ਅਮਰੀਕਾ ਵਿਚ ਅਣਪਛਾਤੇ ਵਿਅਕਤੀ ਦੇ ਹਮਲੇ ਵਿਚ ਗੰਭੀਰ ਜਖਮੀ ਹੋਏ ਭਾਰਤੀ ਦੀ ਹੋਈ ਮੌਤ

ਅਮਰੀਕਾ ਵਿਚ ਅਣਪਛਾਤੇ ਵਿਅਕਤੀ ਦੇ ਹਮਲੇ ਵਿਚ ਗੰਭੀਰ ਜਖਮੀ ਹੋਏ ਭਾਰਤੀ ਦੀ ਹੋਈ ਮੌਤ
ਕੈਪਸ਼ਨ ਵਿਵੇਕ ਤਨੇਜਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਬੀਤੇ ਦਿਨ ਅਣਪਛਾਤੇ ਵਿਅਕਤੀ ਦੇ ਹਮਲੇ ਵਿਚ ਗੰਭੀਰ ਰੂਪ 'ਚ ਜਖਮੀ ਹੋਏ ਭਾਰਤੀ ਮੂਲ ਦੇ ਤਕਨੀਕੀ ਮਾਹਿਰ 41 ਸਾਲਾ ਵਿਵੇਕ ਤਨੇਜਾ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਤਨੇਜਾ ਡਾਇਨਮੋ ਟੈਕਨਾਲੋਜੀ ਕੰਪਨੀ ਦਾ ਪ੍ਰਧਾਨ ਤੇ ਸਹਿ ਸੰਸਥਾਪਕ ਸੀ। ਤਨੇਜਾ ਉਪਰ 2 ਫਰਵਰੀ ਨੂੰ ਸ਼ੋਟੋ ਰੈਸਟੋਰੈਂਟ ਦੇ ਬਾਹਰਵਾਰ ਹਮਲਾ ਕੀਤਾ ਗਿਆ ਸੀ। ਤਕਰਾਰ ਤੋਂ ਬਾਅਦ ਹਮਲਾਵਰ ਨੇ ਤਨੇਜਾ ਨੂੰ ਜਮੀਨ ਉਪਰ ਸੁੱਟ ਕੇ ਉਸ ਦੇ ਸਿਰ 'ਤੇ ਵਾਰ ਕੀਤਾ ਸੀ। ਪੁਲਿਸ ਅਨੁਸਾਰ ਤਨੇਜਾ ਇਕ ਔਰਤ ਦੀ ਮਦਦ ਲਈ ਅਗੇ ਆਇਆ ਸੀ ਜਿਸ ਨੂੰ ਸ਼ੱਕੀ ਤੰਗ ਕਰ ਰਿਹਾ ਸੀ। ਜਦੋਂ ਪੁਲਿਸ ਮੌਕੇ ਉਪਰ ਪੁੱਜੀ ਤਾਂ ਤਨੇਜਾ ਬੁਰੀ ਤਰਾਂ ਲਹੂ ਲੁਹਾਣ ਹੋਇਆ ਪਿਆ ਸੀ। ਪੁਲਿਸ ਨੇ ਸ਼ੱਕੀ ਦੀ ਗ੍ਰਿਫਤਾਰੀ ਲਈ ਆਮ ਲੋਕਾਂ ਕੋਲੋਂ ਮਦਦ ਮੰਗੀ ਹੈ ਤੇ ਸ਼ੱਕੀ ਦੀ ਗ੍ਰਿਫਤਾਰੀ ਲਈ ਸੂਹ ਦੇਣ ਵਾਲੇ ਨੂੰ 25000 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਤਨੇਜਾ ਜਿਸ ਨੇ ਯੁਨੀਵਰਸਿਟੀ ਆਫ ਵਰਜੀਨੀਆ ਤੋਂ ਗਰੈਜੂਏਸ਼ਨ ਕੀਤੀ ਸੀ ਆਪਣੇ ਆਸ ਪਾਸ ਦੇ ਲੋਕਾਂ ਵਿਚ ਬਹੁਤ ਹਰਮਨ ਪਿਆਰਾ ਸੀ।