ਵਿਆਹ ਜਾਂ ਜਹਾਜ ਦੀ ਟਿਕਟ

ਵਿਆਹ ਜਾਂ ਜਹਾਜ ਦੀ ਟਿਕਟ

ਅਸਲ ਵਿਚ ਮਨੁੱਖ ਮਾਨਸਿਕ ਤੌਰ ਤੇ ਇਹਨਾਂ ਕਮਜ਼ੋਰ ਹੋ ਗਿਆ ਹੈ

                        ਡਾ. ਜਗਮੋਹਨ ਸਿੰਘ

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿਚ ਹੋਣ ਵਾਲੀਆਂ ਗਤੀਵਿਧੀਆਂ ਅਤੇ ਉਹਨਾਂ ਗਤੀਵਿਧੀਆਂ ਦੇ ਪ੍ਰਭਾਵ ਮਨੁੱਖ ਦੇ ਸਿਰ ਹੀ ਪੈਂਦੇ ਹਨ। ਇਸ ਵਿਚਲੇ ਵਰਤਾਰਿਆਂ ਦਾ ਜਿੱਥੇ ਮਨੁੱਖ ਹੀ ਜਿੰਮੇਵਾਰ ਹੁੰਦਾ ਹੈ ਉੱਥੇ ਇਸ ਦੇ ਸਾਰਥਕ ਅਤੇ ਨਕਾਰਾਤਮਕ ਨਤੀਜਿਆਂ ਦਾ ਵੀ ਉਹ ਆਪ ਹੀ ਭਾਗੀਦਾਰ ਹੁੰਦਾ ਹੈ। ਸਮਾਜ ਗੁੰਝਲਦਾਰ ਸਮੱਸਿਆਵਾਂ ਦਾ ਸਮੂਹ ਹੈ। ਦੇਖਣਾ ਮਨੁੱਖ ਨੇ ਹੈ ਕਿ ਇਹਨਾਂ ਗੁੰਝਲ਼ਾਂ ਨੂੰ ਕਿਵੇ ਸੁਲਝਾਉਣਾ ਹੈ। ਅਸਲ ਵਿਚ ਮਨੁੱਖ ਮਾਨਸਿਕ ਤੌਰ ਤੇ ਇਹਨਾਂ ਕਮਜ਼ੋਰ ਹੋ ਗਿਆ ਹੈ ਕਿ ਉਸ ਵਿਚ ਆਪ ਫੈਸਲੇ ਲੈਣ ਦੀ ਯੋਗਤਾ ਘੱਟ ਗਈ ਹੈ। ਉਹ ਕੋਈ ਨਾ ਕੋਈ ਸਹਾਰਾ ਭਾਲਦਾ ਹੈ ਜਿਸ ਨਾਲ ਮਿਲ ਕੇ ਉਹ ਆਪਣੀ ਜ਼ਿੰਦਗੀ ਦੇ ਸਹੀ ਫੈਸਲੇ ਲੈ ਸਕੇ। ਪਰ ਕਈ ਵਾਰ ਇਹੀ ਕਰੀਬੀ ਉਹਨਾਂ ਲਈ ਸਮੱਸਿਆ ਦਾ ਕਾਰਨ ਬਣ ਜਾਂਦੇ ਹਨ। ਅਜੋਕਾ ਸਮਾਜ ਸੱਭਿਆਚਾਰਕ, ਨੈਤਿਕ ਕੀਮਤਾਂ ਨੂੰ ਛੱਡਦਾ ਜਾ ਰਿਹਾ ਹੈ। ਉਸ ਲਈ ਭੌਤਿਕ ਲੋੜਾਂ ਅਤੇ ਪੂੰਜੀਵਾਦੀ ਇੱਛਾਵਾਂ ਜ਼ਿਆਦਾ ਜਰੂਰੀ ਹੋ ਗਈਆਂ ਹਨ। ਉਸਦੀ ਪ੍ਰਾਪਤੀ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਭਾਵੇਂ ਉਹਨਾਂ ਨੂੰ ਆਪਣੇ ਬੱਚਿਆਂ ਤੱਕ ਦਾ ਸੌਦਾ ਕਿਉਂ ਨਾ ਕਰਨਾ ਪਵੇ। ਅਜਿਹੀ ਇਕ ਘਟਨਾ ਸਾਹਮਣੇ ਆਉਂਦੀ ਹੈ ਜਦੋਂ 19 ਕੁ ਸਾਲਾਂ ਦਾ ਇਕ ਲੜਕਾ ਇਸ ਲਈ ਆਤਮਦਾਹ ਕਰ ਲੈਂਦਾ ਹੈ ਕਿਉਂਕਿ ਜਿਸ ਲੜਕੀ ਨਾਲ ਉਸਦਾ ਵਿਆਹ ਹੋਇਆ ਸੀ। ਉਸਨੇ ਉਸਨੂੰ ਵਿਦੇਸ਼ ਨਹੀਂ ਬੁਲਾਇਆ ਸੀ। ਲਗਭਗ 40 ਲੱਖ ਰੁਪਏ ਉਹਨਾਂ ਨੇ ਉਸ ਕੁੜੀ ਦੇ ਬਾਹਰ ਜਾਣ 'ਤੇ ਖਰਚ ਕੀਤਾ ਸੀ। ਇਸ ਘਟਨਾ ਨੂੰ ਸੁਣ ਕੇ ਝਟਕਾ ਜਿਹਾ ਲੱਗਾ ਕਿ ਅਜਿਹਾ ਵਰਤਾਰਾ ਕਿਵੇਂ ਵਾਪਰ ਰਿਹਾ ਹੈ। ਇਸ ਦੇ ਪਿੱਛੇ ਕੀ ਕਾਰਨ ਹੋਇਆ ਕਿ ਬੱਚੇ ਨੂੰ ਆਤਮਹੱਤਿਆ ਦਾ ਰਾਹ ਚੁਣਨਾ ਪਿਆ।

          ਅਸਲ ਵਿਚ ਭਾਰਤੀ ਸਮਾਜ ਦੀ ਸਥਿਤੀ ਅਜਿਹੀ ਹੋ ਗਈ ਹੈ ਕਿ ਹਰ ਮਨੁੱਖ ਭਾਵੇਂ ਉਹ ਸਰਕਾਰੀ ਨੌਕਰੀ ਪੇਸ਼ਾ ਹੈ ਜਾਂ ਪ੍ਰਾਈਵੇਟ ਨੌਕਰੀ ਪੇਸ਼ਾ ਜਾਂ ਖੇਤੀਬਾੜੀ ਨਾਲ ਸੰਬੰਧਤ ਹੈ, ਉਹ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਸਮਝਦਾ। ਅਜਿਹਾ ਹੋਣ ਦਾ ਕਾਰਨ ਸਾਡੇ ਰਾਜਨੀਤਿਕ ਢਾਂਚੇ ਵਿਚ ਕਮੀਆਂ ਦੇ ਸਦਕਾ ਹੈ। ਇਹ ਸੰਵਾਦ ਦਾ ਅਲੱਗ ਵਿਸ਼ਾ ਹੈ। ਪਰ ਇਹ ਮੁੱਢਲਾ ਕਾਰਨ ਬਣਦਾ ਹੈ। ਮਨੁੱਖ ਨੇ ਆਪਣਾ ਆਸ਼ਿਆਨਾ, ਜਿਸਨੂੰ ਬੜੀਆਂ ਸੱਧਰਾਂ ਅਤੇ ਪਿਆਰ ਨਾਲ ਬਣਾਇਆ ਹੈ ਨੂੰ ਛੱਡ ਕੇ ਪਲਾਇਨ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਪਰ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਸਭ ਕੁਝ ਤਿਆਗ ਸਕਦਾ ਹੈ। ਅੱਜ-ਕੱਲ ਬੱਚਿਆਂ ਦਾ ਵਿਆਹ ਇਕ ਮਜਾਕ ਜਿਹਾ ਬਣ ਕੇ ਰਹਿ ਗਿਆ ਹੈ। ਬਾਹਰ ਜਾਣ ਲਈ ਜਲਦੀ ਤੋਂ ਜਲਦੀ ਕੋਰਟ ਮੈਰਿਜ ਅਤੇ ਕਹਿਣ ਉੱਪਰ ਲਾਵਾਂ ਜਾਂ ਫੇਰੇ, ਜਿਹੋ ਜਿਹੀਆਂ ਧਾਰਮਿਕ ਰਸਮਾਂ ਹਨ ਨਿਭਾਈਆਂ ਜਾਂਦੀਆਂ ਹਨ। ਪਰ ਅਸੀਂ ਆਪਣੇ ਧਰਮ ਦੀ ਸ਼ਰੀਅਤ ਨੂੰ ਮਜਾਕ ਸਮਝ ਲਇਆ ਹੈ। ਆਪਣੇ ਇਸ਼ਟ ਅਤੇ ਧਰਮ ਗ੍ਰੰਥਾਂ ਸਾਹਮਣੇ ਕੀਤੇ ਵਚਨ ਅਤੇ ਕੌਲ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੇ। ਬਸ ਮਤਲਬ ਹੱਲ ਹੋਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਸੰਵੇਦਨਾਵਾਂ ਜਾਂ ਭਾਵਨਾਵਾਂ ਦਾ ਕੋਈ ਸੰਬੰਧ ਨਹੀਂ ਹੈ। ਪਰ ਇਹ ਮੰਨਣਾ ਪਵੇਗਾ ਕਿ ਅਸੀਂ ਆਪਣੇ ਧਾਰਮਿਕ ਗੁਰੂਆਂ, ਧਾਰਮਿਕ ਗ੍ਰੰਥਾਂ ਅਤੇ ਧਾਰਮਿਕ ਅਕੀਦਿਆਂ ਤੋਂ ਕਿਨਾਰਾ ਕਰ ਰਹੇ ਹਾਂ। ਇਹ ਸਾਡੇ ਲਈ ਕੇਵਲ ਸੁੱਖਾਂ ਪੂਰੀਆਂ ਕਰਨ ਵਾਲਾ ਬਣ ਗਏ ਹਨ। ਇਸ ਲਈ ਅਸੀਂ ਗੁਰਦੁਆਰਿਆਂ, ਮੰਦਰਾਂ ਵਿਚ ਜਹਾਜ ਚੜਾਉਣ ਦੀ ਪਰੰਪਰਾ ਤੌਰ ਦਿੱਤੀ ਹੈ।

          ਅਜੋਕੇ ਸਮੇਂ ਜਦੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਮਾਪੇ ਆਪਣੇ ਬੱਚਿਆਂ ਦਾ ਵਿਆਹ ਕਰ ਰਹੇ ਹਨ। ਬੱਚਿਆਂ ਨੂੰ ਉਸ ਉਮਰ ਵਿਚ ਵਿਆਹ ਦੇ ਸਹੀ ਅਰਥਾਂ ਦਾ ਵੀ ਨਹੀਂ ਪਤਾ ਹੁੰਦਾ ਕਿ ਇਸ ਦਾ ਮਤਲਬ ਕੀ ਹੈ ਅਤੇ ਕੀ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਕੁਝ ਕੁ ਮਹੀਨੇ ਇਕੱਠੇ ਰਹਿਣ ਨਾਲ ਕਿਨਾ ਕੁ ਪਰਿਵਾਰ ਨਾਲ ਪਿਆਰ ਪੈਂਦਾ ਹੈ। ਕੇਵਲ ਪਰਿਵਾਰ ਅਤੇ ਪਰਿਵਾਰਕ ਰਿਸ਼ਤਿਆਂ ਬਾਰੇ ਜਾਣਕਾਰੀ ਹੋ ਜਾਂਦੀ ਹੈ। ਇਸ ਉਮਰ ਵਿਚ ਮਨ ਦੀ ਪਰਪੱਕਤਾ ਵੀ ਪੈਦਾ ਨਹੀਂ ਹੁੰਦੀ। ਭਾਵਨਾਵਾਂ ਅਤੇ ਸੰਵੇਦਨਾਵਾਂ ਦਾ ਪੈਦਾ ਹੋਣਾ ਇਹਨਾਂ ਸਰਲ ਨਹੀਂ ਹੁੰਦਾ। ਇਸ ਲਈ ਉਪਰੋਕਤ ਵਰਤਾਰੇ ਦਾ ਵਾਪਰਨਾ ਲਾਜ਼ਮੀ ਹੈ। ਇਸ ਦੀਆਂ ਜ਼ਿੰਮੇਵਾਰ ਦੋਵਾਂ ਧਿਰਾਂ ਦੇ ਪਰਿਵਾਰ ਅਤੇ ਉਹ ਵਿਚੋਲੇ ਹਨ ਜੋ ਆਪਣੇ ਲਾਲਚ ਲਈ ਲੋਕਾਂ ਨੂੰ ਫਸਾਉਂਦੇ ਹਨ ਅਤੇ ਸਬਜਬਾਗ ਦਿਖਾਉਂਦੇ ਹਨ। ਇਕ ਕੰਨਸਲਟੈਂਟ ਦੀ ਵਾਰਤਾ ਸੁਣੀ ਤੇ ਉਸਨੇ ਵੱਡੇ ਖੁਲਾਸੇ ਕਰਦੇ ਕਿਹਾ ਕਿ ਮੇਰੇ ਕੋਲ ਲੋਕ ਅਲੱਗ-ਅਲੱਗ ਕੁੜੀਆਂ ਦੀਆਂ ਪ੍ਰੋਫਾਈਲ਼ ਲੈ ਕੇ ਆਉਂਦੇ ਹਨ ਕਿ ਕਿਹੜੀ ਕੁੜੀ ਦਾ ਰਿਸ਼ਤਾ ਸਾਡੇ ਲੜਕੇ ਲਈ ਵਧੀਆ ਰਹੇਗਾ ਅਤੇ ਸਾਨੂੰ ਛੇਤੀ ਵੀਜਾ ਮਿਲ ਜਾਵੇਗਾ। ਸਮਾਜ ਨੇ ਇਹ ਕਿਹੋ ਜਿਹਾ ਰੁੱਖ ਅਖਤਿਆਰ ਕਰ ਲਿਆ ਹੈ। ਜਿੱਥੇ ਰਿਸ਼ਤੇ ਲਈ ਮਨੁੱਖ ਦੀ ਇਨ੍ਹੀ ਪੁੱਛ ਪੜਤਾਲ ਹੁੰਦੀ ਸੀ ਕਿ ਸਾਡੀ ਧੀ ਜਾਂ ਮੁੰਡੇ ਦੀ ਜ਼ਿੰਦਗੀ ਦਾ ਸਫਰ ਖੂਬਸੂਰਤ ਹੋਵੇ। ਮੰਨਿਆ ਜਾਂਦਾ ਸੀ ਕਿ ਜੇਕਰ ਜਾਣ-ਪਹਿਚਾਣ ਜਾਂ ਰਿਸ਼ਤੇਦਾਰੀ ਵਿਚੋਂ ਹੀ ਰਿਸ਼ਤਾ ਹੋ ਜਾਵੇ ਤਾਂ ਵਧੇਰੇ ਚੰਗਾ ਹੈ। ਪਰ ਪਿਆਰ ਦੀ ਬੁਨਿਆਦ ਨਾਲ ਬਣਨ ਵਾਲੇ ਰਿਸ਼ਤੇ ਜਹਾਜ ਦੀ ਟਿਕਟ ਬਣ ਕੇ ਰਹਿ ਗਏ ਹਨ। ਬਹੁਤਾਤ ਲੋਕਾਂ ਦਾ ਇਹ ਰੁਝਾਨ ਜਿੱਥੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਰਿਹਾ ਹੈ ਉੱਥੇ ਪਰਿਵਾਰ ਵੀ ਇਸ ਦੀ ਵਲਗਣਾ ਤੋਂ ਅਛੂਤਾ ਨਹੀਂ ਰਹਿੰਦਾ। ਕੀ ਕੇਵਲ ਲੜਕੀਆਂ ਹੀ ਪੜ੍ਹ ਸਕਦੀਆਂ ਹਨ? ਕੀ ਮੁੰਡੇ ਮਿਹਨਤ ਕਰਕੇ ਚੰਗੇ ਨੰਬਰ ਨਹੀਂ ਲੈ ਸਕਦੇ? ਉਹਨਾਂ ਦਾ ਕੰਮ ਕੇਵਲ ਆਸ਼ਕੀਆਂ, ਗੇੜੀਆਂ, ਬੁਲਟ ਮੋਟਰਸਾਈਕਲ, ਗੱਡੀਆਂ ਆਦਿ ਨਾਲ ਮਨੋਰੰਜਨ ਕਰਨਾ ਹੀ ਹੈ। ਲੋੜ ਹੈ ਆਪਣੇ ਇਸ਼ਟ ਵਿਸ਼ਵਾਸ਼ ਰੱਖਣ ਅਤੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦੀ, ਤਾਂ ਜੋ ਮਨ ਨੂੰ ਮਜ਼ਬੂਤ ਬਣਾਇਆ ਜਾ ਸਕੇ। ਮਨੁੱਖ ਨੂੰ ਆਪਣੇ ਅੰਦਰ ਦੀ ਸਮਰੱਥਾ ਨੂੰ ਜਗਾਉਣ ਅਤੇ ਉਸ ਤੋਂ ਪ੍ਰੇਰਿਤ ਆਤਮਵਿਸ਼ਵਾਸ਼ ਨਾਲ ਅੱਗੇ ਵਧਣਾ ਚਾਹੀਦਾ ਹੈ। ਨਹੀਂ ਅਜਿਹੇ ਵਰਤਾਰਿਆਂ ਦੀ ਲੜੀ ਨੂੰ ਤੋੜਨਾ ਮੁਸ਼ਕਲ ਹੋ ਜਾਵੇਗਾ।