ਹੋਲਾ ਮਹੱਲਾ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ 'ਵਿਚ ਨਿਹੰਗ ਸਿੰਘ ਹੋਏ ਸ਼ਾਮਲ

ਹੋਲਾ ਮਹੱਲਾ  ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ 'ਵਿਚ ਨਿਹੰਗ ਸਿੰਘ ਹੋਏ ਸ਼ਾਮਲ

ਸਿੱਖ ਸ਼ਸਤਰ ਕਲਾ ਨੂੰ ਸੰਭਾਲਣ ਲਈ ਬਾਬਾ ਬਲਬੀਰ ਸਿੰਘ ਦੇ ਉਪਰਾਲੇ ਸ਼ਲਾਘਾਯੋਗ- ਗਿਆਨੀ ਹਰਪ੍ਰੀਤ ਸਿੰਘ

:ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ ਕੌਮੀ ਤਿਉਹਾਰ ਤੇ ਜੋੜ ਮੇਲਾ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਵਲੋਂ ਖ਼ਾਲਸਾਈ ਰਵਾਇਤ ਨਾਲ ਸਜਾਏ ਮਹੱਲੇ ਉਪਰੰਤ ਅਮਨ ਸ਼ਾਂਤੀ ਨਾਲ ਸੰਪੰਨ ਹੋ ਗਿਆ । ਹੋਲੇ ਮਹੱਲੇ ਦੀ ਸੰਪੂਰਨਤਾ ਮੌਕੇ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਇਤਿਹਾਸਕ ਅਸਥਾਨ ਗੁ: ਸ਼ਹੀਦੀ ਬਾਗ਼ ਤੋਂ ਪੁਰਾਤਨ ਰਵਾਇਤਾਂ ਨਾਲ ਮਹੱਲਾ ਸਜਾਇਆ ਗਿਆ । ਜਿਸ ਵਿਚ ਉਨ੍ਹਾਂ ਦੇ ਨਾਲ ਜਥੇਦਾਰ ਬਾਬਾ ਅਵਤਾਰ ਸਿੰਘ ਮੁਖੀ ਦਲ ਸੰਪ੍ਰਦਾਇ ਬਾਬਾ ਬਿਧੀ ਚੰਦ ਜੀ, ਬਾਬਾ ਨਾਗਰ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲੇ, ਜਥੇਦਾਰ ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ, ਬਾਬਾ ਗੁਰਦੇਵ ਸਿੰਘ ਤਰਨਾ ਦਲ ਹੁਸ਼ਿਆਰਪੁਰ, ਬਾਬਾ ਮਾਨ ਸਿੰਘ ਮੜ੍ਹੀਆਂ ਵਾਲੇ, ਮਾਲਵਾ ਤਰਨਾ ਦਲ ਦੇ ਜਥੇ. ਬਾਬਾ ਨਾਹਰ ਸਿੰਘ, ਜਥੇ. ਬਾਬਾ ਬਲਦੇਵ ਸਿੰਘ ਵੱਲਾ, ਜਥੇ. ਬਾਬਾ ਵੱਸਣ ਸਿੰਘ ਮੜ੍ਹੀਆਂ ਵਾਲੇ, ਜਥੇ. ਬਾਬਾ ਤਰਸੇਮ ਸਿੰਘ ਮਹਿਤਾ ਚੌਕ, ਜਥੇ. ਬਾਬਾ ਛਿੰਦਾ ਸਿੰਘ ਭਿਖੀਵਿੰਡ, ਜਥੇਦਾਰ ਤਰਸੇਮ ਸਿੰਘ ਮੋਰਾਂਵਾਲੀ ਆਦਿ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਸ਼ਾਮਿਲ ਹੋਏ । ਗੁਰਦੁਆਰਾ ਸ਼ਹੀਦੀ ਬਾਗ਼ ਸਾਹਿਬ ਤੋਂ ਆਰੰਭ ਹੋਇਆ ਮਹੱਲਾ ਗੁਰਦੁਆਰਾ: ਬਾਬਾ ਅਜੀਤਗੜ੍ਹ ਸਾਹਿਬ ਨਿਹੰਗ ਛਾਉਣੀ ਤਰਨਾ ਦਲ ਹਰੀਆਂ ਵੇਲਾਂ, ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ ਨਿਹੰਗ ਸਿੰਘ ਛਾਉਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੋਂ ਹੁੰਦਾ ਹੋਇਆਂ

ਨਵੀਂ ਆਬਾਦੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਵੇਰਕਾ ਚੌਕ, ਬੱਸ ਅੱਡਾ ਹੋ ਕੇ ਇਤਿਹਾਸਕ ਅਸਥਾਨ ਗੁਰਦੁਆਰਾ ਮਾਤਾ ਜੀਤੋ ਜੀ ਸਾਹਿਬ, ਗੁ: ਕਿਲ੍ਹਾ ਹੋਲਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਪੁਰਾਤਨ ਚਰਨ ਗੰਗਾ ਸਟੇਡੀਅਮ ਵਿਖੇ ਪੁੱਜਾ । ਜਿੱਥੇ ਨਿਹੰਗ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਦੀ ਅਗਵਾਈ ਹੇਠ ਵੱਖ-ਵੱਖ ਨਿਹੰਗ ਸੰਪ੍ਰਦਾਇ ਨਾਲ ਸਬੰਧਿਤ ਨਿਹੰਗ ਸਿੰਘ ਰਵਾਇਤੀ ਬਾਣਿਆਂ, ਸ਼ਸਤਰਾਂ, ਘੋੜੇ, ਹਾਥੀਆਂ 'ਤੇ ਸਵਾਰ ਹੋ ਕੇ ਚਰਨ ਗੰਗਾ ਸਟੇਡੀਅਮ ਵਿਖੇ ਪਹੁੰਚ ਕੇ ਘੋੜ ਸਵਾਰੀ, ਨੇਜ਼ੇਬਾਜ਼ੀ, ਗਤਕੇਬਾਜ਼ੀ ਆਦਿ ਦਾ ਜੰਗਜ਼ੂ ਜੌਹਰ ਦਿਖਾਏ । ਇਸ ਮੌਕੇ ਇਕੱਤਰ ਸਮੂਹ ਨਿਹੰਗ ਸਿੰਘ ਫ਼ੌਜਾਂ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਸੰਬੋਧਨ ਕਰਦਿਆਂ ਹਰੇਕ ਪ੍ਰਾਣੀ ਨੂੰ ਅੰਮਿ੍ਤ ਛੱਕ ਕੇ ਸ਼ਸਤਰਧਾਰੀ ਹੋਣ ਦੀ ਅਪੀਲ ਕੀਤੀ ।ਚਰਨ ਗੰਗਾ ਸਟੇਡੀਅਮ ਵਿਚ ਨਿਹੰਗ ਫ਼ੌਜਾਂ ਦਾ ਉਤਾਰਾ ਇੱਕ ਅਦਭੁਤ ਨਜ਼ਾਰਾ ਪੇਸ਼ ਕਰ ਰਿਹਾ ਸੀ ।ਇਸ ਸਮੇਂ ਉਕਤ ਤੋਂ ਇਲਾਵਾ ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਗੁਰਪ੍ਰੀਤ ਸਿੰਘ ਹਰੀਆਂ ਵੇਲਾਂ, ਜਥੇਦਾਰ ਬਾਬਾ ਜਸਪਾਲ ਸਿੰਘ, ਬਾਬਾ ਬਾਬਾ ਮੱਘਰ ਸਿੰਘ, ਜਥੇਦਾਰ ਬਾਬਾ ਜੱਸਾ ਸਿੰਘ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਸਰਵਣ ਸਿੰਘ ਮਝੈਲ ਰਾਜਪੁਰਾ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਰਣਯੋਧ ਸਿੰਘ, ਬਾਬਾ ਪਿਆਰਾ ਸਿੰਘ, ਬਾਬਾ ਸੁਖਜੀਤ ਸਿੰਘ ਕਨੱਈਆ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ ਲੁਧਿਆਣਾ ਆਦਿ ਹਾਜ਼ਰ ਸਨ ।

ਇਸ ਤੋਂ ਪਹਿਲਾਂ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਗੁਰਦੁਆਰਾ ਗੁਰੂ ਕਾ ਬਾਗ਼ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਦੋ ਰੋਜ਼ਾ ਵਿਰਸਾ ਸੰਭਾਲ ਨੈਸ਼ਨਲ ਗਤਕਾ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਖ-ਵੱਖ ਸੂਬਿਆਂ ਅਤੇ ਜ਼ਿਲਿਆਂ ਦੀਆਂ 22 ਟੀਮਾਂ ਨੇ ਸਿੱਖ ਸ਼ਸਤਰ ਕਲਾ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ ।ਇਨ੍ਹਾਂ ਮੁਕਾਬਲਿਆਂ ਦੇ ਦੂਜੇ ਦਿਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਅਹਿਮ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ | ਇਨ੍ਹਾਂ ਗਤਕਾ ਮੁਕਾਬਲਿਆਂ ਦੀ ਸਮਾਪਤੀ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਸਿੱਖ ਪੰਥ ਦੀਆਂ 8 ਅਹਿਮ ਸ਼ਖ਼ਸੀਅਤਾਂ, ਜਿਨ੍ਹਾਂ ਵਿਚ ਉੱਘੇ ਵਿਦਵਾਨ ਕਰਨਲ ਦਲਵਿੰਦਰ ਸਿੰਘ ਗਰੇਵਾਲ, ਸੰਤ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਮੇਜਰ ਸਿੰਘ ਮੁਖੀ ਦਸਮੇਸ਼ ਤਰਨਾ ਦਲ, ਡਾ. ਗਿਆਨੀ ਭੁਪਿੰਦਰਪਾਲ ਸਿੰਘ ਕਥਾਵਾਚਕ ਨੂੰ ਬੁੱਢਾ ਦਲ ਦੇ ਤੀਸਰੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਐਵਾਰਡ ਅਤੇ ਜਗਜੀਤ ਸਿੰਘ ਦਰਦੀ ਸੰਪਾਦਕ ਚੜ੍ਹਦੀ ਕਲਾ ਗਰੁੱਪ, ਨਿਰਮਲੇ ਸੰਪਰਦਾਇ ਦੇ ਸੰਤ ਤੇਜਾ ਸਿੰਘ ਗੁਰੂਸਰ ਖੁੱਡੇ ਵਾਲੇ, ਬਾਬਾ ਹਰਜੀਤ ਸਿੰਘ ਸਿੰਘ ਰਾਗੀ ਮਹਿਤਾ ਚੌਕ ਵਾਲੇ ਨੂੰ ਬੁੱਢਾ ਦਲ ਦੇ ਚੌਥੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਯਾਦਗਾਰੀ ਐਵਾਰਡ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ । ਅਮਰੀਕਾ ਤੋਂ ਜਸਵਿੰਦਰ ਸਿੰਘ ਜੱਸੀ ਦਾ ਬੁੱਢਾ ਦਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਵਿਰਾਸਤ ਦੀ ਸ਼ਾਨਾਮੱਤੀ ਸ਼ਸਤਰ ਕਲਾ ਨੂੰ ਸੰਭਾਲਣ ਲਈ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਰੰਤਰ ਯਤਨਸ਼ੀਲ ਹਨ ।ਗਤਕਾ ਮੁਕਾਬਲੇ ਵਿਚ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਬੁੱਢਾ ਦਲ ਦੇ ਨਿਹੰਗ ਸਿੰਘਾਂ ਦਾ ਵਿਸ਼ੇਸ਼ ਕਿਤਾਬਚਾ 'ਨਿਹੰਗ ਸਿੰਘ ਸੰਦੇਸ਼' ਵੀ ਜਾਰੀ ਕੀਤਾ ਗਿਆ।

                 ਇੱਕ ਲੱਖ ਸ਼ਰਧਾਲੂਆਂ ਨੇ ਕੀਤੇ ਵਿਰਾਸਤ-ਏ-ਖ਼ਾਲਸਾ ਦੇ ਦਰਸ਼ਨ                                              

ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਪ੍ਰਬੰਧਾਂ ਅਧੀਨ ਚਲਾਏ ਜਾ ਰਹੇ  ਵਿਰਾਸਤ-ਏ-ਖ਼ਾਲਸਾ ਦੇ ਸੰਗਤ ਨੂੰ  ਨਿਰਵਿਘਨਤਾ ਸਹਿਤ ਦਰਸ਼ਨ ਕਰਵਾਉਣ ਲਈ ਸਾਰਥਿਕ ਯਤਨ ਕੀਤੇ ਗਏ ।18 ਮਾਰਚ ਨੂੰ 22,613 ਸੈਲਾਨੀਆਂ ਨੇ ਵਿਰਾਸਤ-ਏ-ਖ਼ਾਲਸਾ ਦੇ ਦਰਸ਼ਨ ਕਰਕੇ ਇੱਕ ਰਿਕਾਰਡ ਵੀ ਕਾਇਮ ਕੀਤਾ ।