ਕਾਰਪੋਰੇਟ ਭਜਾਓ, ਦੇਸ਼ ਬਚਾਓ

ਕਾਰਪੋਰੇਟ ਭਜਾਓ, ਦੇਸ਼ ਬਚਾਓ

ਕਿਸਾਨੀ ਸੰਘਰਸ਼ ਵਿਚ 345 ਤੋਂ ਵੱਧ ਕਿਸਾਨਾਂ ਦੀ ਜਾਨ ਵੀ ਚਲੀ ਗਈ

ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਕਿਸਾਨਾਂ ਨੂੰ ਤਕਰੀਬਨ ਚਾਰ ਮਹੀਨੇ ਤੋਂ ਉੱਪਰ ਹੋ ਗਿਆ ਹੈ। ਇਸ ਲੋਕ ਲਹਿਰ ਵਿੱਚ ਵੱਖ ਵੱਖ ਤਬਕੇ ਦੇ ਲੋਕ ਹਿੱਸਾ ਲੈ ਰਹੇ ਹਨ। ਖਾਸ ਕਰਕੇ ਨੌਜਵਾਨਾਂ ਦਾ ਇਸ ਸੰਘਰਸ਼ ਵਿੱਚ ਅਹਿਮ ਯੋਗਦਾਨ ਰਿਹਾ।ਅੰਦੋਲਨ ਨੇ  ਸ਼ਾਂਤਮਈ ਤਰੀਕੇ ਨਾਲ ਚਲਦਿਆਂ ਸਭ ਦਾ ਦਿਲ ਜਿੱਤ ਲਿਆ ਹੈ। ਕਿਸਾਨਾਂ ਨੂੰ ਅੱਤਵਾਦੀ, ਨਕਸਲਵਾਦੀ ,ਮਾਓਵਾਦੀ ,ਖਾਲਿਸਤਾਨੀ ਆਦਿ ਕਹਿ ਕੇ ਭੰਡਿਆ ਗਿਆ।ਸਭ ਦੀਆਂ ਨਜ਼ਰਾਂ ਅੱਜ ਕਿਸਾਨ ਅੰਦੋਲਨ ਤੇ ਟਿਕੀਆਂ ਹੋਈਆਂ ਹਨ।

ਇਸ ਕਿਸਾਨੀ ਸੰਘਰਸ਼ ਵਿਚ 345 ਤੋਂ ਵੱਧ ਕਿਸਾਨਾਂ ਦੀ ਜਾਨ ਵੀ ਚਲੀ ਗਈ। ਕਿਸਾਨਾਂ ਨੂੰ ਪਤਾ ਹੈ ਕਿ ਇਹ ਆਰਡੀਨੈਂਸ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਹਨ।ਤਿੰਨੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨ ਦੇ ਆਗੂਆਂ ਅਤੇ ਸਰਕਾਰ ਦਰਮਿਆਨ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਸੀ। ਕੇਂਦਰ ਦੇ ਕਿਸਾਨਾਂ ਵਿਚਕਾਰ ਮੀਟਿੰਗ ਆਖਰੀ 22 ਜਨਵਰੀ ਨੂੰ ਹੋਈ ਸੀ।ਕਿਸਾਨਾਂ ਦੀ ਇਕੋ ਹੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣ। ਪਰ ਸਰਕਾਰ ਦੀ ਮਨਸ਼ਾ ਸਾਫ਼ ਹੈ ਕਿ ਉਹ ਖੇਤੀ ਬਿੱਲਾਂ ਨੂੰ ਵਾਪਸ ਲੈਣ ਲਈ ਤਿਆਰ ਨਹੀਂ ਹੈ।ਇਨ੍ਹਾਂ ਪਿੱਛੇ ਕਾਰਪੋਰੇਟ ਘਰਾਣਿਆਂ ਦਾ ਦਬਾਅ  ਦੇਖਿਆ ਜਾ ਰਿਹਾ ਹੈ।  ਇਹ ਮਸਲਾ ਸੁਪਰੀਮ ਕੋਰਟ ਤੱਕ ਜਾ ਪੁੱਜਾ । ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਤੇ ਰੋਕ ਲਗਾ ਦਿੱਤੀ । ਪਰ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਇਨਸਾਫ਼ ਦਿੰਦੀਆਂ ਇਸ ਨੂੰ ਅਸੰਵਿਧਾਨਿਕ ਕਰਾਰ ਦੇਣਾ ਚਾਹੀਦਾ ਸੀ।ਜਿਸ ਕਾਰਨ ਕਿਸਾਨਾਂ ਵਿੱਚ ਨਿਰਾਸ਼ਾ ਵੀ ਦੇਖੀ ਗਈ।ਓਧਰ ਦਿੱਲੀ ਦੀ ਬਰੂਹਾਂ ਤੇ ਸੱਤ ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਗਿਆ ਸੀ। 18 ਜਨਵਰੀ ਨੂੰ ਦਿੱਲੀ ਦੀਆਂ ਬਰੂਹਾਂ ਤੇ ਤੇ ਨਾਲ ਲੱਗਦੇ ਸੂਬਿਆਂ  ਪੰਜਾਬ, ਹਰਿਆਣਾ ਵਿੱਚ ਮਹਿਲਾ ਕਿਸਾਨ ਅੰਦੋਲਨ ਹੋਇਆ। ਔਰਤਾਂ ਵੱਲੋ ਵੀ ਰੋਸ ਮਾਰਚ ਕੀਤਾ ਗਿਆ। ਗੁਆਂਢੀ ਸੂਬੇ ਦੀਆਂ ਮਹਿਲਾਵਾਂ ਵੱਲੋਂ ਵੀ ਕਿਸਾਨੀ ਸੰਘਰਸ਼ ਵਿਚ ਹਾਜਰੀ ਭਰੀ ਜਾ ਰਹੀ ਹੈ।ਕਿਸਾਨ ਅੰਦੋਲਨ ਨੇ ਜ਼ਿੰਦਗੀ ਦਾ ਮਿਜਾਜ਼ ਬਦਲ ਦਿੱਤਾ ਹੈ।

ਅੱਜ ਕੇਂਦਰ ਸਰਕਾਰ ਓਹੀ ਆਪਣੀ ਪੁਰਾਣੀ ਦਲੀਲਾਂ ਨੂੰ ਦੁਹਰਾ ਰਹੀ ਹੈ ਕਿ ਇਹ ਬਿੱਲ ਕਿਸਾਨਾਂ ਲਈ ਲਾਹੇਵੰਦ ਹਨ।ਇਨ੍ਹਾਂ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਸੁਧਰੇਗੀ। ਵਿਚਾਰਨ ਵਾਲੀ ਗੱਲ ਹੈ ਕਿ ਜੇ ਬਿੱਲ ਲਾਹੇਵੰਦ ਹਨ, ਤਾਂ ਅੱਜ ਦੇਸ਼ ਦਾ ਅੰਨਦਾਤਾ ਸੰਘਰਸ਼ ਦੇ ਰਾਹ ਕਿਉਂ ਪੈਂਦਾ? ਕਿਉਂ ਅੱਜ ਉਸ ਨੂੰ ਪੋਹ ਦੀਆਂ ਰਾਤਾਂ ਵਿੱਚ 2 ਡਿਗਰੀ ਤਾਪਮਾਨ ਤੇ ਸੜਕਾਂ ਤੇ ਖੁੱਲੇ ਅਸਮਾਨ ਹੇਠ ਸੌਣਾ ਪਿਆ। ਕਿਸਾਨਾਂ ਨੂੰ ਮੰਡੀਆਂ ਖਤਮ ਹੋਣ ਦਾ ਡਰ ਹੈ।

ਆਖਿਰ ਕਿਉਂ ਕੇਂਦਰ ਸਰਕਾਰ ਐਮ ਐੱਸ ਪੀ ਨੂੰ ਕਾਨੂੰਨੀ  ਦਰਜਾ ਦੇਣ ਵਿੱਚ ਝਿਜਕ ਰਹੀ ਹੈ ?ਚੇਤੇ ਰਖੀਏ ਕਿ ਜਦੋਂ 1960 ਵਿੱਚ ਦੇਸ਼ ਨੂੰ ਅਨਾਜ ਦੀ ਵੱਡੀ ਘਾਟ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਸਮੇਂ ਦੀਆਂ ਸਰਕਾਰਾਂ ਨੂੰ ਦੂਜੇ ਦੇਸ਼ਾਂ ਅੱਗੇ ਅਨਾਜ ਲੈਣ ਲਈ  ਕਈ ਤਰ੍ਹਾਂ ਦੇ ਤਰਲੇ ਕਰਨੇ ਪਏ ਸਨ।ਤੇ ਉਨ੍ਹਾਂ ਦੇਸ਼ਾਂ ਨੇ ਭਾਰਤ  ਨੂੰ ਅਨਾਜ ਦੇਣ ਲਈ ਕਈ ਤਰ੍ਹਾਂ ਦੀਆਂ ਸ਼ਰਤਾਂ ਵੀ ਰੱਖੀਆਂ ਸਨ।ਫਿਰ ਇਸ ਤੋਂ ਬਾਅਦ ਕਿਸਾਨਾਂ ਦੀ ਮਿਹਨਤ ਸਦਕਾ ਨਵੀਂ ਨਵੀਂ ਤਕਨਾਲੋਜੀ , ਵਧੀਆ ਬੀਜਾਂ , ਖਾਦਾਂ ਸਦਕਾ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦਾ ਅੰਨ ਭੰਡਾਰ ਭਰਿਆ।

ਕਿਸਾਨੀ ਸੰਘਰਸ਼ ਕਾਰਨ ਅੱਜ ਪਿੰਡਾਂ ਵਿੱਚ ਵੀ ਆਪਸੀ ਧੜੇਬੰਦੀ ਖ਼ਤਮ ਹੋ ਚੁੱਕੀ ਹੈ। ਦਿੱਲੀ ਦੀਆਂ ਬਰੂਹਾਂ ਤੇ ਤਾਂ ਕਿਸਾਨੀ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ।ਸੰਘਰਸ਼ ਦੌਰਾਨ ਹਰੀ ਕ੍ਰਾਂਤੀ ਸਬੰਧੀ ਹਰੇ ਰੰਗ ਦੀਆਂ ਜਲੇਬੀਆਂ ਕੱਢੀਆਂ ਜਾ ਰਹੀਆਂ ਹਨ।  ਇਸ ਵਿਚ ਕਿਸਾਨ ਹੀ ਲੰਗਰ ਨਹੀਂ ਛੱਕਦੇ, ਆਸ ਪਾਸ ਦਾ ਗਰੀਬ ਤੱਬਕਾ ਵੀ ਲੰਗਰ ਖਾ ਰਿਹਾ ਹੈ।ਕੋਈ ਗਰੀਬ ਤਬਕਾ ਜਿੰਨਾ ਮਰਜੀ ਅਪਣੇ ਘਰ ਨੂੰ ਲੰਗਰ ਲੈ ਜਾਵੇ, ਕਦੇ ਵੀ ਕਿਸਾਨ ਵੀਰ ਮੱਥਾ ਨਹੀਂ ਕਰਦੇ।ਤੇ ਲੰਗਰ ਖਾ ਕੇ ਇਹ ਗਰੀਬ ਲੋਕ  ਕਿਸਾਨਾਂ ਨੂੰ ਦਿਲੋਂ ਅਸੀਸ ਦੇ ਰਹੇ ਹਨ।ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਆਪਣੀ ਅੜੀ ਛੱਡ ਕੇ ਇਹ ਕਾਲੇ ਖੇਤੀ ਬਿੱਲਾਂ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ।

ਸੰਜੀਵ ਸੈਣੀ