ਮੁਹੰਮਦ ਅਲੀ ਦਾ ਸਾਹਮਣਾ ਕਰਨ ਵਾਲਾ ਭਾਰਤ ਦਾ ਇਕਲੌਤਾ ਮੁੱਕੇਬਾਜ਼ ਕੌਰ ਸਿੰਘ ਚਲ ਵਸਿਆ

ਮੁਹੰਮਦ ਅਲੀ ਦਾ ਸਾਹਮਣਾ ਕਰਨ ਵਾਲਾ ਭਾਰਤ ਦਾ ਇਕਲੌਤਾ ਮੁੱਕੇਬਾਜ਼ ਕੌਰ ਸਿੰਘ ਚਲ ਵਸਿਆ

ਭਾਰਤੀ ਮੁੱਕੇਬਾਜ਼ੀ ਦਾ ਸੁਨਹਿਰੀ ਇਤਿਹਾਸ ਲਿਖਣ ਵਾਲਾ ਮੁੱਕੇਬਾਜ਼ ਕੌਰ ਸਿੰਘ...

..ਬੀਤੇ ਵੀਰਵਾਰ ਦੀ ਸਵੇਰ 74 ਵਰ੍ਹਿਆਂ ਦੀ ਉਮਰੇ ਅਲਵਿਦਾ ਆਖ ਗਿਆ। ਕੌਰ ਸਿੰਘ ਦੇ ਤੁਰ ਜਾਣ ਨਾਲ ਭਾਰਤੀ ਖੇਡਾਂ, ਖਾਸਕਰ ਮੁੱਕੇਬਾਜ਼ੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਜਿਸ ਨੇ ਛੋਟੇ ਜਿਹੇ ਪਿੰਡ ਤੋਂ ਉਠ ਕੇ ਘਰੇਲੂ ਆਰਥਿਕ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਆਪਣੀ ਸਖਤ ਮਿਹਨ ਤੇ ਲਗਨ ਨਾਲ ਦੁਨੀਆ ਪੱਧਰ ਉਤੇ ਨਾਮਣਾ ਖੱਟਿਆ। ਕੌਰ ਸਿੰਘ ਏਸ਼ੀਆ ਦਾ ਸਿਰਕੱਢ ਮੁੱਕੇਬਾਜ਼ ਸੀ। ਕੌਰ ਸਿੰਘ ਭਾਰਤ ਦਾ ਪਹਿਲਾ ਮੁੱਕੇਬਾਜ਼ ਹੈ ਜਿਸ ਨੂੰ ਖੇਡ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮਸ੍ਰੀ ਮਿਲਿਆ ਹੋਵੇ। ਇਸ ਤੋਂ ਇਲਾਵਾ ਦੁਨੀਆ ਦੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨਾਲ ਭਿੜਨ ਵਾਲਾ ਉਹ ਭਾਰਤ ਦਾ ਇਕਲੌਤਾ ਮੁੱਕੇਬਾਜ਼ ਹੈ। ਉਸ ਦੇ ਨਾਮ ਅਜਿਹੇ ਨਿਵੇਕਲੇ ਰਿਕਾਰਡ ਹਨ ਜੋ ਆਉਣ ਵਾਲੇ ਸਮੇਂ ਵਿਚ ਜਲਦੀ ਨਹੀਂ ਟੁੱਟ ਸਕਦੇ ਅਤੇ ਉਸ ਦਾ ਸੰਘਰਸ਼ਮਈ ਅਤੇ ਮਾਣਮੱਤੀਆਂ ਪ੍ਰਾਪਤੀਆਂ ਵਾਲਾ ਖੇਡ ਕਰੀਅਰ ਭਵਿੱਖ ਵਿਚ ਮੁੱਕੇਬਾਜ਼ੀ ਰਿੰਗ ਵਿਚ ਕੁੱਦਣ ਵਾਲੇ ਨਵੀਂ ਉਮਰ ਦੇ ਮੁੱਕੇਬਾਜ਼ਾਂ ਲਈ ਪ੍ਰੇਰਨਾ ਸ੍ਰੋਤ ਰਹੇਗਾ।

ਕੌਰ ਸਿੰਘ ਦਾ ਜਨਮ 16 ਅਗਸਤ 1948 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਖਨਾਲ ਖੁਰਦ ਵਿਚ ਸਾਧਾਰਨ ਕਿਸਾਨ ਕਰਨੈਲ ਸਿੰਘ ਅਤੇ ਪ੍ਰੀਤ ਕੌਰ ਦੇ ਘਰ ਹੋਇਆ। ਛੋਟੀ ਕਿਸਾਨੀ ਵਾਲਾ ਪਰਿਵਾਰ ਵੱਡਾ ਸੀ ਜਿਸ ਵਿਚ ਕੌਰ ਸਿੰਘ ਦੇ ਦੋ ਭਰਾ ਤੇ ਦੋ ਭੈਣਾਂ ਸਨ। ਘਰੇਲੂ ਹਾਲਾਤ ਕਰ ਕੇ ਉਹ ਭਾਵੇਂ ਜ਼ਿਆਦਾ ਪੜ੍ਹ ਨਹੀਂ ਸਕਿਆ ਪਰ ਆਪਣੇ ਚੰਗੇ ਕੱਦ-ਕਾਠ ਕਰ ਕੇ 23 ਵਰ੍ਹਿਆਂ ਦੀ ਉਮਰੇ 1971 ਵਿਚ ਫੌਜ ਵਿਚ ਭਰਤੀ ਹੋ ਗਿਆ। ਸਿੱਖ ਰਜਮੈਂਟ ਰਾਮਗੜ੍ਹ ਵਿਚ ਮੁੱਕੇਬਾਜ਼ੀ ਦੀ ਸ਼ੁਰੂਆਤ ਕਰਨ ਵਾਲਾ ਕੌਰ ਸਿੰਘ ਲੈਫਟੀਨੈਂਟ ਕਰਨਲ ਬੀਐਸ ਜੌਹਲ ਦੀ ਪਾਰਖੂ ਨਜ਼ਰ ਹੇਠ ਆਇਆ। ਕੌਰ ਸਿੰਘ ਨੇ ਰਜਮੈਂਟ ਖੇਡਾਂ ਤੋਂ ਆਪਣਾ ਖੇਡ ਜੀਵਨ ਸ਼ੁਰੂ ਕਰਦਿਆਂ ਇੰਟਰ ਬਟਾਲੀਅਨ ਅਤੇ ਫੇਰ ਸਰਵਿਸਜ਼ ਦੇ ਚੈਂਪੀਅਨ ਤੱਕ ਸਫਰ ਤੈਅ ਕੀਤਾ। ਸਵਾ ਛੇ ਫੁੱਟ ਦੇ ਕੌਰ ਸਿੰਘ ਨੇ ਹੈਮਰ ਥਰੋਅ ਵਿਚ ਵੀ ਹਿੱਸਾ ਲਿਆ ਅਤੇ ਮੈਡਲ ਜਿੱਤੇ।

1979 ਵਿਚ ਹੈਦਰਾਬਾਦ ਵਿਚ ਸੀਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਪਹਿਲੀ ਵਾਰ ਹਿੱਸਾ ਲੈਂਦਿਆਂ ਕੌਰ ਸਿੰਘ ਨੇ ਸੋਨੇ ਦਾ ਮੈਡਲ ਜਿੱਤਿਆ। ਇਸ ਤੋਂ ਬਾਅਦ ਉਹਨੇ ਅਜਿਹਾ ਜਲਵਾ ਦਿਖਾਇਆ ਕਿ ਅਗਲੇ ਪੰਜ ਸਾਲ ਉਹ ਭਾਰਤ ਅਤੇ ਏਸ਼ੀਆ ਦੇ ਕਿਸੇ ਵੀ ਮੁਕਾਬਲੇ ਵਿਚ ਹਾਰਿਆ ਨਹੀਂ। 1981 ਵਿਚ ਅਹਿਮਦਾਬਾਦ, 1982 ਵਿਚ ਜਮਸ਼ੇਦਪੁਰ ਤੇ 1983 ਵਿਚ ਨਵੀਂ ਦਿੱਲੀ ਵਿਚ ਨੈਸ਼ਨਲ ਚੈੈਂਪੀਅਨਸ਼ਿਪ ਵਿਚ ਸੋਨੇ ਦੇ ਮੈਡਲ ਜਿੱਤੇ। 1980 ਵਿਚ ਮੁੰਬਈ ਵਿਚ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸੋਨੇ ਦਾ ਮੈਡਲ ਜਿੱਤਿਆ; 1982 ਵਿਚ ਸਿਓਲ ਤੇ 1983 ਵਿਚ ਜਪਾਨ ਵਿਚ ਏਸ਼ੀਅਨ ਚੈਂਪੀਅਨਸ਼ਿਪ ਜਿੱਤ ਕੇ ਗੋਲਡਨ ਹੈਟ੍ਰਿਕ ਲਗਾਈ। ਉਹਨੇ ਸਭ ਤੋਂ ਵੱਧ ਪ੍ਰਸਿੱਧੀ 1982 ਵਿਚ ਉਸ ਵੇਲੇ ਖੱਟੀ ਜਦੋਂ ਉਸ ਨੇ ਨਵੀਂ ਦਿੱਲੀ ਵਿਚ ਏਸ਼ਿਆਈ ਖੇਡਾਂ ਵਿਚ ਸੋਨੇ ਦਾ ਮੈਡਲ ਜਿੱਤਿਆ। ਭਾਰਤ ਦੀ ਮੇਜ਼ਬਾਨੀ ਵਿਚ ਹੋਈਆਂ ਇਨ੍ਹਾਂ ਖੇਡਾਂ ਵਿਚ ਇਸ ਮੈਡਲ ਦੀ ਹੋਰ ਵੀ ਅਹਿਮੀਅਤ ਸੀ; ਪੰਜਾਬੀ ਖਿਡਾਰੀਆਂ ਨਾਲ ਭਰੀ ਹਾਕੀ ਟੀਮ ਅਤੇ ਪਹਿਲਵਾਨ ਕਰਤਾਰ ਸਿੰਘ ਦੇ ਫਾਈਨਲ ਵਿਚ ਹਾਰਨ ਕਰ ਕੇ ਸੋਨੇ ਦਾ ਮੈਡਲ ਖੁੰਝ ਗਿਆ ਸੀ। ਬੈਂਕਾਕ ਵਿਚ ਮੁੱਕੇਬਾਜ਼ੀ ਦੇ ਇਕ ਹੋਰ ਵੱਕਾਰੀ ਮੁਕਾਬਲੇ ਕਿੰਗਜ਼ ਕੱਪ ਵਿਚ ਕੌਰ ਸਿੰਘ ਨੇ 1982 ਵਿਚ ਸੋਨੇ ਅਤੇ 1980 ਵਿਚ ਚਾਂਦੀ ਦਾ ਮੈਡਲ ਜਿੱਤਿਆ। 1982 ਵਿਚ ਬ੍ਰਿਸਬੇਨ ਵਿਚ ਰਾਸ਼ਟਰਮੰਡਲ ਅਤੇ 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ। ਇਹ ਦੋ ਹੀ ਅਜਿਹੇ ਮੁਕਾਬਲੇ ਸਨ ਜਿਨ੍ਹਾਂ ਵਿਚ ਉਹ ਮੈਡਲ ਨਹੀਂ ਜਿੱਤ ਸਕਿਆ। ਓਲੰਪਿਕਸ ਵਿਚ ਉਹ ਦੂਜੇ ਰਾਊਂਡ ਵਿਚ ਹਾਰਿਆ।

ਕੌਰ ਸਿੰਘ ਖੇਡ ਜਗਤ ਵਿਚ ਦੰਦ ਕਥਾਵਾਂ ਦਾ ਪਾਤਰ ਬਣ ਗਿਆ ਜਦੋਂ 27 ਜਨਵਰੀ 1980 ਨੂੰ ਸੰਸਾਰ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨਾਲ ਮੁਕਾਬਲਾ ਲੜਿਆ। ਨਵੀਂ ਦਿੱਲੀ ਵਿਚ ਹੋਏ ਇਸ ਮੁਕਾਬਲੇ ਨੂੰ ਦੇਖਣ ਲਈ 50 ਹਜ਼ਾਰ ਤੋਂ ਵੱਧ ਦਰਸ਼ਕ ਜੁੜੇ। ਕੌਰ ਸਿੰਘ ਪਹਿਲਾ ਭਾਰਤੀ ਮੁੱਕੇਬਾਜ਼ ਸੀ ਜਿਸ ਨੇ ਮੁੱਕੇਬਾਜ਼ੀ ਰਿੰਗ ਵਿਚ ਮੁਹੰਮਦ ਅਲੀ ਨਾਲ ਮੁਕਾਬਲਾ ਕੀਤਾ। ਪੌਣੇ ਘੰਟੇ ਦੇ ਕਰੀਬ ਚੱਲੇ ਇਸ ਮੁਕਾਬਲੇ ਵਿਚ ਮੁਹੰਮਦ ਅਲੀ ਵੀ ਕੌਰ ਸਿੰਘ ਦੇ ਜੁਝਾਰੂ ਜਜ਼ਬੇ ਤੋਂ ਪ੍ਰਭਾਵਿਤ ਹੋਇਆ। ਮੁਹੰਮਦ ਅਲੀ ਦੇ ਤੇਜ਼ ਰਫਤਾਰ ਮੁੱਕਿਆਂ ਦਾ ਸਾਹਮਣਾ ਕਰਨ ਵਾਲੇ ਕੌਰ ਸਿੰਘ ਨੂੰ ਅੱਜ ਵੀ ਖੇਡ ਪ੍ਰੇਮੀ ਇਸ ਮੈਚ ਲਈ ਯਾਦ ਕਰਦੇ ਹਨ।

ਕੌਰ ਸਿੰਘ 1995 ਵਿਚ ਭਾਰਤੀ ਫੌਜ ਵਿਚੋਂ ਸੂਬੇਦਾਰ ਰਿਟਾਇਰ ਹੋ ਕੇ ਘਰ ਆਇਆ। ਫਿਰ ਪੰਜਾਬ ਪੁਲੀਸ ਵਿਚ ਏਐਸਆਈ ਭਰਤੀ ਹੋ ਗਿਆ ਅਤੇ 12 ਸਾਲ ਪੰਜਾਬ ਪੁਲੀਸ ਦਾ ਮੁੱਕੇਬਾਜ਼ੀ ਕੋਚ ਰਿਹਾ। ਪੰਜਾਬ ਪੁਲੀਸ ਵਿਚੋਂ ਉਹ ਸਬ ਇੰਸਪੈਕਟਰ ਰਿਟਾਇਰ ਹੋਇਆ। ਕੌਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਕਰ ਕੇ ਭਾਰਤ ਸਰਕਾਰ ਨੇ ਉਸ ਨੂੰ 1983 ਵਿਚ ਪਦਮਸ੍ਰੀ ਅਤੇ 1982 ਵਿਚ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ। 2019 ਵਿਚ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ। ਫੌਜ ਵਿਚ ਸੇਵਾਵਾਂ ਨਿਭਾਉਣ ਸਦਕਾ ਰੱਖਿਆ ਮੰਤਰਾਲੇ ਨੇ ਕੌਰ ਸਿੰਘ ਨੂੰ 1988 ਵਿਚ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਤ ਕੀਤਾ। ਉਸ ਨੂੰ ਸੰਗਰਾਮ ਮੈਡਲ, ਸੈਨਾ ਸੇਵਾ ਮੈਡਲ ਅਤੇ ਬੈਸਟ ਸਟਾਰ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ। ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਦੌਰਾਨ ਕੌਰ ਸਿੰਘ ਨੇ ਰੋਸ ਵਜੋਂ ਆਪਣਾ ਅਰਜੁਨ ਐਵਾਰਡ ਵਾਪਸ ਕਰ ਦਿੱਤਾ ਸੀ।

ਕੌਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਨੂੰ ਦੇਖਦਿਆਂ 2023-24 ਸੈਸ਼ਨ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨੌਵੀਂ ਕਲਾਸ ਦੀ ਫਿਜੀਕਲ ਐਜੂਕੇਸ਼ਨ ਦੀ ਕਿਤਾਬ ਵਿਚ ਕੌਰ ਸਿੰਘ ਦੀ ਜੀਵਨੀ ਸ਼ਾਮਲ ਕੀਤੀ ਹੈ। ਕੌਰ ਸਿੰਘ ਉਨ੍ਹਾਂ ਚਾਰ ਖਿਡਾਰੀਆਂ ਵਿਚ ਸ਼ਾਮਲ ਸੀ ਜਿਸ ਦੀ ਜੀਵਨੀ ਸਕੂਲੀ ਬੱਚੇ ਪੜ੍ਹਨਗੇ; ਬਾਕੀ ਤਿੰਨ ਖਿਡਾਰੀ ਬਲਬੀਰ ਸਿੰਘ ਸੀਨੀਅਰ, ਮਿਲਖਾ ਸਿੰਘ ਤੇ ਗੁਰਬਚਨ ਸਿੰਘ ਰੰਧਾਵਾ ਸਨ। ਕੌਰ ਸਿੰਘ ਦੇ ਜੀਵਨ ਉਤੇ ਫਿਲਮ ‘ਪਦਮਸ੍ਰੀ ਕੌਰ ਸਿੰਘ’ ਵੀ ਬਣੀ ਅਤੇ ਬਲਵੰਤ ਸਿੰਘ ਸੰਧੂ ਨੇ ਉਨ੍ਹਾਂ ਦੀ ਜੀਵਨੀ ‘ਗੋਲਡਨ ਪੰਚ’ ਲਿਖੀ।

ਨਵਦੀਪ ਸਿੰਘ ਗਿੱਲ