ਚਮਕੌਰ ਦਾ ਸਾਕੇ ਤੋਂ ਸਰਹਿੰਦ ਦੀ ਦੀਵਾਰ ਤੱਕ

ਚਮਕੌਰ ਦਾ ਸਾਕੇ ਤੋਂ ਸਰਹਿੰਦ ਦੀ ਦੀਵਾਰ ਤੱਕ

ਸੰਸਾਰ ਦੇ ਇਤਿਹਾਸ ਦੇ ਸੰਦਰਭ ਨਾਤੇ...

ਪੰਜਾਬ ਦੇ ਇਤਿਹਾਸ ਵਿੱਚ ਦਸੰਬਰ ਮਹੀਨੇ ਦਾ ਪਿਛਲਾ ਪੰਦਰਵਾੜਾ ਵਿਸ਼ੇਸ਼ ਸਥਾਨ ਰੱਖਦਾ ਹੈ। ਇਨ੍ਹੀਂ ਦਿਨੀਂ ਹੀ ਇੱਕ ਪਿਤਾ ਦੇ ਚਾਰ ਪੁੱਤਰ ਕੌਮ ਤੇ ਧਰਮ ਲਈ ਆਪਾ ਵਾਰ ਗਏ ਸਨ। ਇਨ੍ਹਾਂ ਵਿਚੋਂ ਵੱਡੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ, ਜਿਨ੍ਹਾਂ ਚਮਕੌਰ ਦੇ ਮੈਦਾਨ-ਏ-ਜੰਗ ਵਿੱਚ ਆਪਣੀ ਤਲਵਾਰ ਦੇ ਜੌਹਰ ਵਿਖਾਏ ਤੇ ਛੋਟੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਸਨ, ਜਿਨ੍ਹਾਂ ਨੇ ਸੂਬਾ ਸਰਹੰਦ ਵੱਲੋਂ ਦਿੱਤੇ ਦੁਨਿਆਵੀ ਲਾਲਚਾਂ ਨੂੰ ਠੁਕਰਾਉਂਦਿਆਂ ਆਪਣੇ ਧਰਮ ਪ੍ਰਤਿ ਆਸਥਾ ਨੂੰ ਠੇਸ ਨਹੀਂ ਪੁੱਜਣ ਦਿੱਤੀ। ਇਸ ਘਟਨਾਵਲੀ ਦਾ ਅਰੰਭ ਮਈ 1704 ਈ. ਵਿੱਚ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਟਿਕਾਣੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਤੋਂ ਹੁੰਦਾ ਹੈ। ਜਦ ਦੁਸ਼ਮਣ ਆਪਣੀ ਸੈਨਾ ਨਾਲ ਸਿੰਘਾਂ ਨੂੰ ਦਬਕਾਉਣ ਵਿੱਚ ਸਫ਼ਲ ਨਾ ਹੋਇਆ ਤਾਂ ਉਸ ਨੇ ਇਕ ਪਾਸੇ ਨਗਰ ਵਿੱਚ ਜਾਣ ਵਾਲੇ ਪਾਣੀ ਦੇ ਸਰੋਤ ਨੂੰ ਰੋਕ ਦਿੱਤਾ ਅਤੇ ਦੂਜੇ ਪਾਸੇ ਕੁਰਾਨ ਤੇ ਦੇਵੀ ਦੇ ਨਾਂ ਉੱਤੇ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭਰੋਸਾ ਦਿਵਾਇਆ ਕਿ ਜੇ ਉਹ ਕਿਲ੍ਹਾ ਖਾਲੀ ਕਰ ਜਾਣ ਤਾਂ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਦੇ ਦਿੱਤਾ ਜਾਵੇਗਾ।  ਗੁਰੂ ਗੋਬਿੰਦ ਸਿੰਘ ਆਪਣੇ ਪਰਿਵਾਰ ਅਤੇ ਸਿੱਖ ਸੈਨਾ ਨਾਲ ਅਜੇ ਅਨੰਦਪੁਰ ਤੋਂ ਬਹੁਤੀ ਦੂਰ ਨਹੀਂ ਪਹੁੰਚੇ ਸਨ ਕਿ ਦੁਸ਼ਮਣ ਨੇ ਪਿੱਛਿਓਂ ਹਮਲਾ ਕਰ ਦਿੱਤਾ। ਗੁਰੂ ਜੀ ਨੇ ਰਣਨੀਤਿਕ ਪੈਂਤੜੇ ਵਜੋਂ ਸਿੰਘਾਂ ਦੇ ਤਿੰਨ ਜਥਿਆਂ ਨੂੰ ਵੱਖ-ਵੱਖ ਸਥਾਨਾਂ ’ਤੇ ਤੈਨਾਤ ਕੀਤਾ ਹੋਇਆ ਸੀ। ਉਨ੍ਹਾਂ ਜਥਿਆਂ ਨੇ ਦੁਸ਼ਮਣ ਨੂੰ ਉਲਝਾਈ ਰੱਖਿਆ ਜਿਸ ਦੌਰਾਨ ਗੁਰੂ ਗੋਬਿੰਦ ਸਿੰਘ, ਉਨ੍ਹਾਂ ਦਾ ਪਰਿਵਾਰ ਤੇ ਕੁਝ ਸਿੰਘ ਸਰਸਾ ਨਦੀ ਤਕ ਪਹੁੰਚ ਗਏ ਪਰ ਇਸ ਹਫੜਾ-ਦਫੜੀ ਵਿੱਚ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਵੱਡੇ ਦੋਵੇਂ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ, ਛੋਟੇ ਸਾਹਿਬਜ਼ਾਦੇ ਆਪਣੀ ਦਾਦੀ ਮਾਤਾ ਗੁਜਰੀ ਜੀ    ਨਾਲ ਅਤੇ ਗੁਰੂ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਜੀਤੋ ਜੀ ਭਾਈ ਮਨੀ ਸਿੰਘ ਦੇ ਨਾਲ ਸਨ। ਦੋਵਾਂ ਮਾਤਾਵਾਂ ਨੂੰ ਭਾਈ ਮਨੀ ਸਿੰਘ ਦਿੱਲੀ ਲੈ ਗਏ,   ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਉਨ੍ਹਾਂ ਦਾ ਰਸੋਈਆ ਗੰਗੂ ਆਪਣੇ ਪਿੰਡ ਖੇੜੀ ਲੈ ਗਿਆ ਅਤੇ ਵੱਡੇ ਸਾਹਿਬਜ਼ਾਦੇ ਗੁਰੂ ਜੀ ਦੇ ਨਾਲ ਚਮਕੌਰ ਪੁੱਜੇ। ਹੋਰ ਚਾਲੀ ਸਿੰਘ ਵੀ ਇਸ ਜਥੇ ਵਿੱਚ ਸ਼ਾਮਲ ਸਨ।

ਗੁਰੂ ਜੀ ਜਾਣਦੇ ਸਨ ਕਿ ਦੁਸ਼ਮਣ ਸੈਨਾ ਉਨ੍ਹਾਂ ਦਾ ਪਿੱਛਾ ਕਰਦੀ ਆ ਰਹੀ ਹੈ, ਇਸ ਲਈ ਉਨ੍ਹਾਂ ਚਮਕੌਰ ਦੀ ਇਕ ਕੱਚੀ ਗੜ੍ਹੀ ਵਿੱਚ ਮੋਰਚੇ ਲਾ ਲਏ। ਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਤੀਰ, ਗੋਲੀਆਂ ਆਦਿ ਵੰਡ ਕੇ ਉਨ੍ਹਾਂ ਨੂੰ ਚੁਫੇਰੇ ਨਜ਼ਰ ਰੱਖਣ ਲਈ ਆਖਿਆ। ਇਉਂ ਇੱਥੇ ਉਹ ਅਸਾਵੀਂ ਜੰਗ ਲੜੀ ਗਈ, ਜਿਥੇ ਇਕ ਪਾਸੇ ਕੱਚੀ ਗੜ੍ਹੀ ਵਿੱਚ ਗਿਣਤੀ ਦੇ ਚਾਲੀ ਸਿੰਘ ਸਨ ਅਤੇ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਦੁਸ਼ਮਣ ਸੈਨਾ। ਜਿਉਂ ਹੀ ਦੁਸ਼ਮਣ ਗੜ੍ਹੀ ਦੇ ਨੇੜੇ ਆਉਂਦਾ, ਗੁਰੂ ਜੀ ਤੇ ਸਿੰਘ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦਿੰਦੇ। ਜਦ ਤੀਰ ਅਤੇ ਗੋਲੀਆਂ ਖ਼ਤਮ ਹੋ ਗਏ ਤਾਂ ਗੁਰੂ ਜੀ ਤੋਂ ਆਗਿਆ ਲੈ ਕੇ ਸਿੰਘ ਛੋਟੀਆਂ-ਛੋਟੀਆਂ ਟੋਲੀਆਂ ਵਿੱਚ ਗੜ੍ਹੀ ਤੋਂ ਬਾਹਰ ਜਾ ਕੇ ਦੁਸ਼ਮਣ ਉੱਤੇ ਹਮਲਾਵਰ ਹੋਏ। ਗੜ੍ਹੀ ਉੱਤੇ ਖੜ੍ਹ ਕੇ ਸਿੰਘਾਂ ਦੀ ਸੂਰਬੀਰਤਾ ਨੂੰ ਵੇਖ ਅਜੀਤ ਸਿੰਘ ਨੇ ਗੁਰੂ-ਪਿਤਾ ਅੱਗੇ ਜੰਗ ਦੇ ਮੈਦਾਨ ਵਿੱਚ ਜਾਣ ਦੀ ਬੇਨਤੀ ਕੀਤੀ। ਗੁਰੁ ਜੀ ਨੇ ਮੱਥਾ ਚੁੰਮ ਕੇ ਉਨ੍ਹਾਂ ਨੂੰ ਛਾਤੀ ਨਾਲ ਲਾਇਆ ਤੇ ਹੱਥੀਂ ਜੰਗ ਦੇ ਮੈਦਾਨ ਵਿੱਚ ਤੋਰਿਆ। ਵੱਡੇ ਵੀਰ ਨੂੰ ਬਹਾਦਰੀ ਨਾਲ ਜੂਝਦਿਆਂ ਵੇਖ ਛੋਟੇ ਸਾਹਿਬਜ਼ਾਦੇ ਦੇ ਮਨ ਵਿੱਚ ਵੀ ਉਤਸ਼ਾਹ ਉਤਪੰਨ ਹੋਇਆ ਤਾਂ ਉਨ੍ਹਾਂ ਨੇ ਵੀ ਗੁਰੂ-ਪਿਤਾ ਨੂੰ ਬੇਨਤੀ ਕੀਤੀ, ‘‘ਦਿਹੋ ਆਗਿਆ ਪਿਤਾ ਜੀ ਮੇਰੇ ਤਾਈਂ, ਜਾਵਾਂ ਜੰਗ ਅੰਦਰ ਲਲਕਾਰ ਕਰ ਕੇ।’’ ਇਹ ਬੇਨਤੀ ਸੁਣ ਕੇ ਗੁਰੂ ਜੀ ਖੁਸ਼ ਹੋਏ ਅਤੇ ਉਨ੍ਹਾਂ ਨੂੰ ਵੀ ਜੰਗ ਦੇ ਮੈਦਾਨ ਵਿੱਚ ਜਾਣ ਦੀ ਇਜਾਜ਼ਤ ਦੇ ਦਿੱਤੀ। ਚਮਕੌਰ ਦੀ ਜੰਗ ਦਾ ਮਹੱਤਵ ਇਸ ਕਾਰਨ ਨਹੀਂ ਕਿ ਭੋਜਨ ਅਤੇ ਅਸਲੇ ਤੋਂ ਵਿਹੀਨ ਚਾਲੀ ਸਿੰਘਾਂ, ਦੋਵਾਂ ਸਾਹਿਬਜ਼ਾਦਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੁਸ਼ਮਣ ਫੌਜ ਦਾ ਬੇਮਿਸਾਲ ਬਹਾਦਰੀ ਨਾਲ ਮੁਕਾਬਲਾ ਕੀਤਾ, ਸਗੋਂ ਇੱਕ ਬਾਪ ਵੱਲੋਂ ਆਪਣੇ ਜਿਗਰ ਦੇ ਟੋਟਿਆਂ ਨੂੰ ਸਾਹਮਣੇ ਖੜ੍ਹੀ ਮੌਤ ਵੱਲ ਆਪ ਤੋਰ ਕੇ ਹਉਕੇ ਲੈਣ ਦੀ ਥਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਕਰਕੇ ਵੀ ਹੈੇ।ਇਨ੍ਹਾਂ ਦੋਵਾਂ ਸਾਹਿਬਜ਼ਾਦਿਆਂ ਦੀ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਤੋਂ ਕੁੱਝ ਹੀ ਦਿਨ ਪਿੱਛੋਂ ਸਰਹੰਦ ਦਾ ਸਾਕਾ ਵਰਤਿਆ।

ਸਰਸਾ ਨਦੀ ’ਤੇ ਗੁਰੂ ਜੀ ਦੇ ਮੁੱਖ ਜਥੇ ਤੋਂ ਵਿਛੜੀ ਮਾਤਾ ਗੁਜਰੀ, ਸਿਆਲ ਦੀ ਠੰਢੀ ਠਾਰ ਰਾਤ ਵਿੱਚ ਵਗ ਰਹੀ ਠੱਕੇ ਦੀ ਹਵਾ, ਨਦੀ ਪਾਰ ਕਰਨ ਸਮੇਂ ਭਿੱਜੇ ਕੱਪੜੇ ਅਤੇ ਚਾਰ-ਚੁਫੇਰੇ ਹਰਲ-ਹਰਲ ਕਰਦੇ ਦੁਸ਼ਮਣਾਂ ਤੋਂ ਬਾਲਾਂ ਨੂੰ ਬਚਾ ਕੇ ਕਿਸੇ ਸੁਰੱਖਿਅਤ ਟਿਕਾਣੇ ਲੈ ਜਾਣ ਬਾਰੇ ਸੋਚ ਹੀ ਰਹੀ ਸੀ ਕਿ ਗੁਰੂੁ ਘਰ ਦਾ ਰਸੋਈਆ ਗੰਗੂ ਆ ਗਿਆ। ਉਸ ਨੇ ਮਾਤਾ ਗੁਜਰੀ ਨੂੰ ਧਰਵਾਸ ਦਿੰਦਿਆਂ ਆਖਿਆ, ‘‘ਏਥੋਂ ਥੋੜ੍ਹੇ ਹੀ ਕੋਹਾਂ ’ਤੇ ਪਿੰਡ ਮੇਰਾ, ਓਹ ਤਾਂ ਸਮਝ ਤੂੰ ਆਪਣਾ ਘਰ ਮਾਈ।’’ ਡੁੱਬਦੇ ਨੂੰ ਤਿਣਕੇ ਦਾ ਸਹਾਰਾ, ਮਾਤਾ ਗੁਜਰੀ ਨੇ ਉਸ ਨਾਲ ਜਾਣ ਦੀ ਸਹਿਮਤੀ ਦੇ ਦਿੱਤੀ। ਮਾਤਾ ਗੁਜਰੀ ਕੋਲ ਦੌਲਤ ਵੇਖ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਘਰ ਪਹੁੰਚ ਕੇ ਉਸ ਨੇ ਪਹਿਲਾਂ ਧਨ ਕਾਬੂ ਕੀਤਾ ਅਤੇ ਫਿਰ ਉਨ੍ਹਾਂ ਬਾਰੇ ਮੋਰਿੰਡੇ ਦੇ ਮੁਗ਼ਲ ਹਾਕਮ ਪਾਸ ਜਾ ਮੁਖਬਰੀ ਕੀਤੀ। ਮੋਰਿੰਡੇ ਦੇ ਹਾਕਮਾਂ ਨੇ ਮਾਤਾ ਗੁਜਰੀ ਜੀ ਅਤੇ ਦੋਵਾਂ ਬਾਲ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਕੋਲ ਪਹੁੰਚਾਉਣ ਵਿੱਚ ਦੇਰ ਨਾ ਲਾਈ। ਚਮਕੌਰ ਦੀ ਗੜ੍ਹੀ ਵਿਚੋਂ ਨਿਕਲ ਕੇ ਮਾਲਵੇ ਵੱਲ ਨੂੰ ਜਾ ਰਹੇ ਗੁਰੂ ਗੋਬਿੰਦ ਸਿੰਘ ਦਾ ਪਿੱਛਾ ਕਰਨਾ ਛੱਡ ਕੇ ਵਜ਼ੀਰ ਖਾਂ ਸੂਬਾ ਸਰਹੰਦ ਰਾਜਧਾਨੀ ਪਰਤਿਆ ਤਾਂ ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕਰਨ ਦਾ ਹੁਕਮ ਹੋਇਆ। ਸਾਹਿਬਜ਼ਾਦਿਆਂ ਉਪਰ ਮੁਸਲਮਾਨ ਬਣਨ ਲਈ ਜ਼ੋਰ ਪਾਇਆ ਗਿਆ ਪਰ ਉਹ ਨਾ ਮੰਨੇ। ਫਿਰ ਲਾਲਚ ਦਿੱਤੇ ਗਏ ਪਰ ਫਿਰ ਵੀ ਦੋਵਾਂ ਸਾਹਿਬਜ਼ਾਦਿਆਂ ਨੂੰ ਧਰਮ ਪਰਿਵਰਤਨ ਲਈ ਮਨਾ ਨਾ ਸਕੇ। ਆਖਰ ਦੋਵਾਂ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣਵਾ ਦਿੱਤਾ ਗਿਆ। ਸ਼ਹੀਦੀ ਮੌਕੇ ਸਾਹਿਬਜ਼ਾਦਿਆਂ ਦੀ ਉਮਰ ਕ੍ਰਮਵਾਰ ਨੌਂ ਸਾਲ ਅਤੇ ਸੱਤ ਸਾਲ ਸੀ ਅਤੇ ਇਉਂ ਉਹ ਵਿਸ਼ਵ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹੋਏ ਹਨ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦੁਖਦਾਈ ਸੂਚਨਾ ਮਿਲੀ ਤਾਂ  ਮਾਤਾ ਗੁਜਰੀ ਦੇ ਪ੍ਰਾਣ ਪੰਖੇਰੂ ਵੀ ਉਡਾਰੀ ਮਾਰ ਗਏ। ਚਮਕੌਰ ਸਾਹਿਬ ਅਤੇ ਸਰਹਿੰਦ ਵਿੱਚ ਵਾਪਰੀਆਂ ਇਨ੍ਹਾਂ ਦੋਵਾਂ ਅਦੁੱਤੀ ਘਟਨਾਵਾਂ ਦੀ ਮਹੱਤਤਾ ਦ੍ਰਿੜਾਉਣ ਲਈ ਵਿਦਵਾਨ ਖੋਜੀ ਕਾਫਿਰ ਵੱਲੋਂ ਆਪਣੀ ਪੁਸਤਕ ‘ਸਿੱਖ ਇਤਿਹਾਸਕਾਰੀ ਵਿੱਚ ਤੁਕਾਕਾਰੀ’ ਵਿੱਚ ਲਿਖੇ ਇਹ ਸ਼ਬਦ ਵਿਚਾਰਨਯੋਗ ਹਨ, ‘ਅਨੰਦਪੁਰ ਛੱਡਣ ਤੋਂ ਲੈ ਕੇ ਚਮਕੌਰ ਅਤੇ ਸਰਹਿੰਦ ਵਾਲੇ ਸਾਕੇ, ਇਕ ਹਫ਼ਤੇ ਦੇ ਬੜੇ ਸੰਖੇਪ ਸਮੇਂ ’ਚ ਵਾਪਰਦੇ ਆ, ਮਗਰ ਸਾਕਿਆਂ ’ਚ ਸਮੋਇਆ ਇਤਿਹਾਸ ਸੰਖੇਪ ਨਹੀਂ, ਸਗੋਂ ਅਤਿ ਵਿਸ਼ਾਲ ਏ - ਸੰਘਣਾ ਵੀ। ਸੰਸਾਰ ਦੇ ਇਤਿਹਾਸ ਦੇ ਸੰਦਰਭ ਨਾਤੇ ਵੀ, ਖਾਸ ਕਰ ਕੇ ਚਮਕੌਰ ਦੀ ਅਜੋੜ ਜੰਗ ਅਤੇ ਸਰਹਿੰਦ ਵਿਚਲੀ ਸ਼ਹੀਦੀ ਦਾ ਤੋੜ, ਸ਼ਾਇਦ, ਕਿਧਰੇ ਨਹੀਂ ਮਿਲਦਾ।’(ਪੰਨਾ 69)

 

ਗੁਰਦੇਵ ਸਿੰਘ ਸਿੱਧੂ (ਡਾ.)