ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮੌਤ ਤੋਂ ਬਾਅਦ ਪਛਾਣਨ ਵਾਲੇ ਓਐੱਸਡੀ ਦਵਿੰਦਰ ਸਿੰਘ ਸਰੋਆ ਨੇ ਘਟਨਾ ਬਾਰੇ ਵੇਰਵੇ ਦਿਤੇ  

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ  ਨੂੰ  ਮੌਤ ਤੋਂ ਬਾਅਦ ਪਛਾਣਨ ਵਾਲੇ ਓਐੱਸਡੀ ਦਵਿੰਦਰ ਸਿੰਘ ਸਰੋਆ ਨੇ ਘਟਨਾ ਬਾਰੇ ਵੇਰਵੇ ਦਿਤੇ  

 ਬੇਅੰਤ ਸਿੰਘ ਬੁਚੜ ਬੇਗੁਨਾਹਾਂ ਦੀ ਨਸਲਕੁਸ਼ੀ ਦਾ ਜਿੰਮੇਵਾਰ ਸੀ: ਭਾਈ ਹਵਾਰਾ

 

ਵਿਸ਼ੇਸ਼ ਰਿਪੋਰਟ

"ਲਾਸ਼ ਪਛਾਣਨੀ ਬੜੀ ਮੁਸ਼ਕਲ ਸੀ, ਮੈਂ ਉਨ੍ਹਾਂ ਦੇ ਕੜੇ ਨੂੰ ਹਜ਼ਾਰਾਂ ਵਾਰ ਦੇਖਿਆ ਸੀ। ਉਹ ਉਸ ਹੱਥ ਨਾਲ ਫਾਈਲਾਂ 'ਤੇ ਦਸਤਖ਼ਤ ਕਰਦੇ ਸੀ।"

ਇਹ ਸ਼ਬਦ 31 ਅਗਸਤ 1995 ਨੂੰ ਬੰਬ ਧਮਾਕੇ ਵਿਚ ਮਾਰੇ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਓਐੱਸਡੀ ਦਵਿੰਦਰ ਸਿੰਘ ਸਰੋਆ ਦੇ ਹਨ, ਜੋ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ।

ਸਰੋਆ ਅਨੁਸਾਰ "ਲਾਸ਼ ਦੀ ਪਛਾਣ ਕਰਨ ਤੋਂ ਬਾਅਦ, ਮੈਂ ਸਾਡੇ ਪ੍ਰਮੁੱਖ ਸਕੱਤਰ ਜਿਵਤੇਜ ਸਿੰਘ ਮੈਣੀ ਕੋਲ ਗਿਆ।ਉੱਥੇ ਬੇਅੰਤ ਸਿੰਘ ਤੋਂ ਬਾਅਦ ਮੁੱਖ ਮੰਤਰੀ ਬਣਨ ਵਾਲੇ ਹਰਚਰਨ ਸਿੰਘ ਬਰਾੜ ਵੀ ਉਨ੍ਹਾਂ ਦੇ ਨਾਲ ਖੜ੍ਹੇ ਸੀ।ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਲਾਸ਼ ਦੀ ਪਛਾਣ ਕਰ ਲਈ ਹੈ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਨਹੀਂ ਰਹੇ।"

ਧਮਾਕੇ ਵਿਚ ਕੁੱਲ 17 ਲੋਕ ਮਾਰੇ ਗਏ

ਸਿਵਲ ਸਕੱਤਰੇਤ 'ਵਿਚ ਅੱਜ ਵੀ ਉਸ ਦਲਾਨ ਦੇ ਅੰਦਰ ਅਤੇ ਆਲੇ-ਦੁਆਲੇ ਦੀ ਆਵਾਜਾਈ 'ਤੇ ਪਾਬੰਦੀ ਹੈ, ਜਿੱਥੇ ਮੁੱਖ ਮੰਤਰੀ ਦੀ ਅੰਬੈਸਡਰ ਕਾਰ 'ਵਿਚ ਧਮਾਕਾ ਹੋਇਆ ਸੀ।ਦਵਿੰਦਰ ਸਰੋਆ ਨੇ ਦੱਸਿਆ, “ਉਸ ਦਿਨ ਸਾਡਾ ਵਿਚਾਰ ਇਹ ਸੀ ਕਿ ਅਸੀਂ ਫਾਈਲਾਂ ਕਲੀਅਰ ਕਰਨ ਲਈ ਚੰਡੀਗੜ੍ਹ ਦੇ ਯੂਟੀ ਗੈੱਸਟ ਹਾਊਸ ਜਾਵਾਂਗੇ।ਮੈਂ ਵੀ ਉੱਥੇ ਜਾਣਾ ਸੀ। ਸੀਐੱਮ ਸਾਬ੍ਹ ਸ਼ਾਮ 5 ਵਜੇ ਦੇ ਕਰੀਬ ਦਫ਼ਤਰ ਤੋਂ ਚਲੇ ਗਏ। ਕਰੀਬ ਪੰਜ ਮਿੰਟਾਂ 'ਵਿਚ ਧਮਾਕੇ ਨੇ ਸਕੱਤਰੇਤ ਦੀ ਇਮਾਰਤ ਨੂੰ ਹਿਲਾ ਕੇ ਰੱਖ ਦਿੱਤਾ। ਫਾਅਲ ਸੀਲਿੰਗ ਹੇਠਾਂ ਆ ਰਹੀ ਸੀ।"

ਸਰੋਆ ਮੁਤਾਬਕ, "ਉਸ ਦਿਨ ਲਗਭਗ 2600 ਲੋਕ ਮੁੱਖ ਮੰਤਰੀ ਨੂੰ ਮਿਲੇ ਸਨ। ਉਸ ਦਿਨ ਉਨ੍ਹਾਂ ਨੂੰ ਹਲਕਾ ਬੁਖ਼ਾਰ ਵੀ ਸੀ।ਦੁਪਹਿਰ ਨੂੰ ਅਸੀਂ ਸਕੱਤਰੇਤ ਪਹੁੰਚ ਗਏ ਸੀ। ਕਲੀਅਰ ਕਰਨ ਲਈ ਬਹੁਤ ਸਾਰੀਆਂ ਫਾਈਲਾਂ ਸਨ। ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ 5 ਵੱਜ ਗਏ।ਅਸੀਂ ਯੂਟੀ ਗੈੱਸਟ ਹਾਊਸ ਜਾਣਾ ਸੀ। ਫਾਈਲ ਦਾ ਕੰਮ ਸਾਡੇ ਤਿੰਨ ਅਫ਼ਸਰਾਂ ਵਿੱਚ ਵੰਡਿਆ ਗਿਆ ਸੀ। ਮੈਂ ਸੋਚਿਆ ਕਿ ਮੇਰੀ ਵਾਰੀ ਆਉਣ ਵਿਚ ਅੱਧਾ ਘੰਟਾ ਲੱਗੇਗਾ ਤੇ ਮੈਂ ਬਾਅਦ ਵਿਚ ਆਪਣੀ ਗੱਡੀ ਵਿਚ ਚਲੇ ਜਾਵਾਂਗਾ।"

ਇਸਤਗਾਸਾ ਪੱਖ ਅਨੁਸਾਰ, ਮੁੱਖ ਮੰਤਰੀ ਦੇ ਸੁਰੱਖਿਆ ਇੰਚਾਰਜ ਡੀਕੇ ਤ੍ਰਿਪਾਠੀ ਵੀ ਧਮਾਕੇ ਵਿੱਚ ਜ਼ਖਮੀ ਹੋਏ ਸੀ।

ਉਨ੍ਹਾਂ ਦੱਸਿਆ ਕਿ 31 ਅਗਸਤ ਨੂੰ ਸ਼ਾਮ 5:05 ਵਜੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਸੀ।ਮੁੱਖ ਮੰਤਰੀ ਲਿਫ਼ਟ ਰਾਹੀਂ ਗਰਾਊਡ ਫਲੋਰ 'ਤੇ ਆਏ। ਲਿਫ਼ਟ ਦੇ ਗੇਟ ਖੁੱਲ੍ਹਣ 'ਤੇ ਵਿਧਾਇਕ ਬਲਦੇਵ ਸਿੰਘ ਮੁੱਖ ਮੰਤਰੀ ਨੂੰ ਮਿਲੇ।

ਵਿਧਾਇਕ ਬਲਦੇਵ ਸਿੰਘ ਇਸ ਬੰਬ ਧਮਾਕੇ ਦੌਰਾਨ ਪੂਰੀ ਤਰ੍ਹਾਂ ਝੁਲਸ ਗਏ ਸਨ, ਉਨ੍ਹਾਂ ਦੇ ਸਾਰੇ ਕੱਪੜੇ ਸੜ੍ਹ ਗਏ ਸਨ, ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਅਵਾਜ਼ ਤੋਂ ਪਛਾਣਿਆ ਸੀ।ਇਸ ਹਮਲੇ ਤੋਂ 10 ਦਿਨਾਂ ਬਾਅਦ ਵਿਧਾਇਕ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ।

ਫੇਰ ਉਹ ਸਾਰੇ ਮੁੱਖ ਮੰਤਰੀ ਦੀ ਕਾਰ ਵੱਲ ਚੱਲ ਪਏ। ਇੱਕ ਡਾ. ਅਨਿਲ ਦੁੱਗਲ ਮੁੱਖ ਮੰਤਰੀ ਨਾਲ ਗੱਲ ਕਰਨਾ ਚਾਹੁੰਦੇ ਸਨ।ਇਸ ਲਈ ਐੱਸਪੀ ਡੀਆਰ ਤ੍ਰਿਪਾਠੀ ਇੱਕ ਪਾਸੇ ਹੋ ਗਏ ਸਨ। ਉਸ ਨੇ ਇੱਕ ਅਫ਼ਸਰ ਏਐੱਸਆਈ ਨੂੰ ਮੁੱਖ ਮੰਤਰੀ ਦੀ ਕਾਰ ਦਾ ਦਰਵਾਜ਼ਾ ਬੰਦ ਕਰਨ ਲਈ ਕਿਹਾ।ਡੀਕੇ ਤ੍ਰਿਪਾਠੀ ਕਾਰ ਵਿਚ ਬੈਠਣ ਲਈ ਅਜੇ ਕਾਰ ਕੋਲ ਪਹੁੰਚੇ ਹੀ ਸਨ ਕਿ ਉਨ੍ਹਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ।

ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਇੱਕ ਹੋਰ ਵਿਅਕਤੀ ਹਰਕੇਸ਼ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਿਸ ਦੀ ਵਰਦੀ 'ਵਿਚ ਇੱਕ ਵਿਅਕਤੀ ਨੂੰ ਬੇਅੰਤ ਸਿੰਘ ਵੱਲ ਆਉਂਦੇ ਦੇਖਿਆ ਤੇ ਫੇਰ ਇੱਕ ਵੱਡਾ ਧਮਾਕਾ ਹੋਇਆ।ਮੁੱਖ ਮੰਤਰੀ ਦੀ ਕਾਰ ਵੱਲ ਆਉਣ ਵਾਲਾ ਵਿਅਕਤੀ ਇੱਕ ਨੌਜਵਾਨ ਸੀ। ਉਹ ਮਨੁੱਖੀ ਬੰਬ ਦਿਲਾਵਰ ਸਿੰਘ ਸੀ।"

ਇੱਕ ਦੋਸ਼ੀ ਬਲਵੰਤ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦਿਨ ਉਹ ਦਿਲਾਵਰ ਸਿੰਘ ਦੇ ਨਾਲ ਦੁਪਹਿਰ 2 ਵਜੇ ਤੋਂ ਤਤਕਾਲੀ ਮੁੱਖ ਮੰਤਰੀ ਦੇ ਹੇਠਾਂ ਆਉਣ ਦੀ ਉਡੀਕ ਕਰ ਰਿਹਾ ਸੀ। ਬਚਾਅ ਪੱਖ ਦੇ ਵਕੀਲ ਅਮਰ ਸਿੰਘ ਚਾਹਲ ਨੇ ਕਿਹਾ ਕਿ ਜੋ ਸੀਬੀਆਈ ਵੱਲੋਂ ਸਬੂਤ ਪੇਸ਼ ਕੀਤੇ ਗਏ ਉਸ ਮੁਤਾਬਕ ਇਸ ਘਟਨਾ ਪਿੱਛੇ ਬੱਬਰ ਖ਼ਾਲਸਾ ਸੀ ।

ਇੱਕ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਸੀ ਅਸੀਂ ਬੇਅੰਤ ਸਿੰਘ ਨੂੰ ਮਾਰਿਆ ਹੈ। ਹੋਰ ਵੀ ਕਈਆਂ ਨੇ ਕਿਹਾ ਕਿ ਬੇਅੰਤ ਸਿੰਘ ਨੂੰ ਇਸ ਲਈ ਨਹੀਂ ਮਾਰਿਆ ਸੀ ਕਿਉਂਕਿ ਉਹ ਸਾਡਾ ਦੁਸ਼ਮਣ ਸੀ।ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕੋਈ ਕਾਨੂੰਨ ਨਹੀਂ ਹੈ ਕਿ ਲੋਕਾਂ ਨੂੰ ਘਰਾਂ ਵਿਚੋਂ ਕੱਢ ਕੇ ਮਾਰਿਆ ਜਾਵੇ ਤੇ ਅਸੀਂ ਉਸ ਨੂੰ ਸਿੱਖ ਮਰਿਆਦਾ ਅਨੁਸਾਰ ਮਾਰਿਆ ਹੈ।

ਉਨ੍ਹਾਂ ਨੇ ਕਿਹਾ ਕਿ ਗੁਰਮੀਤ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਜਗਤਾਰ ਸਿੰਘ ਤਾਰਾ, ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ, ਇਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਅਦਾਲਤ ਵਿੱਚ ਚੱਲੇ।ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਬੇਅਂਤ ਸਿੰਘ ਬੁਚੜ ਸੀ ਤੇ ਸਿਖ ਨਸਲਕੁਸ਼ੀ ਦਾ ਜਿੰਮੇਵਾਰ ਸੀ। ਉਸ ਨੇ ਮਨੁੱਖੀ ਹਕਾਂ ਦਾ ਘਾਣ ਕੀਤਾ।

ਦੋ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਗਿਆ। ਦੋ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜਦਕਿ ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਜਗਤਾਰ ਸਿੰਘ ਤਾਰਾ ਦੀ ਮੌਤ ਦੀ ਸਜ਼ਾ ਨੂੰ ਬਾਅਦ ਵਿੱਚ ਉਮਰ ਕੈਦ ਵਿਚ ਤਬਦੀਲ ਕੀਤਾ ਗਿਆ ਸੀ।ਉਨ੍ਹਾਂ ਨੇ ਅੱਗੇ ਕਿਹਾ ਕਿ ਫਿਰ ਮਾਮਲਾ ਹਾਈ ਕੋਰਟ ਵਿਚ ਚਲਾ ਗਿਆ ਜਿਸ ਨੇ ਜਗਤਾਰ ਸਿੰਘ ਹਵਾਰਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ। ਕੁਝ ਅਪੀਲਾਂ ਅਜੇ ਵੀ ਸੁਪਰੀਮ ਕੋਰਟ ਵਿੱਚ ਪੈਂਡਿੰਗ ਹਨ।

ਇਹ ਮਾਮਲਾ ਹਾਲ ਹੀ ਵਿੱਚ ਉਦੋਂ ਸੁਰਖ਼ੀਆਂ ਵਿੱਚ ਆਇਆ ਸੀ ਜਦੋਂ ਸੁਪਰੀਮ ਕੋਰਟ ਨੇ ਕੇਂਦਰ ਨੂੰ 1995 ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਇਸ ਪਟੀਸ਼ਨ ਉੱਤੇ ਦੋ ਮਹੀਨਿਆਂ ਵਿੱਚ ਫ਼ੈਸਲਾ ਕਰਨ ਦਾ ਹੁਕਮ ਦਿੱਤਾ ਸੀ ਕਿ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਜਾਵੇ।

ਅਦਾਲਤ ਨੇ ਕਿਹਾ ਕਿ ਕੇਸ ਦੇ ਦੂਜੇ ਸਹਿ-ਦੋਸ਼ੀਆਂ ਦੀਆਂ ਅਪੀਲਾਂ ਦਾ ਸੁਪਰੀਮ ਕੋਰਟ ਵਿੱਚ ਲੰਬਿਤ ਹੋਣਾ ਰਾਜੋਆਣਾ ਦੀ ਪਟੀਸ਼ਨ ਦਾ ਫ਼ੈਸਲਾ ਕਰਨ ਵਿੱਚ ਅਧਿਕਾਰੀਆਂ ਦੇ ਰਾਹ ਵਿੱਚ ਨਹੀਂ ਆਵੇਗਾ।

ਅਦਾਲਤ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਹੈ ਕਿਉਂਕਿ ਉਹ 26 ਸਾਲਾਂ ਤੋਂ ਜੇਲ੍ਹ ਵਿਚ ਹੈ।.                                 

ਕੌਣ ਸਨ ਦਿਲਾਵਰ ਸਿੰਘ? ਦਰਬਾਰ ਸਾਹਿਬ ਦੇ ਸਿੱਖ ਮਿਊਜ਼ੀਅਮ 'ਚ ਕਿਉਂ ਲੱਗੀ ਫੋਟੋ?

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਾਫੀ ਸਮਾਂ ਪਹਿਲਾਂ ਭਾਈ ਦਿਲਾਵਰ ਸਿੰਘ ਦੀ ਫੋਟੋ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਬਣੇ ਕੇਂਦਰੀ ਸਿੱਖ ਮਿਊਜ਼ੀਅਮ ਦੇ ਵਿਚ ਲਗਾਈ ਜਾ ਚੁਕੀ ਹੈ। ਦਿਲਾਵਰ ਸਿੰਘ ਪੰਜਾਬ ਪੁਲੀਸ ਦੇ ਮੁਲਾਜ਼ਮ ਸਨ ਜਿਨ੍ਹਾਂ ਨੇ ਆਪਣੀ ਕਮਰ ਦੇ ਦੁਆਲੇ ਧਮਾਕਾ ਖੇਜ ਸਮੱਗਰੀ ਬੰਨ੍ਹ ਕੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸਿਵਲ ਸਕੱਤਰੇਤ ਵਿਖੇ ਮਾਰਿਆ ਸੀ। ਇਹ ਕੰਮ ਉਨ੍ਹਾਂ ਨੇ 31 ਅਗਸਤ, 1995 ਨੂੰ ਕੀਤਾ ਸੀ।

ਦਿਲਾਵਰ ਸਿੰਘ ਪੰਜਾਬ ਪੁਲੀਸ ਦੇ ਉਨ੍ਹਾਂ ਤਿੰਨ ਕਾਂਸਟੇਬਲਾਂ ਵਿੱਚੋਂ ਇੱਕ ਸੀ ਜੋ ਉਸ ਸਮੇਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਨਾਲ ਜੁੜ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦਾ ਪਲੈਨ ਬਣਾਇਆ। ਦਿਲਾਵਰ ਸਿੰਘ ਨੇ ਬਲਵੰਤ ਸਿੰਘ ਰਾਜੋਆਣਾ  ,ਜਗਤਾਰ ਸਿੰਘ ਹਵਾਰਾ ਅਤੇ ਲਖਵਿੰਦਰ ਸਿੰਘ ਆਦਿ ਨਾਲ ਰਲ ਕੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਿਰਦੇਸ਼ਾਂ ਉੱਤੇ ਬੇਅੰਤ ਸਿੰਘ ਦਾ ਕਤਲ ਕੀਤਾ ਸੀ।

ਅਕਾਲ ਤਖ਼ਤ ਸਾਹਿਬ ਵੱਲੋਂ ਦਿਲਾਵਰ ਸਿੰਘ ਨੂੰ 23 ਮਾਰਚ 2012 ਨੂੰ ਕੌਮੀ ਸ਼ਹੀਦ ਐਲਾਨਿਆ ਗਿਆ ਸੀ। ਜਦਕਿ ਇਸੇ ਦਿਨ ਬਲਵੰਤ ਸਿੰਘ ਰਾਜੋਆਣਾ ਨੂੰ ਵੀ ਜ਼ਿੰਦਾ ਸ਼ਹੀਦ ਐਲਾਨਿਆ ਗਿਆ ਸੀ। ਉਸ ਸਮੇਂ ਇਸ ਐਲਾਨ ਦਾ ਮੁੱਖ ਮੰਤਵ ਇਹ ਵੀ ਸੀ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਮੁਆਫ਼ ਕਰਵਾਇਆ ਜਾ ਸਕੇ ਜੋ ਕਿ 31 ਮਾਰਚ 2012 ਨੂੰ ਰਾਜੋਆਣਾ ਨੂੰ ਦਿੱਤੀ ਜਾਣੀ ਸੀ। ਇਸ ਫਾਂਸੀ ਦੀ ਸਜ਼ਾ ਦੇ ਖ਼ਿਲਾਫ਼ ਪੂਰੇ ਸੂਬੇ ਦੇ ਵਿੱਚ ਰੋਸ ਪ੍ਰਦਰਸ਼ਨ ਵੀ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਤੇ ਇੱਕ ਵਾਰ ਲਈ ਰੋਕ ਲਗਾ ਦਿੱਤੀ ਸੀ। ਹਾਲੇ ਵੀ ਇਸ ਸਜ਼ਾ ਦੇ ਉੱਤੇ ਕੋਈ ਫੈਸਲਾ ਨਹੀਂ ਆਇਆ।

ਦਿਲਾਵਰ ਸਿੰਘ ਦੀ ਫੋਟੋ ਲਗਾਉਣ ਵੇਲੇ ਉਨ੍ਹਾਂ ਦੇ ਭਰਾ ਚਮਕੌਰ ਸਿੰਘ ਨੂੰ ਉਚੇਚੇ ਤੌਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਬੁਲਾਇਆ ਗਿਆ ਸੀ। ਹੁਣ ਦਿਲਾਵਰ ਸਿੰਘ ਦਾ ਪਰਿਵਾਰ ਅਤੇ ਮਾਤਾ ਪਿਤਾ ਕੈਨੇਡਾ ਵਿਖੇ ਹੀ ਰਹਿੰਦੇ ਹਨ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਬੇਅੰਤ ਸਿੰਘ ਵੱਲੋਂ ਕੀਤੀਆਂ ਜਾ ਰਹੀਆਂ ਮਾਨਵੀ ਅਧਿਕਾਰਾਂ ਦੀਆਂ ਉਲੰਘਣਾ ਨੂੰ ਖ਼ਤਮ ਕਰਵਾਇਆ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਵੱਲੋਂ ਬਹੁਤ ਸਾਰੇ ਨਿਰਦੋਸ਼ ਸਿੱਖਾਂ ਨੂੰ ਮਰਵਾਇਆ ਜਾ ਰਿਹਾ ਸੀ। ਆਪਣੇ ਆਪ ਨੂੰ ਕੌਮ ਲਈ ਕੁਰਬਾਨ ਕਰਨਾ ਕੋਈ ਛੋਟੀ ਗੱਲ ਨਹੀਂ ਤੇ ਇਹ ਗੁਰੂ ਸਾਹਿਬ ਦੇ ਅਸ਼ੀਰਵਾਦ ਤੋਂ ਬਿਨਾਂ ਨਹੀਂ ਕਰ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਾਂ ਨੇ ਹਮੇਸ਼ਾਂ ਤੋਂ ਹੀ ਆਪਣੀ ਕੌਮ ਲਈ ਕੁਰਬਾਨੀਆਂ ਕੀਤੀਆਂ ਹਨ।