ਵਿਗਿਆਨ ਜੰਗ ਇਨਸਾਨ ਨੂੰ ‘ਲੰਗੜਾ’ ਕਰ ਦਿੰਦੀ ਏ

ਵਿਗਿਆਨ  ਜੰਗ ਇਨਸਾਨ ਨੂੰ ‘ਲੰਗੜਾ’ ਕਰ ਦਿੰਦੀ ਏ

ਜੇ ਸਾਇੰਸਦਾਨ ਆਪਣੇ ਆਪ ਨੂੰ ਸੰਸਾਰ ਦਾ ਬਾਸ਼ਿੰਦਾ ਮੰਨਦੇ

ਜਦੋਂ ਮੈਂ ਸਕੂਲ ਵਿਚ ਪੜ੍ਹਾਉਂਦਾ ਸੀ, ਮੇਰਾ ਇਕ ਵਿਦਿਆਰਥੀ ਇਕ ਦਿਨ ਕਾਲੀ ਟੀ-ਸ਼ਰਟ ਪਹਿਨ ਕੇ ਆਇਆ ਜਿਸ ਉੱਤੇ ਅੰਗਰੇਜ਼ੀ ਵਿਚ ਲਿਖਿਆ ਸੀ- ‘ਜੇ ਜੰਗ ਜਵਾਬ ਹੈ ਤਾਂ ਸਵਾਲ ਗ਼ਲਤ ਹੈ।’ ਮੈਂ ਹਮੇਸ਼ਾ ਸੋਚਦਾ ਰਿਹਾ ਹਾਂ ਕਿ ਸੰਸਾਰ ਪੱਧਰ ਉੱਤੇ ਦੋ ਭਿਆਨਕ ਯੁੱਧਾਂ ਦੇ ਨਤੀਜੇ ਭੁਗਤਣ ਤੋਂ ਬਾਅਦ ਵੀ ਦੁਨੀਆ ਕਿਉਂ ਨਵੇਂ ਨਵੇਂ ਯੁੱਧਾਂ ਪਿਛੇ ਭੱਜਦੀ ਹੈ। ਯੁੱਧ ਦੇ ਕੀ ਕਾਰਨ ਹਨ? ਸਾਡੇ ਕੋਲ ਕੀ ਜਵਾਬ ਹੈ? ਇਨ੍ਹਾਂ ਸਾਰੇ ਮਸਲਿਆਂ ਦਾ ਹੱਲ ਕੀ ਜੰਗ ਹੀ ਹੈ ਜਿਸ ਨਾਲ ਜ਼ਿੰਦਗੀ ਹਰ ਰੋਜ਼ ਜੂਝਦੀ ਹੈ। ਸ਼ਾਇਰ ਸਾਹਿਰ ਲੁਧਿਆਣਵੀ ਦਾ ਸ਼ੇਅਰ ਹੈ- ‘ਜੰਗ ਤੋ ਖ਼ੁਦ ਹੀ ਏਕ ਮਸਲਾ ਹੈ। ਜੰਗ ਕਿਆ ਮਸਲੋਂ ਕਾ ਹਲ ਦੇਗੀ।’ ਸਾਡੇ ਸਮਿਆਂ ਦੇ ਵਿਗਿਆਨੀ ਅਲਬਰਟ ਆਇੰਸਟਾਈਨ (14 ਮਾਰਚ 1879-18 ਅਪਰੈਲ 1955) ਨੇ ਵਿਗਿਆਨ ਦਾ ਇਸਤੇਮਾਲ ਮਿਲਟਰੀ ਵਿਚ ਨਾ ਕੀਤੇ ਜਾਣ ਦੀ ਪੈਰਵਾਈ ਕੀਤੀ ਸੀ। ਅੱਜ ਉਨ੍ਹਾਂ ਦਾ ਜਨਮ ਦਿਨ ਹੈ। ਅੱਜ ਦੁਨੀਆ ਭਰ ਵਿਚ ਰੂਸ ਵੱਲੋਂ ਯੂਕਰੇਨ ਉਤੇ ਵਿੱਢੀ ਜੰਗ ਅਜਿਹੀਆਂ ਤਸਵੀਰਾਂ ਪੇਸ਼ ਕਰ ਰਹੀ ਹੈ ਜਿਨ੍ਹਾਂ ਵਿਚ ਨਵ-ਜਨਮੇ ਬੱਚੇ ਗੋਲੀਆਂ ਤੇ ਬੰਬਾਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਰਹੇ ਹਨ। ਆਇੰਸਟਾਈਨ ਲਿਖਦਾ ਹੈ- “ਜੇ ਸਾਇੰਸਦਾਨ ਆਪਣੇ ਆਪ ਨੂੰ ਸੰਸਾਰ ਦਾ ਬਾਸ਼ਿੰਦਾ ਮੰਨਦੇ ਹਨ ਤਾਂ ਉਨ੍ਹਾਂ ਨੂੰ ਇਸ ਚੱਕਰਵਿਊ ਵਿਚੋਂ ਬਾਹਰ ਰਹਿਣਾ ਚਾਹੀਦਾ ਹੈ ਅਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਜੋ ਜੰਗ ਲਈ ਉਕਸਾਉਂਦੀ ਹੈ, ਅਜਿਹੀ ਜੰਗ ਜੋ ਆਪਣੇ ਬੱਚਿਆਂ ਤੇ ਬਜ਼ੁਰਗ ਦੇ ਭਵਿੱਖ ਨੂੰ ਹਨੇੇਰੇ ਵਿਚ ਧਕੇਲ ਦਿੰਦੀ ਹੈ।” ਸਾਨੂੰ ਉਹ ਤਸਵੀਰ ਯਾਦ ਹੈ, ਸੱਤਵੀਂ ਕਲਾਸ ਦਾ ਬੱਚਾ ਦੋਸਤ ਨੂੰ ਗੋਲੀ ਲੱਗਣ ਤੇ ਉਸ ਦੀ ਮੌਤ ਉੱਤੇ ਫੁੱਟ ਫੁੱਟ ਕੇ ਰੋਇਆ ਸੀ, ਉਸ ਦੇ ਹੰਝੂ ਰੁਕ ਨਹੀਂ ਰਹੇ ਸਨ। ਸਾਨੂੰ ਉਹ ਤਸਵੀਰ ਵੀ ਯਾਦ ਹੈ ਜਦੋਂ ਇਕ ਬੱਚਾ ਅਤੇ ਗਿਧ, ਦੋਨੋਂ ਕੂਕੇ ਸੀ; ਜਿਸ ਤਸਵੀਰ ਨੂੰ ਖਿੱਚਣ ਤੋਂ ਬਾਅਦ ਫੋਟੋਗ੍ਰਾਫਰ ਨੇ ਆਤਮ-ਹੱਤਿਆ ਕਰ ਲਈ ਸੀ। ਅਜਿਹੀਆਂ ਹਜ਼ਾਰਾਂ ਤਸਵੀਰਾਂ ਸਾਡੇ ਜ਼ਿਹਨ ਦਾ ਹਿੱਸਾ ਹਨ ਪਰ ਜੰਗਾਂ ਨਹੀਂ ਰੁਕਦੀਆਂ।

ਇਕ ਸ਼ਾਇਰ ਦੀਆਂ ਕੁਝ ਸਤਰਾਂ ਯਾਦ ਆ ਰਹੀਆਂ ਹਨ- ‘ਮੇਰੇ ਦਿਲ ਦੇ ਕਿਸੇ ਕੋਨੇ ਵਿਚ ਮਾਸੂਮ ਜਿਹਾ ਬੱਚਾ ਬੈਠਾ ਹੈ ਜੋ ਵੱਡਿਆਂ ਨੂੰ ਦੇਖ ਕੇ ਵੱਡਾ ਹੋਣ ਤੋਂ ਡਰਦਾ ਹੈ।’ ਆਇੰਸਟਾਈਨ ਲਿਖਦਾ ਹੈ, “ਉਹ ਜੋ ਸੱਤਾ ਵਿਚ ਸਭ ਤੋਂ ਵੱਡੇ ਹੁੰਦੇ ਹਨ, ਉਹ ਪੂੰਜੀਪਤੀਆਂ ਦੀਆਂ ਧਮਕੀਆਂ ਦੇ ਜ਼ਰੀਏ ਜੰਗ ਦੇ ਕਹਿਰ ਦਾ ਇਸਤੇਮਾਲ ਕਰਕੇ ਸਿਆਸਤ ਵਿਚ ਅਜਿਹੇ ਬਦਲ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਦਾ ਸਿੱਧਾ ਅਸਰ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਦੇਣਾ ਹੈ।”ਆਇੰਸਟਾਈਨ ਨੇ ਦੂਜੇ ਸੰਸਾਰ ਯੁੱਧ ਤੋਂ ਬਾਅਦ ਆਪਣੇ ਇਕ ਮਹਿਮਾਨ ਤੋਂ ਪੁੱਛਿਆ ਸੀ ਕਿ ਜੇ ਅਗਲੀ ਜੰਗ ਹੋਈ ਤਾਂ ਕੀ ਇਨਸਾਨ ਵੀ ਧਰਤੀ ਤੋਂ ਖਤਮ ਹੋ ਸਕਦਾ ਹੈ? ਜੋ ਖ਼ਤਰਾ ਆਇੰਸਟਾਈਨ ਨੇ 1949 ਵਿਚ ਦੇਖਿਆ ਸੀ, ਉਹੀ ਅੱਜ ਸਭ ਦੇ ਸਿਰ ਉਪਰ ਮੰਡਰਾ ਰਿਹਾ ਹੈ। ਉਨ੍ਹਾਂ ਪ੍ਰਸਿੱਧ ਮੈਗਜ਼ੀਨ ‘ਮੰਥਲੀ ਰਿਵਿਊ’ ਵਿਚ ਲਿਖੇ ਲੇਖ ‘ਸਮਾਜਵਾਦ ਕਿਉਂ?’ ਵਿਚ ਲਿਖਿਆ, “ਕਿਸੇ ਵੀ ਚੀਜ਼ ਦਾ ਉਤਪਾਦਨ ਫਾਇਦੇ ਲਈ ਕੀਤਾ ਜਾਂਦਾ ਹੈ ਨਾ ਕਿ ਉਸ ਦੇ ਇਸਤੇਮਾਲ ਲਈ। ਇਹ ਪੂੰਜੀਵਾਦ ਦਾ ਸਿੱਧਾ ਸਿੱਧਾ ਅਸੂਲ ਹੈ, ਅਗਰ ਜੰਗ ਵੀ ਇਕ ਕਿਸਮ ਦਾ ਉਤਪਾਦਨ ਹੈ ਤਾਂ ਇਸ ਦਾ ਮਤਲਬ ਹੈ, ਇਹ ਵੀ ਫਾਇਦੇ ਲਈ ਹੀ ਕੀਤੀ ਜਾ ਰਹੀ ਹੈ। ਇਹ ਦੱਸਣ ਦੀ ਜ਼ਰੂਰਤ ਨਹੀਂ, ਕੌਣ ਇਸ ਦਾ ਲਾਭ ਉਠਾਏਗਾ ਪਰ ਜੰਗ ਇਨਸਾਨ ਨੂੰ ‘ਲੰਗੜਾ’ ਕਰ ਦਿੰਦੀ ਹੈ। ਇਸ ਵਿਚ ਕਿਸੇ ਵੀ ਇਨਸਾਨ ਦਾ ਹੱਕ ਖੋਹ ਲਿਆ ਜਾਂਦਾ ਹੈ। ਜੰਗ ਸਭ ਤੋਂ ਭਿਆਨਕ ਮਾਰ ਹੈ। ਜੰਗ ਹਮੇਸ਼ਾ ਹੀ ਕਿਸੇ ਮੁਲਕ ਉਪਰ ਧੌਂਸ ਦਿਖਾਉਣ ਦਾ ਜ਼ਰੀਆ ਹੈ। ਇਸ ਧੌਂਸ ਦੇ ਖਿ਼ਲਾਫ਼ ਬੱਚਿਆਂ ਨੂੰ ਸਿੱਖਿਆ ਦੇ ਪੱਧਰ ਤੇ ਆਪਣੀ ਪ੍ਰਤਿਭਾ ਨਿਖਾਰਨ ਅਤੇ ਦਿਖਾਉਣ ਦੇ ਮੌਕੇ ਮਿਲਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਅੰਦਰ ਜ਼ਿੰਮੇਵਾਰੀ ਦਾ ਅਹਿਸਾਸ ਹੋ ਸਕੇ।”

ਇਹੀ ਜ਼ਿੰਮੇਵਾਰੀ ਰੂਸ ਅਤੇ ਦੁਨੀਆ ਭਰ ਦੇ ਲੋਕਾਂ ਨੇ ਪੂਤਿਨ ਦਾ ਵਿਰੋਧ ਕਰਨ ਲਈ ਸੜਕਾਂ ਉਪਰ ਉਤਰ ਕੇ ਦਿਖਾਈ ਹੈ। ਸਾਨੂੰ ਉਸ ਨਰਸ ਦੇ ਬਾਰੇ ਪੜ੍ਹਾਇਆ ਗਿਆ ਸੀ ਜਿਸ ਨੇ ਯੁੱਧ ਵਿਚ ਸੈਨਿਕਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਸੈਨਿਕਾਂ ਦੀ ਵੀ ਜਿਹੜੇ ਦੂਜੀ ਧਿਰ ਵੱਲੋਂ ਲੜ ਰਹੇ ਸੀ। ਨੈਸ਼ਨਲ ਸਾਇੰਸ ਕਾਂਗਰਸ (1946) ਲਈ ਆਇੰਸਟਾਈਨ ਲਿਖਿਆ ਸੀ, “ਜੇ ਜੰਗ ਹੋਈ ਤਾਂ ਵਿਗਿਆਨੀਆਂ ਨੂੰ ਸਰਕਾਰ ਦੀ ਅਨੈਤਿਕ ਮੰਗ ਠੁਕਰਾ ਦੇਣੀ ਚਾਹੀਦੀ ਹੈ ਜਿਸ ਲਈ ਸਰਕਾਰ ਉਨ੍ਹਾਂ ਤੋਂ ਸਮਰਥਨ ਮੰਗਦੀ ਹੈ, ਭਾਵੇਂ ਉਹ ਮੰਗ ਕਾਨੂੰਨੀ ਕਿਉਂ ਨਾ ਹੋਵੇ। ਅਜਿਹਾ ਕਾਨੂੰਨ ਜੋ ਲਿਖਿਆ ਨਹੀਂ ਗਿਆ, ਉਹ ਹੈ ਸਾਡੀ ਜ਼ਮੀਰ ਦੀ ਆਵਾਜ਼ ਜਿਸ ਉਪਰ ਪਹਿਰੇਦਾਰੀ ਕਰਨੀ ਚਾਹੀਦੀ ਹੈ, ਭਾਵੇਂ ਸਮੇਂ ਦੇ ਹੁਕਮਰਾਨ ਅਤੇ ਪੂੰਜੀਪਤੀ ਲੱਖਾਂ ਤੁਹਮਤਾਂ ਲਗਾਉਂਦੇ ਰਹਿਣ।”ਅਜਿਹੇ ਮਾਮਲਿਆਂ ਵਿਚ ਆਇੰਸਟਾਈਨ ਦੁਨੀਆ ਦੇ ਬੇਤਾਜ ਬਾਦਸ਼ਾਹ ਬਣੇ ਰਹੇ। ਮੈਨੂੰ ਉਸ ਬੱਚੇ ਦੀ ਯਾਦ ਮੁੜ ਤਾਜ਼ਾ ਹੋ ਰਹੀ ਹੈ ਜਿਸ ਦੀ ਟੀ-ਸ਼ਰਟ ਉੱਤੇ ਲਿਖਿਆ ਸੀ- ਜੇ ਜੰਗ ਜਵਾਬ ਹੈ ਤਾਂ ਸਵਾਲ ਗ਼ਲਤ ਹੈ।ਇਸ ਸਤਰ ਵਿਚ ਹੀ ਸਾਰੀ ਦੁਨੀਆ ਨੂੰ ਸਮਝਦਾਰੀ ਦੇਣ ਦੀ ਸਮਰੱਥਾ ਹੈ।

 

ਡਾ. ਕੁਲਦੀਪ ਸਿੰਘ