ਮਾਮਲਾ ਅਜਮੇਰ ਸਿੰਘ ਬਾਰੇ ਮੰਦਭਾਗੇ ਵਿਵਾਦ ਦਾ- ਸਿੱਖ ਬੌਧਿਕਤਾ ਦਾ ਮਿਆਰ ਨਿਘਾਰ ਵਲ ਕਿਉਂ?

ਮਾਮਲਾ ਅਜਮੇਰ ਸਿੰਘ ਬਾਰੇ ਮੰਦਭਾਗੇ ਵਿਵਾਦ ਦਾ- ਸਿੱਖ ਬੌਧਿਕਤਾ ਦਾ ਮਿਆਰ ਨਿਘਾਰ ਵਲ ਕਿਉਂ?
ਅਜਮੇਰ ਸਿੰਘ

ਅਵਤਾਰ ਸਿੰਘ

ਖਾਲਸਾ ਪੰਥ ਦੇ ਸੁਹਿਰਦ ਖੇਮਿਆਂ ਵਿੱਚ ਅੱਜਕੱਲ ਇੱਕ ਮੰਦਭਾਗਾ ਵਿਵਾਦ ਚੱਲ ਰਿਹਾ ਹੈ। ਸਿੱਖ ਸੰਘਰਸ਼ ਦਾ ਹਿੱਸਾ ਰਹੀ ਇੱਕ ਧਿਰ, ਆਪਣੇ ਹੀ ਹਮਸਫਰ ਦੂਜੀ ਧਿਰ ਦੇ ਵੀਰਾਂ ਤੇ ਦੋਸ਼ ਲਗਾ ਰਹੀ ਹੈ। ਦੁਖਦਾਈ ਗੱਲ ਇਹ ਹੈ ਕਿ ਦੋਸ਼ ਲਗਾਉਣ ਦੀ ਇਸ ਸਰਗਰਮੀ ਵਿੱਚ ਖਾਲਸਈ ਸੱਭਿਅਤਾ ਦੀਆਂ ਰਵਾਇਤਾਂ ਗਵਾਚ ਰਹੀਆਂ ਹਨ। ਜਿਸ ਬਿਪਰਨ ਕੀ ਰੀਤ ਤੋਂ ਮੁਕਤੀ ਹਾਸਲ ਕਰਨ ਲਈ ਅਸੀਂ ਸੰਘਰਸ਼ ਕਰ ਰਹੇ ਹਾਂ,ਵਾਰ ਵਾਰ ਉਸ ਬਿਪਰਨ ਕੀ ਰੀਤ ਦੇ ਗੁਲਾਮ ਬਣਦੇ ਜਾ ਰਹੇ ਹਾਂ। ਇਹ ਵਾਰ ਵਾਰ ਹੋ ਰਿਹਾ ਹੈ। ਇਹ ਬਹੁਤ ਦੁਖਦਾਈ ਹੈ। ਸਾਡੀ ਦੋਵਾਂ ਧਿਰਾਂ ਨੂੰ ਹੱਥ ਬੰਨਕੇ ਬੇਨਤੀ ਹੈ ਕਿ, ਉਨ੍ਹਾਂ ਸ਼ਹੀਦਾਂ ਦੀਆਂ ਰੂਹਾਂ ਦਾ ਧਿਆਨ ਧਰਕੇ ਖਾਲਸਈ ਮਿਆਰਾਂ ਤੋਂ ਡਿੱਗੀ ਹੋਈ ਦੂਸ਼ਣਬਾਜ਼ੀ ਬੰਦ ਕਰ ਦੇਣ।

ਅਸਲ ਮੁੱਦਾ ਭਾਈ ਅਜਮੇਰ ਸਿੰਘ ਦੀਆਂ ਲਿਖਤਾਂ ਅਤੇ ਉਨ੍ਹਾਂ ਵੱਲੋਂ ਲਈ ਗਈ ਸਿਆਸੀ ਲੀਹ ਤੇ ਕੇਂਦਰਿਤ ਹੋ ਰਿਹਾ ਹੈ। ਭਾਈ ਅਜਮੇਰ ਸਿੰਘ ਉੱਤੇ ਦੋਸ਼ ਲਾਉਣ ਵਾਲੀ ਧਿਰ ਇਹ ਆਖ ਰਹੀ ਹੈ ਕਿ ਉਹ ਆਪਣੀ ਇਤਿਹਾਸਕਾਰੀ ਰਾਹੀਂ ਸਿੱਖਾਂ ਨੂੰ, ਭਾਰਤੀ ਸਟੇਟ ਦੇ ਗਲਬੇ ਅਧੀਨ ਕਰਨਾ ਚਾਹੁੰਦੇ ਹਨ। ਦੋਸ਼ ਲਾਉਣ ਵਾਲੀ ਧਿਰ ਦਾ ਕੇਂਦਰੀ ਨੁਕਤਾ ਇਹ ਹੈ ਕਿ ਭਾਈ ਅਜਮੇਰ ਸਿੰਘ ਸਪਸ਼ਟ ਰੂਪ ਵਿੱਚ ਇਹ ਨਹੀ ਆਖ ਰਹੇ ਕਿ ਸਿੱਖਾਂ ਨੂੰ ਆਪਣੀ ਵੱਖਰੀ ਸਟੇਟ ਜਾਂ ਦੇਸ਼ ਚਾਹੀਦਾ ਹੈ।

ਮੂਲ ਮੁੱਦਾ ਇਹ ਹੀ ਹੈ ਜਿੰਨਾ ਕੁ ਸਾਨੂੰ ਸਮਝ ਆਇਆ ਹੈ। ਪਰ ਜਿਸ ਤਰ੍ਹਾਂ ਇਸ ਨੂੰ ਪੇਸ਼ ਕੀਤਾ ਗਿਆ ਹੈ ਜਾਂ ਉਛਾਲਿਆ ਗਿਆ ਹੈ ਉਹ ਬਹੁਤ ਭੱਦਾ ਤੇ ਗਲਤ ਹੈ। ਭਾਈ ਅਜਮੇਰ ਸਿੰਘ ਨੂੰ ਅਨਪੜ ਆਖਕੇ ਉਨ੍ਹਾਂ ਦੀ ਕਿਰਦਾਰਕਸ਼ੀ ਕਰਨ ਦਾ ਯਤਨ ਕੀਤਾ ਗਿਆ ਹੈ। ਇਹ ਆਖਿਆ ਗਿਆ ਹੈ ਕਿ ਸਿੱਖ ਆਪਣਾ ਇਤਿਹਾਸ ਅਨਪੜ੍ਹਾਂ  ਤੋਂ ਲਿਖਾਉਂਦੇ ਹਨ। ਇਸ ਤਰ੍ਹਾਂ ਤਾਂ ਫੇਰ ਸੰਤ ਜਰਨੈਲ ਸਿੰਘ ਜੀ ਦੀ ਲੀਡਰਸ਼ਿੱਪ ਵੀ ਸ਼ੱਕ ਦੇ ਘੇਰੇ ਵਿੱਚ ਜਾਂਦੀ ਹੈ, ਕਿਉਂਕਿ ਭਾਈ ਅਮਰੀਕ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਸੰਧੂ ਵਰਗੇ ਉੱਚ ਵਿਦਿਆ ਪ੍ਰਾਪਤ ਨੌਜਵਾਨਾਂ ਦੇ ਹੁੰਦਿਆਂ ਕੌਮ ਦੀ ਅਗਵਾਈ ਸੰਤ ਜਰਨੈਲ ਸਿੰਘ ਨੂੰ ਦੇ ਕੇ ਕੌਮ ਨੇ ਵੱਡੀ ਗਲਤੀ ਕਰ ਲਈ ਹੈ। ਇਸ ਤਰ੍ਹਾਂ ਦੇ ਹੀ ਹੋਰ ਵੀ ਕੁਝ ਸੁਆਲ ਭਾਈ ਅਜਮੇਰ ਸਿੰਘ ਦੇ ਇਤਿਹਾਸਕ ਲੇਖਣੀ ਦੇ ਕਾਰਜਾਂ ਬਾਰੇ ਕੀਤੇ ਗਏ ਹਨ, ਪਰ ਬਹੁਤ ਅਸੱਭਿਅਕ ਢੰਗ ਨਾਲ। ਅਜਮੇਰ ਸਿੰਘ ਨੇ ਜਦੋਂ ਖਾੜਕੂ ਲਹਿਰ ਦੇ ਇਤਿਹਾਸ ਨੂੰ ਕਲਮਬੱਧ ਕਰਨ ਦਾ ਕਾਰਜ ਆਰੰਭ ਕੀਤਾ ਉਸ ਵੇਲੇ ਸਮੁੱਚੀ ਸਿੱਖ ਕੌਮ ਸਰੀਰਕ ਅਤੇ ਵਿਚਾਰਧਾਰਕ ਤੌਰ ਤੇ ਭਾਰਤੀ ਸਟੇਟ ਦੇ ਜੁਲਮਾਂ ਨਾਲ ਭੰਨੀ ਪਈ ਸੀ। ਜਿਸ ਕਿਸਮ ਦੀ ਦਹਿਸ਼ਤ ਤੇ ਵਿਚਾਰਧਾਰਕ ਹਮਲੇ ਦੀ ਲਗਾਤਾਰਤਾ ਸਿੱਖ ਕੌਮ ਤੇ ਹਾਵੀ ਹੋਈ ਪਈ ਸੀ ਉਸ ਹਾਲਤ ਵਿੱਚ ਅਜਮੇਰ ਸਿੰਘ ਦਾ ਇਤਿਹਾਸਕਾਰੀ ਦਾ ਕਾਰਜ ਇੱਕ ਬਹੁਤ ਦਲੇਰਰਾਨਾ ਤੇ ਮਾਅਰਕੇ ਵਾਲਾ ਕਾਰਜ ਸੀ। ਉਨ੍ਹਾਂ ਦੀ ਪਹਿਲੀ ਕਿਤਾਬ ਨੇ ਹੀ ਖਾਲਸਾ ਪੰਥ ਨੂੰ ਸੰਤ ਜਰਨੈਲ ਸਿੰਘ ਦੀ ਸ਼ਖਸ਼ੀਅਤ ਤੇ ਉਸਦੀ ਖਾਲਸਈ ਇਤਿਹਾਸ ਵਿੱਚ ਥਾਂ ਬਾਰੇ ਦਰਸਾਇਆ। ਸਿੱਖ ਇਤਿਹਾਸਕਾਰੀ ਵਿੱਚ ਸੰਤ ਜਰਨੈਲ ਸਿੰਘ ਦੀ ਸਤਿਕਾਰਤ ਥਾਂ ਨੂੰ ਉਨ੍ਹਾਂ ਦੇ ਕਾਰਜ ਨੇ ਹੀ ਨਿਸਚਿਤ ਕੀਤਾ। ਸਿਰਫ ਸੰਤ ਜੀ ਦੀ ਸ਼ਖਸ਼ੀਅਤ ਨੂੰ ਹੀ ਨਹੀ ਬਲਕਿ ਖਾਲਸਾ ਲਹਿਰ ਨੂੰ ਵੀ ਵਿਚਾਰਧਾਰਕ ਤੌਰ ਤੇ ਪਰਵਾਨਤ ਰੁਖ ਮੁਹੱਈਆ ਕਰਵਾਇਆ। ਆਪਾਂ ਸਾਰੇ ਜੋ ਉਸ ਵੇਲੇ ਮਾਰੇ ਮਾਰੇ ਫਿਰ ਰਹੇ ਸੀ ਕਿਸੇ ਠੁੰਮਣੇ ਦੀ ਭਾਲ ਵਿੱਚ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਲਹਿਰ ਨੂੰ ਕਿਸੇ ਦਿਸ਼ਾ ਵਿੱਚ ਜਸਟੀਫਾਈ ਕੀਤਾ ਜਾ ਸਕਦਾ ਹੈ।

ਕਿਸ ਬਿਧ ਰੁਲੀ ਪਾਤਸ਼ਾਹੀ ਨੇ ਸਿੱਖ ਇਤਿਹਾਸਕਾਰੀ ਵਿੱਚ ਨਵੇਂ ਮੀਲ ਪੱਥਰ ਗੱਡੇ। ਪਹਿਲੀ ਕਿਤਾਬ ਜੇ ਕੇਂਦਰੀ ਨੁਕਤੇ ਪੱਖੋਂ ਰਾਜਸੀ ਸੀ ਤਾਂ ਦੂਜੀ ਕਿਤਾਬ ਨੇ ਅਜਮੇਰ ਸਿੰਘ ਦੀ ਇਤਿਹਾਸਕਾਰੀ ਨੂੰ ਸਿਧਾਂਤਕ ਪੱਖੋਂ ਹੋਰ ਪ੍ਰੋੜਤਾ ਬਖ਼ਸ਼ੀ। ਇਸੇ ਲੜੀ ਵਿੱਚ ਬਾਕੀ ਕਿਤਾਬਾਂ ਨੇ ਸਾਨੂੰ ਹਾਲਾਤ ਨੂੰ ਸਮਝਣ ਲਈ ਕੁਝ ਨਵੇਂ ਰਾਹ ਦਿਖਾਏ। ਭਾਈ ਅਜਮੇਰ ਸਿੰਘ ਨੇ ਆਪਣੇ ਵਿੱਤ ਮੁਤਾਬਕ ਸਰਦੀ ਬਣਦੀ ਭੂਮਿਕਾ ਨਿਭਾ ਦਿੱਤੀ ਹੈ। ਹੁਣ ਸੁਆਲਾਂ ਦਾ ਸੁਆਲ ਇਹ ਹੈ ਕਿ ਕੀ 1947 ਤੋਂ ਬਾਅਦ ਦੀ ਸਿੱਖ ਤੜਪ ਅਤੇ ਸਿਆਸੀ ਰੀਝ ਨੂੰ ਸਮਝਣ ਲਈ ਸਿਰਫ ਦੋ-ਤਿੰਨ ਕਿਤਾਬਾਂ ਹੀ ਕਾਫੀ ਹਨ? ਏਨੀ ਵੱਡੀ ਲਹੂ-ਵੀਟਵੀਂ ਲੜਾਈ ਜਿਸ ਵਿੱਚ ਖਾਲਸਾ ਪੰਥ ਨੇ ਆਪਣੇ ਕਿਰਦਾਰ ਦੀ ਬੁਲੰਦੀ ਤੇ ਬਹਾਦਰੀ ਦੀ ਗਾਥਾ ਲਿਖੀ ਹੋਵੇਂ ਨੂੰ ਕੀ ਸਿਰਫ ਦੋ-ਤਿੰਨ ਕਿਤਾਬਾਂ ਨਾਲ ਹੀ ਸਮਝਿਆ ਜਾ ਸਕਦਾ ਹੈ?

ਸਾਡੀ ਜਿੰਮੇਵਾਰੀ ਕੀ ਹੈ? ਹਾਲੇ ਤੱਕ ਲਹਿਰ ਬਾਰੇ ਕੋਈ ਵੀ ਗਹਿਰ ਗੰਭੀਰ ਨਾਵਲ ਨਹੀ ਆਇਆ, ਕੋਈ ਸਿਰਜਣਾਂ ਭਰਪੂਰ ਕਵਿਤਾ ਨਹੀ। ਬਲਵਿੰਦਰ ਕੌਰ ਬਰਾੜ ਦੀਆਂ ਕਹਾਣੀਆਂ ਤੋਂ ਬਾਅਦ ਲਹਿਰ ਦੀ ਕਹਾਣੀ ਪਰੰਪਰਾ ਵੀ ਖਤਮ। ਜਿਸ ਲਹਿਰ ਬਾਰੇ ਹੁਣ ਤੱਕ ਉੱਚ ਪਾਏ ਦੀਆਂ ਹਜਾਰਾਂ ਕਿਤਾਬਾਂ ਛਪਣੀਆਂ ਚਾਹੀਦੀਆਂ ਸਨ ਤੇ ਕਈ ਮੈਗਜ਼ੀਨ ਉਸ ਲਹਿਰ ਦੇ ਸਿਧਾਂਤਕ ਪੱਖਾਂ ਦੀ ਖੋਜ ਕਰਨ ਲਈ ਸਾਹਮਣੇ ਆਉਣੇ ਚਾਹੀਦੇ ਸਨ, ਉਹ ਲਹਿਰ ਹਾਲੇ ਵੀ 4-5 ਕਿਤਾਬਾਂ ਤੋਂ ਅੱਗੇ ਨਹੀ ਵਧੀ। ਅਸੀਂ ਜਿਨ੍ਹਾਂ ਨੇ ਅਜਮੇਰ ਸਿੰਘ ਵੱਲੋਂ ਜਗਾਈ ਮਸ਼ਾਲ ਨੂੰ ਚੁੱਕ ਕੇ ਅੱਗੇ ਭੱਜਣਾਂ ਸੀ ਉਹ ਮਾੜੀ ਮੋਟੀ ਜਗਦੀ ਮਸ਼ਾਲ ਨੂੰ ਹੀ ਤੋੜਣ ਵੱਲ ਰੁਚਿਤ ਹੋ ਗਏ ਹਾਂ।

ਜਿਹੜੇ ਮੇਰੇ ਵੀਰ ਸੁਆਲ ਉਠਾ ਰਹੇ ਹਨ, ਵਾਹਿਗੁਰੂ ਨੇ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਸ਼ਰੇਸ਼ਟ ਯੂਨੀਵਰਸਿਟੀਆਂ ਵਿੱਚ ਸਿਖਿਆ ਲੈਣ ਦਾ ਮਾਣ ਬਖਸ਼ਿਆ ਸੀ। ਉੱਥੇ ਵਿਦਿਅਕ ਸਾਧਨਾਂ ਤੇ ਸਰੋਤਾਂ ਦੀ ਕੋਈ ਕਮੀ ਨਹੀ ਹੈ। ਇੱਕ ਵਾਰ ਉਨ੍ਹਾਂ ਯੂਨੀਵਰਸਿਟੀਆਂ ਵਿੱਚ ਵੜਿਆ ਬੰਦਾ ਮੁੜਕੇ ਕਿਸੇ ਕੌਮ ਦਾ ਸ਼ਾਹਕਾਰ ਬਣਕੇ ਨਿਕਲਦਾ ਹੈ। ਪਰ ਸਾਡੀ ਬਦਕਿਸਮਤੀ ਕਿ ਅਸੀਂ ਕੋਈ ਸ਼ਾਹਕਾਰ ਨਹੀ ਸਿਰਜ ਸਕੇ। ਸਿਰਫ ਗਾਲੀ ਗਲੋਚ ਕਰਨ ਜੋਗੇ ਰਹਿ ਗਏ ਹਾਂ। ਇਸ ਤਰ੍ਹਾਂ ਲਗਦਾ ਹੈ ਕਿ ਅਸੀਂ ਦਹਾਕਿਆਂ ਤੱਕ ਕੋਈ ਸਿਰਜਣਾ ਨਹੀ ਕਰ ਸਕਾਂਗੇ। ਜਦੋਂ ਦੁਸ਼ਮਣ ਸਾਡੇ ਦਰਵਾਜ਼ੇ ਤੇ ਖੜ੍ਹਾ ਲਲਕਾਰ ਰਿਹਾ ਹੈ ਉਸ ਵੇਲੇ ਅਸੀਂ ਆਪਣੀ ਮਸ਼ਾਲ ਬੁਝਾਉਣ ਲਈ ਯਤਨਸ਼ੀਲ ਹਾਂ।

ਦੁਨੀਆਂ ਦਾ ਕੋਈ ਵੀ ਸਿਧਾਂਤਕਾਰ ਜਾਂ ਇਤਿਹਾਸਕਾਰ ਪੂਰਾ ਨਹੀ ਹੁੰਦਾ। ਉਸਦੀ ਆਪਣੀ ਸੀਮਾ ਹੁੰਦੀ ਹੈ। ਜਾਹਨ ਆਰਮਸਟਰਾਂਗ ਦੀ ਇੱਕ ਕਿਤਾਬ ਹੈ - ਨੇਸ਼ਨ ਬਿਫੋਰ ਨੈਸ਼ਨਲਇਜ਼ਮ ਬਹੁਤ ਉੱਚ ਪਾਏ ਦੀ ਕਿਤਾਬ ਹੈ, ਕੌਮਾਂ ਦੀ ਉਤਪਤੀ ਅਤੇ ਵਿਕਾਸ ਬਾਰੇ। ਪਰੋਫੈਸਰ ਐਂਥਨੀ ਸਮਿੱਥ ਆਖਦਾ ਹੈ ਕਿ ਉਸ ਕਿਤਾਬ ਨੇ ਮੇਰੇ ਮਨ ਦੇ ਕਪਾਟ ਖੋਲ੍ਹ ਦਿੱਤੇ ਹਨ। ਉਹ ਵਾਰ ਵਾਰ ਜੌਹਨ ਆਰਮਸਟਰਾਂਗ ਦਾ ਧੰਨਵਾਦ ਕਰਦਾ ਨਹੀ ਥੱਕਦਾ। ਪਰ ਐਡਰੇਅਨ ਹੇਸਟਿੰਗਜ਼ ਆਪਣੀ ਕਿਤਾਬ ‘The Construction of Nationhood’ ਵਿੱਚ ਆਖਦਾ ਹੈ ਕਿ ਆਰਮਸਟਰਾਂਗ ਦੀ ਕਿਤਾਬ ਇੱਕ ਭੰਬਲਭੂਸੇ ਤੋਂ ਵੱਧ ਕੁਝ ਨਹੀ ਹੈ। ਇਤਿਹਾਸਕਾਰੀ ਵਿੱਚ ਵੱਖਰੇ ਵਿਚਾਰਾਂ ਦਾ ਹੋਣਾਂ ਮਾੜੀ ਗੱਲ ਨਹੀ ਹੈ। ਇਹ ਇਤਿਹਾਸਕਾਰੀ ਦਾ ਪਹਿਲਾ ਗੁਣ ਹੈ। ਐਂਥਨੀ ਸਮਿੱਥ, ਅਜ਼ਰ ਗੈਟ, ਵਾਕਰ ਕੋਨਰ, ਐਡਰੇਅਨ ਹੇਸਟਿੰਗਜ਼ ਤੇ ਫਰੈਡਰਿਕ ਹਰਟਜ਼ ਵਰਗੇ ਵਿਦਵਾਨਾਂ ਨੇ ਜਾਹਨ ਬਰੀਉੂਲੇ, ਹਾਬਸਬਾਮ, ਪਾਲ ਬਰਾਸ ਅਤੇ ਐਡਵਰਡ ਸਈਅਦ ਵਰਗੇ ਵਿਦਵਾਨਾਂ ਦੇ ਕੌਮੀਅਤਾਂ ਬਾਰੇ ਵਿਚਾਰਾਂ ਨੂੰ ਸਿਧਾਂਤਕ ਤੌਰ ਤੇ ਰੱਦ ਕੀਤਾ ਹੈ। ਪਰ ਇਤਿਹਾਸ ਦੇ ਵਿਦਿਆਰਥੀ ਦੋਵਾਂ ਪਾਸਿਆਂ ਦੀਆਂ ਕਿਤਾਬਾਂ ਪੜ੍ਹਦੇ ਹਨ ਤੇ ਆਪਣੇ ਅਨੁਸਾਰ ਸਿੱਟੇ ਕੱਢਦੇ ਹਨ। ਕਿਸੇ ਵਿਦਵਾਨ ਦੀ ਇਤਿਹਾਸਕਾਰੀ ਨਾਲ ਸਹਿਮਤ ਨਾ ਹੋਣ ਦਾ ਮਤਲਬ ਇਹ ਨਹੀ ਕਿ ਤੁਸੀਂ ਉਸਦੀ ਕਿਰਦਾਰਕੁਸ਼ੀ ਉੱਤੇ ਉਤਰ ਆਓ। ਉਸ ਤੋਂ ਵੱਖਰਾ ਅਤੇ ਉਸਤੋਂ ਉਤਮ ਸਾਹਿਤ ਰਚੋ। ਆਪਣੇ ਵਿਚਾਰਧਾਰਕ ਪਹਿਲੂ ਕਿਸੇ ਵੱਡੇ ਸੰਵਾਦ ਦੇ ਪਰਿਪੇਖ ਤੋਂ ਸਾਹਮਣੇ ਲਿਆਓ, ਪਰ ਗਾਲੀ ਗਲੋਚ ਨਾ ਕਰੋ।

ਅਸੀਂ ਨਿੱਜੀ ਤੌਰ ਤੇ ਅਜਮੇਰ ਸਿੰਘ ਦੇ ਨੇਸ਼ਨ ਸਟੇਟ ਬਾਰੇ ਵਿਚਾਰਾਂ ਦੇ ਹਮਾਇਤੀ ਨਹੀ ਹਾਂ। ਪਰ ਅਸੀਂ ਉਸਦੀ ਕਿਰਦਾਰਕੁਸ਼ੀ ਨਹੀ ਕਰਦੇ। ਲਗਾਤਾਰ ਪੜ੍ਹ ਰਹੇ ਹਾਂ। ਜਦੋਂ ਅਸੀਂ ਕਿਸੇ ਸਪਸ਼ਟ ਨਤੀਜੇ ਉੱਤੇ ਪਹੁੰਚ ਗਏ ਤਾਂ ਕੁਝ ਲਿਖ ਦੇਵਾਂਗੇ। ਇਹ ਵੀ ਹੋ ਸਕਦਾ ਹੈ ਕਿ ਅਸੀਂ ਜੋ ਸੋਚ ਰਹੇ ਹਾਂ, ਭਾਈ ਅਜਮੇਰ ਸਿੰਘ ਉਸ ਤੋਂ ਬਹੁਤ ਅਗਾਂਹ ਹੋਣ ਤੇ ਉਨ੍ਹਾਂ ਵਾਲੀ ਸਿਧਾਂਤਕ ਪਹੁੰਚ ਸਾਡੇ ਅਧੂਰੇ ਗਿਆਨ ਦੀ ਪਕੜ ਵਿੱਚ ਨਾ ਆਈ ਹੋਵੇ। ਸਾਡਾ ਦੂਜਾ ਨੁਕਸ ਇਹ ਹੈ ਕਿ ਅਸੀਂ ਕਿਸੇ ਇਤਿਹਾਸਕਾਰ ਤੋਂ ਹੀ ਕੌਮ ਦੀ ਸਿਆਸੀ ਅਗਵਾਈ ਵੀ ਭਾਲਦੇ ਹਾਂ। ਅਸੀਂ ਇਹ ਮੰਨੀ ਬੈਠੇ ਹਾਂ ਕਿ ਅਜਮੇਰ ਸਿੰਘ ਹੀ ਸਾਰੇ ਕੰਮ ਕਰ ਸਕਦਾ ਹੈ। ਉਹ ਕਿਤਾਬਾਂ ਵੀ ਲਿਖੇ, ਥਾਂ-ਥਾਂ ਲੈਕਚਰ ਵੀ ਦੇਵੇ ਤੇ ਕੌਮ ਦੇ ਭਵਿੱਖੀ ਫੈਸਲੇ ਵੀ ਉਹ ਹੀ ਕਰੇ। ਫਿਰ ਬਾਕੀ ਕੌਮ ਕੀ ਕਰ ਰਹੀ ਹੈ? ਏਨੀਆਂ ਵੱਡੀਆਂ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਕਿਉਂ ਨਹੀ ਕੌਮ ਦਾ ਭਵਿੱਖ ਸ਼ਿੰਗਾਰ ਰਹੀਆਂ।

ਭਾਈ ਅਜਮੇਰ ਸਿੰਘ ਤੋਂ ਕੌਮ ਦੇ ਸਾਰੇ ਮਸਲੇ ਹੱਲ ਕਰਵਾਉਣ ਦੀ ਸਾਡੀ ਕਮਜ਼ੋਰੀ ਹੀ ਇਹ ਸੰਕਟ ਪੈਦਾ ਕਰ ਰਹੀ ਹੈ। ਉਹ ਹੁਣ ਬਜ਼ੁਰਗ ਹੋ ਗਏ ਹਨ। ਆਪਣੇ ਵਿੱਤ ਅਨੁਸਾਰ ਉਨ੍ਹਾਂ ਨੇ ਆਪਣੀ ਜਿੰਮੇਵਾਰੀ ਨਿਭਾ ਦਿੱਤੀ ਹੈ। ਹੁਣ ਇਹ ਰਿਲੇਅ ਦੌੜ ਨੂੰ ਅਗਲੀ ਪੀੜ੍ਹੀ ਦੌੜੇ। ਇੱਕ ਪਾਸੇ ਅਸੀਂ ਉਸਦੇ ਸਿਧਾਂਤ ਨਾਲ ਸਹਿਮਤ ਨਹੀ ਦੂਜੇ ਪਾਸੇ ਅਸੀਂ ਮੰਗ ਕਰ ਰਹੇ ਹਾਂ ਕਿ ਉਹ ਆਪਣੀ ਇਤਿਹਾਸਕਾਰੀ ਵਿੱਚ ਤਬਦੀਲੀ ਕਰੇ। ਕਿਉਂ?

ਜਦੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਉਹ ਆਪਣੀ ਸਿਆਸੀ ਲੀਹ ਬਦਲੇ ਤਾਂ ਸਪਸ਼ਟ ਹੈ ਕਿ ਅਸੀਂ ਉਸ ਨੂੰ ਹੀ ਆਗੂ ਅਤੇ ਇਤਿਹਾਸਕਾਰ ਮੰਨਦੇ ਹਾਂ ਅਤੇ ਸਾਡੇ ਆਪਣੇ ਵਿੱਚ ਕੁਝ ਕਰਨ ਦੀ ਸਮਰਥਾ ਹੀ ਨਹੀ ਹੈ।

ਘਬਰਾਓ ਨਾ ਇਹੋ ਜਿਹੇ ਸੰਕਟ ਸਿਰਫ ਸਾਡੀ ਲਹਿਰ ਵਿੱਚ ਹੀ ਨਹੀ ਆਏ, ਬਲਕਿ ਸਾਰੀਆਂ ਲਹਿਰਾਂ ਵਿੱਚ ਆਏ ਹਨ। ਪਰ ਅਫਸੋਸ ਹੈ ਕਿ ਅਸੀਂ ਬਾਕੀਆਂ ਤੋਂ ਨਿਆਰੇ ਹਾਂ। ਸਾਡੀ ਲਹਿਰ ਵਿੱਚ ਇਹ ਸੰਕਟ ਨਹੀ ਸੀ ਆਉਣੇ ਚਾਹੀਦੇ। ਅਸੀਂ ਸੰਸਾਰ ਦੇ ਇਤਿਹਾਸ ਵਿੱਚ ਰੂਸ ਦੇ ਕਮਿਊਨਿਸਟ ਇਨਕਲਾਬ ਨੂੰ ਸਭ ਤੋਂ ਜਾਨਦਾਰ ਅਤੇ ਮਜਬੂਤ ਮੰਨਦੇ ਹਾਂ। ਕਮਿਊਨਿਸਟ ਇਨਕਲਾਬ ਵਿੱਚ ਇਹ ਸਭ ਕੁਝ ਜੋ ਅੱਜ ਸਾਡੇ ਸਾਹਮਣੇ ਰਿਹਾ ਹੈ- ਇਸੇ ਤਰਾਂ ਹੀ ਵਾਪਰਿਆ। ਆਪਣੇ ਸਮੇਂ ਦੀ ਮਹਾਨ ਸ਼ੋਸ਼ਲਿਸਟ ਬੀਬਾ ਰੋਜ਼ਾ ਲਕਸ਼ਮਬਰਗ ਨੇ ਬਿਲਕੁਲ ਇਸੇ ਤਰਾਂ ਦੇ ਸੁਆਲ ਲੈਨਿਨ ਦੀ ਅਗਵਾਈ ਹੇਠਲੇ ਬਾਲਸ਼ਵਿੱਕ ਇਨਕਲਾਬ ਦੇ ਮੋਹਰੀਆਂ ਨੂੰ ਉਠਾਏ ਸਨ। ਰੋਜ਼ਾ ਲਕਸ਼ਮਬਰਗ ਨਾ ਕੇਵਲ ਇੱਕ ਇਮਾਨਦਾਰ ਸ਼ੋਸ਼ਲਿਸਟ ਸੀ ਬਲਕਿ ਉੱਚ ਕੋਟੀ ਦੀ ਅਰਥ ਸ਼ਾਸ਼ਤਰੀ ਰਾਜਨੀਤਿਕ ਸੀ। ਉਸ ਨੇ ਦਰਜਨਾਂ ਕਿਤਾਬਾਂ ਰਾਹੀਂ ਲੈਨਿਨ ਨੂੰ ਆਖਿਆ ਸੀ ਕਿ ਤੁਹਾਡੀ ਆਰਥਕ ਨੀਤੀ ਵੀ ਖਤਰਨਾਕ ਹੈ ਤੇ ਸਿਆਸੀ ਨੀਤੀ ਵੀ। ਉਸ ਨੇ ਆਖਿਆ ਕਿ, ਲੈਨਿਨ ਦੀ ਅਗਵਾਈ ਹੇਠਲਾ ਟੋਲਾ ਸਿਰਫ ਸੱਤਾ ਦਾ ਭੁੱਖਾ ਹੈ। ਉਹ ਹਰ ਹੀਲੇ ਸੱਤਾ ਹਥਿਆਉਣੀ ਚਾਹੁੰਦੇ ਹਨ। ਬੀਬੀ ਲਕਸ਼ਮਬਰਗ ਨੇ ਨਾ ਕੇਵਲ ਬਾਲਸ਼ਵਿੱਕਾਂ ਦੀ ਸੱਤਾ ਦੀ ਭੁੱਖ ਨੂੰ ਵਕਤ ਤੋਂ ਪਹਿਲਾਂ ਉਜਾਗਰ ਕਰ ਦਿੱਤਾ ਸੀ ਬਲਕਿ, ਸਟਾਲਿਨ ਵੱਲੋਂ ਕੀਤੇ ਜਾਣ ਵਾਲੇ ਕਤਲਾਂ ਬਾਰੇ ਵੀ ਆਪਣੇ ਵਿਚਾਰਾਂ ਵਿੱਚ ਸ਼ੱਕ ਪ੍ਰਗਟਾ ਦਿੱਤੇ ਸਨ। ਇੱਥੇ ਹੀ ਬੱਸ ਨਹੀ ਘੱਟ-ਗਿਣਤੀਆਂ ਦੇ ਸੁਆਲ ਬਾਰੇ ਲਿਖੀ ਗਈ ਆਪਣੀ ਦੁਰਲੱਭ ਕਿਤਾਬ ਵਿੱਚ ਬੀਬੀ ਲਕਸ਼ਮਬਰਗ ਨੇ ਲੈਨਿਨ ਨੂੰ ਦੱਸ ਦਿੱਤਾ ਸੀ ਕਿ ਭਵਿੱਖ ਵਿੱਚ ਤੁਹਾਡਾ ਇਨਕਲਾਬ ਖੱਖੜੀਆਂ ਹੋ ਜਾਵੇਗਾ ਕਿਉਂਕਿ ਰੂਸ ਵਿੱਚ ਘੱਟ-ਗਿਣਤੀਆਂ ਦੇ ਸੁਆਲ ਨੂੰ ਕਮਿਊਨਿਸਟ ਸੰਬੋਧਨ ਨਹੀ ਹੋ ਰਹੇ।

1989 ਤੋਂ 1991 ਤੱਕ ਪੂਰਬੀ ਯੂਰਪ ਅਤੇ ਰੂਸ ਦਾ ਜੋ ਹਾਲ ਹੋਇਆ ਉਹ ਬੀਬੀ ਰੋਜ਼ਾ ਲਕਸ਼ਮਬਰਗ ਦੀਆਂ ਪੇਸ਼ਨੀਗੋਈਆਂ ਅਨੁਸਾਰ ਹੀ ਹੋਇਆ। ਹਾਲਾਤ ਦੀ ਸਿਤਮਜ਼ਰੀਫੀ ਦੇਖੋ ਕਿ ਉਸ ਮਹਾਨ ਸ਼ੋਸ਼ਲਿਸਟ ਅਤੇ ਅਸਲ ਇਨਕਲਾਬੀ ਬੀਬੀ ਨੂੰ ਆਪਣੇ ਇਮਾਨਦਾਰ ਵਿਚਾਰਾਂ ਕਾਰਨ ਪਹਿਲਾਂ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਅਤੇ ਫਿਰ ਮਹਾਨ ਇਨਕਲਾਬੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਆਪਣੀ ਜਾਨ ਦੇ ਕੇ ਵੀ ਉਸਨੇ ਇਨਕਲਾਬ ਦੀ ਸੁੱਚੀ ਭਾਵਨਾ ਨੂੰ ਪਿੱਠ ਨਹੀ ਦਿਖਾਈ। ਜੇਲ੍ਹ ਵਿੱਚੋਂ ਲੈਨਿਨ ਨੂੰ ਲਿਖੀਆਂ ਚਿੱਠੀਆਂ ਬੀਬੀ ਲਕਸ਼ਮਬਰਗ ਦੀ ਇਤਿਹਾਸ, ਆਰਥਿਕਤਾ ਅਤੇ ਘੱਟ-ਗਿਣਤੀਆਂ ਬਾਰੇ ਪਹੁੰਚ ਦੀ ਬਾਤ ਪਾਉਂਦੀਆਂ ਹਨ। ਹਰ ਲਹਿਰ ਵਿੱਚ ਹਰ ਹੀਲੇ ਸੱਤਾ ਹਥਿਆਉਣ ਲਈ ਕਾਹਲੇ ਲੋਕਾਂ ਦੀਆਂ ਭੀੜਾਂ ਹੁੰਦੀਆਂ ਹਨ। ਜੋ ਸਿਧਾਂਤ ਦੀ ਗੱਲ ਨਹੀ ਸੁਣਦੀਆਂ। ਕਈ ਵਾਰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਹਲਣੀਆਂ ਪੈਂਦੀਆਂ ਹਨ।

ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਓ-ਸਿਰ ਜੋੜ ਕੇ ਬੈਠੀਏ। ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈ ਕੇ ਭਾਈ ਅਜਮੇਰ ਸਿੰਘ ਤੋਂ ਅਧੂਰੇ ਰਹਿ ਗਏ ਕਾਰਜ ਨੂੰ ਅੱਗੇ ਵਧਾਈਏ। ਇਸ ਵਿੱਚ ਬਹੁਤ ਸਾਰੇ ਵਿਚਾਰ ਸਾਹਮਣੇ ਆਉਣਗੇ। ਪਰ ਵਿਚਾਰਾਂ ਦੇ ਮਿਆਰ ਅਤੇ ਭਾਸ਼ਾ ਦੀ ਸੁੱਚਤਾ ਨਾ ਵਿਸਾਰੀਏ। ਗੁਰੂ ਮਹਾਰਾਜ ਹਰ ਮੈਦਾਨ ਫਤਹਿ ਬਖਸ਼ਣਗੇ।