ਰਾਜ ਸਭਾ ਨਾਮਜ਼ਦਗੀਆਂ ਨੂੰ ਲੈ ਕੇ 'ਆਪ' ਕਸੂਤੀ ਫਸੀ

ਰਾਜ ਸਭਾ ਨਾਮਜ਼ਦਗੀਆਂ ਨੂੰ ਲੈ ਕੇ 'ਆਪ' ਕਸੂਤੀ ਫਸੀ

*ਸ਼ੋਸ਼ਲ ਮੀਡੀਆ ਉਪਰ ਪੰਜਾਬੀਆਂ ਵਲੋਂ ਕਰੜਾ ਵਿਰੋਧ *ਵਿਰੋਧੀ ਰਾਜਨੀਤਕ ਪਾਰਟੀਆਂ ਨੇ *ਆਪ* ਨੂੰ ਘੇਰਿਆ

* ਬੀਬੀ ਖਾਲੜਾ ਰਾਜ ਸਭਾ ਲਈ ਯੋਗ ਉਮੀਦਵਾਰ ਸੀ : ਸੁਖਪਾਲ ਖਹਿਰਾ      

 * 'ਆਪ’ ਦੇ ਪੰਜ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ - ਪੰਜਾਬ ਤੋਂ ਰਾਜ ਸਭਾ ਦੀਆਂ ਪੰਜ ਖ਼ਾਲੀ ਹੋਈਆਂ ਸੀਟਾਂ 'ਤੇ ਆਪ ਪਾਰਟੀ ਵਲੋਂ ਜੋ ਪੰਜ ਉਮੀਦਵਾਰ ਬਣਾਏ ਗਏ ਉਸ ਨੇ 'ਆਪ' ਦੇ ਹੱਕ ਵਿਚ ਵੱਡਾ ਫ਼ਤਵਾ ਦੇਣ ਵਾਲੇ ਪੰਜਾਬੀਆਂ ਨੂੰ ਵੱਡੀ ਮਾਯੂਸੀ ਦਿੱਤੀ । ਪੰਜਾਬ ਜੋ ਕਿ ਦੇਸ਼ ਦੀ ਇਕ ਘੱਟ ਗਿਣਤੀ ਦੀ ਨੁਮਾਇੰਦਗੀ ਵਾਲਾ ਸੂਬਾ ਹੈ ਤੋਂ ਹੀ ਰਾਜ ਸਭਾ ਵਿਚ ਪੰਜਾਬੀ ਚਿਹਰਾ ਨਾ ਭੇਜੇ ਜਾਣ ਦਾ ਰਾਜ ਦੀਆਂ ਕਈ ਪਾਰਟੀਆਂ ਤੇ ਜਥੇਬੰਦੀਆਂ ਵਲੋਂ ਤਿੱਖਾ ਵਿਰੋਧ ਹੋਇਆ ਹੈ ।ਇਥੋਂ ਤਕ ਸ਼ੋਸ਼ਲ ਮੀਡੀਆ ਵਿਚ ਆਮ ਲੋਕਾਂ ਵਲੋਂ ਤਿਖਾ ਵਿਰੋਧ ਦੇਖਣ ਨੂੰ ਮਿਲਿਆ। ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ,ਬੁਲਾਰੇ ਦਲਜੀਤ ਸਿੰਘ ਚੀਮਾ ਨੇ  ਕਿਹਾ ਕਿ ਰਾਜ ਸਭਾ ਵਿਚ ਇਸ ਤਰ੍ਹਾਂ ਨਾਲ ਇਕ ਘੱਟ ਗਿਣਤੀ ਦੀ ਨੁਮਾਇੰਦਗੀ ਖ਼ਤਮ ਕਰਨ ਦਾ ਮਤਲਬ ਇਹ ਹੈ ਕਿ ਇਕ ਫ਼ਿਰਕੇ ਨਾਲ ਸਬੰਧਤ ਮੁੱਦੇ ਦੇਸ਼ ਦੀ ਪਾਰਲੀਮੈਂਟ ਵਿਚ ਨਾ ਉੱਠ ਸਕਣ । ਉਨ੍ਹਾਂ ਕਿਹਾ ਕਿ ਹਰਭਜਨ ਸਿੰਘ ਨੂੰ ਇਕ ਨਾਮਵਰ ਖਿਡਾਰੀ ਕਰਕੇ ਅਗਰ ਨਾਮਜ਼ਦਗੀ ਮਿਲੀ ਹੈ ਤਾਂ ਅਜਿਹੇ ਖਿਡਾਰੀ ਨੂੰ ਰਾਸ਼ਟਰਪਤੀ ਵਲੋਂ ਹੀ ਨਾਮਜ਼ਦ ਕਰ ਦਿੱਤਾ ਜਾਣਾ ਚਾਹੀਦਾ ਸੀ ਲੇਕਿਨ 'ਆਪ' ਵਲੋਂ ਦੇਸ਼ ਦੇ ਸੁਪਰੀਮ ਅਦਾਰੇ ਵਿਚ ਕੋਈ ਸਿੱਖ ਚਿਹਰਾ ਮੋਹਰਾ ਨਾਮਜ਼ਦ ਨਾ ਕਰਨਾ ਚਿੰਤਾ ਦਾ ਵਿਸ਼ਾ ਹੈ ।ਅਕਾਲੀ ਵਿਧਾਇਕ ਪਾਰਟੀ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਵੀ ਕਿਹਾ ਕਿ ਆਪ ਪਾਰਟੀ ਵਲੋਂ ਇਕ ਵੀ ਪੰਥਕ ਚਿਹਰਾ, ਕੋਈ ਔਰਤ ਜਿਨ੍ਹਾਂ ਦੀ 50 ਪ੍ਰਤੀਸ਼ਤ ਵਸੋਂ ਹੈ ਤੇ ਕਿਸਾਨੀ ਪ੍ਰਧਾਨ ਸੂਬੇ ਵਿਚੋਂ ਕਿਸੇ ਇਕ ਵੀ ਕਿਸਾਨ ਨੂੰ ਨੁਮਾਇੰਦਗੀ ਦੇਣ ਦੇ ਕਾਬਲ ਨਾ ਸਮਝਣਾ ਸੂਬੇ ਦੇ ਵੋਟਰਾਂ ਨਾਲ ਵੱਡਾ ਧੋਖਾ ਹੈ ।ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ  ਟਵੀਟ ਕਰਕੇ ਕਿਹਾ ਕਿ ਪੰਜਾਬ ਵਿਚੋਂ ਰਾਜ ਸਭਾ ਮੈਂਬਰਾਂ ਦੀ ਚੋਣ ਲਈ ਹਰਭਜਨ ਸਿੰਘ  ਨੂੰ ਛੱਡ ਕੇ ਬਾਕੀ ਉਹ ਨਵੀਆਂ ਬੈਟਰੀਆਂ ਹਨ, ਜਿਨ੍ਹਾਂ ਦਾ ਰਿਮੋਟ ਕੰਟਰੋਲ ਦਿੱਲੀ ਵਿਚ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ  ਕੇਜਰੀਵਾਲ ਨੇ ਪੰਜਾਬ ਨਾਲ ਧੋਖਾ ਕੀਤਾ ਹੈ।

ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਰਾਜ ਸਭਾ ਲਈ ਗ਼ੈਰ-ਪੰਜਾਬੀਆਂ ਦੀ ਚੋਣ ‘ਆਪ’ ਵਰਕਰਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਨੁੱਖੀ ਅਧਿਕਾਰਾਂ ਦੀ ਮੁਦਈ ਪਰਮਜੀਤ ਕੌਰ ਖਾਲੜਾ ਦੀ ਚੋਣ ਕੀਤੀ ਜਾ ਸਕਦੀ ਸੀ।ਪਰਗਟ ਸਿੰਘ ਨੇ ਕੇਜਰੀਵਾਲ 'ਤੇ ਪੰਜਾਬੀਆਂ ਨਾਲ ਧੋਖਾ ਕਰਨ ਦਾ ਦੋਸ਼ ਵੀ ਲਾਇਆ। ਸਾਬਕਾ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਵਿੱਚ ਇਹ ਪਰੰਪਰਾ ਰਹੀ ਹੈ ਕਿ ਰਾਜ ਸਭਾ ਵਿੱਚ ਪੰਜਾਬ ਦੀ ਨੁਮਾਇੰਦਗੀ ਸਿਰਫ਼ ਪੰਜਾਬੀ ਹੀ ਕਰਦੇ ਹਨ ਪਰ ਦੁੱਖ ਦੀ ਗੱਲ ਹੈ ਕਿ ‘ਆਪ’ ਨੇ ਰਾਜ ਸਭਾ ਲਈ ਬਾਹਰਲੇ ਲੋਕਾਂ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਗ਼ੈਰ-ਪੰਜਾਬੀਆਂ ਦੀ ਇਹ ਚੋਣ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹੈ।

ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਰਾਜ ਸਭਾ ਲਈ ਮੈਂਬਰਾਂ ਦੀ ਚੋਣ ਵੇਲੇ ਪੰਜਾਬੀ ਤੇ ਪੰਜਾਬੀਅਤ ਦਾ ਖ਼ਿਆਲ ਰੱਖਣ ਦੀ ਅਪੀਲ ਕੀਤੀ ਸੀ।  ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਧਰਤੀ ਤੋਂ ਸਹੁੰ ਚੁੱਕੀ ਹੈ ਤੇ ‘ਆਪ’ ਸਰਕਾਰ ਨੇ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਸੱਚ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਚਾਹੀਦਾ ਸੀ ਕਿ ਸ਼ਹੀਦਾਂ ਦੇ ਪਰਿਵਾਰਾਂ ’ਚੋਂ ਕਿਸੇ ਨੂੰ ਰਾਜ ਸਭਾ ਵਿੱਚ ਭੇਜਿਆ ਜਾਂਦਾ।   ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ  ਕਿਹਾ ਕਿ 'ਆਪ' ਵਲੋਂ ਰਾਜ ਸਰਕਾਰ ਅਤੇ ਸਥਾਨਕ ਲੀਡਰਸ਼ਿਪ ਨੂੰ ਫੈਸਲੇ ਲੈਣ ਦੀ ਕੋਈ ਸ਼ਕਤੀ ਜਾਂ ਅਧਿਕਾਰ ਨਾ ਦੇ ਕੇ ਉਨ੍ਹਾਂ ਨੂੰ ਕਾਲਪਨਿਕ ਆਗੂਆਂ ਤੱਕ ਸੀਮਤ ਕਰ ਦਿੱਤਾ ਗਿਆ ਹੈ ।ਉਨ੍ਹਾਂ ਦੱਸਿਆ ਕਿ ਰਾਘਵ ਚੱਢਾ ਅਤੇ ਸੰਦੀਪ ਪਾਠਕ ਦੋਵੇਂ ਗੈਰ-ਪੰਜਾਬੀ ਹਨ, ਜਦੋਂਕਿ ਬਾਕੀ ਤਿੰਨ ਹਰਭਜਨ ਸਿੰਘ, ਸੰਜੀਵ ਅਰੋੜਾ ਅਤੇ ਅਸ਼ੋਕ ਮਿੱਤਲ ਦਾ ਕੋਈ ਸਿਆਸੀ ਪਿਛੋਕੜ ਨਹੀਂ ਹੈ ।              ਦਿਲਚਸਪ ਗੱਲ ਇਹ ਹੈ ਕਿ ਪੰਜਾਬ ਜਿੱਥੇ 32 ਪ੍ਰਤੀਸ਼ਤ ਦਲਿਤ ਵੋਟ ਹੈ, ਆਪ ਵਲੋਂ ਪੰਜਾ ਵਿਚੋਂ ਇਕ ਵੀ ਅਨੁਸੂਚਿਤ ਜਾਤੀ ਦੇ ਉਮੀਦਵਾਰ ਨੂੰ ਨਹੀਂ ਚੁਣਿਆ ਗਿਆ ।ਪੰਜਾਬ ਬਸਪਾ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਦਲਿਤਾਂ ਨੂੰ ਅੱਖੋਂ ਪਰੋਖੇ ਕੀਤੇ ਜਾਣ ਦੀ ਨਿੰਦਾ ਕੀਤੀ ।ਦਿਲਚਸਪ ਗੱਲ ਇਹ ਹੈ ਕਿ 'ਆਪ' ਵਲੋਂ ਰਾਜ ਸਭਾ ਲਈ ਜੋ ਪੰਜ ਉਮੀਦਵਾਰ ਬਣਾਏ ਗਏ ਹਨ, ਉਨ੍ਹਾਂ ਵਿਚੋਂ ਤਿੰਨ ਸੰਦੀਪ ਪਾਠਕ, ਰਾਘਵ ਚੱਢਾ ਤੇ ਸੰਜੀਵ ਅਰੋੜਾ ਦਿੱਲੀ ਨਿਵਾਸੀ ਹਨ ਤੇ ਸੰਜੀਵ ਅਰੋੜਾ ਦੇ ਫੇਸਬੁਕ ਪੇਜ ਅਨੁਸਾਰ ਉਹ ਭਾਜਪਾ ਦੀ ਦਿੱਲੀ ਕਾਰਜਕਾਰਨੀ ਦੇ ਮੈਂਬਰ ਵੀ ਹਨ । ਸੰਦੀਪ ਪਾਠਕ ਵੈਸੇ ਛੱਤੀਸਗੜ੍ਹ ਤੋਂ ਹਨ ।ਜਦੋਂਕਿ ਅਸ਼ੋਕ ਮਿੱਤਲ (ਲਵਲੀ ਯੂਨੀਵਰਸਿਟੀ) ਤੇ ਹਰਭਜਨ ਸਿੰਘ ਕ੍ਰਿਕਟਰ ਜਲੰਧਰ ਨਿਵਾਸੀ ਹਨ । ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਚੋਣ ਸਬੰਧੀ ਲੋਕਾਂ ਨੂੰ ਕੀ ਜਵਾਬ ਦੇਣ ਇਹ ਵੇਖਣ ਵਾਲੀ ਗੱਲ ਹੋਵੇਗੀ। ਜਸਬੀਰ ਸਿੰਘ ਗੜੀ ਅਨੁਸਾਰ ਇਸ ਫ਼ੈਸਲੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਸੂਬੇ ਦੀ ਕਮਾਨ ਅਤੇ ਫ਼ੈਸਲੇ ਲੈਣ ਦੀ ਤਾਕਤ ਮੁੱਖ ਮੰਤਰੀ ਕੋਲ ਨਹੀਂ, ਬਲਕਿ ਕੇਜਰੀਵਾਲ ਦੇ ਹੱਥਾਂ ਵਿਚ ਹੈ ।  ਇਸੇ ਦੌਰਾਨ ਬਹੁਤ ਸਾਰੇ ਪ੍ਰਤੀਨਿਧਾਂ ਵਲੋਂ ਅਤੇ ਆਮ ਲੋਕਾਂ 'ਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਟਿਕਟਾਂ ਦੀ ਇਸ ਵੰਡ ਵਿਚ ਕੀਤੇ ਵੱਡੀ ਪੱਧਰ 'ਤੇ ਪੈਸਿਆਂ ਦੀ ਲੈਣ-ਦੇਣ ਤਾਂ ਨਹੀਂ ਹੋਈ |

ਯਾਦ ਰਹੇ ਕਿ ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ (33), ਪੰਜਾਬ ਚੋਣਾਂ ਵਿੱਚ ਪਾਰਟੀ ਦੇ ਸਿਆਸੀ ਰਣਨੀਤੀਕਾਰ ਡਾ. ਸੰਦੀਪ ਪਾਠਕ (43), ਸਾਬਕਾ ਕ੍ਰਿਕਟਰ ਹਰਭਜਨ ਸਿੰਘ (41), ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਚਾਂਸਲਰ ਅਸ਼ੋਕ ਮਿੱਤਲ (58) ਅਤੇ ਲੁਧਿਆਣਾ ਦੇ ਪ੍ਰਸਿੱਧ ਉਦਯੋਗਪਤੀ ਸੰਜੀਵ ਅਰੋੜਾ (58)  ਨੇ ਮੁੱਖ ਮੰਤਰੀ ਭਗਵੰਤ  ਮਾਨ ਦੀ ਅਗਵਾਈ ਹੇਠ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ‘ਆਪ’ ਦੇ ਸਾਰੇ ਪੰਜੇ ਉਮੀਦਵਾਰਾਂ ਦਾ ਨਿਰਵਿਰੋਧ ਚੁਣਿਆ ਜਾਣਾ ਨਿਸ਼ਚਿਤ ਹੈ। ਹੋਰ ਪਾਰਟੀਆਂ ਨੇ ਰਾਜ ਸਭਾ ਲਈ ਕੋਈ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਹੈ। ਸੰਸਦ ਦੇ ਉਪਰਲੇ ਸਦਨ ਵਿੱਚ ਖਾਲੀ ਹੋਈਆਂ ਪੰਜ ਸੀਟਾਂ ਲਈ ਚੋਣਾਂ 31 ਮਾਰਚ ਨੂੰ ਹੋਣੀਆਂ ਹਨ।  ਪੰਜਾਬ ਨਾਲ ਸਬੰਧਤ ਪੰਜ ਰਾਜ ਸਭਾ ਮੈਂਬਰਾਂ ’ਚ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ, ਸ਼ਵੇਤ ਮਲਿਕ, ਨਰੇਸ਼ ਗੁਜਰਾਲ ਅਤੇ ਸੁਖਦੇਵ ਸਿੰਘ ਢੀਂਡਸਾ ਦਾ ਕਾਰਜਕਾਲ 9 ਅਪਰੈਲ ਨੂੰ ਖ਼ਤਮ ਹੋ ਰਿਹਾ ਹੈ, ਜਦੋਂ ਕਿ ਦੋ ਹੋਰ ਮੈਂਬਰਾਂ ਬਲਵਿੰਦਰ ਸਿੰਘ ਭੂੰਦੜ ਤੇ ਅੰਬਿਕਾ ਸੋਨੀ ਦਾ ਕਾਰਜਕਾਲ 4 ਜੁਲਾਈ ਨੂੰ ਖ਼ਤਮ ਹੋਵੇਗਾ। ‘

ਡਾ. ਐੱਸ ਕਰੁਣਾ ਰਾਜੂ ਨਿਰੀਖਕ ਨਿਯੁਕਤ

 ਭਾਰਤੀ ਚੋਣ ਕਮਿਸ਼ਨ ਨੇ 31 ਮਾਰਚ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ ਕਰੁਣਾ ਰਾਜੂ ਨੂੰ ਨਿਰੀਖਕ ਨਿਯੁਕਤ ਕੀਤਾ ਹੈ। ਭਾਰਤੀ ਚੋਣ ਕਮਿਸ਼ਨ ਨੇ ਡਾ. ਰਾਜੂ ਨੂੰ ਰਾਜ ਸਭਾ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ, ਪੋਲਿੰਗ ਅਤੇ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਦੌਰਾਨ ਮੌਜੂਦ ਰਹਿਣ ਦੇ ਆਦੇਸ਼ ਦਿੱਤੇ ਹਨ। ਚੋਣਾਂ ਮਗਰੋਂ ਉਹ ਹੀ ਭਾਰਤੀ ਚੋਣ ਕਮਿਸ਼ਨ ਕੋਲ ਰਿਪੋਰਟ ਪੇਸ਼ ਕਰਨਗੇ। ‘ਆਪ’ ਵਲੋਂ ਅਜਿਹੀ ਪਿਰਤ ਪਾਉਣ ਤੋਂ ਇਹ ਤਾਂ ਸਾਫ਼ ਹੋ ਗਈ ਹੈ ਕਿ ਉਹ ਪੰਜਾਬ ਦੇ ਹਿਤਾਂ ਨੂੰ ਬਹੁਤਾ ਮਹੱਤਵ ਕਦੇ ਨਹੀਂ ਦੇਵੇਗੀ ਪਰ ਹੈਰਾਨੀ ਹੈ ਕਿ ਜਿਸ ਸੂਬੇ ਵਿਚੋਂ ਉਨ੍ਹਾਂ ਨੂੰ 42 ਫ਼ੀਸਦੀ ਵੋਟਾਂ ਮਿਲੀਆਂ ਹੋਣ, ਉਥੇ ਉਨ੍ਹਾਂ ਨੂੰ ਪੰਜਾਬ ਦਾ ਪੱਖ ਰੱਖ ਸਕਣ ਵਾਲੇ ਪੰਜ ਪੰਜਾਬੀ ਵੀ ਰਾਜ ਸਭਾ ਵਿਚ ਭੇਜਣ ਵਾਸਤੇ ਨਹੀਂ ਮਿਲੇ। ਇਕ ਹੋਰ ਗੱਲ ਨੂੰ ਲੈ ਕੇ ਵੀ ਪੰਜਾਬ ਵਿਚ ਨਿਰਾਸ਼ਾ ਉਪਜੀ ਹੈ ਕਿ ਸਿੱਖ ਪ੍ਰਦੇਸ਼ ਹੋਣ ਦੇ ਨਾਤੇ, ਦਸਤਾਰਧਾਰੀ ਚਿਹਰਾ ਪੰਜਾਬ ਵਿਚੋਂ ਭੇਜਣਾ ਸਿੱਖ ਅਪਣਾ ਹੱਕ ਸਮਝਦੇ ਸਨ। ਹਰਭਜਨ ਸਿੰਘ ਇਕ ਵਧੀਆ ਵੱਡੇ ਖਿਡਾਰੀ ਹਨ ਪਰ ਉਨ੍ਹਾਂ ਨੂੰ ਸਿੱਖਾਂ ਦੀ ਆਵਾਜ਼ ਨਹੀਂ ਮੰਨਿਆ ਜਾਂਦਾ। ਅੱਜ ਜਦ ਘੱਟ ਗਿਣਤੀਆਂ ਉਤੇ ਖ਼ਤਰੇ ਵੱਧ ਰਹੇ ਹਨ, ਸਿੱਖਾਂ ਦੀ ਆਵਾਜ਼ ਚੁਕਣ ਵਾਲੇ ਘਟਦੇ ਜਾ ਰਹੇ ਹਨ। ਇਸੇ ਕਰ ਕੇ ਵਾਰ ਵਾਰ ਅਸੀ ਅਪਣੇ ਕਿਰਦਾਰ ਵਲ ਧਿਆਨ ਦੇਣ ਨੂੰ ਆਖਦੇ ਆਏ ਹਾਂ - ਸਿੱਖ ਫ਼ਲਸਫ਼ੇ ’ਤੇ ਟਿਕਿਆ ਕਿਰਦਾਰ ਜਿਸ ਤੇ ਲਾਲਚ, ਮਾਫ਼ੀਆ ਤੇ ਸਿਆਸਤ ਦੇ ਦਾਗ਼ ਨਾ ਹੋਣ। ਵੈਸੇ ਤਾਂ ਭਗਵੰਤ ਮਾਨ ਆਪ ਕਦੇ ਬੀਬੀ ਖਾਲੜਾ ਨੂੰ ਰਾਜ ਸਭਾ ਵਿਚ ਭੇਜਣ ਦੀ ਗੱਲ ਆਖਦੇ ਹੁੰਦੇ ਸਨ।ਪਰ ਸਿੱਖਾਂ ਦੇ ਦਰਦ ਤੋਂ ਆਪ ਹੀ ਅਣਜਾਣ ਹੋ ਗਏ। ਪਰ ਪੰਜਾਬ ਜਾਣਦਾ ਸੀ ਕਿ ਉਸ ਨੇ ਕੇਜਰੀਵਾਲ ਨੂੰ ਹੋਰ ਕੁੱਝ ਨਹੀਂ, ਕੇਵਲ ਏਨਾ ਸੋਚ ਕੇ ਹੀ ਇਕ ਮੌਕਾ ਦਿਤਾ ਸੀ ਕਿ ਉਸ ਨੂੰ ਆਪਣੇ ਕਿਸੇ ਆਗੂ ਤੇ ਵਿਸ਼ਵਾਸ ਨਹੀਂ ਰਿਹਾ। 

ਕੋਣ ਹੈ ਹਰਭਜਨ ਸਿੰਘ

 3 ਜੁਲਾਈ 1980 ਨੂੰ ਜਲੰਧਰ, ਪੰਜਾਬ 'ਚ ਜੰਮੇ ਹਰਭਜਨ ਸਿੰਘ ਭਾਰਤੀ ਤੇ ਅੰਤਰਰਾਸ਼ਟਰੀ ਕ੍ਰਿਕੇਟ ਦਾ ਵੱਡਾ ਨਾਂਅ ਹਨ। ਹਰਭਜਨ ਸਿੰਘ ਨੇ ਭਾਰਤ ਵੱਲੋਂ 103 ਟੈਸਟ ਮੈਚ ਅਤੇ 236 ਵਨਡੇਅ ਮੈਚ ਖੇਡੇ ਹਨ। 1998 ਵਿੱਚ ਪਹਿਲਾ ਟੈਸਟ ਆਸਟਰੇਲੀਆ ਅਤੇ ਇਸੇ ਸਾਲ ਨਿਊਜੀਲੈਂਡ ਖਿਲਾਫ਼ ਪਹਿਲਾ ਵਨਡੇਅ ਖੇਡਿਆ ਸੀ।ਹਰਭਜਨ 2007 ਵਿੱਚ ਟੀ-20 ਵਿਸ਼ਵ ਕੱਪ ਟੀਮ ਅਤੇ 2011 ਦੀ ਵਨਡੇਅ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਵੀ ਸਨ।ਹਰਭਜਨ ਸਿੰਘ ਦਾ ਵਿਵਾਦਾਂ ਨਾਲ ਵੀ ਖਾਸਾ ਸਾਥ ਰਿਹਾ ਹੈ।ਇਸ ਵਿਚ ਆਈਪੀਐੱਲ ਦੌਰਾਨ ਸ਼੍ਰੀਸੰਤ ਨੂੰ ਥੱਪੜ ਮਾਰਨ ਤੋਂ ਲੈ ਕੇ ਆਸਟਰੇਲੀਆਈ ਬੱਲੇਬਾਜ਼ ਐਂਡਰਿਊ ਸਾਇਮੰਡਸ ਨਾਲ ਭਿੜਨਾ ਸ਼ਾਮਲ ਹੈ।ਨਾਂਅ ਨਾਲ ਜਾਣਿਆ ਜਾਂਦਾ ਹੈ।ਉਨ੍ਹਾਂ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ 'ਚ ਕਈ ਵਾਰ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਵੀ ਭੇਜਿਆ ਗਿਆ ਸੀ ਤਾਂ ਜੋ ਉਹ ਆਪਣੇ ਆਚਰਨ ਵਿਚ ਸੁਧਾਰ ਕਰ ਸਕਣ।ਸ਼੍ਰੀਸੰਤ ਨੂੰ ਥੱਪੜ ਮਾਰਨਾ ਉਨ੍ਹਾਂ ਨੂੰ ਕਾਫੀ ਮਹਿੰਗਾ ਪਿਆ ਸੀ ਜਦਕਿ ਆਸਟਰੇਲੀਆ ਦੇ ਐਂਡਰਿਊ ਸਾਇਮੰਡਜ਼ ਨਾਲ ਉਨ੍ਹਾਂ ਦਾ ਵਿਵਾਦ ਸਚਿਨ ਤੇਂਦੁਲਕਰ ਕਾਰਨ ਸੁਲਝ ਗਿਆ ਸੀ।