ਧਿਆਨ ਲਗਾਉਣਾ ਮਾਨਸਿਕ ਸਿਹਤ ਲਈ ਜਰੂਰੀ

ਧਿਆਨ ਲਗਾਉਣਾ ਮਾਨਸਿਕ ਸਿਹਤ ਲਈ ਜਰੂਰੀ

ਮੈਡੀਟੇਸ਼ਨ ਖ਼ੁਦ 'ਤੇ ਵਿਸ਼ਵਾਸ ਪੈਦਾ ਕਰਦੀ ਹੈ

ਆਧੁਨਿਕ ਯੁੱਗ ਦੀਆਂ ਖ਼ਾਸ ਬਿਮਾਰੀਆਂ ਹਨ ਵੱਖ-ਵੱਖ ਤਰ੍ਹਾਂ ਦੇ ਮਨੋਰੋਗ, ਏਡਜ਼, ਕੈਂਸਰ, ਦਿਲ ਦੇ ਰੋਗ, ਉੱਚ ਲਹੂ ਵਹਾਅ ਭਾਵ ਹਾਈ ਬਲੱਡ ਪ੍ਰੈਸ਼ਰ ਆਦਿ। ਕਾਰਨ ਹਨ ਅੱਜ ਦੀ ਤਣਾਅ ਭਰੀ ਬਣਾਉਟੀ ਜ਼ਿੰਦਗੀ ਜਿਸ ਵਿਚ ਸਹਿਜਦਾ ਅਤੇ ਖੁੱਲ੍ਹੇ ਹਾਸੇ-ਠੱਠੇ ਦੀ ਘਾਟ ਹੈ। ਕੁਦਰਤ ਤੋਂ ਵਧਦੀ ਦੂਰੀ, ਉੱਚੀਆਂ ਉਡਾਣਾਂ ਅਤੇ ਮੁਕਾਬਲੇਬਾਜ਼ੀ ਦਾ ਤਣਾਅ, ਇਨ੍ਹਾਂ ਬਿਮਾਰੀਆਂ ਦਾ ਇਲਾਜ ਏਨਾ ਸੌਖਾ ਨਹੀਂ। ਹਾਲਾਂਕਿ ਮੈਡੀਕਲ ਸਾਇੰਸ ਬਹੁਤ ਤਰੱਕੀ ਕਰ ਗਈ ਹੈ ਪਰ ਇਲਾਜ ਦੇ ਮਾੜੇ ਅਤੇ ਭਾਰੀ ਖਰਚੇ ਹਰ ਕੋਈ ਸਹਿਣ ਨਹੀਂ ਕਰ ਸਕਦਾ, ਇਸੇ ਕਾਰਨ ਹੀ ਲੋਕ ਅਲਟਰਨੇਟਿਵ ਥੈਰੇਪੀ ਵੱਲ ਖਿੱਚੇ ਜਾ ਰਹੇ ਹਨ। ਜੇਕਰ ਅਧਿਆਤਮਿਕ ਪੱਧਰ 'ਤੇ ਦੇਖੀਏ ਤਾਂ ਦਿਲੋ-ਦਿਮਾਗ਼ ਦੀ ਸੁੱਖ-ਸ਼ਾਂਤੀ ਲਈ ਵੱਖ-ਵੱਖ ਸਿਧਾਂਤ ਅਤੇ ਪ੍ਰੈਕਟਿਸ ਵਿਧੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਧਿਆਨ ਪੱਧਤੀ ਅਪਣਾਉਣ ਵਾਲਿਆਂ ਨੂੰ ਇਸ ਨਾਲ ਕਾਫ਼ੀ ਫਾਇਦਾ ਹੋਇਆ ਹੈ।

ਲੰਮੀ ਉਮਰ ਲਈ 

ਮੈਡੀਟੇਸ਼ਨ ਨਾਲ ਉਮਰ ਵਧਦੀ ਹੈ। ਮਨ ਸ਼ਾਂਤ ਰਹੇਗਾ, ਖ਼ੁਸ਼ ਰਹੇਗਾ ਤੇ ਬਿਮਾਰੀਆਂ ਘੱਟ ਘੇਰਨਗੀਆਂ। ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਜ਼ਬੂਤ ਹੁੰਦੀ ਹੈ। ਕੈਲੋਰੀਜ਼ 'ਤੇ ਕੰਟਰੋਲ ਰਹੇਗਾ, ਵਜ਼ਨ ਕਾਬੂ ਵਿਚ ਰਹੇਗਾ ਅਤੇ ਆਦਮੀ ਦੀ ਉਮਰ ਵਧੇਗੀ।

ਤਣਾਅ ਘਟਦਾ ਹੈ

ਜੀਵਨ ਵਿਚ ਵਿਅਕਤੀ ਨੂੰ ਪਤਾ ਨਹੀਂ ਕਿੰਨੇ ਕੁ ਪਾਸਿਆਂ ਤੋਂ ਕਿੰਨੇ ਦਬਾਅ ਝੱਲਣੇ ਪੈਂਦੇ ਹਨ। ਕਦੀ ਦਫ਼ਤਰ ਦੇ, ਕਦੀ ਪਰਿਵਾਰਿਕ ਰਿਸ਼ਤਿਆਂ ਨੂੰ ਲੈ ਕੇ, ਕਦੀ ਬਿਮਾਰੀਆਂ ਅਤੇ ਵਾਤਾਵਰਨ ਨੂੰ ਲੈ ਕੇ ਜਿਨ੍ਹਾਂ ਕਾਰਨ ਮਨੁੱਖ ਚਿੰਤਾਗ੍ਰਸਤ ਰਹਿਣ ਲਗਦਾ ਹੈ ਅਤੇ ਅੰਤ ਉਹ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਮਰੀਜ਼ ਬਣ ਜਾਂਦਾ ਹੈ। ਇਕ ਖੋਜ ਤੋਂ ਪਤਾ ਲੱਗਿਆ ਹੈ ਕਿ ਖੂਨ ਵਿਚ ਪਾਏ ਜਾਣ ਵਾਲੇ ਹਾਰਮੋਨਜ਼ ਅਤੇ ਦੂਜੇ ਬਾਇਓਕੈਮੀਕਲ ਤੱਤ ਜਿਨ੍ਹਾਂ ਤੋਂ ਤਣਾਅ ਦਾ ਪਤਾ ਲਗਦਾ ਹੈ, ਧਿਆਨ ਕਰਨ ਸਮੇਂ ਘਟ ਜਾਂਦੇ ਹਨ। ਸਮੇਂ ਅਨੁਸਾਰ ਇਹ ਬਦਲਾਅ ਸਥਿਰ ਹੋ ਜਾਂਦੇ ਹਨ। ਇਸ ਤਰ੍ਹਾਂ ਵਿਅਕਤੀ ਆਪਣੇ ਰੋਜ਼ਮਰ੍ਹਾ ਦੇ ਕੰਮਾਂ ਨੂੰ ਕਰਦੇ ਹੋਏ ਬਾਇਓਕੈਮੀਕਲੀ ਘੱਟ ਤਣਾਅ ਮਹਿਸੂਸ ਕਰਦਾ ਹੈ।

ਸਾਹ ਸੰਬੰਧੀ ਰੋਗਾਂ ਵਿਚ ਫਾਇਦਾ 

ਸਾਹ ਨਾਲ ਜੁੜੇ ਅਨੇਕ ਰੋਗ ਜਿਵੇਂ ਦਮਾ, ਇੰਫੀਸੈਮਾ ਅਤੇ ਸਾਹ ਨਲੀ 'ਚ ਰੁਕਾਵਟ ਹੋਣ ਨਾਲ ਸਾਹ ਰੁਕਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਰੋਗੀ ਇਕ ਡਰ ਲੈ ਕੇ ਜਿਊਂਦਾ ਹੈ। ਖੋਜਾਂ ਤੋਂ ਪਤਾ ਲਗਦਾ ਹੈ ਕਿ ਇਸ ਤਰ੍ਹਾਂ ਦੇ ਰੋਗਾਂ ਨਾਲ ਪੀੜਤ ਰੋਗੀਆਂ ਨੂੰ ਬਰੀਥ ਮੈਡੀਟੇਸ਼ਨ ਭਾਵ ਸਾਹ ਰਾਹੀਂ ਧਿਆਨ ਦਾ ਅਭਿਆਸ ਕਰਨ ਨਾਲ ਸਾਹ ਲੈਣ ਵਿਚ ਕਾਫੀ ਆਰਾਮ ਮਿਲਦਾ ਹੈ।

ਵੱਖ-ਵੱਖ ਤਰ੍ਹਾਂ ਦੇ ਤਣਾਅ ਤੋਂ ਮੁਕਤੀ 

ਔਰਤਾਂ ਵਿਚ ਮਾਸਕ ਚੱਕਰ ਤੋਂ ਪਹਿਲਾਂ ਜੋ ਤਣਾਓ ਦੀ ਸਥਿਤੀ ਪੈਦਾ ਹੋ ਜਾਂਦੀ ਹੈ, ਉਸ ਨੂੰ ਮੈਡੀਕਲ ਭਾਸ਼ਾ ਵਿਚ ਪ੍ਰੀ ਮੈਂਸਟ੍ਰਲ ਸਿੰਡਰੋਮ ਕਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਵੇਂ ਭਾਰੀਪਨ, ਥਕਾਨ, ਦਰਦ, ਜਕੜਨ ਆਦਿ। ਜੇਕਰ ਲਗਾਤਾਰ ਮੈਡੀਟੇਸ਼ਨ ਕੀਤੀ ਜਾਵੇ ਤਾਂ ਪੀ.ਐਮ.ਐਸ. ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਤਣਾਅ ਸੰਬੰਧੀ ਹੋਰ ਪ੍ਰੇਸ਼ਾਨੀਆਂ ਤੋਂ ਮੁਕਤੀ 

ਤਣਾਅ ਸੰਬੰਧੀ ਹੋਰ ਕਈ ਬਿਮਾਰੀਆਂ ਜਿਵੇਂ ਅਲਸਰ, ਉਨੀਂਦਰਾ, ਆਈ.ਬੀ.ਐਸ. (ਇਰੀਟੇਬਲ ਬਾਵੇਨ ਸਿੰਡਰੋਮ) ਵਿਚ ਵੀ ਮੈਡੀਟੇਸ਼ਨ ਨਾਲ ਆਰਾਮ ਮਿਲਦਾ ਹੈ। ਕਰੀਬ 70 ਤੋਂ 80 ਫ਼ੀਸਦੀ ਲੋਕਾਂ ਨੂੰ ਉਨੀਂਦਰਾ ਰੋਗ ਤੋਂ ਮੁਕਤੀ ਮਿਲੀ ਹੈ। ਉਹ ਚੈਨ ਨਾਲ ਸੌਣ ਲੱਗੇ ਹਨ। ਜੋੜਾਂ ਦੇ ਰੋਗ ਤੋਂ ਲੈ ਕੇ ਸਿਰਦਰਦ, ਹਰ ਸਮੇਂ ਚਿੰਤਾ, ਘਬਰਾਹਟ, ਤਣਾਅ ਵਰਗੇ ਮਨੋਰੋਗਾਂ ਵਿਚ ਵੀ ਮੈਡੀਟੇਸ਼ਨ ਦਵਾਈ ਦਾ ਕੰਮ ਕਰਦਾ ਹੈ।

ਦਰਦ ਸਹਿਣ ਦੀ ਸ਼ਕਤੀ ਵਧਦੀ ਹੈ 

ਦਰਦ ਕਾਰਨ ਚਿੰਤਾ ਵਧਦੀ ਹੈ ਅਤੇ ਵਧੀ ਹੋਈ ਚਿੰਤਾ ਦਰਦ ਵਧਾਉਂਦੀ ਹੈ। ਇਸ ਤਰ੍ਹਾਂ ਇਹ ਇਕ ਬੁਰਾ ਚੱਕਰ ਬਣ ਜਾਂਦਾ ਹੈ। ਇਸ ਤਰ੍ਹਾਂ ਜਿਊਣ ਦਾ ਮਜ਼ਾ ਨਹੀਂ ਰਹਿੰਦਾ। ਜੋ ਲੋਕ ਤਣਾਅ-ਰਹਿਤ ਰਹਿੰਦੇ ਹਨ, ਉਨ੍ਹਾਂ ਨੂੰ ਦਰਦ ਓਨਾ ਮਹਿਸੂਸ ਨਹੀਂ ਹੁੰਦਾ ਜਿੰਨਾ ਉਨ੍ਹਾਂ ਨੂੰ ਹੁੰਦਾ ਹੈ ਜੋ ਤਣਾਅ ਵਿਚ ਘਿਰੇ ਰਹਿੰਦੇ ਹਨ।ਮੈਡੀਟੇਸ਼ਨ ਹੀ ਇਸ ਬੁਰੇ ਚੱਕਰ ਦਾ ਤੋੜ ਹੈ। ਹਾਲਾਂਕਿ ਦਰਦ ਠੀਕ ਤਾਂ ਨਹੀਂ ਹੋ ਜਾਂਦਾ ਪਰ ਉਸ ਨੂੰ ਸਹਿਣ ਦੀ ਸ਼ਕਤੀ ਮੈਡੀਟੇਸ਼ਨ ਨਾਲ ਵਧ ਜਾਂਦੀ ਹੈ। ਮੈਡੀਟੇਸ਼ਨ ਖ਼ੁਦ 'ਤੇ ਵਿਸ਼ਵਾਸ ਪੈਦਾ ਕਰਦੀ ਹੈ ਅਤੇ ਆਤਮ ਸ਼ਕਤੀ ਵਧਾਉਂਦੀ ਹੈ ਜੋ ਇਕ ਵਧੀਆ ਜ਼ਿੰਦਗੀ ਜਿਊਣ ਲਈ ਬਹੁਤ ਜ਼ਰੂਰੀ ਹੈ।