ਸੈਨੇਟ ਦੁਆਰਾ ਭਾਰਤੀ ਮੂਲ ਦੀ ਅਮਰੀਕਨ ਔਰਤ ਸਰਲਾ ਨਗਾਲਾ ਦੀ ਸੰਘੀ ਜੱਜ ਵੱਜੋਂ ਨਿਯੁਕਤੀ ਦੀ ਪੁਸ਼ਟੀ

ਸੈਨੇਟ ਦੁਆਰਾ ਭਾਰਤੀ ਮੂਲ ਦੀ ਅਮਰੀਕਨ ਔਰਤ ਸਰਲਾ ਨਗਾਲਾ ਦੀ ਸੰਘੀ ਜੱਜ ਵੱਜੋਂ ਨਿਯੁਕਤੀ ਦੀ ਪੁਸ਼ਟੀ
ਕੈਪਸ਼ਨ: ਸਰਲਾ ਨਗਾਲਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ) ਅਮਰੀਕੀ ਸੈਨੇਟ ਨੇ ਭਾਰਤੀ ਮੂਲ ਦੀ ਅਮਰੀਕਨ ਔਰਤ ਸਰਲਾ ਨਗਾਲਾ ਸਮੇਤ ਕੋਨੈਕਟੀਕਟ ਰਾਜ ਲਈ ਦੋ ਵਿਅਕਤੀਆਂ ਦੀਆਂ ਸੰਘੀ ਜੱਜ ਵਜੋਂ ਨਿਯੁਕਤੀਆਂ ਦੀ ਪੁਸ਼ਟੀ ਕਰ ਦਿੱਤੀ ਹੈ। ਸਰਲਾ ਨਗਾਲਾ ਦੱਖਣੀ ਏਸ਼ੀਆ ਦੀ ਪਹਿਲੀ ਔਰਤ ਬਣ ਗਈ ਹੈ ਜੋ ਸੰਘੀ ਜੱਜ ਵੱਜੋਂ ਸੇਵਾਵਾਂ ਨਿਭਾਵੇਗੀ। ਸਰਲਾ ਨਗਾਲਾ ਦੀ ਨਿਯੁਕਤੀ ਦੀ ਪੁਸ਼ਟੀ 52-46 ਵੋਟਾਂ ਦੇ ਫਰਕ ਨਾਲ ਹੋਈ। ਇਸ ਸਮੇ ਨਗਾਲਾ ਕੋਨੈਕਟੀਕਟ ਵਿਚ ਯੂ ਐਸ ਅਟਾਰਨੀ ਦੀ ਸਹਾਇਕ ਵਜੋਂ ਕੰਮ ਕਰ ਰਹੀ ਹੈ। ਨਗਾਲਾ ਸੰਘੀ ਜੱਜ ਵਾਨੇਸਾ ਬਰੀਆਂਟ ਦੀ ਥਾਂ ਲਵੇਗੀ ਜਿਨਾਂ ਨੂੰ  ਸੀਨੀਅਰ ਜੱਜ ਦਾ ਰੁੱਤਬਾ ਦਿੱਤਾ ਗਿਆ ਹੈ। ਬਰੀਆਂਟ ਦੀ ਇਹ ਨੀਮ ਸੇਵਾ ਮੁਕਤੀ ਹੋਵੇਗੀ ਜਿਨਾਂ ਉਪਰ ਪਹਿਲਾਂ ਦੀ ਤੁਲਨਾ ਵਿਚ ਕੇਸਾਂ ਦਾ ਬੋਝ ਘੱਟ ਹੋਵੇਗਾ। ਇਥੇ ਜਿਕਰਯੋਗ ਹੈ ਕਿ ਸਰਲਾ ਨਗਾਲਾ ਨੂੰ ਫੌਜਦਾਰੀ ਨਿਆਂ ਪ੍ਰਣਾਲੀ ਬਾਰੇ ਡੂੰਘੀ ਜਾਣਕਾਰੀ ਹੈ। ਡੈਮੋਕਰੈਟਿਕ ਆਗੂਆਂ ਨੇ ਸਰਲਾ ਨਗਾਲਾ ਦੀ ਜੱਜ ਵਜੋਂ ਪੁੁਸ਼ਟੀ ਦਾ ਪੁਰਜੋਰ ਸਵਾਗਤ ਕੀਤਾ ਹੈ। ਸੈਨੇਟ ਦੇ ਡੈਮੋਕਰੈਟਿਕ ਮੈਂਬਰ ਕ੍ਰਿਸ ਮਰਫੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ''ਉਹ ਸਰਲਾ ਨਗਾਲਾ ਦੀ ਜੱਜ ਵਜੋਂ ਪੁਸ਼ਟੀ ਲਈ ਵੋਟ ਪਾ ਕੇ ਮਾਣ ਮਹਿਸੂਸ ਕਰ ਰਹੇ ਹਨ। ਮੈਨੂੰ ਉਸ ਦੀ ਨਿਯੁਕਤੀ ਦੀ ਪੁਸ਼ਟੀ ਉਪਰ ਬੇਹੱਦ ਖੁਸ਼ੀ ਹੋਈ ਹੈ। ਉਹ ਬਹੁਤ ਹੀ ਕਾਬਲ ਸਖਸ਼ੀਅਤ ਹਨ।''