ਬਰਬਾਦੀ ਦਾ ਮਨਜੂਰਸ਼ੁਦਾ ਰਾਹ, ਸਰਕਾਰੀ ਸੱਟਾ !

ਕ੍ਰਿਕਟ ਦੇ ਸੱਟੇ ਦੇ ਨਾਲ-ਨਾਲ ਸਰਕਾਰ ਵੱਲੋਂ ਟ੍ਰੇਡਿੰਗ ਸੱਟੇ
ਆਈ ਪੀ ਐਲ ਦੇ ਚਲਦੇ ਮੈਚਾਂ ਵਿੱਚ ਕਈ ਦਿਨਾਂ ਤੋਂ ਵਾਰ-ਵਾਰ ਇਕੋ ਤਰਾਂ ਦੀਆਂ ਮਸ਼ਹੂਰੀਆਂ ਵੇਖ-ਵੇਖ ਕੇ ਉਤਸੁਕ ਮੇਰੇ ਭਤੀਜੇ ਨੇ ਮੈਨੂੰ ਪੁੱਛਿਆ, "ਚਾਚਾ, ਆਹ ਡ੍ਰੀਮ ਇਲੈਵਨ, ਐਮ ਪੀ ਐਲ, ਅੱਪਸਟੋਕ ਇਹ ਕਿਸ ਚੀਜ਼ ਦੀਆਂ ਮਸ਼ਹੂਰੀਆਂ ਨੇਂ ? ਧੋਨੀ, ਕੋਹਲੀ, ਰੋਹਿਤ ਸ਼ਰਮਾ ਹੁਰੀਂ ਤੇ ਨਾਲੇ ਸਾਰੇ ਵੱਡੇ-ਵੱਡੇ ਹੀਰੋ-ਹੀਰੋਈਨਾਂ ਵੀ ਆਹਂਦੇ ਨੇ ਇਹ ਤਾਂ ਕੰਮ ਈ ਬੜਾ ਤਕੜਾ ਏ"। ਮੈਂ ਕਿਹਾ,"ਯਾਰ, ਇਹ ਜੂਆ-ਸੱਟਾ ਹੈ। ਮੂਰਖ ਲੋਕ ਜਲਦੀ ਅਮੀਰ ਬਣਨ ਦੇ ਚੱਕਰ ਵਿੱਚ ਇਹਨਾਂ ਕੰਪਨੀਆਂ ਦੇ ਜਾਲ ਵਿੱਚ ਫੱਸ ਕੇ ਆਪਣਾ ਮਿਹਨਤ ਨਾਲ ਕਮਾਇਆ ਪੈਸਾ ਵੀ ਬਰਬਾਦ ਕਰ ਲੈਂਦੇ ਨੇਂ"। "ਚਾਚਾ, ਇਵੇਂ ਥੋੜੀ ਹੋ ਸਕਦਾ ਏ, ਮੈਂ ਪਰਸੋਂ ਸੁਸਾਇਟੀ ਆਲੇ ਗਰਾਉਂਡ 'ਚ ਕ੍ਰਿਕਟ ਖੇਡ ਰਿਹਾ ਸੀ ਤੇ ਉੱਥੇ ਹੀ ਪਿੱਛਲੇ ਪਾਸੇ ਭੋਲੇ ਹੁਰੀਂ ਤਾਸ਼ ਖੇਡਦੇ ਸੀ, ਇਕਦਮ ਨਾਲ ਪੁਲਸ ਦੀ ਗੱਡੀ ਆਈ ਤੇ ਥਾਣੇਦਾਰ ਨੇ ਪਹਿਲਾਂ ਤਾਂ ਤਾਸ਼ ਖੇਡਦਿਆਂ ਸਾਰਿਆਂ ਦੀ ਸਾਡੇ ਸਾਹਮਣੇ ਈ ਰੇਲ ਬਣਾਈ ਤੇ ਨਾਲੇ ਉਹਨਾਂ ਨੂੰ ਥਾਣੇ ਲੈ ਗਏ। ਪੁਲਸ ਆਲੇ ਕਹਿੰਦੇ ਸੀ ਜੂਆ ਖੇਡਣਾ ਜੁਰਮ ਏ, ਫੇਰ ਇਹਨਾਂ ਕੰਪਨੀਆਂ ਨੂੰ ਸਰਕਾਰ ਕਿਉਂ ਨਹੀਂ ਫੜਦੀ। ਇੰਨੇ ਵੱਡੇ-ਵੱਡੇ ਮਸ਼ਹੂਰ ਤੇ ਇਜ਼ੱਤਦਾਰ ਲੋਕ ਜੂਏ ਦੀ ਮਸ਼ਹੂਰੀ ਥੋੜੀ ਕਰਨਗੇ, ਨਾਲੇ ਤੁਸੀਂ ਆਪ ਈ ਤਾਂ ਕਹਿੰਦੇ ਓ, ਸਾਡੇ ਦੇਸ਼ 'ਚ ਕਾਨੂੰਨ ਦਾ ਰਾਜ ਏ"। ਹੁਣ ਮੇਰੇ ਕੋਲ ਕੋਈ ਜਵਾਬ ਨਹੀਂ ਸੀ, ਮੈਂ ਉਹਨੂੰ ਕਿਵੇਂ ਦੱਸਦਾ ਕਿ ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਇੱਥੇ ਨਹਿਰ ਤੋਂ ਟੰਬਾ ਵੱਢਣ ਵਾਲੇ ਨੂੰ ਤਾਂ ਥਾਣੇ ਸੁੱਟ ਦਿੱਤਾ ਜਾਂਦਾ ਏ ਜਦਕਿ ਟਰੱਕਾਂ ਦੇ ਟਰੱਕ ਸਰਕਾਰੀ ਲੱਕੜ ਵੇਚਣ ਵਾਲਿਆਂ ਨੂੰ ਸਲੂਟ ਵੱਜਦੇ ਨੇ, ਮੈਂ ਨਮੋਸ਼ੀ ਜਿਹੀ ਮੰਨਦਿਆਂ, ਨੀਂਦ ਦਾ ਬਹਾਨਾ ਲਾ ਕੇ ਕਿਸੇ ਤਰਾਂ ਭਤੀਜੇ ਦੇ ਸਵਾਲਾਂ ਤੋਂ ਖਹਿੜਾ ਛੁਡਾ ਲਿਆ ਪਰ ਲੋਕਾਂ ਨੂੰ ਸ਼ਰੇਆਮ ਜੂਏ ਰਾਹੀਂ ਲੁੱਟਣ ਵਿੱਚ ਸਾਥ ਦੇ ਰਹੀਆਂ ਸਰਕਾਰਾਂ ਤੇ ਇਸ ਸੱਟੇ ਲਈ ਮਸ਼ਹੂਰੀ ਰਾਹੀਂ ਆਮ ਲੋਕਾਂ ਨੂੰ ਬੇਸ਼ਰਮੀ ਨਾਲ ਉਕਸਾਉਣ ਵਾਲੀਆਂ ਸਾਡੇ ਦੇਸ਼ ਦੀਆਂ ਵੱਡੀ-ਵੱਡੀ ਹਸਤੀਆਂ ਕੋਲ ਵੀ ਕੋਈ ਜਵਾਬ ਏ ?
ਸਰਕਾਰ ਵੱਲੋਂ ਇਸ ਤਰਾਂ ਦੇ ਜੂਏ-ਸੱਟੇ ਨੂੰ ਸਰਕਾਰੀ ਮਾਨਤਾ ਦੇਣਾ, ਦੇਸ਼ ਨੂੰ ਵਿਕਾਸ ਦੀ ਰਾਹ ਤੇ ਲਿਜਾਣ ਦੀ ਬਜਾਏ ਸ਼ਰੇਆਮ ਵਿਨਾਸ਼ ਦੀ ਰਾਹ ਤੇ ਲਿਜਾ ਰਿਹਾ ਏ। ਬੜੀ ਹੀ ਸ਼ਰਮ ਦੀ ਗੱਲ ਏ ਕਿ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਜਿੰਨਾਂ ਖਿਡਾਰੀਆਂ ਨੂੰ ਆਪਣਾ ਆਦਰਸ਼ ਮੰਨਦੀ ਏ, ਸਾਡੇ ਦੇਸ਼ ਦੀ ਕ੍ਰਿਕਟ ਦੀ ਰਾਸ਼ਟਰੀ ਟੀਮ ਦਾ ਕਪਤਾਨ ਤੇ ਟੀਮ ਦੇ ਲਗਭਗ ਸਾਰੇ ਨਾਮੀ ਖਿਡਾਰੀ ਪੈਸਿਆਂ ਦੇ ਲਾਲਚ 'ਚ ਟੈਲੀਵਿਜ਼ਨ ਤੇ ਆ ਕੇ ਸ਼ਰੇਆਮ ਇਸ ਸੱਟੇ ਨੂੰ ਪ੍ਰਮੋਟ ਕਰਦੇ ਨੇ। ਮੈਂ ਪਿੱਛਲੇ ਹਫਤੇ ਇਕ ਅਧਿਆਪਕ ਭੈਣ ਦੀ ਭਾਵੁਕ ਕਹਾਣੀ ਲਿਖੀ ਸੀ, ਜਿਸਦੇ ਗੁਰਦੇ ਖਰਾਬ ਹੋ ਚੁੱਕੇ ਸਨ, ਜੋ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਗਈ ਸੀ। ਕੱਲ੍ਹ ਮੈਨੂੰ ਮੱਧ ਪ੍ਰਦੇਸ਼ ਤੋਂ ਇੱਕ ਸ਼ਖਸ ਦਾ ਫੋਨ ਆਇਆ ਕਿ ਮੈਂ ਗੁਰਦਾ ਦੇ ਸਕਦਾ ਹਾਂ ਪਰ ਪੈਸੇ ਲਵਾਂਗਾ, ਮੈਂ ਇਨਕਾਰ ਕਰਦੇ ਹੋਏ ਉਸ ਤੋਂ ਗੁਰਦਾ ਵੇਚਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਸੱਟੇ ਵਿੱਚ ਆਪਣਾ ਸਭ ਕੁੱਝ ਬਰਬਾਦ ਕਰ ਬੈਠਾ ਹੈ ਤੇ ਉਸ ਕੋਲ ਹੁਣ ਕੋਈ ਚਾਰਾ ਨਹੀਂ ਏ। ਦਰਅਸਲ ਇਹ ਸੱਟਾ ਵੀ ਇਕ ਖਤਰਨਾਕ ਨਸ਼ਾ ਏ, ਜਿਸ ਵਿੱਚ ਪਿਆ ਬੰਦਾ ਚਾਹ ਕੇ ਵੀ ਛੱਡ ਨ੍ਹੀਂ ਸਕਦਾ ਕਿਉਂਕਿ ਜਿੱਤਣ ਵਾਲਾ ਹੋਰ ਜਿੱਤਣ ਦੇ ਲਾਲਚ ਵਿੱਚ ਤੇ ਹਾਰਨ ਵਾਲਾ ਆਪਣੇ ਘਾਟੇ ਪੂਰੇ ਕਰਨ ਲਈ ਇਸ ਗੰਦੇ ਚੱਕਰਵਿਊ 'ਚ ਫੱਸ ਜਾਂਦਾ ਹੈ।
ਕ੍ਰਿਕਟ ਦੇ ਸੱਟੇ ਦੇ ਨਾਲ-ਨਾਲ ਸਰਕਾਰ ਵੱਲੋਂ ਟ੍ਰੇਡਿੰਗ ਸੱਟੇ ਨੂੰ ਵੀ ਚੋਰਮੋਰੀ ਰਾਹੀਂ ਦਿੱਤੀ ਮਾਨਤਾ ਬਹੁਤ ਹੀ ਚਿੰਤਾਜਨਕ ਹੈ। ਟ੍ਰੇਡਿੰਗ ਸੱਟੇ ਕਾਰਨ ਲੱਖਾਂ ਘਰ ਬਰਬਾਦ ਹੋ ਚੁੱਕੇ ਹਨ। ਹਰੇਕ ਸ਼ਹਿਰ-ਮੰਡੀ ਵਿੱਚ 'ਡੱਬੇ' ਦੇ ਨਾਮ ਤੋਂ ਮਸ਼ਹੂਰ ਇਸ ਸੱਟੇ ਵਿੱਚ ਫੱਸ ਕੇ ਬਰਬਾਦ ਹੋ ਕੇ ਅਣਗਿਣਤ ਲੋਕ ਆਤਮਹੱਤਿਆ ਤੀਕ ਕਰ ਚੁੱਕੇ ਨੇ। ਹੁਣ ਇਸ ਗੋਰਖਧੰਦੇ ਨੂੰ ਮਾਨਤਾ ਦੇਣਾ ਤਾਂ ਬਹੁਤ ਹੀ ਖਤਰਨਾਕ ਸਿੱਧ ਹੋਵੇਗਾ। ਦਰਅਸਲ ਇਸ ਸੱਟੇ ਵਿੱਚ ਲੋਕ ਸੋਨਾ, ਚਾਂਦੀ ਜਾਂ ਹੋਰ ਧਾਤਾਂ ਤੇ ਹੋਰ ਬਹੁਤ ਸਾਰੀਆਂ ਵਸਤਾਂ ਦੀਆਂ ਯੂਨਿਟਾਂ ਖਰੀਦਣ-ਵੇਚਣ ਵਿੱਚ ਲੱਗੇ ਰਹਿੰਦੇ ਹਨ। ਜਿਸ ਨੂੰ ਪਹਿਲੇ ਹਿਲੇ ਹੀ ਰਗੜਾ ਲੱਗ ਜਾਵੇ, ਉਹ ਤਾਂ ਟਿੱਕ ਜਾਂਦਾ ਏ ਪਰ ਜਿਸ ਨੂੰ ਪਹਿਲਾਂ ਕੁੱਝ ਆ ਜਾਵੇ ਉਹ ਲਾਲਚ ਵਿੱਚ ਆ ਜਾਂਦਾ ਏ ਤੇ ਅਖੀਰ ਆਪਣਾ ਸਭ ਕੁੱਝ ਬਰਬਾਦ ਕਰਨ ਤੋਂ ਬਾਅਦ ਮਰ ਕੇ ਹੀ ਖਹਿੜਾ ਛੁਡਾਉਂਦਾ ਏ। ਇਸ ਟ੍ਰੇਡਿੰਗ ਸੱਟੇ ਨੇ ਮੇਰਾ ਇਕ ਪੂਰੀ ਤਰਾਂ ਨਾਲ ਖੁਸ਼ਹਾਲ ਤੇ ਭੋਲਾ-ਭਾਲਾ ਨਜ਼ਦੀਕੀ ਰਿਸ਼ਤੇਦਾਰ, ਆਪਣੇ ਜਾਲ ਵਿੱਚ ਲੈ ਕੇ ਬਰਬਾਦ ਕਰਨ ਤੋਂ ਬਾਅਦ ਸਾਡੇ ਕੋਲੋਂ ਹਮੇਸ਼ਾ ਲਈ ਖੋਹ ਲਿਆ ਹਾਲਾਂਕਿ ਵੇਖਣ ਨੂੰ ਤਾਂ ਇਹ ਆਤਮਹੱਤਿਆ ਸੀ ਪਰ ਅਸਲ ਵਿੱਚ ਇਹ ਟ੍ਰੇਡਿੰਗ ਸੱਟੇ ਰਾਹੀ ਕੀਤਾ ਗਿਆ ਕਤਲ ਹੀ ਸੀ।
ਜੂਏ-ਸੱਟੇ ਨਾਲ ਅੱਜ ਤੱਕ ਕਿਸੇ ਵੀ ਘਰ ਵਿੱਚ ਖੁਸ਼ਹਾਲੀ ਨਹੀਂ ਆਈ ਏ ਪਰ ਇਸ ਖਤਰਨਾਕ ਬੀਮਾਰੀ ਨੇ ਘਰਾਂ ਦੇ ਘਰ ਬਰਬਾਦ ਕੀਤੇ ਨੇ। ਮਿਹਨਤ ਤੋਂ ਬਿਨਾਂ ਕਮਾਇਆ ਪੈਸਾ ਜਿਆਦਾਤਰ ਅਨੈਤਿਕ ਕੰਮਾਂ ਵਾਸਤੇ ਈ ਖਰਚ ਹੁੰਦਾ ਹੈ। ਇਸ ਲਈ ਜੇਕਰ ਕਿਸੇ ਨੂੰ ਸੱਟੇ ਰਾਹੀਂ ਇਕ-ਅੱਧੀ ਵਾਰ ਕੁੱਝ ਪੈਸੇ ਆ ਵੀ ਜਾਣ ਤਾਂ ਵੀ ਉਹ ਪੈਸੇ ਤੁਹਾਡਾ ਫਾਇਦਾ ਘੱਟ ਤੇ ਨੁਕਸਾਨ ਹੀ ਵੱਧ ਕਰਨਗੇ। ਸਰਕਾਰਾਂ ਦਾ ਕੰਮ ਤਾਂ ਲੋਕਾਂ ਨੂੰ ਨੈਤਿਕਤਾ ਤੇ ਮਿਹਨਤ ਨਾਲ ਜਿੰਦਗੀ ਜਿਉਣ ਦੇ ਲਈ ਪ੍ਰੇਰਿਤ ਕਰਨਾ ਤੇ ਉਨਾਂ ਦਾ ਵਿਕਾਸ ਕਰਨਾ ਏ ਤੇ ਇਸ ਤਰਾਂ ਦੀਆਂ ਅਨੈਤਿਕ ਅਲਾਮਤਾਂ ਦਾ ਅੰਤ ਕਰਨਾ ਹੁੰਦਾ ਏ ਪਰ ਸਾਡੀਆਂ ਸਰਕਾਰਾਂ ਦਾ ਹਾਲ ਵੇਖ ਲਓ। ਅਖੇ ਕ੍ਰਿਕਟ ਤੇ ਸੱਟਾ ਵੱਧ ਗਿਆ ਏ, ਚਲੋ ਵਿਦੇਸ਼ੀ ਕੰਪਨੀਆਂ ਨੂੰ ਮਾਨਤਾ ਦੇ ਕੇ ਇਹਦੇ ਚੋਂ ਈ ਟੈਕਸ ਕਮਾ ਲਵੋ, ਸ਼ਰਮ ਕਰੋ ਸਰਕਾਰ ਜੀ, ਸ਼ਰਮ ਕਰੋ। ਮੇਰੀ ਬੇਨਤੀ ਏ ਦੇਸ਼ ਦੀਆਂ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨੂੰ, ਜੋ ਇਸ ਸੱਟੇ ਦੀ ਮਸ਼ਹੂਰੀ ਕਰ ਰਹੀਆਂ ਨੇ ਕਿ ਤੁਹਾਡੇ ਕੋਲ ਪੈਸੇ ਦੀ ਕੋਈ ਘਾਟ ਨਹੀਂ ਏ, ਤੁਸੀਂ ਚਾਰ ਛਿੱਲੜਾਂ ਲਈ ਇਸ ਤਰਾਂ ਦੇ ਅਨੈਤਿਕ ਕੰਮ ਦੀ ਮਸ਼ਹੂਰੀ ਕਰਕੇ ਆਪਣੇ ਅਨਮੋਲ ਅਕਸ ਨੂੰ ਕਿਉਂ ਢਾਹ ਲਾ ਰਹੇ ਹੋ, ਤੁਹਾਡਾ ਇਸ ਲਾਹਣਤੀ ਕਾਰੇ ਨੂੰ ਕਿਸੇ ਵੀ ਤਰਾਂ ਦੀਆਂ ਦਲੀਲਾਂ ਨਾਲ ਜਾਇਜ ਨ੍ਹੀਂ ਠਹਿਰਾਇਆ ਜਾ ਸਕਦਾ। ਮੈਂ ਆਸ ਕਰਦਾ ਹਾਂ ਕਿ ਸਰਕਾਰ ਤੁਰੰਤ ਇਸ ਸਰਕਾਰੀ ਕ੍ਰਿਕਟ ਸੱਟੇ ਤੇ ਟ੍ਰੇਡਿੰਗ ਸੱਟੇ ਤੇ ਸਖਤੀ ਨਾਲ ਪਾਬੰਦੀ ਲਗਾਵੇਗੀ ਤਾਂ ਜੋ ਸਮਾਜ ਨੂੰ ਅਨੈਤਿਕ ਰਾਹਾਂ ਤੇ ਤੁਰਨ ਤੋਂ ਰੋਕਿਆ ਜਾ ਸਕੇ।
ਅਸ਼ੋਕ ਸੋਨੀ, ਕਾਲਮਨਵੀਸ
ਪਿੰਡ ਖੂਈ ਖੇੜਾ, ਫਾਜ਼ਿਲਕਾ
ਪੰਜਾਬ 9872705078
Comments (0)