ਮਹਾਰਾਜ ਸੰਤ ਕਬੀਰ ਜੀ ਦੀ ਸ਼ਖ਼ਸੀਅਤ ਅਤੇ ਪ੍ਰਭਾਵ

ਮਹਾਰਾਜ ਸੰਤ ਕਬੀਰ ਜੀ ਦੀ ਸ਼ਖ਼ਸੀਅਤ ਅਤੇ ਪ੍ਰਭਾਵ

ਧਰਮ ਤੇ ਵਿਰਸਾ

ਭਗਤ ਕਬੀਰ ਜੀ ਭਾਰਤ ਦੀ ਭਗਤੀ ਪਰੰਪਰਾ ਦੇ ਉੱਘੇ ਸੰਤ ਹੋਏ ਹਨ, ਜਿਨ੍ਹਾਂ ਨੇ ਪ੍ਰਭੂ-ਪ੍ਰੇਮ ਅਤੇ ਲੋਕਾਈ ਦੀ ਭਲਾਈ ਹਿਤ ਆਪਣਾ ਸੰਪੂਰਨ ਜੀਵਨ ਅਰਪਣ ਕਰ ਦਿੱਤਾ ਸੀ। ਪਰਮਾਤਮਾ ਦਾ ਸੰਦੇਸ਼ ਲੋਕਾਂ ਤੱਕ ਲਿਜਾਣ ਅਤੇ ਮਾਨਵਤਾ ਦੀ ਸੇਵਾ ਕਰਦੇ ਹੋਏ ਇਨ੍ਹਾਂ ਨੇ ਜਿਹੜੀ ਬਾਣੀ ਦੀ ਰਚਨਾ ਕੀਤੀ ਸੀ, ਉਹ ਮੌਜੂਦਾ ਸਮੇਂ ਵਿਚ ਵੀ ਲੋਕ-ਮਨਾਂ 'ਤੇ ਅਸਰਦਾਰ ਸਾਬਤ ਹੋ ਰਹੀ ਹੈ।

ਭਗਤ ਕਬੀਰ ਜੀ (1398-1518) ਗੁਰੂ ਨਾਨਕ ਦੇਵ ਜੀ (1469-1539) ਦੇ ਸਮਕਾਲੀ ਮੰਨੇ ਜਾਂਦੇ ਹਨ। ਬਨਾਰਸ ਵਿਚ ਜਨਮੇ ਭਗਤ ਜੀ ਦੇ ਜੀਵਨ ਸੰਬੰਧੀ ਬਹੁਤ ਸਾਰੀਆਂ ਸਾਖੀਆਂ ਪ੍ਰਚੱਲਿਤ ਹਨ ਜਿਹੜੀਆਂ ਇਨ੍ਹਾਂ ਨੂੰ ਦੂਜੇ ਮਨੁੱਖਾਂ ਤੋਂ ਸ੍ਰੇਸ਼ਟ ਸਾਬਤ ਕਰਦੀਆਂ ਹਨ। ਜਿਵੇਂ ਇਕ ਸਾਖੀ ਵਿਚ ਦੱਸਿਆ ਗਿਆ ਹੈ ਕਿ ਕਬੀਰ ਜੀ ਰੋਜ਼ਾਨਾ ਕੱਪੜਾ ਬੁਣਦੇ ਅਤੇ ਉਸ ਨੂੰ ਵੇਚ ਕੇ ਘਰ ਦੀ ਗੁਜ਼ਰ-ਬਸਰ ਕਰਦੇ ਸਨ। ਇਕ ਦਿਨ ਕੱਪੜਾ ਵੇਚਣ ਗਏ ਤਾਂ ਇਕ ਫ਼ਕੀਰ ਮਿਲਿਆ, ਜਿਸ ਕੋਲ ਤਨ ਢਕਣ ਜੋਗੇ ਵੀ ਕੱਪੜੇ ਨਹੀਂ ਸਨ। ਕਬੀਰ ਜੀ ਨੇ ਉਸ ਨੂੰ ਅੱਧਾ ਕੱਪੜਾ ਦਿੱਤਾ ਤਾਂ ਫ਼ਕੀਰ ਨੇ ਹੋਰ ਮੰਗ ਲਿਆ। ਕਬੀਰ ਜੀ ਨੇ ਘਰ ਦੇ ਗੁਜ਼ਾਰੇ ਲਈ ਕੱਪੜਾ ਵੇਚ ਕੇ ਵਸਤਾਂ ਖ਼ਰੀਦਣ ਦਾ ਖ਼ਿਆਲ ਛੱਡ ਕੇ ਸਾਰਾ ਕੱਪੜਾ ਹੀ ਉਸ ਫ਼ਕੀਰ ਨੂੰ ਦਾਨ ਕਰ ਦਿੱਤਾ ਸੀ।

ਬਨਾਰਸ ਵਿਖੇ ਜਿਸ ਚਬੂਤਰੇ 'ਤੇ ਬੈਠ ਕੇ ਕਬੀਰ ਜੀ ਪ੍ਰਵਚਨ ਕਰਦੇ ਸਨ, ਉਸ ਨੂੰ 'ਕਬੀਰ ਚੌਰਾ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਚਬੂਤਰਾ ਹਾਲੇ ਵੀ ਬਨਾਰਸ ਵਿਖੇ ਕਬੀਰ ਜੀ ਦੇ ਮੱਠ ਵਿਚ ਸਥਿਤ ਹੈ, ਜਿਸ 'ਤੇ ਇਸ ਚਬੂਤਰੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਲਿਖਿਆ ਹੋਇਆ ਹੈ:

'ਯਹ ਸਿੱਧਪੀਠ ਕਬੀਰ ਸਾਹਬ ਕੀ ਕਰਮਭੂਮੀ ਔਰ ਸਾਧਨਾਸਥਲੀ ਰਹੀ ਹੈ। ਯਹੀਂ ਪਰ ਉਨਕਾ ਨਿਵਾਸ ਔਰ ਉਪਦੇਸ਼ਸਥਲ ਥਾ। ਵਰਤਮਾਨ ਨੀਰੂ ਟੀਲੇ ਪਰ ਉਨਕਾ ਲਾਲਨ-ਪਾਲਨ ਹੂਆ, ਜਹਾਂ ਪਰ ਨੀਰੂ-ਨੀਮਾ ਕਾ ਨਿਵਾਸ ਥਾ। ਨੀਰੂ-ਨੀਮਾ ਜੁਲਾਹੇ ਥੇ ਔਰ ਕਪੜਾ ਬੁਨਨੇ ਕਾ ਕਾਮ ਕਰਤੇ ਥੇ। ਕਬੀਰ ਸਾਹਬ ਭੀ ਬੜੇ ਹੋਕਰ ਕਪੜਾ ਬੁਨਨੇ ਕਾ ਕਾਮ ਕਰਨੇ ਲਗੇ ਥੇ। ਤਾਨੇ-ਬਾਨੇ ਪਰ ਬੈਠਤੇ ਥੇ ਔਰ ਸਤਸੰਗ ਕੀ ਪਾਠਸ਼ਾਲਾ ਭੀ ਚਲਾਤੇ ਥੇ। ਸਤਸੰਗ ਮੇਂ ਸੰਤੋਂ, ਭਕਤੋਂ ਔਰ ਸ਼ਰਧਾਲੂਆਂ ਕੀ ਭੀੜ ਉਮੜਨੇ ਲਗੀ ਥੀ ਔਰ ਸਤਸੰਗ ਕੇ ਲਇਏ ਜਗਹ ਕਮ ਪੜਨੇ ਲਗੀ ਥੀ। ਨੀਰੂ-ਪਰਿਸਰ ਕੇ ਆਸ-ਪਾਸ ਮੇਂ ਕਸਾਈਯੋਂ ਕੀ ਬਸਤੀ ਥੀ। ਸਤਸੰਗ ਹੋਤਾ ਥਾ ਔਰ ਬਗਲ ਮੇਂ ਬਕਰੇ ਕਾਟਤੇ ਥੇ। ਸਤਸੰਗ ਪ੍ਰੇਮੀਯੋਂ ਨੇ ਇਸ ਬਾਤ ਪਰ ਆਪੱਤੀ ਉਠਾਈ ਤੋ ਕਬੀਰ ਸਾਹਬ ਕਾ ਉਦਗਾਰ ਫੂਟ ਪੜਾ। - ਕਬੀਰ ਤੇਰੀ ਝੌਪੜੀ ਗਲਕੱਟੋਂ ਕੇ ਪਾਸ। ਜੋ ਕਰੇਗਾ ਸੋ ਭਰੇਗਾ ਤੁਮ ਕਯੋਂ ਹੋਤ ਉਦਾਸ। ਲੇਕਿਨ ਸਤਸੰਗ ਪ੍ਰੇਮੀਯੋਂ ਕਾ ਉਤਸਾਹ ਬੜਤਾ ਗਯਾ। ਇਸੀ ਸਥਲ ਪਰ ਏਕ ਵਿਸ਼ਾਲ ਚਬੂਤਰੇ ਕਾ ਨਿਰਮਾਣ ਹੂਆ ਜਿਸਕਾ ਨਾਮ 'ਕਬੀਰ ਚਬੂਤਰਾ' ਰਖਾ ਗਯਾ। ਇਸੀ ਚਬੂਤਰੇ ਪਰ ਬੈਠ ਕਰ ਕਬੀਰ ਸਾਹਬ ਨੇ ਭਕਤੀ, ਗਯਾਨ ਔਰ ਕਰਮ ਤਥਾ ਮਾਨਵਤਾ ਕਾ ਸੰਦੇਸ਼ ਸਾਰੀ ਦੁਨੀਆ ਮੇਂ ਫੈਲਾਯਾ। ਕਬੀਰ ਸਾਹਬ ਕੀ ਸਾਧੁਤਾ ਕੇ ਚਰਮਪਰਿਣਤਿ ਕਾਲ ਮੇਂ ਯਹ ਸਥਲ 'ਕਬੀਰ ਚਬੂਤਰੇ' ਸੇ 'ਕਬੀਰ ਚੌਰਾ' ਨਾਮ ਸੇ ਵਿਖਿਯਾਤ ਹੂਆ।'

ਭਗਤ ਕਬੀਰ ਜੀ ਬਨਾਰਸ ਵਿਖੇ ਰਹਿੰਦੇ ਸਨ, ਜਿਥੇ ਜਾਤ-ਪਾਤ ਦਾ ਬਹੁਤ ਖ਼ਿਆਲ ਕੀਤਾ ਜਾਂਦਾ ਸੀ। ਨੀਵੀਂ ਜਾਤ ਵਿਚ ਪੈਦਾ ਹੋਣ ਵਾਲੇ ਨੂੰ ਹੀਣ-ਭਾਵਨਾ ਅਧੀਨ ਦੇਖਿਆ ਜਾਂਦਾ ਸੀ। ਸਮਾਜਿਕ ਰੁਤਬੇ ਕਾਰਨ ਨੀਵੀਂ ਜਾਤ ਵਾਲਿਆਂ ਨੂੰ ਉੱਚ-ਸ਼੍ਰੇਣੀਆਂ ਅਧੀਨ ਆਪਣਾ ਜੀਵਨ ਬਸਰ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ। ਸ਼ੂਦਰ ਸਮਝੀਆਂ ਜਾਣ ਵਾਲੀਆਂ ਸਮੂਹ ਜਾਤਾਂ ਨੂੰ ਧਾਰਮਿਕ ਅਸਥਾਨਾਂ ਵਿਚ ਪ੍ਰਵੇਸ਼ ਕਰਨ ਅਤੇ ਧਾਰਮਿਕ ਗ੍ਰੰਥ ਪੜ੍ਹਨ ਦੀ ਸਖ਼ਤ ਮਨਾਹੀ ਸੀ। ਇਥੋਂ ਤੱਕ ਕਿ ਉਨ੍ਹਾਂ ਦੇ ਪਾਣੀ ਪੀਣ ਵਾਲੇ ਖੂਹ ਵੀ ਵੱਖੋ-ਵੱਖਰੇ ਸਨ। ਸਮਾਜਿਕ ਬਰਾਬਰੀ ਹੋਣਾ ਤਾਂ ਦੂਰ ਦੀ ਗੱਲ, ਸੋਚਣਾ ਵੀ ਪਾਪ ਸਮਝਿਆ ਜਾਂਦਾ ਸੀ। ਭਗਤ ਜੀ ਸਮਾਜ ਨੂੰ ਦੁਨਿਆਵੀ ਵਰਗ-ਵੰਡ ਅਤੇ ਵਰਣ-ਵੰਡ ਤੋਂ ਮੁਕਤ ਕਰ ਕੇ ਅਧਿਆਤਮਿਕ ਵਿਕਾਸ 'ਤੇ ਜ਼ੋਰ ਦਿੰਦੇ ਸਨ। ਇਹ ਸਮਝਦੇ ਸਨ ਕਿ ਕਿਸੇ ਵੀ ਜਾਤ ਜਾਂ ਵਰਣ ਵਿਚ ਪੈਦਾ ਹੋਣ ਵਾਲਾ ਮਨੁੱਖ ਆਪਣੇ ਕਰਮਾਂ ਕਰ ਕੇ ਸ੍ਰੇਸ਼ਟ ਹੋ ਸਕਦਾ ਹੈ।

ਭਗਤ ਜੀ ਜਨਮ ਨੂੰ ਸਮਾਜਿਕ ਵਰਗ-ਵੰਡ ਦਾ ਆਧਾਰ ਨਹੀਂ ਮੰਨਦੇ, ਪ੍ਰਭੂ-ਭਗਤੀ ਅਤੇ ਬਖ਼ਸ਼ਿਸ਼ ਨੂੰ ਉਹ ਇਸ ਦਾ ਆਧਾਰ ਬਣਾਉਂਦੇ ਹਨ। ਭਗਤ ਜੀ ਇਹ ਸਮਝਦੇ ਸਨ ਕਿ ਪ੍ਰਭੂ-ਬੰਦਗੀ ਨਾਲ ਜੁੜੇ ਹੋਏ ਮਨੁੱਖ ਸ੍ਰ੍ਰੇਸ਼ਟ ਹਨ ਅਤੇ ਜਿਹੜੇ ਮਨੁੱਖ ਜਾਤ ਦਾ ਹੰਕਾਰ ਕਰਦੇ ਹਨ ਉਹ ਨੀਵੇਂ ਹਨ। ਤਤਕਾਲੀ ਸਮੇਂ ਦੀ ਸਰਬਉੱਚ ਮੰਨੀ ਜਾਂਦੀ ਸ਼੍ਰੇਣੀ ਬ੍ਰਾਹਮਣ ਵਰਗ ਵਿਚ ਸ਼ਾਮਿਲ ਮਨੁੱਖਾਂ ਨੂੰ ਉਹ ਬਹੁਤ ਸਖ਼ਤ ਸ਼ਬਦਾਂ ਵਿਚ ਝੰਜੋੜਦੇ ਹਨ। ਭਗਤ ਜੀ ਕਹਿੰਦੇ ਹਨ ਕਿ ਪਰਮਾਤਮਾ ਦੀ ਜੋਤ ਨਾਲ ਹੀ ਬੱਚੇ ਦਾ ਜਨਮ ਹੁੰਦਾ ਹੈ ਅਤੇ ਜਨਮ ਲੈਣ ਤੋਂ ਪਹਿਲਾਂ ਬੱਚੇ ਦੀ ਕੋਈ ਜਾਤ ਨਹੀਂ ਹੁੰਦੀ।

ਭਗਤ ਕਬੀਰ ਜੀ ਦੀਆਂ ਸਿਖਿਆਵਾਂ ਸਦੀਵੀ ਹਨ ਜਿਹੜੀਆਂ ਕਿ ਮਨ ਨੂੰ ਵਿਕਾਰਾਂ, ਵਹਿਮਾਂ-ਭਰਮਾਂ ਅਤੇ ਵਰਣ-ਵਿਵਸਥਾ ਵਿਚੋਂ ਕੱਢ ਕੇ ਪ੍ਰਭੂ-ਮੁਖੀ ਵਡੇਰੇ ਹਿਤਾਂ ਨਾਲ ਜੋੜਦੀਆਂ ਹਨ, ਜਿਸ ਵਿਚੋਂ ਪ੍ਰੇਮ, ਭਾਈਚਾਰੇ, ਸਦਭਾਵਨਾ, ਸਹਿਹੋਂਦ ਅਤੇ ਆਪਸੀ ਪਿਆਰ ਦੀ ਭਾਵਨਾ ਪੈਦਾ ਹੁੰਦੀ ਹੈ।

 

ਡਾਕਟਰ ਪਰਮਵੀਰ ਸਿੰਘ

-ਸਿੱਖ ਵਿਸ਼ਵਕੋਸ਼ ਵਿਭਾਗ,