ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ

ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ

ਸ਼ਹਾਦਤਾਂ ਦਾ ਲੰਮਾ ਇਤਿਹਾਸ ਸਿੱਖ ਕੌਮ ਦੀ ਮਾਣਮੱਤੀ ਇਤਿਹਾਸਕ ਪਰੰਪਰਾ ਦਾ ਹਿੱਸਾ ਹੈ

 

ਸ਼ਹਾਦਤਾਂ ਦਾ ਲੰਮਾ ਇਤਿਹਾਸ ਸਿੱਖ ਕੌਮ ਦੀ ਮਾਣਮੱਤੀ ਇਤਿਹਾਸਕ ਪਰੰਪਰਾ ਦਾ ਹਿੱਸਾ ਹੈ। ਇਤਿਹਾਸ ਗਵਾਹ ਹੈ ਕਿ ਮੁਗ਼ਲ ਹਾਕਮ ਲੰਮੇ ਅਰਸੇ ਤਕ ਗ਼ੈਰ-ਇਸਲਾਮੀ ਲੋਕਾਂ ਉਪਰ ਅਥਾਹ ਜ਼ੁਲਮ ਕਰਦੇ ਰਹੇ। ਮੁਗ਼ਲ ਹਾਕਮ ਇਸ ਭਰਮ ਨੂੰ ਪਾਲਦੇ ਰਹੇ ਸਨ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਨਾਲ-ਨਾਲ ਜਦੋਂ ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਅਸਹਿ ਤਸੀਹੇ ਦਿੱਤੇ ਜਾ ਚੁੱਕੇ ਸਨ ਤਾਂ ਆਵਾਮ ਵਿੱਚ ਏਨਾ ਡਰ ਪੈਦਾ ਹੋ ਚੁੱਕਿਆ ਹੋਵੇਗਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਿੱਢੀ ਇਨਕਲਾਬੀ ਲਹਿਰ ’ਤੇ ਚੱਲਣ ਤੋਂ ਤੌਬਾ ਕਰ ਲੈਣਗੇ। ਇਸ ਲਹਿਰ ਨਾਲ ਜੁੜਨਾ ਤਾਂ ਕੀ, ਇਸ ਦਾ ਜ਼ਿਕਰ ਕਰਨ ਤੋਂ ਵੀ ਉਹ ਕੰਬਣ ਲੱਗ ਜਾਣਗੇ। ਦਰਅਸਲ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਚੱਲੇ ਕੁਰਬਾਨੀਆਂ ਦੇ ਸਿਲਸਿਲੇ ਨੇ ਸਿੱਖੀ ਦੀਆਂ ਜੜ੍ਹਾਂ ਏਨੀਆਂ ਮਜ਼ਬੂਤ ਕਰ ਦਿੱਤੀਆਂ ਹਨ ਕਿ ਇਨ੍ਹਾਂ ਨੂੰ ਕੋਈ ਹਿਲਾ ਨਹੀਂ ਸਕਦਾ। 1686 ਈਸਵੀ ਵਿੱਚ ਭੰਗਾਣੀ ਦੇ ਯੁੱਧ ਵਿੱਚ ਖਾਧੀ ਹਾਰ ਦੀ ਸ਼ਰਮਿੰਦਗੀ ਝੱਲਣ ਵੇਲੇ ਬਾਈਧਾਰ ਦੇ ਰਾਜਿਆਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਇਹ ਲਹਿਰ ਏਨਾ ਜ਼ੋਰ ਫੜ ਗਈ ਸੀ ਕਿ ਇਸ ਨੂੰ ਠੱਲ੍ਹ ਪਾ ਸਕਣੀ ਆਸਾਨ ਨਹੀਂ ਸੀ।

1699 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਉਨ੍ਹਾਂ ਊਚ-ਨੀਚ ਅਤੇ ਜਾਤ-ਪਾਤ ਦੇ ਭੇਦ ਮਿਟਾ ਕੇ ਮਾਨਵ ਜਾਤੀ ਦੇ ਇੱਕਸਮਾਨ ਹੋਣ ਦਾ ਐਲਾਨ ਕੀਤਾ, ਜਿਸ ਕਾਰਨ ਕੁਝ ਲੋਕਾਂ ਨੂੰ ਬਹੁਤ ਤਕਲੀਫ਼ ਹੋਈ। ਤਲਖੀ ਵਿੱਚ ਆ ਕੇ ਔਰੰਗਜ਼ੇਬ ਨੇ ਆਪਣੀਆਂ ਫ਼ੌਜਾਂ ਨੂੰ ਆਨੰਦਪੁਰ ਸਾਹਿਬ ’ਤੇ ਚੜ੍ਹਾਈ ਕਰ ਦੇਣ ਦਾ ਹੁਕਮ ਸੁਣਾ ਦਿੱਤਾ। 1701 ਈਸਵੀ ਵਿੱਚ ਪਹਾੜੀ ਰਾਜੇ ਵੀ ਫ਼ੌਜਾਂ ਲੈ ਕੇ ਆਨੰਦਪੁਰ ਸਾਹਿਬ ਨੂੰ ਘੇਰਨ ਲਈ ਆ ਗਏ ਸਨ। ਦਿੱਲੀ ਦੀਆਂ ਸ਼ਾਹੀ ਫ਼ੌਜਾਂ ਅਤੇ ਬਾਈਧਾਰ ਦੇ ਪਹਾੜੀ ਰਾਜਿਆਂ ਦੀ ਵੱਡੀ ਰਲਵੀਂ ਤਾਕਤ ਨੇ 1701 ਤੋਂ 1704 ਈਸਵੀ ਤਕ ਆਨੰਦਪੁਰ ਸਾਹਿਬ ਦੁਆਲੇ ਘੇਰਾ ਪਾਈ ਰੱਖਿਆ ਪਰ ਉਹ ਆਪਣੀ ਸਮੂਹਿਕ ਵਿਉਂਤਬੰਦੀ ਨਾਲ ਵੀ ਜਿੱਤ ਹਾਸਲ ਨਾ ਕਰ ਸਕੇ। ਦੁਸ਼ਮਣਾਂ ਨੇ ਝੂਠੀਆਂ ਸਹੁੰਆਂ ਖਾ ਕੇ, ਛਲ-ਕਪਟ ਕਰ ਕੇ ਅਤੇ ਚਾਲਾਂ ਚੱਲ ਕੇ ਕਿਲ੍ਹਾ ਖਾਲੀ ਕਰਵਾ ਲਿਆ ਪਰ ਗੁਰੂ ਸਾਹਿਬ ਦੇ ਕਿਲ੍ਹੇ ਵਿੱਚੋਂ ਬਾਹਰ ਆਉਣ ਸਾਰ ਹੀ ਧਾਵਾ ਬੋਲ ਦਿੱਤਾ। ਇਹ ਲੜਾਈ ਤਿੰਨ ਸਾਲ ਤਕ ਚੱਲਦੀ ਰਹੀ। ਗੁਰੂ ਸਾਹਿਬ ਨੇ 1704 ਈਸਵੀ ਵਿੱਚ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। ਸਰਸਾ ਨਦੀ ਨੂੰ ਪਾਰ ਕਰਦਿਆਂ ਮੁੜ ਘਮਸਾਨ ਦਾ ਯੁੱਧ ਹੋਇਆ ਅਤੇ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ। ਮਾਤਾ ਸੁੰਦਰੀ ਜੀ ਦਿੱਲੀ ਵਾਲੇ ਪਾਸੇ ਚਲੇ ਗਏ। ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਇੱਕ ਪਾਸੇ ਰਹਿ ਗਏ। ਮਾਤਾ ਜੀ ਨਾਲ ਗੁਰੂ ਘਰ ਦਾ ਰਸੋਈਆ ਗੰਗੂ ਵੀ ਸੀ। ਉਸ ਨੇ ਮਾਤਾ ਜੀ ਨੂੰ ਉਸ ਦੇ ਪਿੰਡ ਚੱਲ ਕੇ ਰਹਿਣ ਲਈ ਬੇਨਤੀ ਕੀਤੀ। ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਉਸ ਦੇ ਘਰ ਪਿੰਡ ਖੇੜੀ ਜਾ ਟਿਕੇ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਰਹਿ ਗਏ। ਗੁਰੂ ਸਾਹਿਬ ਨੇ ਚਮਕੌਰ ਸਾਹਿਬ ਵਿਖੇ ਇੱਕ ਹਵੇਲੀ ਵਿੱਚ ਵਿਸ਼ਰਾਮ ਕੀਤਾ। ਪਿੱਛਾ ਕਰ ਰਹੇ ਦੁਸ਼ਮਣ ਇੱਥੇ ਵੀ ਆ ਪਹੁੰਚੇ। ਗੁਰੂ ਸਾਹਿਬ ਨਾਲ ਇਸ ਸਮੇਂ ਚਾਲੀ ਸਿੰਘ ਸਨ। ਘਮਸਾਨ ਦੇ ਯੁੱਧ ਦੌਰਾਨ ਸਿੰਘਾਂ ਨੇ ਦੁਸ਼ਮਣ ਦੇ ਆਹੂ ਲਾਹ ਸੁੱਟੇ। ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਸਾਹਿਬਜ਼ਾਦਾ ਅਜੀਤ ਸਿੰਘ ਨੇ ਗੁਰੂ ਜੀ ਨੂੰ ਬੇਨਤੀ ਕਰਦੇ ਹੋਏ ਉਨ੍ਹਾਂ ਤੋਂ ਯੁੱਧ ਵਿੱਚ ਜਾਣ ਦੀ ਆਗਿਆ ਮੰਗੀ। ਗੁਰੂ ਜੀ ਬੇਹੱਦ ਪ੍ਰਸੰਨ ਹੋਏ ਅਤੇ ਉਨ੍ਹਾਂ ਆਪ ਉਨ੍ਹਾਂ ਨੂੰ ਕਿਰਪਾਨ ਭੇਟ ਕੀਤੀ ਅਤੇ ਅਸੀਸ ਦਿੱਤੀ। ਸਾਹਿਬਜ਼ਾਦਾ ਅਜੀਤ ਸਿੰਘ ਨੇ ਮੈਦਾਨ-ਏ-ਜੰਗ ਵਿੱਚ ਜਾ ਕੇ ਦੁਸ਼ਮਣ ਨੂੰ ਲਲਕਾਰਿਆ। ਉਨ੍ਹਾਂ ਦੀ  ਤਲਵਾਰ ਚਲਾਉਣ ਦੀ ਨਿਪੁੰਨਤਾ ਅਤੇ ਯੁੱਧ ਕਲਾ ਨੂੰ ਵੇਖ ਕੇ ਦੁਸ਼ਮਣ ਦੀਆਂ ਫ਼ੌਜਾਂ ਹੈਰਾਨ ਰਹਿ ਗਈਆਂ। ਸੂਰਮਿਆਂ ਵਾਂਗ ਲੜਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਆਪਣੇ ਵੱਡੇ ਭਰਾ ਸਾਹਿਬਜ਼ਾਦਾ ਅਜੀਤ ਸਿੰਘ ਦੇ ਸ਼ਹੀਦ ਹੋ ਜਾਣ ਬਾਰੇ ਜਾਣ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਦਸਮੇਸ਼ ਪਿਤਾ ਤੋਂ ਯੁੱਧ ਵਿੱਚ ਜੂਝਣ ਦੀ ਆਗਿਆ ਮੰਗੀ। ਅਖੀਰ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਰਣਭੂਮੀ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ। ਇਹ ਸਾਕਾ ਅੱਠ ਪੋਹ, 1761 ਬਿਕਰਮੀ ਅਰਥਾਤ 22 ਦਸੰਬਰ 1704 ਈਸਵੀ ਨੂੰ ਵਾਪਰਿਆ ਸੀ। ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਸਿੱਖ ਇਤਿਹਾਸ ਵਿੱਚ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਓਧਰ, ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਜਦੋਂ ਗੰਗੂ ਦੇ ਘਰ ਪਿੰਡ ਖੇੜੀ ਵਿਖੇ ਜਾ ਟਿਕੇ ਤਾਂ ਉਸ ਦੀ ਬਦਨੀਅਤ ਜ਼ਾਹਰ ਹੋਣ ਲੱਗੀ। ਗੰਗੂ ਦਾ ਲੋਭੀ ਮਨ ਡੋਲ ਗਿਆ ਅਤੇ ਉਸ ਨੇ ਇੱਕ ਰਾਤ ਮਾਤਾ ਜੀ ਦਾ ਕੁਝ ਸਮਾਨ ਚੋਰੀ ਕਰ ਲਿਆ। ਫੜੇ ਜਾਣ ’ਤੇ ਉਸ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਫੜਾ ਕੇ ਇਨਾਮ ਹਾਸਲ ਕਰਨ ਦੇ ਮਨਸੂਬਾ ਬਣਾ ਲਿਆ। ਗੰਗੂ ਵੱਲੋਂ ਸੂਚਨਾ ਮਿਲਣ ’ਤੇ ਮੋਰਿੰਡੇ ਦੇ ਹਾਕਮ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਤਕ ਇਹ ਖ਼ਬਰ ਪੁੱਜਦੀ ਕਰ ਦਿੱਤੀ। ਸੂਬੇਦਾਰ ਨੇ ਮਾਤਾ ਗੁਜਰੀ ਜੀ ਅਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿਖੇ ਠੰਢੇ ਬੁਰਜ ਵਿੱਚ ਕੈਦ ਕਰ ਦਿੱਤਾ। ਵਜ਼ੀਰ ਖ਼ਾਨ ਨੇ ਆਪਣੇ ਵਜ਼ੀਰਾਂ, ਅਹਿਲਕਾਰਾਂ, ਸਲਾਹਕਾਰਾਂ ਅਤੇ ਦਰਬਾਰੀਆਂ ਦਾ ਇਕੱਠ ਕੀਤਾ ਤੇ ਫ਼ੈਸਲਾ ਕੀਤਾ ਕਿ ਬੱਚਿਆਂ ਨੂੰ ਇਸਲਾਮ ਕਬੂਲ ਕਰਨ ਲਈ ਪ੍ਰੇਰਿਤ ਕੀਤਾ ਜਾਵੇ, ਜਿਸਦਾ ਮੰਤਵ ਗੁਰੂ ਸਾਹਿਬ ਵੱਲੋਂ ਚਲਾਈ ਲਹਿਰ ਨੂੰ ਕਮਜ਼ੋਰ ਕਰਨਾ ਤੇ ਸ਼ਰਧਾਲੂਆਂ ਦਾ ਇਸ ਤੋਂ ਮੋਹ ਭੰਗ ਕਰਨਾ ਸੀ। ਸਾਹਿਬਜ਼ਾਦਿਆਂ ਨੂੰ ਦਰਬਾਰ ਵਿੱਚ ਲਿਆਂਦਾ ਗਿਆ। ਉਨ੍ਹਾਂ ਨੂੰ ਅਨੇਕਾਂ ਸਵਾਲ ਕੀਤੇ ਗਏ। ਸਾਹਿਬਜ਼ਾਦਿਆਂ ਦੇ ਆਪਣੇ ਅਸੂਲਾਂ ਅਤੇ ਵਿਚਾਰਾਂ ਉਪਰ ਦ੍ਰਿੜ੍ਹ ਰਹਿਣ, ਉਨ੍ਹਾਂ ਦੇ ਅਡੋਲ ਵਿਸ਼ਵਾਸ ਅਤੇ ਹਾਜ਼ਰਜੁਆਬੀ ਵੇਖ ਕੇ ਦਰਬਾਰੀ ਹੈਰਾਨ ਰਹਿ ਗਏ। ਉਨ੍ਹਾਂ ਨੂੰ ਅਨੇਕਾਂ ਲਾਲਚ ਦਿੱਤੇ ਗਏ, ਸੁੱਖ-ਸਹੂਲਤਾਂ ਅਤੇ ਜਗੀਰਾਂ ਦੇਣ ਦੇ ਲੁਭਾਉਣੇ ਸੁਪਨੇ ਦਿਖਾਏ ਗਏ ਪਰ ਸਾਹਿਬਜ਼ਾਦਿਆਂ ’ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਾ ਹੋਇਆ। ਉਨ੍ਹਾਂ ਸਭ ਪੇਸ਼ਕਸ਼ਾਂ ਨੂੰ ਠੁਕਰਾ ਕੇ ਕਿਸੇ ਵੀ ਸੂਰਤ ਵਿੱਚ ਆਪਣਾ ਧਰਮ ਨਾ ਛੱਡਣ ਦਾ ਐਲਾਨ ਕਰ ਦਿੱਤਾ। ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਦਿੱਤੀਆਂ ਪੇਸ਼ਕਸ਼ਾਂ ਉਪਰ ਗ਼ੌਰ ਕਰ ਕੇ ਜੁਆਬ ਦੇਣ ਲਈ ਇੱਕ ਦਿਨ ਦੀ ਮੌਹਲਤ ਦਿੱਤੀ। ਸਾਹਿਬਜ਼ਾਦਿਆਂ ਨੇ ਇਸ ਬਾਰੇ ਮਾਤਾ ਗੁਜਰੀ ਜੀ ਨੂੰ ਦੱਸਿਆ ਤਾਂ ਉਨ੍ਹਾਂ ਦੋਵਾਂ ਲਾਡਲਿਆਂ ਨੂੰ ਦੁਲਾਰਿਆ ਅਤੇ ਆਪਣੀ ਗੋਦੀ ਵਿੱਚ ਲੈ ਕੇ ਅਸ਼ੀਰਵਾਦ ਦਿੰਦਿਆਂ ਧਰਮ ਉਪਰ ਦ੍ਰਿੜ ਰਹਿਣ ਤੇ ਵਿਸ਼ਵਾਸ ਦੀ ਦਿੜ੍ਹਤਾ ਬਣਾਈ ਰੱਖਣ ਦਾ ਗੁਰ ਚੇਤੇ ਕਰਵਾਇਆ। ਸਾਹਿਬਜ਼ਾਦਿਆਂ ਨੂੰ ਮੌਤ ਦੇ ਡਰਾਵੇ ਦਿੱਤੇ ਗਏ। ਦਰਬਾਰ ਵਿੱਚ ਮੌਜੂਦ ਮਾਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਮਾਸੂਮ ਬੱਚਿਆਂ ਉਪਰ ਸਖ਼ਤੀ ਅਤੇ ਜ਼ੁਲਮ ਨਾ ਕਰਨ ਦੀ ਸਲਾਹ ਦਿੱਤੀ। ਵਜ਼ੀਰ ਸੁੱਚਾ ਨੰਦ ਨੇ ਇਸ ਸਲਾਹ ਨੂੰ ਨਕਾਰਦਿਆਂ ਇਸ ਦਾ ਕੜਾ ਵਿਰੋਧ ਕੀਤਾ ਅਤੇ ਸਾਹਿਬਜ਼ਾਦਿਆਂ ਨੂੰ ਸਖ਼ਤ ਸਜ਼ਾ ਦੇਣ ਦੀ ਵਕਾਲਤ ਕੀਤੀ। ਮਾਲੇਰਕੋਟਲਾ ਦੇ ਨਵਾਬ ਨੇ ਹੋਣ ਵਾਲੇ ਇਸ ਅਮਾਨਵੀ ਅੱਤਿਆਚਾਰ ਨੂੰ ਸਹਿਣ ਨਾ ਕਰਨ ਸਕਣ ਦੀ ਸੰਵੇਦਨਾ ਤਹਿਤ ਰੋਸ ਵਜੋਂ ਦਰਬਾਰ ਵਿੱਚੋਂ ਚਲੇ ਜਾਣ ਨੂੰ ਬਿਹਤਰ ਸਮਝਿਆ। ਇਸ ਮਸਲੇ ਉਪਰ ਵਿਚਾਰ-ਚਰਚਾ ਹੁੰਦੀ ਰਹੀ। ਤੀਜੇ ਦਿਨ ਦਰਬਾਰ ਮੁੜ ਜੁੜਿਆ। ਸਾਹਿਬਜ਼ਾਦੇ ਆਪਣੇ ਫ਼ੈਸਲੇ ਉਪਰ ਦ੍ਰਿੜ੍ਹ ਰਹੇ। ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਖ਼ੁਸ਼ਾਮਦੀਆਂ ਦੀ ਰਾਇ ਸੀ ਕਿ ਸਾਹਿਬਜ਼ਾਦਿਆਂ ਨੂੰ ਅਜਿਹੇ ਤਸੀਹੇ ਦੇ ਕੇ ਮਾਰਿਆ ਜਾਵੇ ਕਿ ਸਜ਼ਾ ਦੀ ਪ੍ਰਕਿਰਿਆ ਦੌਰਾਨ ਉਹ ਮੌਤ ਤੋਂ ਪਹਿਲਾਂ ਕਿਸੇ ਸਮੇਂ ਵੀ ਆਪਣਾ ਹਠ ਛੱਡ ਦੇਣ ਲਈ ਮਜਬੂਰ ਹੋ ਜਾਣ। ਵਿਚਾਰ-ਵਟਾਂਦਰੇ ਉਪਰੰਤ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਨ ਦੇ ਨਿਰਣੇ ਉੱਤੇ ਮੋਹਰ ਲਗਾ ਦਿੱਤੀ ਗਈ। ਸ਼ਹਿਰ ਤੋਂ ਹਟਵੀਂ ਥਾਂ ’ਤੇ ਸਾਹਿਬਜ਼ਾਦਿਆਂ ਨੂੰ ਖੜ੍ਹੇ ਹੋਣ ਲਈ ਕਹਿ ਕੇ ਆਲੇ-ਦੁਆਲੇ ਇੱਟਾਂ ਨਾਲ ਕੰਧ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ। ਜਦੋਂ ਕੰਧ ਦੀ ਚਿਣਾਈ ਗੋਡਿਆਂ ਤਕ ਹੋ ਗਈ ਤਾਂ ਇਹ ਕੰਮ ਰੋਕਣਾ ਪਿਆ ਕਿਉਂਕਿ ਇਸ ਤੋਂ ਉਪਰ ਕੰਧ ਸਿੱਧੀ ਰੱਖਣੀ ਔਖੀ ਸੀ। ਮਿਸਤਰੀਆਂ ਨੇ ਇੱਟਾਂ ਨੂੰ ਤੋੜਨ ਦੀ ਥਾਂ ਤੇਸਾ ਮਾਰ ਕੇ ਗੋਡੇ ਦੀ ਚੱਪਣੀ ਲਾਹ ਦਿੱਤੀ। ਇਸ ਦਰਦ ਨਾਲ ਵੀ ਸਾਹਿਬਜ਼ਾਦੇ ਸ਼ਾਂਤਚਿੱਤ ਰਹੇ। ਗਰਦਨ ਤਕ ਕੰਧ ਦੀ ਚਿਣਾਈ ਹੋ ਜਾਣ ’ਤੇ ਉਨ੍ਹਾਂ ਨੂੰ ਫਿਰ ਹਾਕਮ ਦਾ ਕਹਿਣਾ ਮੰਨ ਲੈਣ ਲਈ ਆਖਿਆ ਗਿਆ ਪਰ ਸਾਹਿਬਜ਼ਾਦੇ ਆਪਣੇ ਫੌਲਾਦੀ ਇਰਾਦੇ ’ਤੇ ਡਟੇ ਰਹੇ। ਕੋਲ ਖੜ੍ਹੇ ਜੱਲਾਦਾਂ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਨੇ ਦੋਵਾਂ ਸਾਹਿਬਜ਼ਾਦਿਆਂ ’ਤੇ ਤਲਵਾਰ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ। ਜਦੋਂ ਮਾਤਾ ਗੁਜਰੀ ਜੀ ਨੂੰ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਇਸ ਸ਼ਹੀਦੀ ਸਾਕੇ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਮਾਸੂਮਾਂ ਵੱਲੋਂ ਧਰਮ ਦਾ ਪਾਲਣ ਕਰਨ ’ਤੇ ਪਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ। ਮਾਤਾ ਜੀ ਦੇ ਅਜਿਹੇ ਪ੍ਰਤੀਕਰਮ ਬਾਰੇ ਜਾਣ ਕੇ ਨਵਾਬ ਲਾਲ-ਪੀਲਾ ਹੋ ਉੱਠਿਆ ਅਤੇ ਉਸ ਨੇ ਮਾਤਾ ਜੀ ਨੂੰ ਸ਼ਹੀਦ ਕਰ ਦੇਣ ਦਾ ਫ਼ੁਰਮਾਨ ਜਾਰੀ ਕਰ ਦਿੱਤਾ। ਮਾਤਾ ਜੀ ਨੂੰ ਬੁਰਜ ਤੋਂ ਥੱਲੇ ਸੁੱਟ ਕੇ ਬੜੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹੀਦੀ ਤੇਰਾਂ ਪੋਹ 1761 ਬਿਕਰਮੀ ਅਰਥਾਤ 27 ਦਸੰਬਰ, 1704 ਈਸਵੀ ਨੂੰ ਹੋਈ ਸੀ। ਭਾਈ ਟੋਡਰ ਮੱਲ ਅਤੇ ਹੋਰ ਸਿੰਘਾਂ ਨੇ ਜਿਸ ਥਾਂ ’ਤੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਸੀ, ਉਸ ਥਾਂ ਇਸ ਸ਼ਹੀਦੀ ਸਾਕੇ ਦੀ ਯਾਦ ’ਚ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਸੁਸ਼ੋਭਿਤ ਹੈ। ਦਸੰਬਰ ਦੇ ਆਖ਼ਰੀ ਹਫ਼ਤੇ ਹਰੇਕ ਸਾਲ ਇਸ ਅਸਥਾਨ ’ਤੇ ਭਾਰੀ ਸ਼ਹੀਦੀ ਜੋੜ ਮੇਲ ਲੱਗਦਾ ਹੈ। ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵਹੀਰਾਂ ਘੱਤ ਕੇ ਇੱਥੇ ਆਉਂਦੇ ਹਨ। ਸਿੱਖ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਕੌਮ ਲਈ ਪ੍ਰੇਰਣਾ, ਸੱਚ ’ਤੇ ਪਹਿਰਾ ਦੇਣ, ਧਰਮ ’ਤੇ ਡਟੇ ਰਹਿਣ, ਈਨ ਨਾ ਮੰਨਣ ਅਤੇ ਅਸੂਲਾਂ ਦੀ ਖ਼ਾਤਰ ਆਪਾ ਕੁਰਬਾਨ ਕਰ ਦੇਣ ਦੀ ਪ੍ਰੇਰਣਾ ਦੇਣ ਦਾ ਸਰੋਤ ਸਮਝੀਆਂ ਜਾਂਦੀਆਂ ਹਨ।

 

ਪ੍ਰਿੰ. ਪ੍ਰਿਤਪਾਲ ਸਿੰਘ ਮਹਿਰੋਕ (ਡਾ.)

ਸੰਪਰਕ:98885-10185