ਅਮਰ ਸ਼ਹੀਦ ਬਾਬਾ ਦੀਪ ਸਿੰਘ  ਜੀ

ਅਮਰ ਸ਼ਹੀਦ ਬਾਬਾ ਦੀਪ ਸਿੰਘ  ਜੀ

ਇਤਿਹਾਸਕ ਦਿਹਾੜਾ

ਬਲਵਿੰਦਰ ਸਿੰਘ ਕੋਟਕਪੂਰਾ

94171-85565

ਮਹਾਨ ਸਿੱਖ ਯੋਧਾ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈਸਵੀ ਨੂੰ ਪਿੰਡ ਪਹੁਵਿੰਡ, ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮਾਤਾ ਜਿਊਣੀ ਜੀ ਤੇ ਭਾਈ ਜਗਤ ਜੀ ਦੇ ਘਰ ਹੋਇਆ। ਬਚਪਨ 'ਚ ਮਾਤਾ-ਪਿਤਾ ਉਨ੍ਹਾਂ ਨੂੰ ਪਿਆਰ ਨਾਲ 'ਦੀਪਾ' ਕਹਿ ਕੇ ਬੁਲਾਉਂਦੇ ਸਨ। 18 ਸਾਲ ਦੀ ਉਮਰ ਵਿਚ ਆਪ ਆਪਣੇ ਮਾਤਾ-ਪਿਤਾ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਆਏ ਤੇ ਇੱਥੇ ਹੀ ਗੁਰੂ ਸਾਹਿਬ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਉਹ ਦੀਪਾ ਤੋਂ ਦੀਪ ਸਿੰਘ ਬਣੇ।ਸਭ ਤੋਂ ਪਹਿਲਾਂ ਬਾਬਾ ਜੀ ਨੇ ਗੁਰਮੁੱਖੀ ਅੱਖਰਾਂ ਦਾ ਗਿਆਨ ਹਾਸਲ ਕੀਤਾ। ਇਸ ਉਪਰੰਤ ਆਪ ਨੇ ਮਹਾਨ ਸਿੱਖ ਵਿਦਵਾਨ ਭਾਈ ਮਨੀ ਸਿੰਘ ਜੀ ਪਾਸੋਂ ਬਾਣੀ ਦਾ ਗਿਆਨ ਲਿਆ ਤੇ ਬਾਣੀ ਕੰਠ ਕਰਨ ਲੱਗੇ। 20-22 ਸਾਲ ਦੀ ਉਮਰ 'ਚ ਹੀ ਬਾਬਾ ਦੀਪ ਸਿੰਘ ਜੀ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਪ੍ਰਾਪਤ ਕਰ ਕੇ ਸੂਰਬੀਰ ਸੈਨਿਕ ਬਣ ਗਏ। ਬਾਬਾ ਦੀਪ ਸਿੰਘ ਜੀ ਨੂੰ ਜਦੋਂ ਵੀ ਕਿਸੇ ਸਿੱਖ ਜਾਂ ਮਜ਼ਲੂਮ 'ਤੇ ਅੱਤਿਆਚਾਰ ਦੀ ਖ਼ਬਰ ਮਿਲਦੀ ਤਾਂ ਆਪ ਸਾਰੇ ਕੰਮ ਛੱਡ ਕੇ ਜ਼ਾਲਮਾਂ ਦੀ ਸੁਧਾਈ ਕਰਦੇ ਤੇ ਗ਼ਰੀਬਾਂ-ਮਜ਼ਲੂਮਾਂ ਦੀ ਰਾਖੀ ਦਾ ਪ੍ਰਬੰਧ ਕਰਦੇ। ਸੰਨ 1709 ਵਿਚ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਜ਼ਾਲਮਾਂ ਨੂੰ ਸੋਧਣ ਲਈ ਪੰਜਾਬ ਵੱਲ ਆਏ ਤਾਂ ਬਾਬਾ ਦੀਪ ਸਿੰਘ ਜੀ ਨੇ ਸਰਹਿੰਦ ਅਤੇ ਸਢੌਰਾ ਵਿਖੇ ਉਨ੍ਹਾਂ ਨਾਲ ਮਿਲ ਕੇ ਖ਼ਾਲਸਾ ਫ਼ੌਜ ਦੀਆਂ ਜਿੱਤਾਂ ਵਿਚ ਅਹਿਮ ਭੂਮਿਕਾ ਨਿਭਾਈ। ਸੰਨ 1756 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਮੁਗ਼ਲਾਨੀ ਬੇਗ਼ਮ ਦੇ ਸੱਦੇ 'ਤੇ ਹਿੰਦੁਸਤਾਨ ਉੱਪਰ ਚੌਥਾ ਹਮਲਾ ਕੀਤਾ ਤਾਂ ਉਸ ਨੇ ਅਤਿਆਚਾਰਾਂ ਦੀ ਹੱਦ ਹੀ ਪਾਰ ਕਰ ਦਿੱਤੀ। ਅਹਿਮਦ ਸ਼ਾਹ ਅਬਦਾਲੀ ਦੀ ਫ਼ੌਜ ਨੂੰ ਹਰ ਮੁਹਾਜ਼ 'ਤੇ ਸਿੱਖਾਂ ਦਾ ਸਾਹਮਣਾ ਕਰਨਾ ਪਿਆ ਤੇ ਖ਼ਾਲਸਾ ਫ਼ੌਜ ਨੇ ਉਸ ਦਾ ਭਾਰੀ ਨੁਕਸਾਨ ਕੀਤਾ।

ਉਸ ਵੱਲੋਂ ਬੰਦੀ ਬਣਾਈਆਂ ਭਾਰਤੀ ਔਰਤਾਂ ਨੂੰ ਆਜ਼ਾਦ ਕਰਵਾਇਆ ਤੇ ਉਸ ਦਾ ਖ਼ਜ਼ਾਨਾ ਖੋਹ ਲਿਆ। ਅਹਿਮਦ ਸ਼ਾਹ ਅਬਦਾਲੀ ਵਤਨ ਪਰਤਣ ਵੇਲੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਬਣਾ ਗਿਆ ਤੇ ਆਪਣੇ ਫ਼ੌਜਦਾਰ ਜਹਾਨ ਖ਼ਾਂ ਨੂੰ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਸਖ਼ਤ ਹਦਾਇਤ ਦੇ ਗਿਆ।ਤੈਮੂਰ ਸ਼ਾਹ ਤੇ ਜਹਾਨ ਖ਼ਾਂ ਦੀਆਂ ਫ਼ੌਜਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਨੇਸਤੋਨਾਬੂਦ ਕਰਨ ਦੇ ਨਾਲ-ਨਾਲ ਦਰਬਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਨੂੰ ਢਹਿ-ਢੇਰੀ ਕਰਨ ਦੇ ਨਾਲ ਪਵਿੱਤਰ ਸਰੋਵਰ ਨੂੰ ਮਲਬੇ ਨਾਲ ਪੂਰ ਦਿੱਤਾ ਤੇ ਗੁਰੂ ਘਰ ਦਾ ਰੱਜ ਕੇ ਨਿਰਾਦਰ ਕੀਤਾ।ਜਹਾਨ ਖ਼ਾਂ ਜਦ ਭਾਰੀ ਫ਼ੌਜ ਲੈ ਕੇ ਅੰਮ੍ਰਿਤਸਰ ਪੁੱਜਾ ਤਾਂ ਬਾਬਾ ਗੁਰਬਖ਼ਸ਼ ਸਿੰਘ ਜੀ (ਪਿੰਡ ਲੀਲ ਵਾਲੇ) ਨੇ 30 ਕੁ ਸਾਥੀਆਂ ਨਾਲ ਉਸ ਦਾ ਡਟ ਕੇ ਮੁਕਾਬਲਾ ਕੀਤਾ ਤੇ ਸਾਰੇ ਸਿੰਘ ਸ਼ਹੀਦ ਹੋ ਗਏ। ਜਹਾਨ ਖ਼ਾਂ ਨੇ ਸ਼ਹਿਰ ਦੇ ਸਾਰੇ ਵਸਦੇ-ਰਸਦੇ ਮਕਾਨ ਢਾਹ ਦਿੱਤੇ ਅਤੇ ਪਵਿੱਤਰ ਸਰੋਵਰ ਤੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਵੀ ਗਿਰਾ ਕੇ ਸਖ਼ਤ ਫ਼ੌਜੀ ਪਹਿਰਾ ਲਾ ਕੇ ਵਾਪਸ ਲਾਹੌਰ ਪਰਤ ਗਿਆ। ਅੰਮ੍ਰਿਤਸਰ ਸ਼ਹਿਰ ਵਿਚ ਜਹਾਨ ਖ਼ਾਂ ਦੇ ਜ਼ੁਲਮਾਂ ਨਾਲ ਹਾਹਾਕਾਰ ਮਚ ਗਈ।

ਬਾਬਾ ਦੀਪ ਸਿੰਘ ਜੀ ਉਸ ਸਮੇਂ ਸ੍ਰੀ ਦਮਦਮਾ ਸਾਹਿਬ ਵਿਖੇ ਸਨ। ਇਕ ਸਿੱਖ ਜਥੇਦਾਰ ਭਾਗ ਸਿੰਘ ਨੇ ਉੱਥੇ ਪਹੁੰਚ ਕੇ ਸਾਰੀ ਘਟਨਾ ਦੱਸੀ ਤਾਂ ਬਾਬਾ ਦੀਪ ਸਿੰਘ ਜੀ ਦਾ ਖ਼ੂਨ ਉਬਾਲੇ ਮਾਰਨ ਲੱਗਾ। ਉਨ੍ਹਾਂ ਨੇ ਨਗਾਰਚੀ ਨੂੰ ਨਗਾਰੇ 'ਤੇ ਚੋਟ ਲਗਾਉਣ ਦਾ ਹੁਕਮ ਦਿੱਤਾ। ਨਗਾਰੇ 'ਤੇ ਚੋਟ ਵੱਜਣ ਨਾਲ ਡੇਰੇ ਤੇ ਨਗਰ ਦੇ ਸਾਰੇ ਸਿੰਘ ਇਕੱਤਰ ਹੋ ਗਏ। ਬਾਬਾ ਦੀਪ ਸਿੰਘ ਨੇ ਪਵਿੱਤਰ ਹਰਿਮੰਦਰ ਸਾਹਿਬ ਤੇ ਸਰੋਵਰ ਦੀ ਬੇਅਦਬੀ ਦਾ ਬਦਲਾ ਲੈਣ ਲਈ ਸਿੰਘਾਂ ਸਾਹਮਣੇ ਆਪਣੇ ਖੰਡੇ ਨਾਲ ਲਕੀਰ ਖਿੱਚੀ ਤੇ ਕਿਹਾ ਕਿ ਜੋ ਸਿੱਖ ਅਣਖ ਤੇ ਸਿੱਖੀ ਦੀ ਸ਼ਾਨ ਲਈ ਲਈ ਮੌਤ ਦੀ ਲੜਾਈ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ, ਉਹ ਲਕੀਰ ਟੱਪ ਆਵੇ। ਬਾਬਾ ਜੀ ਦੀ ਲਲਕਾਰ ਸੁਣ ਸਣ ਕੇ ਸਾਰੇ ਸਿੰਘ ਲਕੀਰ ਟੱਪ ਕੇ ਉਨ੍ਹਾਂ ਵਾਲੇ ਪਾਸੇ ਆ ਗਏ। ਤਰਨਤਾਰਨ ਸਾਹਿਬ ਪੁੱਜਣ ਤਕ ਸਿੰਘਾਂ ਦੀ ਗਿਣਤੀ ਪੰਜ ਹਜ਼ਾਰ ਦੇ ਕਰੀਬ ਹੋ ਗਈ। ਸਿੰਘਾਂ ਦੇ ਇਕੱਠ ਦੀ ਖ਼ਬਰ ਲਾਹੌਰ ਦਰਬਾਰ ਵਿਚ ਵੀ ਪੁੱਜੀ। ਜਹਾਨ ਖ਼ਾਂ ਨੂੰ ਆਪਣੇ ਹੱਥਾਂ-ਪੈਰਾਂ ਦੀ ਪੈ ਗਈ। ਉਹ 2000 ਫ਼ੌਜ ਲੈ ਕੇ ਅੰਮ੍ਰਿਤਸਰ ਪੁੱਜਾ। ਅੰਮ੍ਰਿਤਸਰ ਤੋਂ ਪੰਜ ਮੀਲ ਦੀ ਦੂਰੀ 'ਤੇ ਸਿੰਘਾਂ ਦੇ ਦਲ ਦਾ ਜਹਾਨ ਖ਼ਾਂ ਦੀ ਫ਼ੌਜ ਨਾਲ ਟਾਕਰਾ ਹੋਇਆ। ਸਿੰਘਾਂ ਨੇ ਖ਼ੂਬ ਖੰਡਾ ਖੜਕਾਇਆ ਤੇ ਜਹਾਨ ਖ਼ਾਂ ਦੀ ਫ਼ੌਜ 'ਚ ਭਗਦੜ ਮੱਚ ਗਈ।ਮੱਲਾਂ ਮਾਰਦਾ ਸਿੰਘਾਂ ਦਾ ਦਲ ਰਾਮਸਰ ਵਿਖੇ ਪੁੱਜਾ। ਇੰਨੇ ਨੂੰ ਇਹ ਹੋਰ ਸ਼ਾਹੀ ਜਰਨੈਲ ਅਤਾਈ ਖ਼ਾਨ ਫ਼ੌਜ ਲੈ ਕੇ ਆਣ ਪੁੱਜਾ ਤੇ ਇਕ ਵਾਰੀ ਫਿਰ ਘਮਸਾਣ ਦਾ ਯੁੱਧ ਸੁਰੂ ਹੋ ਗਿਆ। ਇਸ ਵੇਲੇ ਬਾਬਾ ਦੀਪ ਸਿੰਘ ਜੀ 18 ਸੇਰ ਦਾ ਖੰਡਾ ਖੜਕਾਉਦੇ ਵੈਰੀਆਂ ਨੂੰ ਸਦਾ ਦੀ ਨੀਂਦ ਸੁਲਾਉਂਦੇ ਹੋਏ ਅੱਗੇ ਵੱਧ ਰਹੇ ਸਨ। ਦੁਸ਼ਮਣ ਫ਼ੌਜ ਦੇ ਇਕ ਜਰਨੈਲ ਅਮਾਨ ਖ਼ਾਂ ਦਾ ਬਾਬਾ ਜੀ ਨਾਲ ਸਾਹਮਣਾ ਹੋਇਆ। ਇਸ ਦੌਰਾਨ ਉਸ ਦੀ ਤਲਵਾਰ ਦਾ ਇਕ ਵਾਰ ਬਾਬਾ ਜੀ ਦੀ ਧੌਣ ਉੱਪਰ ਲੱਗਾ ਤੇ ਬਾਬਾ ਜੀ ਦਾ ਸਿਰ ਇਕ ਪਾਸੇ ਵੱਲ ਉਲਟ ਪਿਆ। ਇਕ ਸਿੱਖ ਨੇ ਆਵਾਜ਼ ਮਾਰੀ, 'ਬਾਬਾ ਜੀ! ਤੁਸੀਂ ਤਾਂ ਸੀਸ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਦੇਣ ਦਾ ਪ੍ਰਣ ਕੀਤਾ ਸੀ।' ਸਿੱਖ ਦੀ ਆਵਾਜ਼ ਕੰਨੀਂ ਪੈਣ 'ਤੇ ਬਾਬਾ ਜੀ ਨੇ ਆਪਣਾ ਸੀਸ ਖੱਬੇ ਹੱਥ ਨਾਲ ਸੰਭਾਲਿਆਂ ਤੇ ਖੰਡਾ ਵਾਹੁੰਦੇ ਹੋਏ ਚਾਟੀਵਿੰਡ ਤਕ ਪਹੁੰਚ ਗਏ। ਦੁਸ਼ਮਣਾਂ ਦੇ ਘੇਰੇ 'ਚ ਜਕੜੇ ਹੋਏ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਆਪਣਾ ਸੀਸ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਭੇਟ ਕਰ ਦਿੱਤਾ। ਬਾਬਾ ਜੀ ਸਿੱਖ ਧਰਮ ਤੇ ਸ੍ਰੀ ਦਰਬਾਰ ਸਾਹਿਬ ਦੀ ਆਨ-ਬਾਨ-ਸ਼ਾਨ ਨੂੰ ਕਾਇਮ ਰੱਖਣ ਲਈ 11 ਨਵੰਬਰ 1760 ਨੂੰ ਸ਼ਹਾਦਤ ਦਾ ਜਾਮ ਪੀ ਗਏ।