ਭਾਰਤ ਵਿਚ ਬੱਚਿਆਂ ਦੀ ਹਾਲਤ ਤਰਸਯੋਗ 

ਭਾਰਤ ਵਿਚ ਬੱਚਿਆਂ ਦੀ ਹਾਲਤ ਤਰਸਯੋਗ 

ਬਾਲ ਮਨੋਵਿਗਿਆਨ

ਦਰਸ਼ਨ ਸਿੰਘ ਆਂਸ਼ਟ

ਪ੍ਰੋ. ਮੋਹਨ ਸਿੰਘ ਲਿਖਦਾ ਹੈ, 'ਬੱਚੇ ਜਿਹੇ ਨਾ ਮੇਵਾ ਡਿੱਠਾ, ਜਿੰਨਾ ਕੱਚਾ ਓਨਾ ਮਿੱਠਾ।' ਬੱਚੇ ਨੂੰ ਮਨੁੱਖੀ ਫੁਲਵਾੜੀ ਦੇ ਸਭ ਤੋਂ ਖ਼ੂਬਸੂਰਤ ਫੁੱਲ ਨਾਲ ਤੁਲਨਾਇਆ ਜਾਂਦਾ ਹੈ। ਮੁੱਢ ਕਦੀਮ ਤੋਂ ਹੀ ਮਨੁੱਖੀ ਵਿਕਾਸ ਦੀ ਯਾਤਰਾ ਬੱਚੇ ਦੇ ਮਾਧਿਅਮ ਦੁਆਰਾ ਹੀ ਅੱਗੇ ਵਧਦੀ ਆਈ ਹੈ। ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਦੇ ਮਾਹੌਲ ਵਿਚ ਬੱਚੇ ਦੀ ਪਰਵਰਿਸ਼ ਹੁੰਦੀ ਹੈ, ਉਸ ਦੀ ਕੋਮਲ ਮਾਨਸਿਕਤਾ ਉਸ ਮਾਹੌਲ ਦੇ ਪ੍ਰਭਾਵ ਨੂੰ ਗ੍ਰਹਿਣ ਕਰਦੀ ਹੈ। ਵਿਸ਼ਵ ਦੇ ਤਮਾਮ ਸਿੱਖਿਆ ਸ਼ਾਸਤਰੀਆਂ, ਮਨੋਵਿਗਿਆਨੀਆਂ, ਬਾਲ ਸਾਹਿਤ ਲਿਖਾਰੀਆਂ, ਚਿੰਤਕਾਂ ਅਤੇ ਬੱਚਿਆਂ ਪ੍ਰਤੀ ਸੰਵੇਦਨਸ਼ੀਲ ਹੋਰ ਬਹੁਪੱਖੀ ਧਿਰਾਂ ਦੀ ਸਰਬਸਾਂਝੀ ਧਾਰਣਾ ਇਹ ਹੈ ਕਿ ਬੱਚੇ ਦੀ ਮਾਨਸਿਕਤਾ ਰੂਪੀ ਕੋਰੀ ਸਲੇਟ ਉੱਪਰ ਜੋ ਇਕ ਵਾਰ ਉੱਕਰ ਦਿੱਤਾ ਜਾਂਦਾ ਹੈ, ਉਸ ਦਾ ਅਸਰ ਤਾ-ਉਮਰ ਰਹਿੰਦਾ ਹੈ।ਸੰਯੁਕਤ ਰਾਸ਼ਟਰ ਸੰਘ ਨੇ ਆਪਣੀ ਸਥਾਪਨਾ ਤੋਂ ਕੁਝ ਸਮੇਂ ਬਾਅਦ ਵਿਸ਼ਵ ਦੇ ਵੱਖ-ਵੱਖ ਮੁਲਕਾਂ ਨੂੰ ਇਹ ਸੁਝਾਅ ਦਿੱਤਾ ਸੀ ਕਿ ਬੱਚਿਆਂ ਦੀਆਂ ਵਿਆਪਕ ਸਮੱਸਿਆਵਾ ਦਾ ਹੱਲ ਕਰਨਾ ਚਾਹੀਦਾ ਹੈ ਅਤੇ ਸਾਲ ਵਿਚ ਕੋਈ ਵਿਸ਼ੇਸ਼ ਦਿਨ ਉਨ੍ਹਾਂ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ। ਸੰਘ ਦੀ ਇਸ ਅਪੀਲ ਦੇ ਮੱਦੇਨਜ਼ਰ ਭਾਰਤ ਨੇ ਵੀ ਇਸ ਸੁਝਾਅ ਨੂੰ ਸਵੀਕਾਰ ਕੀਤਾ। ਵਿਸ਼ਵ ਦੇ ਕਈ ਦੇਸ਼ਾਂ ਨੇ ਪਹਿਲੀ ਵਾਰ 5 ਨਵੰਬਰ, 1948 ਦੇ ਦਿਨ ਨੂੰ 'ਫੁੱਲ ਦਿਵਸ' ਮਨਾਉਣ ਦਾ ਵੀ ਐਲਾਨ ਕੀਤਾ। 

ਭਾਰਤ ਵਿਚ ਬੱਚਿਆਂ ਦੀ ਹਾਲਤ ਵੇਖੀ ਜਾਵੇ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਬੱਚਿਆਂ ਪ੍ਰਤੀ ਸਾਡਾ ਨਜ਼ਰੀਆ ਉਦਾਰਤਾ ਵਾਲਾ ਨਹੀਂ ਹੈ। ਆਰਥਿਕ ਦ੍ਰਿਸ਼ਟੀਕੋਣ ਤੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੀ ਹਾਲਤ ਤਾਂ ਹੋਰ ਵੀ ਤਰਸਯੋਗ ਹੈ। ਬਾਲ ਵਿਰੋਧੀ ਕਾਰਵਾਈਆਂ ਜਾਂ ਵਿਹਾਰ ਉਨ੍ਹਾਂ ਨੂੰ ਸਮਾਜਿਕ ਹਾਸ਼ੀਏ ਤੋਂ ਬਾਹਰ ਧੱਕ ਰਹੇ ਹਨ। ਭਾਰਤ ਵਿਚ ਬਾਲ ਮਜ਼ਦੂਰੀ ਦੀ ਤ੍ਰਾਸਦੀ ਹੰਢਾਅ ਰਹੇ ਲਗਭਗ 10 ਕਰੋੜ ਭਾਰਤੀ ਬੱਚਿਆਂ ਨੂੰ ਅਕਸਰ ਢਾਬਿਆਂ, ਹੋਟਲਾਂ, ਵੱਡੀਆਂ ਕੋਠੀਆਂ, ਰੇਹੜੀਆਂ, ਸੜਕਾਂ, ਕੋਇਲੇ ਦੀਆਂ ਖਾਣਾਂ, ਭੱਠਿਆਂ ਆਦਿ ਉੱਪਰ ਅਕਸਰ ਕੰਮ ਕਰਦੇ ਵੇਖਿਆ ਜਾ ਸਕਦਾ ਹੈ। ਭਾਵੇਂ ਕੇਂਦਰ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵਲੋਂ ਇਨ੍ਹਾਂ ਬਾਲਾਂ ਨੂੰ ਮਜ਼ਦੂਰੀ ਦੇ ਜੂਲੇ ਹੇਠੋਂ ਕੱਢ ਕੇ ਉਨ੍ਹਾਂ ਲਈ ਮੁੜ ਵਸੇਬੇ ਦੀਆਂ ਯੋਜਨਾਵਾਂ ਵੀ ਉਲੀਕੀਆਂ ਜਾਂਦੀਆਂ ਹਨ ਪ੍ਰੰਤੂ ਕਈ ਪ੍ਰਾਂਤਾਂ ਵਿਚ ਬਾਲ ਮਜ਼ਦੂਰਾਂ ਦੀ ਸਥਿਤੀ ਬਦ ਤੋਂ ਬਦਤਰ ਹੋ ਰਹੀ ਹੈ। ਸੁਪਨਿਆਂ ਦੇ ਧੁਆਂਖੇ ਜਾਣ ਕਾਰਨ ਇਨ੍ਹਾਂ ਬੱਚਿਆਂ ਵਿਚ ਨਿਰਾਸਤਾ, ਵਿਦਰੋਹ ਜਾਂ ਰੋਗੀ ਭਾਵਨਾਵਾਂ ਪੈਦਾ ਹੋ ਰਹੀਆਂ ਹਨ ਜੋ ਉਨ੍ਹਾਂ ਨੂੰ ਗ਼ਲਤ ਰਾਹ 'ਤੇ ਤੁਰਨ ਲਈ ਮਜਬੂਰ ਕਰ ਰਹੀਆਂ ਹਨ। ਇਸ ਵਿਚ ਮਾਨਸਿਕ ਅਤੇ ਸਰੀਰਕ ਸ਼ੋਸ਼ਣ, ਪਰਿਵਾਰਕ ਸਮੱਸਿਆਵਾਂ, ਵਿਚਾਰਕ ਗੁੰਝਲਾਂ, ਬੇਰੁਜ਼ਗਾਰੀ ਅਤੇ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਆਦਿ ਕਾਰਕ ਜ਼ਿੰਮੇਵਾਰ ਹਨ। ਹਾਲ ਵਿਚ ਹੀ ਕੌਮੀ ਅਪਰਾਧ ਰਿਕਾਰਡ ਬਿਊਰੋ ਵਲੋਂ ਪ੍ਰਾਪਤ ਹੋਏ ਅੰਕੜਿਆਂ ਦੇ ਹਵਾਲੇ ਨਾਲ ਸਾਲ 2020 ਵਿਚ ਭਾਰਤ ਵਿਚ 11396 ਬੱਚਿਆਂ ਵਲੋਂ ਆਤਮ-ਹੱਤਿਆ ਦੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 6004 ਲੜਕੀਆਂ ਅਤੇ 5392 ਲੜਕੇ ਹਨ। ਇਹ ਰੁਝਾਨ ਸਾਲ 2019 ਵਿਚ ਬੱਚਿਆਂ ਵਲੋਂ ਕੀਤੀਆਂ ਆਤਮ-ਹੱਤਿਆਵਾਂ ਦੇ ਮੁਕਾਬਲੇ 18 ਫੀਸਦੀ ਵੱਧ ਹੈ।

ਪੂੰਜੀਵਾਦੀ ਵਿਵਸਥਾ ਦਾ ਅਜਗਰ ਬੱਚਿਆਂ ਨੂੰ ਨਿਗਲ ਰਿਹਾ ਹੈ। ਬੱਚਿਆਂ ਦੀ ਤਸਕਰੀ ਸਮਾਜ ਦੇ ਮੱਥੇ ਉੱਪਰ ਕਲੰਕ ਹੈ। ਦਿੱਲੀ ਅਤੇ ਹੋਰ ਮਹਾਂਨਗਰਾਂ ਵਿਚੋਂ ਵੱਡੀ ਤਾਦਾਦ ਵਿਚ ਉਨ੍ਹਾਂ ਨੂੰ ਅਗਵਾ ਕਰਕੇ ਬੰਧੂਆ ਮਜ਼ਦੂਰ ਜਾਂ ਭਿਖਾਰੀ ਹੀ ਨਹੀਂ ਬਣਾਇਆ ਜਾਂਦਾ ਸਗੋਂ ਉਨ੍ਹਾਂ ਨੂੰ ਜਿਸਮ-ਫ਼ਰੋਸ਼ੀ ਦੇ ਘੋਰ ਹਨੇਰੇ ਵਿਚ ਵੀ ਧੱਕ ਦਿੱਤਾ ਜਾਂਦਾ ਹੈ। ਅਜਿਹੇ ਬੱਚਿਆਂ ਦੇ ਹੱਕਾਂ ਦੀ ਰਖਵਾਲੀ ਲਈ ਆਵਾਜ਼ ਬੁਲੰਦ ਕਰਨ ਵਾਲੇ ਮੱਧ ਪ੍ਰਦੇਸ ਦੇ ਸਮਾਜਸੇਵੀ ਕੈਲਾਸ਼ ਸਤਿਆਰਥੀ ਅਤੇ ਬੱਚਿਆਂ ਦੀ ਸਿੱਖਿਆ ਦੇ ਹੱਕ ਵਿਚ ਡਟਣ ਲਈ ਭਾਰੀ ਕੀਮਤ ਚੁਕਵਾਉਣ ਵਾਲੀ ਪਾਕਿਸਤਾਨੀ ਮੁਸਲਿਮ ਲੜਕੀ ਮਲਾਲਾ ਯੂਸਫ਼ਜ਼ੇਈ ਦਾ ਜ਼ਿਕਰ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹੈ। ਜਦੋਂ ਦੋਵਾਂ ਨੂੰ ਸਾਂਝੇ ਰੂਪ ਵਿਚ ਸਾਲ 2014 ਦਾ ਨੋਬਲ ਸ਼ਾਂਤੀ ਪੁਰਸਕਾਰ ਪ੍ਰਦਾਨ ਕਰਨ ਦਾ ਨਿਰਣਾ ਲਿਆ ਗਿਆ ਸੀ ਤਾਂ ਵਿਸ਼ਵ ਦਾ ਧਿਆਨ ਇਨ੍ਹਾਂ ਵੱਲ ਖਿੱਚਿਆ ਗਿਆ ਸੀ। ਸਤਿਆਰਥੀ ਨੇ ਭਾਰਤ ਦੇ 80, 000 ਬਾਲਕਾਂ ਨੂੰ ਬਾਲ ਮਜ਼ਦੂਰੀ ਦੀ ਜ਼ਿੱਲਤ ਵਿਚੋਂ ਬਾਹਰ ਕੱਢ ਕੇ ਉਨ੍ਹਾਂ ਦੇ ਚਿਹਰਿਆਂ ਉੱਪਰ ਮੁਸਕਾਨ ਲਿਆਂਦੀ, ਜਿਸ ਤੋਂ ਪ੍ਰਭਾਵਿਤ ਹੋ ਕੇ ਸੰਯੁਕਤ ਰਾਸ਼ਟਰ ਦੇ ਤਤਕਾਲੀ ਮੁਖੀ ਬਾਨ ਕੀ ਮੂਨ ਨੇ ਇਨ੍ਹਾਂ ਦੋਵਾਂ ਜਣਿਆਂ ਨੂੰ 'ਵਿਸ਼ਵ ਦੇ ਦੱਬੇ ਕੁਚਲੇ ਬੱਚਿਆਂ ਦੇ ਸਰਬੋਤਮ ਚੈਂਪੀਅਨ' ਦਾ ਖ਼ਿਤਾਬ ਵੀ ਪ੍ਰਦਾਨ ਕੀਤਾ ਅਤੇ ਸਮਾਜਿਕ ਸੰਸਥਾਵਾਂ ਨੂੰ ਬੱਚਿਆਂ ਪ੍ਰਤੀ ਵਧੇਰੇ ਤਵੱਜੋ ਦੇਣ ਦੀ ਅਪੀਲ ਵੀ ਕੀਤੀ।

ਵਿਸ਼ਵ ਵਿਚ ਵਾਪਰਦੀਆਂ ਕੁਦਰਤੀ ਜਾਂ ਗ਼ੈਰ ਕੁਦਰਤੀ ਤਬਦੀਲੀਆਂ ਵੀ ਬਾਲ ਮਾਨਸਿਕਤਾ ਉੱਪਰ ਡੂੰਘਾ ਅਸਰ ਪਾਉਂਦੀਆਂ ਰਹੀਆਂ ਹਨ। ਇਸ ਦੀ ਤਾਜ਼ਾ ਮਿਸਾਲ ਕੋਰੋਨਾ ਮਾਹਮਾਰੀ ਹੈ, ਜਿਸ ਨੇ ਲੰਮਾ ਅਰਸਾ ਸਕੂਲ ਬੰਦ ਰਹਿਣ ਅਤੇ ਸਮਾਜਿਕ ਇਕਾਂਤਵਾਸ ਕਾਰਨ ਬੱਚਿਆਂ ਦੀ ਮਾਸੂਮੀਅਤ ਅਤੇ ਕੋਮਲ ਮਾਨਸਿਕਤਾ ਨੂੰ ਵਲੂੰਧਰਿਆ ਹੈ। ਇਸ ਸਿਲਸਿਲੇ ਵਿਚ ਦਹਿਸ਼ਤ ਕਾਰਨ ਜੋ ਹੈਰਾਨੀਜਨਕ ਅਤੇ ਚਿੰਤਾਜਨਕ ਸਰਕਾਰੀ ਅੰਕੜੇ ਅਤੇ ਤੱਥ ਸਾਹਮਣੇ ਆਏ ਹਨ, ਉਨ੍ਹਾਂ ਅਨੁਸਾਰ ਦੇਸ਼ ਵਿਚ ਸਾਲ 2020 ਦੌਰਾਨ ਰੋਜ਼ਾਨਾ 31 ਬੱਚਿਆਂ ਨੇ ਆਤਮ-ਹੱਤਿਆ ਕੀਤੀ ਹੈ, ਜਿਸ ਦਾ ਬੁਨਿਆਦੀ ਕਾਰਨ ਕੋਰੋਨਾ ਮਹਾਂਮਾਰੀ ਹੀ ਹੈ। ਦੂਜੇ ਪਾਸੇ ਲਾਕਡਾਊਨ ਦੌਰਾਨ ਜਦੋਂ ਸਕੂਲ ਬੰਦ ਹੋਏ ਤਾਂ ਉਨ੍ਹਾਂ ਲਈ ਸੋਸ਼ਲ ਮੀਡੀਆ ਦੇ ਇਕ ਮਹੱਤਵਪੂਰਨ ਮਾਧਿਅਮ ਵਜੋਂ ਆਨਲਾਈਨ ਸਿੱਖਿਆ ਗ੍ਰਹਿਣ ਕਰਨਾ ਸੀ ਪ੍ਰੰਤੂ ਵਿਸ਼ੇਸ਼ ਕਰਕੇ ਪਿੰਡਾਂ ਵਿਚ ਰਹਿਣ ਵਾਲੇ ਲੱਖਾਂ ਸਕੂਲੀ ਵਿਦਿਆਰਥੀਆਂ ਲਈ ਇਹ ਪ੍ਰਣਾਲੀ ਬਹਤ ਜ਼ਿਆਦਾ ਕਾਰਗਰ ਜਾਂ ਉਪਯੋਗੀ ਇਸ ਕਰਕੇ ਨਹੀਂ ਰਹੀ ਹੈ ਕਿਉਂਕਿ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਲਈ ਕੰਪਿਊਟਰ ਜਾਂ ਮੋਬਾਈਲ ਆਦਿ ਬਿਜਲਈ ਮਾਧਿਅਮਾਂ ਦੀ ਸਹੂਲਤ ਨਹੀਂ ਸੀ, ਜਿਸ ਕਰਕੇ ਵੱਡੀ ਗਿਣਤੀ ਵਿਚ ਗ਼ਰੀਬ ਵਿਦਿਆਰਥੀ ਇਸ ਪ੍ਰਣਾਲੀ ਨਾਲ ਜੁੜ ਕੇ ਪੂਰਾ ਲਾਭ ਪ੍ਰਾਪਤ ਨਹੀਂ ਕਰ ਸਕੇ।

ਬੱਚਿਆਂ ਦਾ ਸਰੀਰਕ ਸ਼ੋਸ਼ਣ ਵੀ ਬਚਪਨ ਦੀ ਹਰੀ ਭਰੀ ਕਿਆਰੀ ਨੂੰ ਬੁਰੀ ਤਰ੍ਹਾਂ ਮਿੱਧ ਰਿਹਾ ਹੈ। ਆਏ ਦਿਨ ਮਾਸੂਮਾਂ ਨਾਲ ਹੁੰਦੇ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਵਿਚ ਹੋ ਰਿਹਾ ਵਾਧਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਸਾਡਾ ਸਮਾਜ ਇਨ੍ਹਾਂ ਕੋਮਲ ਫੁੱਲਾਂ ਦੀ ਰਖਵਾਲੀ ਪ੍ਰਤੀ ਕਿੰਨਾ ਕੁ ਸਜਗ ਅਤੇ ਸੰਜੀਦਾ ਹੈ। ਅਜਿਹੀ ਹਾਲਤ ਵਿਚ ਪ੍ਰਸਿੱਧ ਕਵੀ ਰਾਜੇਸ਼ ਰੈੱਡੀ ਦਾ ਇਹ ਸ਼ਿਅਰ ਉਸ ਮਾਸੂਮ ਬੱਚੇ ਦੀ ਆਵਾਜ਼ ਬਣ ਕੇ ਫ਼ਿਜ਼ਾ ਵਿਚ ਫ਼ੈਲ ਜਾਂਦਾ ਹੈ ਜੋ ਵੱਡਿਆਂ ਦੀ ਦੁਨੀਆ ਦੇਖ ਕੇ ਸਹਿਮਿਆ ਸਹਿਮਿਆ ਰਹਿੰਦਾ ਹੈ :

ਮੇਰੇ ਦਿਲ ਕੇ ਕਿਸੀ ਕੋਨੇ ਮੇਂ, ਏਕ ਮਾਸੂਮ ਸਾ ਬੱਚਾ

ਬੜੋਂ ਕੀ ਦੇਖਕਰ ਦੁਨੀਆ, ਬੜਾ ਹੋਨੇ ਸੇ ਡਰਤਾ ਹੈ।

ਬਾਲ ਮਨ ਚੰਚਲ ਹੁੰਦਾ ਹੈ। ਉਹ ਸਮਾਜ ਵਿਚ ਵਾਪਰਦੇ ਹਰ ਵਰਤਾਰੇ, ਸ਼ੈਅ, ਰੁਝਾਨ ਜਾਂ ਹਾਲਤਾਂ ਨੂੰ ਗਹੁ ਨਾਲ ਵਾਚਦਾ ਰਹਿੰਦਾ ਹੈ। ਸੋਸ਼ਲ ਮੀਡੀਆ ਨੇ ਬਚਪਨ ਨੂੰ ਹੱਦ ਤੋਂ ਵੀ ਪਰੇ ਆਪਣੀ ਗ੍ਰਿਫ਼ਤ ਵਿਚ ਜਕੜਿਆ ਹੋਇਆ ਹੈ। ਇੰਟਰਨੈੱਟ ਅਤੇ ਮੋਬਾਈਲ ਰਾਹੀਂ ਗ਼ਲਤ ਸਾਈਟਾਂ ਦਾ ਪ੍ਰਚਾਰ ਪ੍ਰਸਾਰ ਹੈ।ਬੱਚਿਆਂ ਦੀ ਮਾਨਸਿਕਤਾ ਨੂੰ ਟੈਲੀਵਿਜ਼ਨ ਦੇ ਵੱਖ-ਵੱਖ ਚੈਨਲਾਂ ਜਾਂ ਪ੍ਰੋਗਰਾਮਾਂ ਨੇ ਵੀ ਆਪਣੀ ਜਕੜ ਵਿਚ ਲਿਆ ਹੋਇਆ ਹੈ। ਅਸ਼ਲੀਲ ਫ਼ਿਲਮਾਂ ਅਤੇ ਸੈਕਸ ਟੁਆਇਜ਼ ਦੀ ਮੰਡਲੀ ਅੰਦਰਖ਼ਾਤੇ ਹੋਰ ਵਿਕਸਿਤ ਹੋ ਰਹੀ ਹੈ। ਉਸਾਰੂ ਪ੍ਰੋਗਰਾਮਾਂ ਜਾਂ ਚੈਨਲਾਂ ਦੀ ਬਜਾਏ ਪਬਜੀ ਅਤੇ ਕੁਝ ਹੋਰ ਖ਼ਤਰਨਾਕ ਕਾਰਟੂਨਾਂ ਅਤੇ ਵੀਡੀਓ ਖੇਡਾਂ ਨੇ ਕਿੰਨੇ ਬੱਚਿਆਂ ਦੀ ਬਲੀ ਲਈ ਹੈ ਜਾਂ ਜ਼ਖ਼ਮੀ ਕੀਤਾ ਹੈ, ਇਹ ਤੱਥ ਵੀ ਲੁਕੇ-ਛਿਪੇ ਨਹੀਂ ਹਨ। ਪੱਛਮੀ ਮੁਲਕ ਆਪਣੇ ਬੱਚਿਆਂ ਦੇ ਮਨੋਰੰਜਨ ਸਾਧਨਾਂ ਪੱਖੋਂ ਸਾਵਧਾਨ ਹਨ ਅਤੇ ਜ਼ਿੰਮੇਵਾਰ ਵੀ। ਉਨ੍ਹਾਂ ਦਾ ਬਾਲ ਸਾਹਿਤ ਅੰਧਵਿਸ਼ਵਾਸੀ, ਕਿਸਮਤਵਾਦੀ, ਰੂੜ੍ਹੀਵਾਦੀ ਅਤੇ ਦਕੀਆਨੂਸੀ ਸੋਚ ਤੋਂ ਪਰੇ ਹੈ, ਜਿਸ ਕਾਰਨ ਉਥੇ ਬੱਚੇ ਜੀਵਨ ਮੁੱਲਾਂ ਪ੍ਰਤੀ ਵਧੇਰੇ ਚੇਤੰਨ ਹਨ।ਸੋ, ਵਰਤਮਾਨ ਸਮੇਂ ਦੀ ਇਹ ਬੁਨਿਆਦੀ ਮੰਗ ਹੈ ਕਿ ਬਚਪਨ ਦੀ ਫੁਲਵਾੜੀ ਨੂੰ ਮਹਿਕਦਾ ਰੱਖਣ ਲਈ ਬੱਚਿਆਂ ਨੂੰ ਜਾਤ, ਧਰਮ, ਲਿੰਗ ਆਦਿ ਦੇ ਵਖਰੇਵਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਲਈ ਸਿੱਖਿਆ ਅਤੇ ਸਿਹਤ ਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਔਖੇ, ਭਾਰੇ ਅਤੇ ਗੁੰਝਲਦਾਰ ਸਿਲੇਬਸਾਂ ਅਤੇ ਟਿਊਸ਼ਨਾਂ ਦੇ ਬੋਝ ਤੋਂ ਮੁਕਤ ਕਰਕੇ ਉਸਾਰੂ ਵਾਤਾਵਰਨ ਵਿਚ ਵਧਣ-ਫੁੱਲਣ ਦੇ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ। ਜੇਕਰ ਬੱਚੇ ਦੇ ਚਿਹਰੇ 'ਤੇ ਮੁਸਕਾਨ ਕਾਇਮ ਰਹੇਗੀ ਤਾਂ ਯਕੀਨਨ ਸਾਡਾ ਸਮਾਜ ਬਹੁਪੱਖੀ ਵਿਕਾਸ ਦੀਆਂ ਮੰਜ਼ਿਲਾਂ ਤੈਅ ਕਰਦਾ ਜਾਵੇਗਾ, ਜਿਸ ਉੱਪਰ ਆਉਣ ਵਾਲੀਆਂ ਪੀੜ੍ਹੀਆਂ ਮਾਣ ਮਹਿਸੂਸ ਕਰਨਗੀਆਂ।