ਕੁਦਰਤ ਦੀ ਗੋਦ ਵਿਚ ਛੁਪਿਆ ਚੰਗੀ ਸਿਹਤ ਦਾ ਗੁਹਜ

    ਕੁਦਰਤ ਦੀ ਗੋਦ ਵਿਚ ਛੁਪਿਆ ਚੰਗੀ ਸਿਹਤ ਦਾ ਗੁਹਜ

ਹਰਫੂਲ ਭੁੱਲਰ ਮੰਡੀ ਕਲਾਂ

  9876870157

ਇਨਸਾਨ ਦੇ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਦੇ ਸਮੇਂ ਤਕ ਇਹ ਕੁਦਰਤ ਮਨੁੱਖ ਦਾ ਸਾਥ ਦੇਂਦੀ ਹੈ । ਮਨੁੱਖ ਦੀ ਚੰਗੀ ਸਿਹਤ ਵੀ ਇਸ ਕੁਦਰਤ ਦੇ ਕੁਦਰਤੀ ਗੁਣਾਂ ਕਾਰਨ ਹੀ ਵਧੀਆ ਰਹਿੰਦੀ ਹੈ, ਜੇਕਰ ਅਸੀਂ ਕੁਦਰਤ ਨੂੰ ਹੀ ਗੰਧਲਾ ਕਰ ਦਿੱਤਾ , ਫਿਰ ਅਸੀਂ ਆਪਣੀ ਚੰਗੀ ਸਿਹਤ ਲਈ ਕਿਸ ਨੂੰ ਸਹਾਰਾ ਬਣਾਵਾਂਗੇ  । ਇਸੇ ਲਈ ਇਸ ਖੂਬਸੂਰਤ ਸੰਸਾਰ ਤੇ ਸਾਡਾ ਆਉਣਾ, ਉਨ੍ਹਾਂ ਅਨੇਕਾਂ ਜੀਵ-ਜੰਤੂਆਂ ਤੇ ਬਨਸਪਤੀ ਵਰਗਾ ਹੀ ਹੈ ਜੋ ਕਦੇ ਵੀ ਕੁਦਰਤ ਨਾਲ ਸਿਕਵੇ-ਸਿਕਾਇਤਾਂ ਕਰਕੇ ਨਹੀਂ ਜਿਉਂਦੇ! ਸਿਰਫ਼ ਇੱਕ ਅਸੀਂ ਮਨੁੱਖ ਹੀ ਹਾਂ ਜਿਨ੍ਹਾਂ ਨੇ ਜੀਵਨ ਨੂੰ ਕਿਸੇ ਅਣਕਿਆਸੇ ਢੰਗ ਨਾਲ ਲੈ ਰੱਖਿਆ ਹੈ, ਪ੍ਰਸੰਨ ਹੋਣ ਦੀ ਇੱਛਾ ਵਿਚ ਐਸੀ ਦੌੜ ਲਾ ਬੈਠਦੇ ਹਾਂ ਕਿ ਜੀਵਨ ਦਾ ਅਨੰਦ ਵੀ ਨਹੀਂ ਲੈ ਸਕਦੇ। ਪਤਾ ਨਹੀਂ ਅਸੀਂ ਕਿਉਂ ਨਹੀਂ ਸਮਝ ਸਕੇ ਕਿ ਜੀਵਨ ਵਿਚ ਰੌਣਕ ਸਾਡੇ ਅਧੂਰੇ ਹੋਣ ਕਰਕੇ ਹੁੰਦੀ ਹੈ, ਸੰਪੂਰਨ ਤਾਂ ਅਣਜੰਮੇ ਤੇ ਮੋਏ ਹੋਏ ਹੀ ਹੁੰਦੇ ਹਨ। ਜਦੋਂ ਅਸੀਂ ਸੋਚਦੇ ਹੀ ਉਦਾਸ ਜਾਂ ਮਾਯੂਸ ਹੋ ਕੇ ਹਾਂ ਤਾਂ ਸਾਨੂੰ ਸਾਡੇ ਕੋਲ ਕੁਝ ਵੀ ਨਹੀਂ ਮਹਿਸੂਸ ਹੋਵੇਗਾ, ਜੇ ਅਸੀਂ ਆਪਣੇ ਆਪ ਨੂੰ ਕੁਦਰਤ ਦੇ ਕਣ ਸਮਝਕੇ ਸੋਚੀਏ ਤਾਂ ਮਹਿਸੂਸ ਹੋਵੇਗਾ ਕਿ ਸਾਡੇ ਕੋਲ ਕੀ ਕੁਝ ਨਹੀਂ? ਅਸਲ ਵਿਚ ਸਾਡੇ ਵੇਖਣ, ਸੋਚਣ ਅਤੇ ਸਮਝਣ ਦੇ ਢੰਗ-ਤਰੀਕਿਆਂ ਵਿਚ ਜ਼ਿੰਦਗੀ ਭਰੀ ਹੋਈ ਜਾਂ ਖ਼ਾਲ੍ਹੀ ਨਜ਼ਰ ਆਉਣ ਦੇ ਕਾਰਨ ਹੁੰਦੇ ਹਨ। ਸੋਚਣ ਦੀ ਸੁਤੰਤਰਤਾ ਗੁਆ ਦੇਣ ਕਰਕੇ ਹੀ ਸਾਨੂੰ ਸੰਗਲਾਂ ਵਿਚ ਜਕੜਿਆ ਹੋਇਆ ਗੁਲਾਮ ਨਜ਼ਰ ਆਉਂਦਾ ਹੈ, ਅਸਲ ਵਿਚ ਉਹ ਬੇਵੱਸ ਹੁੰਦਾ ਹੈ।ਸੋ ਆਪਾਂ ਮੂਰਖ ਨਾ ਬਣੀਏ ਕਿਉਂਕਿ ਕੁਦਰਤ ਦੇ ਬਜ਼ਾਰ ਵਿਚ ਫ਼ਜ਼ੂਲ ਚੀਜ਼ਾਂ ਨਹੀਂ ਵਿਕਦੀਆਂ। ਅਸੀਂ ਮਨੁੱਖ ਕੁਦਰਤ ਦੇ ਬਹੁਤ ਹੀ ਲਾਡਲੇ ਜੀਵ ਹਾਂ, ਕੁਦਰਤ ਵੀ ਸਾਥੋਂ ਚਾਹੁੰਦੀ ਹੈ ਕਿ ਅਸੀਂ ਆਪਣੇ ਚਰਿੱਤਰ ਦੀ ਸੋਭਾ ਨੂੰ ਸੰਸਾਰ ਅੰਦਰ ਕਾਇਮ ਰੱਖੀਏ, ਕੁਦਰਤ ਅਨੇਕਾਂ ਫੁੱਲਾਂ ਤੇ ਬਨਸਪਤੀ ਰਾਹੀਂ ਸਾਨੂੰ ਸਮਝਾਉਦੀ ਹੈ ਕਿ 

*ਗੁਆਚੀ ਹੋਈ ਖ਼ੁਸ਼ਬੂ, ਫੁੱਲਾਂ ਵਿਚ ਵਾਪਸ ਨਹੀਂ ਮੁੜਦੀ, ਤੇ ਮਿੱਟੀ ਬਣੀ ਦੇਹ ਵਿਚ ਦੁਬਾਰਾ ਜਾਨ ਨਹੀਂ ਪੈਂਦੀ!

*ਜਿਉਂਦੇ ਜੀਅ ਦੂਜਿਆਂ ਦੇ ਅੱਥਰੂਆਂ ਦੇ ਅਰਥ ਸਮਝੀਏ, ਆਪਣੀਆਂ ਅੱਖਾਂ ਰਾਹੀਂ ਵਰ੍ਹ-ਵਰ੍ਹ ਕੇ ਤਾਂ ਅਸੀਂ ਖੁਦ ਹਲਕੇ ਹੁੰਦੇ ਹਾਂ..
                                                               ਅਸਲ ਸੱਚ 
 ਇਸ ਸੰਸਾਰ ਅੰਦਰ ਕੁਝ ਵੀ ਅਜਿਹਾ ਨਹੀਂ ਜਿਸਨੂੰ ਅਸੀਂ ਆਪਣਾ ਕਹਿ ਸਕੀਏ, ਕਿਉਂਕਿ ਅਸੀਂ ਤਾਂ ਖੁਦ ਹੀ ਸੰਸਾਰ ਦਾ ਭਾਗ ਹਾਂ। ਕੁਦਰਤ ਦੇ ਨਿਯਮਾਂ ਨੂੰ ਨਾ ਸਮਝਣਾ ਹੀ ਸਾਡੇ ਦੁੱਖਾਂ, ਕਲੇਸ਼ਾਂ ਅਤੇ ਰੋਸਿਆਂ ਦਾ ਕਾਰਨ ਹੈ। ਕੁਝ ਦੇਵਾਂਗੇ ਕੁਝ ਮਿਲੇਗਾ, ਕੁਝ-ਕੁਝ ਦੇਵਾਂਗੇ ਕੁਝ-ਕੁਝ ਮਿਲੇਗਾ, ਸਭ ਕੁਝ ਦੇਵਾਂਗੇ ਸਭ ਕੁਝ ਮਿਲੇਗਾ, ਕੁਦਰਤ ਕਦੇ ਗਲਤ ਨਹੀਂ ਤੋਲਦੀ ਜੋ ਅਸੀਂ ਸਮਾਜ ਨੂੰ ਦਿੰਦੇ ਹਾਂ ਓਹੀ ਅਨੁਪਾਤ ਅਨੁਸਾਰ ਸਾਨੂੰ ਵਾਪਸ ਮਿਲ ਰਿਹਾ ਹੈ। ਅਜੀਬ ਗੱਲ ਹੈ ਕਿ ਮਨੁੱਖ ਪਾਸ ਹਰ ਤਰਾਂ ਦੇ ਸੁੱਖ-ਸਾਧਨ ਹਨ, ਪਰ ਫਿਰ ਵੀ ਅੱਜ ਮਨੁੱਖ ਸੰਤੁਸ਼ਟ ਨਹੀਂ। ਜਦ ਕਿ ਮਨੁੱਖ ਤੋਂ ਬਗੈਰ ਕੁਦਰਤ ਦਾ ਹਰ ਜੀਵ ਇਨ੍ਹਾਂ ਸਾਧਨਾਂ ਦੀ ਅਣਹੋਂਦ ਦੇ ਬਾਵਜੂਦ ਵੀ ਕਿੰਨਾਂ ਸੰਤੁਸ਼ਟ ਹੈ। ਨਾ ਉਨ੍ਹਾਂ ਨੂੰ ਕੋਈ ਬੀਮਾਰੀ ਦਾ ਡਰ, ਨਾ ਕਿਸੇ ਡਾਕਟਰ ਦੀ ਲੋੜ ਜਾਂ ਚਿੰਤਾ। ਜਿੰਨੀ ਕੁ ਪੇਟ ਦੀ ਲੋੜ ਹੋਈ ਕੁਦਰਤ ਦੀ ਗੋਦ ਵਿਚੋਂ ਖਾ-ਪੀ ਲਿਆ, ਨਾ ਇਕੱਠਾ ਕਰਨ ਦੀ ਚਿੰਤਾ ਤੇ ਨਾ ਕੋਈ ਚੋਰੀ ਦਾ ਫਿਕਰ।
 ਅਸੀਂ ਆਪਣੀ ਜ਼ਿੰਦਗੀ ਦਾ ਆਧਾਰ ਹੀ ਪੈਸੇ ਨੂੰ ਬਣਾ ਲਿਆ ਹੈ, ਪਿਆਰ, ਮੁਹੱਬਤ ਤੇ ਜਜ਼ਬਾਤਾਂ ਨੂੰ ਕੁਚਲ ਕੇ ਸਾਨੂੰ ਪੈਸਾ ਮਿਲਣਾ ਚਾਹੀਦਾ ਹੈ। ਜਦ ਕਿ ਮਨੁੱਖ ਤੋਂ ਬਿਨਾਂ ਸਾਰਿਆਂ ਜੀਵਾਂ ਦੀ ਜ਼ਿੰਦਗੀ ਦਾ ਆਧਾਰ ਕੁਦਰਤ ਹੈ। ਕੁਦਰਤ ਪ੍ਰਤੀ ਸਾਡੀ ਸੋਚ ਵਿਚ ਜਿੱਡਾ ਵੱਡਾ ਅੰਤਰ ਹੈ ਉਨ੍ਹਾਂ ਹੀ ਸਾਡੇ ਜੀਵਨ ਦੀਆਂ ਖੁਸ਼ੀਆਂ-ਗਮੀਆਂ ਵਿਚ ਹੈ। ਅਸੀਂ ਪੈਸੇ ਨਾਲ ਜੀਵਨ ਵਿਚ ਸੁੱਖਾਂ ਦੇ ਬੇਅੰਤ ਸਾਧਨ ਤਾਂ ਇਕਠੇ ਕਰ ਲਏ, ਪਰ ਖੁਦ ਮੰਦਬੁੱਧੀ ਹੋ ਗਏ, ਕੁਦਰਤ ਨਾਲ ਦੁਸ਼ਮਣੀ ਪਾ ਕੇ ਆਪਣੇ ਪੈਰ ਤੇ ਕੁਹਾੜਾ ਖੁਦ ਮਾਰ ਲਿਆ ਹੈ, ਨਾਲੇ ਸਾਨੂੰ ਪਤਾ ਕਿ ਕੁਦਰਤ ਦੇ ਪ੍ਰਕੋਪ ਅੱਗੇ ਅਸੀਂ ਸ਼ਕਤੀਸ਼ਾਲੀ ਹੁੰਦੇ ਹੋਏ ਵੀ ਬੇਬਸ, ਕਮਜ਼ੋਰ ਤੇ ਮਜਬੂਰ ਹਾਂ। ਸਾਨੂੰ ਕਦੋ ਪਤਾ ਲੱਗੂ ਕੇ ਮੁਸਕਰਾਉਣ ਨਾਲ ਕੋਈ ਪ੍ਰਸੰਨ ਨਹੀਂ ਹੁੰਦਾ, ਅਸਲ ਵਿਚ ਅੰਦਰੋਂ ਪ੍ਰਸੰਨ ਹੋਣ ਕਰਕੇ ਹੀ ਸਾਡੇ ਚਿਹਰੇ ਮੁਸਕਰਾਹਟ ਆਉਂਦੀ ਹੈ। ਆਪਣਿਆਂ ਨਾਲੋਂ ਟੁੱਟ ਕੇ ਇਕੱਲਿਆਂ ਮਨਾਈ ਖੁਸ਼ੀ, ਉਦਾਸੀ ਦੀ ਇੱਕ ਕਿਸਮ ਹੁੰਦੀ ਹੈ। ਸਦਾ ਖੁਸ਼ ਆਪਣਿਆਂ ਨਾਲ ਰਿਹਾ ਜਾ ਸਕਦੈ ਆਕੜਾਂ ਜਾਂ ਦੌਲਤ ਨਾਲ ਨਹੀਂ..। ਮਨੁੱਖੀ ਸਰੀਰ ਦੀ ਤੰਦਰੁਸਤੀ ਦਾ ਰਾਜ਼ ਇਨ੍ਹਾਂ ਸਭ ਗੱਲਾਂ ਵਿੱਚ ਹੈ  ਬਿਨਾਂ ਕਿਸੇ ਦਵਾਈ ਦੇ ਖਾਧੇ ਹੋਏ ਜੇਕਰ ਅਸੀਂ ਇਨ੍ਹਾਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਢਾਲ ਲੈਂਦੇ ਹਾਂ ਤਾਂ ਕਿਸੇ ਵੀ ਤਰ੍ਹਾਂ  ਦੀ ਕੋਈ ਵੀ ਬਿਮਾਰੀ ਮਨੁੱਖ ਨੂੰ ਆਪਣੀ ਬੁੱਕਲ ਵਿੱਚ ਨਹੀਂ ਲੈ ਸਕਦੀ, ਅੱਜ ਕੱਲ੍ਹ ਤਾਂ ਅਸੀਂ  ਹੈਲਥ ਕਲੀਨਿਕਾਂ ਉੱਤੇ ਵੀ  ਗੁਰਬਾਣੀ ਦੀਆਂ ਅਜਿਹੀਆਂ ਪੰਕਤੀਆਂ ਨੂੰ ਲੱਗਿਆ ਹੋਇਆ ਵੇਖ ਸਕਦੇ ਹਾਂ ਜੋ ਸਾਨੂੰ ਇਨਸਾਨ ਤੇ ਇਨਸਾਨੀਅਤ ਨਾਲ ਪਿਆਰ ਕਰਨਾ ਸਿਖਾਉਂਦੀਆਂ ਹਨ  .