ਜ਼ਿੰਦਗੀ ਜਿਊਂਣ ਦਾ ਅਸਲ ਢੰਗ

ਜ਼ਿੰਦਗੀ ਜਿਊਂਣ ਦਾ ਅਸਲ ਢੰਗ

  ਹਰਕੀਰਤ ਕੌਰ

ਜਿੰਦਗੀ ਬਹੁਤ ਖੂਬਸੂਰਤ ਹੈ ਪਰ ਸ਼ਰਤ ਇਹ ਕਿ ਸਾਨੂੰ ਜਿਊਣਾ ਆਉਂਦਾ ਹੋਵੇ। ਸਾਡੇ ਕੋਲ ਉਹ ਨਜ਼ਰੀਆ ਹੋਵੇ, ਉਹ ਅੱਖ ਹੋਵੇ ਜਿਸ ਨਾਲ ਜਿੰਦਗੀ ਵਿੱਚ ਸਭ ਚੰਗਾ ਹੀ ਵੇਖੀਏ। ਹਰ ਕੋਈ ਚਾਹੁੰਦਾ ਹੈ ਕਿ ਖੁਸ਼ਨੁਮਾ ਜਿੰਦਗੀ ਜੀਏ। ਚਿਹਰਾ ਖਿੜਿਆ ਰਹੇ, ਰੰਗ ਬਹਾਰ ਲੱਗੇ ਰਹਿਣ। ਵਿਹੜੇ ਵਿੱਚ ਹਾਸਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਰਹਿਣ। ਚਿਹਰਿਆਂ ਦੀਆਂ ਰੌਣਕਾਂ ਹਮੇਸ਼ਾ ਬਰਕਰਾਰ ਰਹਿਣ, ਚੈਨ, ਸ਼ਾਂਤੀ ਸਕੂਨ ਹੋਵੇ। ਪਰ ਇਹ ਸਭ ਸੋਚਣ ਤੱਕ ਸੀਮਤ ਹੈ, ਅਸਲ ਵਿੱਚ ਅੱਜ ਦੇ ਭੌਤਿਕਵਾਦੀ ਯੁੱਗ ਵਿੱਚ ਅਸੀਂ ਆਪਣੇ ਚਿਹਰਿਆਂ ਦੇ ਹਾਸੇ ਪਤਾ ਨਹੀਂ ਕਿੱਥੇ ਗਵਾ ਬੈਠੇ ਹਾਂ। ਕਦੇ ਇਕੱਲਿਆਂ ਬੈਠ ਕੇ ਸੋਚੀਏ ਤਾਂ ਕਿਸੇ ਵਿਰਲੇ ਨੂੰ ਹੀ ਯਾਦ ਆਊ ਕਿ ਉਹ ਕਦੋਂ ਖੁਲ੍ਹ ਕੇ ਖਿੜ ਖਿੜਾ ਕੇ ਹੱਸਿਆ ਹੋਵੇਗਾ। 

ਜਿਸ ਵੀ ਚਿਹਰੇ ਨੂੰ ਵੇਖੀ ਦਾ ਹੈ ਮੁਰਝਾਏ ਹੋਏ, ਖੇੜੇ ਤੋਂ ਸੱਖਣੇ, ਤਮਾਮ ਚਿੰਤਾਵਾਂ ਵਿੱਚ ਘਿਰੇ ਹੋਏ ਨਜ਼ਰੀ ਪੈਂਦੇ ਹਨ। ਸਾਡਿਆਂ ਚਿਹਰਿਆਂ ਤੋਂ ਖੁਸ਼ੀ ਦੀਆਂ ਤਰੰਗਾਂ ਦਾ ਦੂਰ ਹੋਣ ਦਾ ਮੁੱਖ ਕਾਰਨ ਸਾਡੀਆਂ ਜਰੂਰਤ ਤੋਂ ਵੱਧ ਇਛਾਵਾਂ ਦਾ ਵੱਧਣਾ ਹੈ। ਸਹੂਲਤਾਂ ਨਾਲ ਲਬਰੇਜ਼ ਜਿੰਦਗੀ ਜਿਊਣ ਦੀ ਆਸ ਰੱਖਣੀ, ਉਹਨਾਂ ਸਹੂਲਤਾਂ ਨੂੰ ਪੂਰਿਆਂ ਕਰਨ ਲਈ ਮਹਿਨਤ ਕਰਨੀ ਸਹੀ ਹੈ ਪਰ ਇੱਕ ਹੱਦ ਤੱਕ । ਜੇਕਰ ਸਾਡੀਆਂ ਇਛਾਵਾਂ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਵੱਧਦੀਆਂ ਜਾਣਗੀਆਂ ਤਾਂ ਅਸੀਂ ਕਦੇ ਜਿੰਦਗੀ ਆਨੰਦ ਨਹੀਂ ਲੈ ਸਕਾਂਗੇ। ਹੁਣ ਆਨੰਦ ਕੇਵਲ ਮਹਿੰਗੀਆਂ ਚੀਜ਼ਾਂ ਲੈਕੇ, ਮਹਿੰਗੀਆਂ ਜਗਾਵਾਂ ਤੇ ਘੁੰਮ ਕੇ, ਮਹਿੰਗੇ ਕੱਪੜੇ ਖਰੀਦ ਕੇ ਨਹੀਂ ਮਿਲਦਾ ਬਲਕਿ ਘਰ ਦੇ ਜੀਆਂ ਨਾਲ ਦੋ ਘੜੀਆਂ ਸਕੂਨ ਨਾਲ ਬੈਠ ਕੇ ਇੱਕ ਦੂਸਰੇ ਦੇ ਦਿਲ ਦਾ ਹਾਲ ਜਾਣ ਕੇ ਮਿਲਦਾ ਹੈ।ਕੁਦਰਤ ਨੂੰ ਮਾਣ ਕੇ, ਹਵਾ ਦੇ ਰੁਮਕਣ ਨਾਲ ਜਦੋਂ ਤੁਹਾਡੇ ਸਰੀਰ ਵਿੱਚ ਝਨਝਨਾਹਟ ਜਿਹੀ ਹੋਵੇ ਤਾਂ ਮਹਿਸੂਸ ਕਰੋ ਕਿ ਕੁਦਰਤ ਤੁਹਾਡੇ ਨਾਲ ਖੇਡ ਰਹੀ ਹੈ। ਪੇੜ ਪੌਦਿਆਂ, ਪੰਛੀਆਂ ਦੀਆਂ ਰੰਗ ਬਿਰੰਗੀਆਂ ਕਿਸਮਾਂ ਦੇਖੋ ਤੇ ਵਾਰੇ ਵਾਰੇ ਜਾਓ ਉਸ ਕਾਦਰ ਦੀ ਕੁਦਰਤ ਤੋਂ ਜਿਸ ਨੇ ਬਿਨਾ ਕਿਸੇ ਮੁੱਲ ਸਾਨੂੰ ਇਹ ਅਣਮੁੱਲੀਆਂ ਅਨਾਮਤਾ ਨਾਲ ਨਵਾਜਿਆ ਹੈ। ਇਹ ਨਿੱਕੀਆਂ ਨਿੱਕੀਆਂ ਤੇ ਆਮ ਜਿਹੀਆਂ ਗੱਲਾਂ ਸਾਨੂੰ ਬਹੁਤ ਸਾਰੀ ਖੁਸ਼ੀ ਦਿੰਦੀਆਂ ਹਨ। 

ਮੈਂ ਦੇਖਦੀ ਹਾਂ ਹਜ਼ਾਰਾਂ ਮਾਨਸਿਕ ਰੋਗਾਂ ਤੋਂ ਪ੍ਰੇਸ਼ਾਨ ਲੋਕ ਮਹਿੰਗੇ ਮਹਿੰਗੇ ਡਾਕਟਰਾਂ ਕੋਲ ਜਾਂਦੇ ਹਨ। ਉਹ ਡਾਕਟਰ ਇਹ ਦੱਸਣ ਦਾ ਹੀ ਹਜ਼ਾਰਾਂ ਰੁਪਏ ਫੀਸ ਲੈ ਲੈਂਦੇ ਹਨ ਕਿ ਜੇਕਰ ਮਾਨਸਿਕ ਰੋਗਾਂ ਤੋਂ ਮੁਕਤ ਹੋਣਾ ਹੈ , ਖੁਸ਼ ਰਹਿਣਾ ਹੈ ਤਾਂ ਸਵੇਰੇ ਜਲਦੀ ਉੱਠੋ, ਸੈਰ ਕਰੋ, ਸੰਤੁਲਿਤ ਭੋਜਨ ਖਾਉ, ਖੁਸ਼ ਰਹੋ, ਪੂਰੀ ਨੀਂਦ ਲਉ, ਪਰਿਵਾਰ ਨਾਲ ਸਮਾਂ ਬਿਤਾਓ, ਉਦਾਸ ਨਾ ਹੋਵੋ, ਜਿਆਦਾ ਸੋਚੋ ਨਾ, ਕਿਤਾਬਾਂ ਪੜੋ ਆਦਿ। ਜੋ ਬਹੁਤ ਹੀ ਆਮ ਗੱਲਾਂ ਹਨ, ਜਿੰਨਾ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਇਹ ਸਭ ਕਰਨਾ ਚਾਹੀਦਾ ਹੈ ਪਰ ਅਸੀਂ ਆਪਣੇ ਵਿੱਚ ਤਬਦੀਲੀ ਲਿਆਉਣ ਦੀ ਬਜਾਇ ਮਾਨਸਿਕ ਬਿਮਾਰੀਆਂ ਲਗਾ ਡਾਕਟਰਾਂ ਕੋਲ ਧੱਕੇ ਖਾਂਦੇ ਰਹਿੰਦੇ ਹਾਂ। ਖੁਸ਼ੀ ਕਿਤੇਉ ਵੀ ਮੁੱਲ ਨਹੀਂ ਮਿਲਦੀ। ਇਹ ਸਿਰਜਣੀ ਪੈਂਦੀ ਹੈ । ਖੁਸ਼ ਰਹਿਣ ਦਾ ਰਾਜ ਇਹੀ ਹੈ ਕਿ ਹਮੇਸ਼ਾ ਚੜਦੀਕਲਾ ਵਿੱਚ ਰਹੋ। ਹਲਾਤ ਕਿਹੋ ਜਿਹੇ ਵੀ ਹੋਣ ਉਸਨੂੰ ਨਹੀਂ ਹਰਾ ਸਕਦੇ ਜਿਸਨੂੰ ਜੀਊਣ ਦੀ ਕਲਾ ਹੋਵੇ। ਗੁਰਬਾਣੀ ਪੜੋ, ਵਧੀਆ ਲੇਖਕਾਂ ਦੀਆਂ ਕਿਤਾਬਾਂ ਪੜੋ, ਚੰਗਾ ਸੰਗੀਤ ਸਣੋ, ਆਪਣੇ ਸ਼ੌਕਾਂ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਸਮਾਂ ਦਿਉ। 

ਯਾਦ ਰੱਖਣਾ ਹਲਾਤ ਕਦੇ ਵੀ ਇੱਕੋ ਜਿਹੇ ਨਹੀਂ ਰਹਿੰਦੇ, ਇਹਨਾਂ ਦਾ ਬਦਲਣਾ ਨਿਸ਼ਚਿਤ ਹੈ, ਹੂਬਹੂ ਮੌਸਮਾਂ ਦੀ ਤਰ੍ਹਾਂ ਕਦੇ ਬਹਾਰ ਕਦੇ ਪੱਤਝੜ। ਜੀਵਨ ਇੱਕ ਹੈ, ਜੋ ਬੀਤ ਗਿਆ ਉਸ ਉੱਤੇ ਪਛਤਾਉਣਾ ਛੱਡੋ, ਉਸ ਤੋਂ ਸਬਕ ਲਉ, ਅੱਜ ਨੂੰ ਜੀਓ ਤੇ ਕੱਲ ਦੀ ਫ਼ਿਕਰ ਨਾ ਕਰੋ। ਕੇਵਲ ਅੱਜ ਸਾਡਾ ਆਪਣਾ ਹੈ, ਬੀਤ ਚੁੱਕੇ ਨੂੰ ਤੇ ਨਾ ਹੀ ਆਉਣ ਵਾਲੇ ਕੱਲ ਨੂੰ ਬਦਲਿਆ ਨਹੀਂ ਜਾ ਸਕਦਾ। ਸਾਡੇ ਅੱਜ ਤੇ ਸਾਡਾ ਜੋਰ ਹੈ, ਅੱਜ ਦੀ ਲਗਾਮ ਇੱਕ ਚੰਗੇ ਘੋੜਸਵਾਰ ਦੀ ਤਰ੍ਹਾਂ ਫੜੋ ਤਾਂ ਜੋ ਪਿੱਛੇ ਮੁੜ ਕੇ ਬੀਤੇ ਨੂੰ ਯਾਦ ਕਰੋ ਤਾਂ ਤੁਹਾਡੇ ਚਿਹਰੇ ਤੇ ਉਦੋਂ ਵੀ ਸੰਤੁਸ਼ਟੀ ਨਾਲ ਭਰੀ ਇੱਕ ਹਸੀਨ ਜਿਹੀ ਮੁਸਕਾਨ ਹੋਵੇ।ਸੁੱਖ ਸਹੂਲਤਾਂ ਸਾਨੂੰ ਕਦੇ ਵੀ ਸਦੀਵੀ ਖੁਸ਼ੀ ਨਹੀਂ ਦੇ ਸਕਦੀਆਂ। ਅਸੀਂ ਥੋੜ ਚਿਰੀ ਨਹੀਂ ਬਲਕਿ ਸਦੀਵੀ ਖੁਸ਼ੀ ਲੱਭਣ ਦਾ ਯਤਨ ਕਰਨਾ ਹੈ ਜੋ ਝਖੜਾਂ, ਹਨੇਰਿਆਂ, ਦੁੱਖਾਂ ਸੁੱਖਾਂ ਬਹਾਰਾਂ ਵਿੱਚ ਵੀ ਕਾਇਮ ਰਹੇ। ਇਹੀ ਹੈ ਖੁਸ਼ ਰਹਿਣ ਦਾ ਰਾਜ ਇਹੀ ਹੈ ਆਬਾਦ ਰਹਿਣ ਦਾ ਰਾਜ !