੇਜ਼ੀ ਹਕੂਮਤ ਵੇਲੇ ਸਿੱਖ ਕੌਮ ਨੇ ਅੱਸੀ ਪਰਸੈਂਟ (ਭਾਰਤੀ ਅਜਾਦੀ ਇਤਿਹਾਸ ਦੇ ਅੰਕੜਿਆਂ ਮੁਤਾਬਕ ) ਕੁਰਬਾਨੀਆਂ ਦੇ ਕੇ ਅੰਗਰੇਜ਼ੀ ਹਕੂਮਤ ਤੋਂ ਭਾਰਤ ਅਜਾਦ ਕਰਵਾਇਆ ਪਰ ਅੰਗਰੇਜਾਂ ਦੇ ਭਾਰਤ ਛੱਡਣ ਮੌਕੇ ਇਕ ਵੱਡਾ ਮਸਲਾ ਬਣ ਗਿਆ ਉਹ ਇਹ ਕਿ ਸਿੱਖ ਕੌਮ ਤਾਂ 80% ਕੁਰਬਾਨੀਆਂ ਕਰਕੇ  ਅੰਗਰੇਜਾਂ ਦੀ ਬਾਗੀ ਭਾਵ ਵਿਰੋਧੀ ਸੀ ਤੇ ਨਹਿਰੂ ਗਾਂਧੀ ਪਟੇਲ ਸਾਵਰਕਰ ਹੁਰੀਂ ਤਾਂ ਅੰਗਰੇਜਾਂ ਦੇ ਨੇੜਲੇ ਵਫਾਦਾਰ ਸਨ | ਮੁਸਲਿਮ ਲੀਗ ਵਾਲੇ ਮੋਹੰਮਦ ਅਲੀ ਜਿਨਾਹ ਨੇ ਲੜਕੇ ਵੱਖਰਾ ਮੁਲਕ ਪਾਕਿਸਤਾਨ ਲੈ ਲਿਆ ਪਰ ਇਸ ਵਿਚ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਮੁਲਤਾਨ, ਅਫਗਾਨਿਸਤਾਨ ,ਕਸ਼ਮੀਰ ,ਤਿੱਬਤ ਤੱਕ ਫੈਲਿਆ ਸਿੱਖ ਰਾਜ ਦਾ 80% ਹਿੱਸਾ ਗੁਆਚ ਗਿਆ , ਹਿੰਦ ਹਕੂਮਤ ਦੇ ਨਵੇਂ ਵਾਰਸਾਂ ਨੇ ਸਿੱਖਾਂ ਨੂੰ ਇਕ ਖੁਦ ਮੁਖਤਿਆਰ ਅਜਾਦ ਸਟੇਟ ਦਾ ਵਾਅਦਾ ਕਰ ਕੇ ਨਾਲ ਰਲਾ ਲਿਆ ,ਪਰ ਜਦ ਹਿੰਦ ਦੇ ਨਵੇਂ ਵਾਰਸਾਂ ਨੂੰ ਸਿੱਖਾਂ ਨੇ ਵਾਅਦਾ ਯਾਦ ਕਰਵਾਇਆ ਤਾਂ ਅਗੋਂ ਜਵਾਹਰਲਾਲ ਨਹਿਰੂ ਨੇ ਠੋਕ ਕੇ ਕੋਰਾ ਜੁਆਬ ਦਿੰਦਿਆਂ ਕਿਹਾ ਕੇ ਯੇਹ ਨਹੀਂ ਹੋ ਸਕਤਾ ਅਬ ਹਾਲਾਤ ਬਦਲ ਚੁੱਕੇ ਹੈਂ , ਇਸ ਭਾਰਤ ਵਿਚ ਸਿੱਖਾਂ ਨੇ ਸਦੀਆਂ ਤੋਂ ਲੱਖਾਂ ਕੁਰਬਾਨੀਆਂ ਦਿੱਤੀਆਂ ਤੇ ਅਜਾਦ ਭਾਰਤ ਵਿਚ ਸ਼ਹਾਦਤਾਂ ਦਾ ਇਨਾਮ ਇਹ ਮਿਲਿਆ ਕਿ 80 % ਰਾਜ ਦੀ ਮਾਲਕੀ ਵਾਲਾ ਖਿਤਾ ਗੁਆਇਆ , ਸਿੱਖ ਸਟੇਟ ਗੁਆਈ ,ਪੰਜਾਬ ਦੇ ਦੋ ਟੋਟੇ ਕਰਵਾਏ, 10 ਲੱਖ ਪੰਜਾਬੀ ਦੀ ਜਾਨ ਗੁਆਈ ,ਅੱਧਾ ਪੰਜਾਬ ਅਜਾਦੀ ਜਸ਼ਨ ਵੇਲੇ ਰਿਫਿਊਜੀ ਹੋ ਗਿਆ , ਰਹਿੰਦੀ ਕਸਰ ਹਕੂਮਤ ਨੇ ਵਾਅਦਾ ਖ਼ਿਲਾਫ਼ੀ ਕਰ ਕਿ ਕੱਢ ਦਿੱਤੀ , ਇਥੇ ਨਵੇਂ ਨਿਆਣੇ ਸਵਾਲ ਕਰਨਗੇ ਕਿ ਗ਼ਲਤੀ ਸਾਡੇ ਲੀਡਰਾਂ ਦੀ ਵੀ ਹੈ ਓਹਨਾ ਨੂੰ ਨਹਿਰੂ ਗਾਂਧੀ ਤੇ ਯਕੀਨ ਨਹੀਂ ਕਰਨਾ ਚਾਹੀਦਾ ਸੀ , ਪਿਆਰੇ ਨਿੱਕੜੇ ਵੀਰੋ ਭੈਣੋ ਇਹ ਯਕੀਨ ਕਰਨ ਦੀ ਗੱਲ ਉਸ ਬੰਦੇ ਦੀ ਹੋ ਰਹੀ ਹੈ ਜਿਸ ਦੀ ਫੋਟੋ ਨੋਟਾਂ ਤੇ ਲੱਗਦੀ ਹੈ ਉਸ ਨੇ ਇਕ ਜਲਸੇ ਦੀ ਭਾਰੀ ਸਭਾ ਵਿਚ ਹਜਾਰਾਂ ਲੋਕਾਂ ਸਾਹਮਣੇ ਵਾਅਦਾ ਕੀਤਾ ਸੀ ਤੇ ਨਾਲ ਇਹ ਵੀ ਕਿਹਾ ਸੀ ਕਿ ਜੇ ਅਸੀਂ ਮੁਕਰ ਗਏ ਤਾਂ ਸਿੱਖ ਆਪਣੇ ਗਾਤਰੇ ਪਾਈ ਕਿਰਪਾਨ ਨਾਲ ਆਪਣੇ ਹੱਕ ਲੈ ਸਕਦੇ ਹਨ, ਉਹ ਅਕਿਰਤਘਣ ਹੋ ਗਿਆ ਇਕ ਪੂਰੀ ਕੌਮ ਦਾ ਹੱਕ ਮਾਰ ਗਿਆ ਐਸਾ ਬੰਦਾ ਫਾਦਰ ਆਫ ਨੇਸ਼ਨ ਕਿਵੇਂ ਹੋ ਸਕਦਾ ?  ,ਇਥੇ ਹੀ ਬੱਸ ਨਹੀਂ ਹੋਈ ਅਜਾਦ ਭਾਰਤ ਵਿਚ ਸਿੱਖਾਂ ਤੇ ਜ਼ੁਲਮਾਂ ਦੀ ਨਵੀਂ ਸ਼ੁਰੂਆਤ ਕੀਤੀ ਗਈ, ਅਜਾਦੀ ਦੇ ਪਹਿਲੇ ਸਾਲ ਹੀ ਸਰਕਾਰ ਵਲੋਂ ਸਿੱਖਾਂ ਨੂੰ ਜਰਾਇਮ ਪੇਸ਼ ਘੋਸ਼ਿਤ ਕਰ ਦਿੱਤਾ ਗਿਆ , ਪੰਜਾਬ ਦੇ ਹੋਰ ਟੋਟੇ ਕਰ ਕੇ ਪੰਜਾਬ ਨੂੰ ਨਿੱਕਾ ਕੀਤਾ ਗਿਆ, ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗ੍ਹੜ ਸ਼ਹਿਰ ਵਸਾਇਆ ਗਿਆ ਪਰ ਉਹ ਪੰਜਾਬ ਨੂੰ ਨਹੀਂ ਮਿਲਿਆ ,ਪੰਜਾਬ ਦੇ ਦਰਿਆਂਵਾਂ ਦਾ ਪਾਣੀ ਨਹਿਰਾਂ ਰਾਹੀਂ ਦੂਜੇ ਸੂਬਿਆਂ ਨੂੰ ਭੇਜ ਦਿੱਤਾ ਪਰ ਉਸ ਦਾ ਇਕ ਰੁਪਿਆ ਮੁਆਵਜਾ ਵੀ ਪੰਜਾਬ ਨੂੰ ਨਹੀਂ ਮਿਲਿਆ , ਬਾਡਰ ਸਟੇਟ ਹੋਣ ਕਾਰਨ ਜੰਗਾਂ ਦੀ ਮਾਰ ਪੰਜਾਬ ਨੂੰ ਪਈ, ਜਦ ਸਿੱਖਾਂ ਨੇ ਗਾਂਧੀ ਦੇ ਆਖੇ ਅਨੂੰਸਾਰ ਗਾਤਰੇ ਪਾਈ ਕਿਰਪਾਨ ਦੇ ਮੁੱਠ ਤੇ ਹੱਥ ਧਰਕੇ ਪੰਜਾਬ ਦੀਆਂ ਜਾਇਜ ਮੰਗਾਂ ਦੀ ਲਿਸਟ ਸਰਕਾਰ ਨੂੰ ਅਨੰਦਪੁਰ ਦੇ ਮਤੇ ਦੇ ਰੂਪ ਵਿਚ ਦਿੱਤੀ ਤਾਂ ਜੁਆਬ ਵਿਚ ਤੋਪਾਂ ਤੇ ਟੈਂਕ ਲੈ ਕੇ ਕੌਮ ਦੇ ਜਰਨੈਲ ਬਾਬਾ ਜਰਨੈਲ ਸਿੰਘ ਤੇ ਉਹਨਾਂ ਦੇ 250 ਸਾਥੀਆਂ ਨੂੰ ਅੱਤਵਾਦੀ ਵਖਵਾਦੀ ਗਰਦਾਨ ਕੇ ਪਵਿੱਤਰ ਹਰਿਮੰਦਰ ਸਾਹਿਬ ਸਮੇਤ ਪੰਜਾਬ ਦੇ ਸੈਂਕੜੇ ਗੁਰਦੁਆਰਿਆਂ ਤੇ ਅੱਜ ਦੇ ਦਿਨ  1 ਜੂਨ 1984 ਨੂੰ ਹਮਲਾ ਕਰ ਦਿੱਤਾ ,ਹੱਕਾਂ ਖਾਤਰ  ਮੁਗਲਾਂ ,ਅਫਗਾਨਾਂ, ਪਠਾਣਾ ,ਅੰਗਰੇਜਾਂ  ਨਾਲ ਸਦੀਆਂ ਲੜਦੇ ਸਿੱਖ ਦੇਸ਼ਭਗਤ ਸਨ ਪਰ ਅੱਜ ਖੁਦ ਸ਼ਹੀਦੀਆਂ ਦੇ ਕੇ ਅਜਾਦ ਕਰਵਾਏ ਮੁਲਕ ਵਿਚ ਜਾਇਜ ਮੰਗਾਂ ਮੰਗੀਆਂ ਤਾਂ ਅੱਤਵਾਦੀ  ਕਿਉਂ  ????......... ਚਲਦਾ, 
 

ਪਰਮਪਾਲ ਸਿੰਘ ਸਭਰਾਅ
981499 1699