ਗੁਰੂਆਂ ਪੀਰਾਂ ਦੀ ਧਰਤੀ ਤੇ ਇਲਾਜ ਲਈ 'ਵਿਲਕਦੇ' ਲੋਕ

ਗੁਰੂਆਂ ਪੀਰਾਂ ਦੀ ਧਰਤੀ ਤੇ ਇਲਾਜ ਲਈ 'ਵਿਲਕਦੇ' ਲੋਕ

ਨਵੀਂ ਸਰਕਾਰ 'ਵਾਅਦਿਆਂ ਤੇ ਲਾਰਿਆਂ' ਦੀ ਰਾਜਨੀਤੀ

ਸਾਡੇ ਦੇਸ਼ ਨੂੰ ਭਾਵੇਂ ਆਜ਼ਾਦ ਹੋਇਆਂ ਭਾਵੇਂ 75 ਵਰ੍ਹਿਆਂ ਦੇ ਲਗਪਗ ਸਮਾਂ ਬੀਤ ਚੱਲਿਐ, ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਰਹੀਆਂ ਅਤੇ ਰਾਜਨੀਤਕ ਲੋਕਾਂ ਦਾ 'ਸਿਆਸੀ ਰਾਗ' ਕਿ ਅਸੀਂ ਆਪਣੇ ਸੂਬੇ ਨੂੰ ਨਮੂਨੇ ਦਾ ਬਣਾ ਦਿਆਂਗੇ,ਇੱਥੋਂ ਦੀਆਂ 'ਨਰਕ ਤੋਂ ਵੀ ਬਦਤਰ' ਸਿਹਤ ਸਹੂਲਤਾਂ, 'ਧੂੜ ਭਰੀਆਂ ਸੜਕਾਂ,ਗਲੀਆਂ-ਨਾਲੀਆਂ' ਵਿੱਚ ਡੁੱਬ ਕੇ ਦਮ ਤੋੜਦਾ ਰਿਹਾ ਪਰ ਕਿਸੇ ਨੇ ਕਦੇ ਵੀ ਇਨ੍ਹਾਂ 'ਦੁਖਿਆਰੇ ਲੋਕਾਂ' ਦੀ ਬਾਂਹ ਫੜਨ ਦੀ ਕੋਸ਼ਿਸ਼ ਨਾ ਕੀਤੀ । ਹੁਣ 'ਬਦਲੀ ਸਿਆਸੀ' ਹਵਾ ਦੇ ਚਲਦਿਆਂ ਪੰਜਾਬੀਆਂ ਨੇ ਇੱਕ ਵਾਰ ਪੁਰਾਣੇ ਨਕਾਰਾ ਹੋ ਚੁੱਕੇ ਸਿਸਟਮ ਨੂੰ 'ਜੜ੍ਹੋਂ ਪੁੱਟਣ' ਦੇ ਲਈ ਆਮ ਆਦਮੀ ਪਾਰਟੀ ਨੂੰ ਮੌਕਾ ਦੇਂਦਿਆਂ ਪੰਜਾਬ ਦੀ 'ਰਾਜਸੀ ਚੌਧਰ' ਬਖ਼ਸ਼ੀ ਹੈ । ਕਿਸੇ ਵੀ ਸੂਬੇ ਦੇ ਬਾਸ਼ਿੰਦਿਆਂ ਨੂੰ ਸਭ ਤੋਂ ਪਹਿਲਾਂ ਸਿੱਖਿਆ, ਇਲਾਜ ਅਤੇ ਫਿਰ ਹੋਰ ਸਹੂਲਤਾਂ ਮੁਹੱਈਆ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ । ਪਰ ਬਾਕੀ ਦੇਸ਼ ਦੀ ਤਰ੍ਹਾਂ ਪੰਜਾਬ ਦੀ ਵੀ ਇਹੀ ਬਦਕਿਸਮਤੀ ਰਹੀ ਹੈ ਕਿ ਇੱਥੇ ਸਦਾ ਹੀ ਸਿਆਸੀ ਆਗੂਆਂ ਨੇ ਸਿਵਾਏ 'ਰਾਜ ਰੂਪੀ ਸੇਵਾ' ਰਾਹੀਂ ਨਾਅਰਿਆਂ ਅਤੇ ਲਾਰਿਆਂ ਦੀ ਰਾਜਨੀਤੀ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ । ਸਰਕਾਰਾਂ  ਵੱਲੋਂ ਲੋਕਾਂ ਦੇ ਨਾਲ ਵਾਅਦਿਆਂ ਅਤੇ ਨਾਅਰਿਆਂ  ਰਾਹੀਂ ਚੋਖੀ ਵਾਹ-ਵਾਹ ਤਾਂ ਜ਼ਰੂਰ ਖੱਟ ਲਈ ਪਰ ਇੱਥੋਂ ਦੇ ਆਵਾਮ ਦੇ 'ਸੀਨਿਓਂ ਉੱਠੇ ਦਰਦ' ਨੂੰ ਕਿਸ ਨੇ ਨੇਡ਼ਿਓਂ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਆਖਰ ਉਨ੍ਹਾਂ ਦੇ 'ਦੁੱਖਾਂ ਦੀ ਦਾਰੂ' ਕੀ ਹੈ ਅਤੇ ਸਾਡੀ ਜਨਤਾ ਦੀਆਂ ਅਸਲ ਵਿੱਚ ਲੋੜਾਂ ਕੀ ਹਨ ।  ਹੈਰਾਨੀਜਨਕ ਤੱਥ ਇਹ ਹੈ ਪੰਜਾਬ ਅੰਦਰ ਵੱਡੇ ਸ਼ਹਿਰਾਂ ਨੂੰ ਛੱਡ ਕੇ ਬਾਕੀ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਵਿੱਚ ਇੱਕ ਵੀ ਅਜਿਹਾ 'ਸਰਕਾਰੀ ਜਾਂ ਅਰਧ ਸਰਕਾਰੀ' ਵੱਡਾ ਹਸਪਤਾਲ ਨਹੀਂ ਜੋ ਕਿਸੇ ਗੰਭੀਰ ਮਰੀਜ਼ ਨੂੰ ਨਵੀਂ ਜ਼ਿੰਦਗੀ ਬਖ਼ਸ਼ ਸਕੇ । ਕਈ ਜਗ੍ਹਾਵਾਂ ਤੇ ਸਰਕਾਰੀ ਹਸਪਤਾਲਾਂ ਦੀਆਂ ਇਮਾਰਤਾਂ ਤਾਂ ਜ਼ਰੂਰ ਖੜ੍ਹੀਆਂ ਵਿਖਾਈ ਦਿੰਦੀਆਂ ਹਨ ਪਰ ਵਿਚ ਕੋਈ ਡਾਕਟਰ ਜਾਂ ਸਿਹਤ ਸਹੂਲਤਾਂ ਦਾ ਸਾਜ਼ੋ ਸਾਮਾਨ ਨਹੀਂ ਹੈ । ਜੇਕਰ ਕਿਤੇ ਹਸਪਤਾਲ ਅੰਦਰ ਡਾਕਟਰ ਹੈ ਤਾਂ ਉਥੇ ਸਿਹਤ ਸਹੂਲਤਾਂ ਨਹੀਂ ਹਨ ।

 

 ਇੱਥੋਂ ਦੇ ਮੌਜੂਦਾ ਸਰਕਾਰੀ ਹਸਪਤਾਲਾਂ ਦੀ ਦਰਦ ਭਰੀ ਦਾਸਤਾਨ ਬਾਰੇ ਤਾਂ ਜ਼ਿਆਦਾ ਜਿਕਰ ਕਰਨ ਦੀ ਲੋੜ ਨਹੀਂ । ਇਨ੍ਹਾਂ ਹਸਪਤਾਲਾਂ ਵੱਲੋਂ ਸੀਰੀਅਸ ਮਰੀਜਾਂ ਨੂੰ ਆਪਣੀ ਸਿਰ-ਤੋਡ਼ ਕੋਸ਼ਿਸ਼ ਤੋਂ ਬਾਅਦ ਸੂਰਜ ਦੇ ਛਿਪਣ ਨਾਲ ਹੀ ਹੋਰ ਸ਼ਹਿਰਾਂ ਦੇ ਵੱਡੇ ਪ੍ਰਾਈਵੇਟ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਜਾਂਦਾ ਹੈ ਜਿਸ ਦੀ ਬਦੌਲਤ ਬਹੁਤ ਸਾਰੇ ਘਰਾਂ ਦੇ ਲਟ-ਲਟ ਬਲਦੇ ਚਿਰਾਗ ਇਲਾਜ ਖੁਣੋਂ ਸਫਰ ਦੌਰਾਨ ਕੁਝ ਮਿੰਟਾਂ ਵਿੱਚ ਹੀ ਬੁਝ ਜਾਂਦੇ ਨੇ ਅਤੇ 'ਬਚ ਗਿਆਂ' ਦੀ ਜ਼ਿੰਦਗੀ ਪੈਸੇ ਪੱਖੋਂ 'ਖੰਘਲ' ਹੋ ਜਾਂਦੀ ਹੈ । ਕੁੱਝ ਪ੍ਰਾਈਵੇਟ ਹਸਪਤਾਲਾਂ ਅੰਦਰ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਜ਼ਰੂਰ ਦੇ ਦਿੱਤੀ ਜਾਂਦੀ ਹੈ ਪਰ ਇਹ ਦੁਖਦਾਈ ਵਰਤਾਰਾ ਆਖ਼ਰ ਕਦ ਤਕ ਜਾਰੀ ਰਹੇਗਾ ।  ਪੰਜਾਬ ਦੇ ਲੋਕ ਥੱਕ ਚੁੱਕੇ ਹਨ ਡਾਕਟਰ ਅਤੇ ਸਿਹਤ ਸਹੂਲਤਾਂ ਦੀ ਘਾਟ ਦੇ ਨਾਲ ਲੜਦਿਆਂ- ਲੜਦਿਆਂ ਉਨ੍ਹਾਂ ਦਾ ਸਰਕਾਰਾਂ ਤੋਂ ਵਿਸ਼ਵਾਸ ਉੱਠ ਚੁੱਕਿਆ ਵਿਖਾਈ ਦਿੰਦਾ ਹੈ । ਇਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਪੰਜਾਬ ਦੇ ਲੋਕ ਸਿਹਤ ਸਹੂਲਤਾਂ ਤੋਂ ਸੱਖਣੇ ਕੇਵਲ ਰੱਬ ਆਸਰੇ ਜ਼ਿੰਦਗੀ ਜਿਉਂ ਰਹੇ ਹੋਣ । 

 ਇਸ ਬੇਹੱਦ ਦੁਖਦਾਈ ਹਾਲਾਤਾਂ ਦਾ ਸ਼ਿਕਾਰ ਅਸੀਂ ਆਪ ਖ਼ੁਦ ਹੋਏ ਹਾਂ ਬੀਤੇ ਸਮੇਂ ਮੇਰੇ ਨਾਲ ਹਮਸਾਏ ਵਾਂਗ ਰਹਿਣ ਵਾਲੇ ਛੋਟੇ ਵੀਰ ਅਮਨਦੀਪ ਸਿੰਘ ਰੰਗੀ ਜੋ ਦੂਜਿਆਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਲਈ ਸ਼ੰਘਰਸ਼ ਲੜਦਾ ਰਿਹਾ ਤੇ ਆਖ਼ਰੀ ਮੌਕੇ ਇਕ ਚੰਗੇ ਹਸਪਤਾਲ ਦੀ ਘਾਟ ਦੇ ਚਲਦਿਆਂ 'ਸੁਪਨਾ' ਬਣ ਕੇ ਰਹਿ ਗਿਆ । ਅੱਖਾਂ ਵਿੱਚ ਹੰਝੂ ਭਰ ਕੇ ਹੁਣ ਸੋਚਦੇ ਹਾਂ ਜੇਕਰ ਕੋਈ ਨੇਡ਼ੇ ਸਿਹਤ ਸਹੂਲਤਾਂ ਨਾਲ ਲਬਰੇਜ਼ ਹਸਪਤਾਲ ਹੁੰਦਾ ਤਾਂ ਸ਼ਾਇਦ ਉਸ ਦੀ ਜਾਨ ਬਚ ਜਾਂਦੀ । ਆਏ ਦਿਨ  ਬਹੁਤ ਸਾਰੇ ਨੌਜਵਾਨਾਂ ਦੀ ਇਸੇ ਘਟਨਾਕ੍ਰਮ ਦੌਰਾਨ ਦਰਦਨਾਕ ਮੌਤ ਨੇ ਪੰਜਾਬੀਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸਾਡੇ ਵੱਲੋਂ ਚੁਣੇ ਜਾਂਦੇ ਸਿਆਸਤਦਾਨ ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਵੀ ਆਪੋ ਆਪਣੇ ਇਲਾਕਿਆਂ ਅੰਦਰ ਇਕ ਵੱਡਾ 'ਸਰਕਾਰੀ ਜਾਂ ਅਰਧ ਸਰਕਾਰੀ' ਹਸਪਤਾਲ ਨਹੀਂ ਬਣਵਾ ਸਕੇ ਜਿਸ ਵਿੱਚ ਰਾਤ-ਬਰਾਤੇ ਲੋਡ਼ ਪੈਣ ਤੇ ਉਹ ਆਪਣੇ 'ਢਿੱਡੋਂ ਜੰਮੇ ਮਸੂਮ ਬੱਚਿਆਂ' ਦਾ ਇਲਾਜ ਕਰਵਾ ਸਕਣ ਜੋ ਅੱਜ ਲੋਕਾਂ ਦੀ ਸਭ ਤੋਂ ਅਹਿਮ ਮੰਗ ਹੈ ।
 ਸਿਤਮ ਜ਼ਰੀਫ਼ੀ ਇਸ ਗੱਲ ਦੀ ਹੈ ਕਿ ਦੂਰ ਦੁਰਾਡੇ ਇਲਾਕੇ ਦੇ ਲੋਕਾਂ ਨੂੰ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਦੇ ਲਈ ਲਗਪਗ 50 ਤੋਂ 70 ਕਿਲੋਮੀਟਰ ਦੇ ਘੇਰੇ ਵਿੱਚ ਪੈਂਦੇ ਲੁਧਿਆਣਾ ਜਾਂ ਪਟਿਆਲਾ ਦੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ । ਉੱਥੇ ਪਹੁੰਚਦੇ ਸਮੇਂ ਉਨ੍ਹਾਂ ਦੁਖਿਆਰਿਆਂ ਅਤੇ ਪਰਿਵਾਰਾਂ ਤੇ ਕੀ ਬੀਤਦੀ ਹੋਵੇਗੀ ਕਹਿਣ ਦੀ ਲੋੜ ਨਹੀਂ । ਬਹੁਤੇ ਅਭਾਗੇ ਤਾਂ ਰਸਤੇ ਵਿੱਚ ਹੀ ਦਮ ਤੋੜ ਦਿੰਦੇ ਹਨ ਜਾਣ ਵਾਲੇ ਤਾਂ ਚਲੇ ਜਾਂਦੇ ਨੇ ਪਰ ਬਾਕੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ । ਚੰਗਾ ਹੋਵੇ ਜੇਕਰ ਸਾਡੀ ਨਵੀਂ ਸਰਕਾਰ 'ਵਾਅਦਿਆਂ ਤੇ ਲਾਰਿਆਂ' ਦੀ ਰਾਜਨੀਤੀ ਤੋਂ ਥੋੜ੍ਹਾ ਅੱਗੇ ਖਿਸਕ ਕੇ ਹਸਪਤਾਲਾਂ, ਡਿਸਪੈਂਸਰੀਆਂ ਅੰਦਰ ਖਾਲੀ ਪਈਆਂ ਅਸਾਮੀਆਂ ਤੇ ਡਾਕਟਰਾਂ ਦੀ ਪੂਰਤੀ ਤੋਂ ਇਲਾਵਾ ਚੰਗੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਕੇ ਪੰਜਾਬ  ਇਸ ਪਵਿੱਤਰ ਧਰਤੀ ਦੀ 'ਅਸਲੀ ਮਰਜ਼' ਨੂੰ ਪਛਾਨਣ ਦਾ ਯਤਨ ਕਰੇ ਜਿਸ ਦੀ 'ਦਰਦ ਨਾਲ ਰੀਂਗਦੇ' ਲੋਕਾਂ ਨੂੰ ਅੱਜ ਵੱਡੀ ਲੋੜ ਹੈ । 

 

ਮਨਜਿੰਦਰ ਸਿੰਘ ਸਰੌਦ
(ਮਾਲੇਰਕੋਟਲਾ )
9463463136