ਅੱਖੀ ਦੇਖਿਆ ਤੇ ਹੰਡਾਇਆ ਜੂਨ 1984 : (ਭਾਗ 2)

ਅੱਖੀ ਦੇਖਿਆ ਤੇ ਹੰਡਾਇਆ ਜੂਨ 1984 : (ਭਾਗ 2)

 2 ਜੂਨ 1984

ਜਿਸ ਨੂੰ ਦਾਸ ਨੇ ਬਹੁਤ ਹੀ ਨੇੜੇ ਤੋਂ ਅੱਖੀਂ ਦੇਖਿਆਂ ਅਤੇ ਆਪਣੇ ਸਰੀਰ ਤੇ ਪੰਜ ਸਾਲਾਂ ਦਾ ਵੱਖੋ ਵੱਖਰੀਆਂ ਜੇਲ੍ਹਾਂ ਵਿੱਚ ਹੰਡਾਇਆ(ਜ਼ੁਲਮ)!

2 ਜੂਨ ਨੂੰ, ਪੰਜਾਬ ਵਿੱਚੋ ਹੀ ਨਹੀਂ ਬਲਕਿ ਹੋਰ ਵੀ ਦੂਜੀਆਂ ਸਟੇਟਾਂ ਵਿੱਚੋਂ ਜਿੱਥੇ ਵੀ ਇਸ ਕੀਤੇ ਗਏ ਜੁਲਮੀ ਕਹਿਰ ਵਾਰੇ ਸਿੱਖ ਸੰਗਤਾ ਨੂੰ ਪਤਾ ਲੱਗਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਜਾਲਮ ਸਰਕਾਰ ਵੱਲੋਂ  ਹਮਲਾ ਕਰਕੇ ਲਗਾਤਾਰ ਅੱਠ ਘੰਟੇ ਗੋਲੀਆਂ ਚਲਾਕੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਹੈ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਵੀ ਗੋਲੀਆਂ ਮਾਰੀਆਂ ਗਈਆ ਹਨ। 

ਇਹ ਸੁਣ ਕੇ ਤਾਂ ਦੂਰੋੰ, ਨੇੜਿਓ ਬਹੁ ਗਿਣਤੀ ਵਿੱਚ ਦਰਸਨ ਕਰਨ ਲਈ ਸ੍ਰੀ ਦਰਬਾਰ ਸਾਹਿਬ ਨੂੰ ਸਿੱਖ ਸੰਗਤਾਂ ਵਹੀਰਾਂ ਘੱਤ ਆਈਆਂ, ਉਸ ਵੇਲੇ ਇਸ ਹਮਲੇ ਦਾ ਸਿੱਖ ਸੰਗਤਾਂ ਵਿੱਚ ਬਹੁਤ ਭਾਰੀ ਗ਼ੁੱਸਾ ਅਤੇ ਰੋਸ ਸੀ,ਅਤੇ ਸਾਰਿਆ ਦੇ ਮਨਾ ਵਿੱਚ ਇਹ ਬਹੁਤ ਤੜਫ ਸੀ ਕੇ ਅਸੀਂ ਜਲਦੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ। 

2 ਜੂਨ ਵਾਲੇ ਦਿਨ ਹੀ ਸ਼ਹੀਦ ਹੋਏ ਸਿੰਘਾਂ ਦੇ ਸਸਕਾਰ ਕੀਤੇ ਗਏ  ਸਨ, ਅਖੰਡ ਕੀਰਤਨੀ ਜਥੇ ਦੇ ਭਾਈ ਮਹਿੰਗਾ ਸਿੰਘ ਜੀ ਬੱਬਰ ਦਾ ਅੰਤਮ ਸਸਕਾਰ ਮੰਜੀ ਸਾਹਿਬ ਦੀਵਾਨ ਹਾਲ ਦੇ ਨੇੜੇ ਕੀਤਾ ਗਿਆ ਅਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਸ਼ਹੀਦ ਭਾਈ ਰਾਮ ਸਿੰਘ ਜੀ, ਯੂ.ਪੀ. ਵਾਲ਼ਿਆਂ ਸਮੇਤ ਤਿੰਨ ਸਿੰਘਾਂ ਦਾ ਅੰਤਮ ਸਸਕਾਰ ਦਮਦਮੀ ਟਕਸਾਲ ਦੇ ਸਿੰਘਾਂ ਵੱਲੋ ਸ੍ਰੀ ਗੁਰੂ ਰਾਮ ਦਾਸ ਲੰਗਰ ਦੇ ਅਤੇ ਗੁਰੂ ਰਾਮਦਾਸ ਸਰਾਂ ਦੇ ਬਾਹਰ ਲੰਗਰ ਵਾਲੇ ਪਾਸੇ ਖੁਲੀ ਜਗਾ ਤੇ ਕੀਤਾ ਗਿਆ, ਇਨ੍ਹਾਂ ਸਸਕਾਰਾਂ ਵਾਰੇ ਉਸ ਸਮੇਂ ਦੇ ਪੱਤਰਕਾਰ ਸਰਦਾਰ ਹਰਬੀਰ ਸਿੰਘ ਭੰਵਰ ਨੇ ਵੀ ਆਪੁਣੀ ਪੁਸਤਕ ਸ੍ਰੀ ਦਰਬਾਰ ਸਾਹਿਬ ਤੇ ਫ਼ੌਜੀ ਹਮਲੇ ਬਾਰੇ, ਡਾਇਰੀ ਦੇ ਪੰਨੇ ਵਿੱਚ, ਪੇਜ ਨੰਬਰ 35 ਤੇ ਲਿੱਖਦਿਆਂ ਹੋਇਆਂ ਸਾਰਾ ਵੇਰਵਾ ਦਿੱਤਾ ਹੈ, ਸ਼ਹੀਦ ਹੋਏ ਕੁੱਝ ਸਿੰਘਾਂ ਦੇ ਸਰੀਰ ਪ੍ਰਵਾਰ ਲੈ ਗਏ ਅਤੇ ਜਖਮੀਆਂ ਨੂੰ ਹਸਪਤਾਲ ਵਿੱਚ ਲਿਜਾਇਆ ਗਇਆ। 

2 ਜੂਨ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲ਼ਿਆਂ ਨੂੰ ਮਿਲਣ ਲਈ ਸਿੱਖ ਸੰਗਤਾਂ ਭਾਰੀ ਗਿਣਤੀ ਵਿੱਚ ਆ ਰਹੀਆਂ ਸਨ ਅਤੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਲੈਕੇ ਕਈ ਪੱਤਰਕਾਰਾਂ ਨੇ ਵੀ ਸੰਤਾ ਨਾਲ ਇੰਟਰਵੀਊਆਂ ਕੀਤੀਆਂ। ਉਸ ਸਮੇ ਪੱਤਰਕਾਰਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਮਹਾਪੁਰਸਾਂ ਨੇ ਜਾਲਮ ਸਰਕਾਰ ਵੱਲੋਂ ਦਰਬਾਰ ਸਾਹਿਬ ਤੇ ਕੀਤੇ ਹਮਲੇ ਵਾਰੇ ਬੀਰ ਰਸ ਦੁਆਰਾ ਬਹੁਤ ਹੀ ਚੜਦੀ ਕਲਾ ਵਿੱਚ ਇਹ ਵਿਚਾਰ ਦਿੱਤੇ ਸਨ, ਜੋ ਅੱਜ ਵੀ ਸਾਨੂੰ ਉਸ ਸਮੇ ਦੇ ਕੀਤੇ ਚੜਦੀ ਕਲਾ ਵਾਲੇ ਸੰਤਾਂ ਦੇ ਬਚਨ ਅੱਜ ਵੀ ਆਡੀਓ ਵੀਡੀਓ ਦੇ ਕਲਿੱਪਾਂ ਰਾਹੀਂ ਸੁਣਨ ਨੂੰ ਮਿਲਦੇ ਹਨ। 

ਉਸ ਵੇਲੇ ਸੰਤਾਂ ਨੇ ਕੀ ਕਿਹਾ ? ਸੰਤਾਂ ਵੱਲੋਂ ਕਹੇ ਹੋਏ ਹੂ ਬਹੂ ਬਚਨ:

ਸੰਤ ਕਹਿੰਦੇ ਇਸ ਵੇਲੇ ਸਮੇ ਦੀ ਸਰਕਾਰ ਅਤੇ ਮੁਤਸਵੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਸਿੱਖੀ ਸਰੂਪ ਨੂੰ ਪਸੰਦ ਨਹੀਂ ਕਰਦੀ ਤੇ ਸਿਖਾਂ ਨੂੰ ਖਤਮ ਕਰਨਾ ਚਾਹੁੰਦੀ ਹੈ, ਜਿਹੜੀ ਕਿ ਆਸ ਇਨ੍ਹਾਂ ਦੀ ਪੂਰੀ ਨਹੀਂ ਹੋ ਸਕਦੀ। ਕਿਉਂਕਿ ਸਿੱਖੀ ਸਰੂਪ ਨੂੰ ਖਤਮ ਕਰਨ ਲਈ ਬਹੁਤ ਹਕੂਮਤਾਂ ਹੋ ਗੁਜਰੀਆਂ। ਇਨ੍ਹੇ ਵੀ ਉਸੇ ਤਰਾਂ ਚਲੇ ਜਾਣਾ ਹੈ, ਮੁਗਲ ਰਾਜ ਦੇ ਅਤੇ ਅੰਗਰੇਜ਼ਾਂ ਦੇ ਰਾਜ ਦੇ ਸਾਰੇ ਪਾਪ, ਏਸ ਰਾਜ ਵਾਲ਼ਿਆਂ ਨੇ ਮਾਤ ਪਾ ਦਿੱਤਾ, ਜੋ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ।  ਮੇਰੇ ਵੱਲੋਂ ਸਿੱਖਾਂ ਨੂੰ ਪੁਰ-ਜ਼ੋਰ ਅਪੀਲ ਹੈ ਇਹਦਾ ਮੂੰਹ ਤੋੜਵਾਂ ਜਵਾਬ ਦੇਣ, ਕੇਵਲ ਕਮਰਕੱਸਾ ਹੀ ਨਾ ਕਰਨ...ਕਮਰਕੱਸਾ ਕਰਕੇ ਤੁਰਨ, ਸਿੱਖਾਂ ਦੇ ਉੱਪਰ ਏਦੂ ਹੋਰ ਕੋਈ ਵੀ ਗੁਲਾਮੀ ਦੀ ਵੱਡੀ ਨਿਸਾਨੀ ਨਹੀ ਹੋ ਸਕਦੀ ਜਿੱਡਾ ਵੱਡਾ ਹੁਣ ਪਾਪ ਹੋਇਐ। 

ਇਹ ਵਿਚਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 2 ਜੂਨ ਨੂੰ ਪੱਤਰਕਾਰਾਂ ਨੂੰ ਦਿੱਤੇ ਅਤੇ ਬਹੁ ਗਿੱਣਤੀ ਵਿੱਚ ਆ ਰਹੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਵੀ ਸਰਕਾਰ ਵਲੋ ਇਸ ਕੀਤੇ ਪਾਪੀ ਹਮਲੇ ਦੀ ਪੂਰੀ ਜਾਣਕਾਰੀ ਸੰਤ ਦੇ ਰਹੇ ਸਨ। ਦੂਜੇ ਪਾਸੇ- ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਜਿਵੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਵੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਦੀ ਨਿੰਦਿਆਂ ਅਤੇ ਨਿਖੇਧੀ ਕੀਤੀ ਜਾ ਰਹੀ ਸੀ।

ਚੱਲਦਾ....

 ਬਾਬਾ ਮੁਖਤਿਆਰ ਸਿੰਘ ਮੁਖੀ

USA (ਵਿਦਿਆਰਥੀ ਦਮਦਮੀ ਟਕਸਾਲ)