ਨਿਸ਼ਾਨ ਸਾਹਿਬ ਜੀ ਦਾ ਅਲੰਕਾਰ:ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ

ਨਿਸ਼ਾਨ ਸਾਹਿਬ ਜੀ ਦਾ ਅਲੰਕਾਰ:ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ

ਕਮਲਜੀਤ ਸਿੰਘ ਸ਼ਹੀਦਸਰ

ਜਿਓਂ ਜਿਓਂ ਸ਼ਹੀਦ ਸਿੰਘ ਸਿੰਘਣੀਆਂ ਭੁਜੰਗੀ ਆਪਣੀ ਰੱਤ ਡੋਲਦੇ ਰਹੇ ਕੌਮ ਨੂੰ ਉੱਚੀ ਕਰਨ ਲਈ, ਅਜ਼ਾਦ ਅਤੇ ਖੁਸ਼ਹਾਲ ਕਰਨ ਲਈ, ਇਹ ਨਿਸ਼ਾਨ ਸਾਹਿਬ ਹੋਰ ਉੱਚਾ ਹੁੰਦਾ ਗਿਆ।ਜਦੋਂ ਬਾਬੇ ਦਰਬਾਰਾ ਸਿੰਘ ਨੇ ਲਾਹੌਰ ਦਰਬਾਰ ਦੀ ਨਵਾਬੀ ਲੈਣ ਤੋਂ ਨਾਂਹ ਕਰ ਦਿੱਤੀ ਤਾਂ ਨਵਾਬੀ ਭੂਜੰਗੀ ਕਪੂਰ ਸਿੰਘ ਨੂੰ ਬਖਸ਼ੀ ਗਈ ਪੰਥ ਵੱਲੋਂ। ਪਰ ਗੈਰਾਂ ਦੀ ਦਿੱਤੀ ਨਵਾਬੀ ਦਾ ਬੋਝ ਐਨਾ ਸੀ ਜਥੇਦਾਰ ਬਾਬਾ ਕਪੂਰ ਸਿੰਘ ਨੇ ਲਾਹੌਰ ਦਰਬਾਰ ਦੀ ਨਵਾਬੀ ਸਾਲ ਬਾਅਦ ਓਹ ਚੱਕ ਕੇ ਮਾਰੀ ਅਤੇ ਐਸਾ ਸੰਘਰਸ਼ ਛੇੜਿਆ ਜੀਹਨੇ 30 ਸਾਲਾਂ ਚ ਪੰਜਾਬ ਤੇ "ਸਿੱਖਾਂ ਦਾ ਰਾਜ" ਸਥਾਪਿਤ ਕਰਵਾ ਦਿੱਤਾ। ਬਥੇਰਾ ਲਹੂ ਡੁੱਲਿਆ ਪਰ ਜੰਗ ਜਾਰੀ ਰਹੀ। ਕੌਮ ਨੇ ਹਾਰ ਨਹੀਂ ਮੰਨੀ।  ਜੰਗ ਜਾਰੀ ਰੱਖੀ, ਕਿਉਂਕਿ ਓਦੋਂ ਇੱਕ ਪੀੜ੍ਹੀ ਲੜਦੀ ਹੋਈ ਅਗਲੀ ਪੀੜ੍ਹੀ ਨੂੰ ਸੰਘਰਸ਼ ਦੇਕੇ ਜਾਂਦੀ। ਦੂਜੀ ਨੇ ਤੀਜੀ ਨੂੰ ਦਿੱਤਾ। ਦੱਸਿਆ ਅਸੀ ਗੁਲਾਮ ਨਹੀਂ ਰਹਿਣਾ। ਸਾਨੂੰ ਕਲਗੀਆਂ ਵਾਲੇ ਨੇ ਪਾਤਸ਼ਾਹੀ ਦਾ ਬਚਨ ਦਿੱਤਾ ਹੈ। ਹੰਨੇ ਹੰਨੇ ਪਾਤਸ਼ਾਹੀ। ਪਾਤਸ਼ਾਹੀ ਦਾ ਸੁਪਨਾ ਪੰਥ ਨੇ ਦੇਖਿਆ ਕੇ ਅਸੀ ਕਿਸੇ ਦੇ ਅਧੀਨ ਨਹੀਂ ਰਹਿਣਾ। ਖਾਲਸਾ ਅਕਾਲ ਪੁਰਖ ਦੇ ਅਧੀਨ ਹੈ ਕਿਸੇ ਦੁਨਿਆਈ ਹਕੂਮਤ ਦੇ ਨਹੀਂ। ਅੱਜ ਹਕੂਮਤਾਂ ਦੀਆਂ ਸਿਫ਼ਤਾਂ ਤੇ ਮੁਖਬਰੀਆਂ ਕਰਨ ਵਾਲੇ ਝੋਲੀ ਝੁੱਕ , ਸਰਕਾਰਾਂ ਦੇ ਸ਼ੁਕਰਾਨੇ ਕਰਨ ਵਾਲੇ,  1978 ਤੋਂ ਲੈਕੇ ਹੁਣ ਤੱਕ ਸ਼ਹੀਦ ਹੋਏ ਸਿੰਘਾਂ ਨੂੰ ਕੀ ਮੂੰਹ ਦਿਖਾਉਣਗੇ ? ਜੀ ਸਾਡੇ ਸਿੰਘ ਰਿਹਾ ਕਰਤੇ ਸਰਕਾਰ ਨੇ ਤੁਹਾਡਾ ਸ਼ੁਕਰ ਹੈ। ਅਗਲੇ 2 ਛੱਡ ਕੇ 4 ਡੱਕ ਦਿੰਦੇ ਹਨ। ਤੁਹਾਨੂੰ ਤੁਹਾਡੀ ਥਾਂ ਦਿਖਾਉਂਦੇ ਹਨ , ਕੇ ਜਜ਼ਬ ਹੋਵੋਗੇ ਤਾਂ ਐਸ਼ ਕਰੋਗੇ ਰਾਜ ਕਰੋਗੇ ਸਾਡੇ ਨਾਲ ਰਲਕੇ, ਅਤੇ ਜੇ ਪਾਤਸ਼ਾਹੀ ਦੀ ਗੱਲ ਕੀਤੀ ਤਾਂ ਮਿੱਠੇ ਸਿੰਘ ਜੱਗੀ ਸਿੰਘ ਤੇ ਜਗਮੀਤ ਸਿੰਘ ਵਾਂਗ ਜੇਲਾਂ ਚ ਰੋਲ ਦਿੱਤੇ ਜਾਓਗੇ।  ਹਾਂ ਇੱਕ ਦੁੱਖ ਹੋਰ ਬਹੁਤ ਵੱਡਾ, ਓਦੋਂ ਮੁਗਲ ਫੌਜਾਂ ਗਿਰਫ਼ਤਾਰ ਕਰਨ ਆਉਂਦੀਆਂ ਸਨ, ਅੱਜ ਸਿੰਘ ਨਾਵਾਂ ਵਾਲੇ ਆਪਣੇ ਹੀ ਸਿੱਖ ਭਰਾਵਾਂ ਨੂੰ ਫੜਕੇ ਜੇਲਾਂ ਚ ਜੋ ਕਰਦੇ ਹਨ ਸਭ ਨੂੰ ਪਤਾ। ਕਾਸ਼ ਜਦੋਂ ਸਰਦਾਰ ਠਾਕੁਰ ਸਿੰਘ ਸੰਧਾਵਾਲੀਏ ਨੇ ਅਜ਼ਾਦੀ ਦੀ ਅਲਖ ਜਗਾਈ ਸੀ ਤਾਂ ਗੁਰਮੁਖ ਸਿੰਘ ਵਰਗੇ ਕੌਮ ਦੀ ਪਿੱਠ ਚ ਛੁਰਾ ਨਾ ਮਾਰਦੇ। ਬੱਸ ਓਹੀ ਸਮਾਂ ਸੀ, ਕੌਮੀ ਚੇਤਨਾ ਪਲਟ ਗਈ। ਅੱਜ ਓਹਦਾ ਫਲ ਭੁਗਤ ਰਹੇ ਹਾਂ, ਕੇ ਏਥੇ ਕੋਈ 70 ਸਾਲ ਦਾ ਦਰਸ਼ਨ ਸਿੰਘ ਲੁਹਾਰਾ , ਕਿਸੇ ਦਾ ਇਕਲੌਤੇ 18 ਸਾਲਾਂ ਦਾ ਪੁੱਤਰ ਜਸਪਾਲ ਸਿੰਘ ਚੌੜ ਸਿੱਧਵਾਂ ਗੋਲੀਆਂ ਮਾਰਕੇ ਮਾਰ ਦਿੱਤਾ ਜਾਂਦਾ ਹੈ ਪਰ ਹਕੂਮਤਾਂ ਨੂੰ ਫਰਕ ਨਹੀਂ ਪੈਂਦਾ। ਕੌਮ ਨਹੀਂ ਉੱਠਦੀ। ਏਥੇ ਓਹ ਦਲ ਰਾਜ ਕਰਦੇ ਹਨ ਜੀਹਨਾ ਦੇ ਹੱਥ ਹੀ ਨਹੀਂ ਪੂਰੇ ਦੇ ਪੂਰੇ ਜਿਸਮ ਸਿੱਖਾਂ ਦੇ ਖੂਨ ਨਾਲ ਲਿਬੜੇ ਹਨ ਪਰ ਕੌਮ ਫੇਰ ਵੀ ਓਹਨਾ ਦੇ ਹੀ ਪੈਰੀਂ ਡਿੱਗਦੀ ਹੈ। ਸ਼ੇਰ ਸਿੰਘ ਵਰਗੇ ਨੌਜਵਾਨ ਜੇਲਾਂ ਚ ਮਰ ਜਾਂਦੇ ਹਨ ਪਰ ਕਿਸੇ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। 25-30 ਸਾਲ ਬਾਅਦ ਜੇ ਤੁਹਾਡੇ ਗੁਰਸਿੱਖ ਭਰਾ ਬਰੀ ਹੁੰਦੇ ਹਨ ਤਾਂ ਸਰਕਾਰਾਂ ਦਾ ਸ਼ੁਕਰਾਨਾ ਕਾਹਦਾ ? ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਟੁੱਟਣ ਦਾ, ਦੂਰ ਹੋਣ ਦਾ ਫਲ ਹੈ ਇਹ। ਫਿਰ ਵੀ ਜਿਹੜੇ ਕੌਮ ਨੂੰ ਜਗਾਉਣ ਲੱਗੇ ਹੋ ਲੱਗੇ ਰਹੋ। ਜਿਸ ਦਿਨ ਸਵਾ ਲੱਖ ਵੀ ਜਾਗ ਗਿਆ , ਜਿਸ ਦਿਨ ਸਵਾ ਲੱਖ ਅੰਦਰ ਵੀ ਕਲਗੀਆਂ ਵਾਲੇ ਦੀ ਬਖਸ਼ੀ ਪਾਤਸ਼ਾਹੀ ਦੀ ਜੋਤ ਜੱਗ ਗਈ, ਰਾਜ ਖਾਲਸੇ ਦਾ ਹੋਣਾ। ਮਹਾਰਾਜ ਦੇ ਬਚਨ ਹਨ - 
ਸਵਾ ਲਾਖ ਜਬ ਧੁਖੇ ਪਲੀਤਾ 
ਤਬੈ ਖਾਲਸਾ ਉਦੈ ਅਸਤ ਲੌ ਜੀਤਾ। 

ਬਾਬੇ ਬੰਦੇ ਦਾ ਦਰਬਾਰ ਸਜਦਾ ਹੀ ਹੁੰਦਾ ਹਰ ਜੁਗ ਚਸਰਹਿੰਦ ਲਾਹੌਰ ਦਿੱਲੀ ਦਾ ਮਾਣ ਖਾਲਸੇ ਨੇ ਪਹਿਲਾਂ ਵੀ ਤੋੜਿਆ ਅੱਗੇ ਵੀ ਤੋੜੂਗਾ। ਜੀਹਨਾ ਨੂੰ ਲਗਦਾ ਖਾਲਸੇ ਨੂੰ ਢਾਹ ਲਿਆ ਆਪਾਂ ਓਹਨਾਂ ਨੂੰ ਇਹ ਨਹੀਂ ਪਤਾ ਕਿ ਖਾਲਸੇ ਦਾ ਮੁਰਸ਼ਦ ਕਿੰਨਾ ਬਲੀ ਹੈ!