ਸਿੱਖ ਕਿਰਦਾਰ ਸੁਧਾਰ ਲਹਿਰ ਸਮੇਂ ਦੀ ਪ੍ਰਮੁੱਖ ਲੋੜ

ਸਿੱਖ ਕਿਰਦਾਰ ਸੁਧਾਰ ਲਹਿਰ ਸਮੇਂ ਦੀ ਪ੍ਰਮੁੱਖ ਲੋੜ

ਗੁਰਦੁਆਰਾ ਸੁਧਾਰ ਲਹਿਰ ਵਾਂਗ “ਕਿਰਦਾਰ ਸੁਧਾਰ ਲਹਿਰ" ਚਲਉਣ ਦੀ 

ਲਗਭਗ ੧੦੦ ਵਰ੍ਹੇ ਪਹਿਲਾਂ ਇਕ ਲਹਿਰ ਚਲੀ ਗੁਰਦੁਆਰਾ ਸੁਧਾਰ ਲਹਿਰ ! ਦਰ ਅਸਲ ਸੁਧਾਰਨਾ ਤਾਂ ਸਾਨੂੰ ਗੁਰੂ ਘਰਾਂ ਨੇ ਸੀ ਗੁਰਬਾਣੀ ਗਿਆਨ ਨਾਲ ਪਰ ਹੋਇਆ ਉੱਲਟ ਕਿ ਸਮੇਂ ਦੇ ਵਿਦਵਾਨਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਚਲਾਉਣੀ ਜਾਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਚਲਾਉਣੀ ਪਈ ਕਿਉਕਿ ਗੁਰੂ ਘਰਾਂ ਤੇ ਕਾਬਜ਼ ਮਸੰਦਾਂ ਦੇ ਕਿਰਦਾਰ ਬੜੇ ਨੀਵੇਂ ਦਰਜੇ ਤੱਕ ਗਿਰ ਚੁੱਕੇ ਸਨ । ਮਹੰਤਾਂ ਦੇ ਹਾਉਮੈ ਹੰਕਾਰ ਤੇ ਲਾਲਚ ਏਨੇ ਵੱਧ ਚੁੱਕੇ ਸਨ ਕਿ ਬਿਰਤੀ ਜਾਨਵਰਾਂ ਵਰਗੀ ਹੋ ਚੁੱਕੀ ਸੀ । ਪਰ ਜਿਹੜੀ ਚੰਗੀ ਗੱਲ ਸੀ ਬਹੁਤਾਤ ਸਿੱਖ ਸੁਚੇਤ ਤੇ ਉੱਚੇ ਕਿਰਦਾਰ ਵਾਲੇ ਸਨ ਤੇ ਹੁਣ ਵਾਂਗ ਹਰ ਜਣਾ ਖਣਾਂ ਪ੍ਰਧਾਨਗੀ ਦਾ ਦਾਹਵੇਦਾਰ ਨਹੀਂ ਸੀ । ਬੇਸ਼ਕ ਭਾਈ ਲਛਮਣ ਸਿੰਘ ਧਾਰੋਵਾਲੀ ਵਰਗਿਆਂ ਯੋਧਿਆਂ ਨੂੰ ਸ਼ਹਾਦਤ ਦੇਣੀ ਪਈ ਪਰ ਗੁਰੂ ਘਰ ਮਸੰਦਾ ਤੋਂ ਅਜ਼ਾਦ ਕਰਾ ਸਿੰਘਾਂ ਨੇ ਆਪਣੀ ਸੰਸਥਾ ਸਥਾਪਿਤ ਕਰ ਲਈ ! ਬੜੇ ਬੜੇ ਕਿਰਦਾਰਾਂ ਵਾਲੇ ਲੋਕ ਗੁਰੂ ਘਰਾਂ ਦੀ ਸੇਵਾ ਵਿੱਚ ਆਏ ਜੋ ਇਕ ਦਮੜਾ ਵੀ ਗੁਰੂ ਘਰ ਦਾ ਨਜਾਇਜ਼ ਵਰਤਣਾ ਬੱਜਰ ਕੁਰਾਹਿਤ ਸਮਝਦੇ ਸਨ । ਪਰ ਕਿਤੇ ਨਾਂ ਕਿਤੇ ਨਰੈਣੂ ਮਹੰਤ ਦਾ ਭੂਤ ਵੀ ਗੋਲਕਾਂ ਦੁਆਲੇ ਮੰਡਰਾਂਉਦਾ ਰਿਹਾ । 

ਆਧੁਨਿਕ ਯੁੱਗ ਦੀ ਚੱਕਾਚੌੰਧ ਤੇ ਸਮੇਂ ਦੀਆਂ ਲੋੜਾਂ ਨੇ  ਸਾਡੇ ਕਿਰਦਾਰ ਏਨੇ ਗਿਰਾ ਦਿੱਤੇ ਕਿ ਸਾਨੂੰ ਗੁਰੂ ਦੀ ਗੋਲਕ ਵੀ ਨਿੱਜੀ ਤਿਜੌਰੀ ਲੱਗਣ ਲੱਗੀ । ਹਾਉਮੈ, ਹੰਕਾਰ, ਨਿੱਜੀ ਲਲਸਾਂਵਾਂ, ਤੇ ਚੌਧਰ ਦੀ ਭੁੱਖ ਨੇ ਐਸਾ ਨਿਵਾਣਾਂ ਵੱਲ ਧੱਕਿਆ ਕਿ ਅਸੀਂ ਗਿਰਦੇ ਹੀ ਚੱਲੇ ਗਏ । ਗੱਲ ਕਿਸੇ ਪਿੰਡ ਦੇ ਗੁਰੂ ਘਰ ਦੀ ਹੋਵੇ ਜਾਂ ਸ੍ਰੋਮਣੀ ਕਮੇਟੀ ਦੀ ਤੰਦ ਨਹੀਂ ਤਾਣੀ ਹੀ ਵਿਗੜੀ ਹੋਈ ਹੈ ਤੇ ਵਿਦੇਸ਼ਾਂ ਵਿਚਲੇ ਗੁਰੂ-ਘਰਾਂ ਦਾ ਤੇ ਹਾਲ ਈ ਵੱਸੋ ਬਾਹਰਾ ਹੈ ਕੋਈ ਹੀ ਗੁਰੂ ਘਰ ਹੋਵੇਗਾ ਜਿਸਦਾ ਕੇਸ ਕੋਰਟ ਕਚਹਿਰੀਆਂ ਚ, ਬੀੜੀਆਂ ਪੀਣ ਵਾਲੇ ਜੱਜਾਂ ਦੇ ਸਪੁਰਦ ਨਾਂ ਹੋਵੇ ! ਸੰਗਤਾਂ ਦੇ ਪੈਸੇ ਪਾਣੀ ਵਾਂਗ ਆਪਣੇ ਸ਼ਕਤੀ ਪਰਦਰਸ਼ਨ ਤੇ ਵਹਾਏ ਜਾਂਦੇ ਹਨ ਇਹ ਸਾਡੇ ਕਿਰਦਾਰ ਦੀ ਇਕ ਮਿਸਾਲ ਹੈ ਕਿ ਆਂਪਾਂ ਆਪਣੀ ਹਾੳਮੈੰ ਨੂੰ ਪੱਠੇ ਪਾਉਣ ਲਈ ਆਏ ਦਿਨ ਧੜੇ, ਪਾਰਟੀਆਂ, ਸੰਸਥਾਂਵਾਂ, ਕਲੱਬਾਂ ਤੇ ਜਥੇਬੰਦੀਆਂ ਬਣਾਉਨੇ ਢਾਹੁਨੇੰ ਰਹਿੰਦੇ ਹਾਂ । ਦੇਸ ਪੰਜਾਬ ਵਿਚ ਸੰਘਰਸ਼ ਦੌਰਾਨ ਉੱਜੜ ਚੁੱਕੇ ਪਰਿਵਾਰਾਂ ਤੇ ਜਿੱਲਤ ਦੀ ਜਿੰਦਗੀ ਜੀਅ ਰਹੇ ਧਰਮੀ ਫ਼ੌਜੀਆਂ ਨੂੰ ਆਪਾਂ ਉੱਕਾ ਹੀ ਵਿਸਾਰ ਚੁੱਕੇ ਹਾਂ ਪਤਾ ਨਹੀ ਆਪਾਂ ਕਿਹੜੀ ਚੜਦੀ ਕਲਾ ਦਾ ਪ੍ਰਚਾਰ ਕਰ ਰਹੇ ਹਾਂ ਹਰੇਕ ਇਕ ਦੂਸਰੇ ਨੂੰ ਗਦਾਰ, ਏਜੰਸੀਆਂ ਦਾ ਬੰਦਾ ਤੇ ਆਰ ਐਸ ਐਸ ਦਾ ਹੱਥ ਠੋਕਾ ਦੱਸ ਰਿਹਾ ਹੈ ਤੇ ਅਗਲੇ ਪਲ ਹੀ ਅਸੀਂ ਸਾਰੇ ਇਕ ਦੂਜੇ ਨੂੰ ਪੰਥਕ ਹੋਣ ਦੇ ਖਿਤਾਬ ਵੰਡ ਰਹੇ ਹੁੰਨੇ ਐਂ ! ਮਾਨਸਿਕ ਦਿਵਾਲੀਆ ਪਣ ਦੇ ਹੋਰ ਕੀ ਲੱਛਣ ਹੁੰਦੇ ਹਨ ਇਹ ਸਾਰਾ ਵਰਤਾਰਾ ਵੇਖ ਕੇ ਮਨ ਵਿੱਚ ਆਉੰਦਾ ਬਈ ਲੋੜ ਹੈ ਠੀਕ ਸੌ ਸਾਲ ਪਹਿਲਾਂ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਾਂਗ “ਕਿਰਦਾਰ ਸੁਧਾਰ ਲਹਿਰ" ਚਲਉਣ ਦੀ ।

ਅਰਪਿੰਦਰ ਸਿੰਘ ਬਿੱਟੂ