ਅਕਾਲ ਤਖਤ ਸਾਹਿਬ ਜੀ ਦੀ ਆਗਿਆ ਤੋਂ ਬਿਨਾਂ ਨਿਸ਼ਾਨ ਸਾਹਿਬ ਦੇ ਰੰਗ ਬਦਲਣ ਨਾਲ ਸਿੱਖ ਕੌਮ ਵਿੱਚ ਪੈਦਾ ਹੋਈ ਭਾਰੀ ਦੁਬਿਧਾ: ਅੰਮ੍ਰਿਤ ਸੰਚਾਰ ਜੱਥਾ ਯੂਕੇ

ਅਕਾਲ ਤਖਤ ਸਾਹਿਬ ਜੀ ਦੀ ਆਗਿਆ ਤੋਂ ਬਿਨਾਂ ਨਿਸ਼ਾਨ ਸਾਹਿਬ ਦੇ ਰੰਗ ਬਦਲਣ ਨਾਲ ਸਿੱਖ ਕੌਮ ਵਿੱਚ ਪੈਦਾ ਹੋਈ ਭਾਰੀ ਦੁਬਿਧਾ: ਅੰਮ੍ਰਿਤ ਸੰਚਾਰ ਜੱਥਾ ਯੂਕੇ

ਕੇਸਰੀ ਨਿਸ਼ਾਨ ਦੇ ਹੇਠ ਪੰਥ ਨੇ ਲੜਿਆ ਹੈ ਸੰਘਰਸ਼, ਪੰਥ ਲਈ ਇਹ ਰੰਗ ਹੈ ਕੁਰਬਾਨੀਆਂ ਦਾ ਪ੍ਰਤੀਕ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 14 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਅੰਮ੍ਰਿਤ ਸੰਚਾਰ ਜੱਥਾ ਯੂਕੇ ਅਤੇ ਯੂਰਪ ਦੇ ਜੱਥੇਦਾਰ ਭਾਈ ਬਲਦੇਵ ਸਿੰਘ, ਭਾਈ ਰੇਸ਼ਮ ਸਿੰਘ, ਭਾਈ ਜਸਬੀਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਬਲਜਿੰਦਰ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਸੁਖਦੇਵ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਸੰਗਤਾਂ ਨਾਲ ਬਿਨਾਂ ਸਲਾਹ ਦੇ ਨਿਸ਼ਾਨ ਸਾਹਿਬ ਦੇ ਰੰਗ ਬਦਲਣ ਬਾਰੇ ਚਿੱਠੀ ਲਿਖੀ ਹੈ । ਉਨ੍ਹਾਂ ਲਿਖਿਆ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਅੰਮ੍ਰਿਤ ਸੰਚਾਰ ਜੱਥਾ ਯੂਕੇ ਅਤੇ ਯੂਰਪ ਵਲੋਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਇਹ ਜੋ ਆਪ ਜੀ ਨੇ ਨਿਸ਼ਾਨ ਸਾਹਿਬ ਜੀ ਦਾ ਰੰਗ ਕੇਸਰੀ ਤੋਂ ਬਸੰਤੀ ਜਾਂ ਸੁਰਮਾ ਰੰਗ ਅਕਾਲ ਤਖਤ ਸਾਹਿਬ ਜੀ ਦੀ ਆਗਿਆ ਤੋਂ ਬਿਨਾਂ ਕੀਤਾ ਹੈ ਇਸ ਨਾਲ ਸਿੱਖ ਕੌਮ ਵਿੱਚ ਭਾਰੀ ਦੁਬਿਧਾ ਪੈਦਾ ਹੋਈ ਹੈ।

ਆਪ ਜੀ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਅਤੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਵਲੋਂ ਕੋਸ਼ਿਸ਼ ਕਰਕੇ ਪੰਜ ਬਾਣੀਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ ।ਇਸ ਤੋਂ ਇਲਾਵਾ ਆਨੰਦ ਕਾਰਜ ਬਾਰੇ ਵੀ ਦੁਬਾਰਾ ਵਿਚਾਰ ਕਰਨ ਦੀ ਜਰੂਰਤ ਹੈ ਅਤੇ ਪੰਜ ਪਿਆਰਿਆਂ ਬਾਰੇ ਵੀ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ। ਅਸੀਂ ਯੂਕੇ ਅਤੇ ਯੂਰਪ ਵਿੱਚ ਸਿੱਖ ਸੰਗਤਾਂ ਵਿੱਚ ਵਿਚਰਦੇ ਹਾਂ। ਸਾਨੂੰ ਸਿੱਖ ਸੰਗਤਾਂ ਖਾਸ ਕਰਕੇ ਜਿਹੜੇ ਪਰਿਵਾਰ ਅਜੋਕੇ ਸੰਘਰਸ਼ ਨਾਲ ਸੰਬੰਧਿਤ ਹਨ ਵਲੋਂ ਇਤਰਾਜ਼ ਜਤਾਇਆ ਹੈ ਕਿ ਜਿਸ ਕੇਸਰੀ ਨਿਸ਼ਾਨ ਦੇ ਹੇਠ ਇਕੱਤਰ ਹੋ ਕੇ ਸੰਘਰਸ਼ ਲੜਿਆ ਹੈ ਉਸਨੂੰ ਬਦਲਣ ਦੀ ਲੋੜ ਨਹੀਂ ਹੈ। ਇਹ ਰੰਗ ਸਮੁੱਚੇ ਦੇਸ਼ ਭਾਰਤ ਤੇ ਸਾਡੇ ਹੱਕ ਦਾ ਪ੍ਰਤੀਕ ਹੈ ਕਿਉਂਕਿ ਮੁਲਕ ਦੀ ਅਜ਼ਾਦੀ ਲਈ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਤੇ ਬਾਬਾ ਖੜਕ ਸਿੰਘ ਜੀ ਨੇ ਇਹ ਕੇਸਰੀ ਰੰਗ ਝੰਡੇ ਦੇ ਉੱਪਰਲੇ ਹਿੱਸੇ ਤੇ ਕਰਵਾਇਆ ਸੀ। ਉਹ ਸੰਗਤਾਂ ਵੀ ਇਤਰਾਜ਼ ਕਰ ਰਹੀਆਂ ਹਨ ਜਿਨ੍ਹਾਂ ਨੂੰ ਸੰਘਰਸ਼ ਦੌਰਾਨ ਸਿਰਫ ਕੇਸਰੀ ਦਸਤਾਰ ਸਜਾਉਣ ਕਰਕੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਹੈ। ਕੇਸਰ ਬਹੁਤ ਜ਼ਿਆਦਾ ਕੀਮਤੀ ਵਸਤੂ ਹੈ ਜਿਸ ਦੇ ਰੰਗ ਦੇ ਨਿਸ਼ਾਨ ਸਾਹਿਬ ਤਕਰੀਬਨ ਦੁਨੀਆ ਦੇ ਸਾਰੇ ਮੁਲਕਾਂ ਵਿੱਚ ਚੜ੍ਹਾਇਆ ਹੈ। ਅੱਜ ਦੇ ਦੌਰ ਵਿੱਚ ਸਿੱਖ ਕੌਮ ਇਸ ਰੰਗ ਨੂੰ ਕੁਰਬਾਨੀਆਂ ਦਾ ਪ੍ਰਤੀਕ ਮੰਨਦੀ ਹੈ। ਬਾਕੀ ਜਿਸ ਰਹਿਤ ਮਰਿਆਦਾ ਦੇ ਖਰੜੇ ਦਾ ਜ਼ਿਕਰ ਕੀਤਾ ਗਿਆ ਹੈ ਉਹ ਪੰਥ ਪ੍ਰਵਾਨਿਤ ਨਹੀਂ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਇਸ ਖਰੜੇ ਵਿੱਚ ਜੋ ਖਾਮੀਆਂ ਹਨ ਉਹ ਦੂਰ ਕਰਕੇ ਫੇਰ ਪੰਥ ਤੋਂ ਪਰਵਾਨ ਕਰਵਾ ਕੇ ਲਾਗੂ ਕੀਤਾ ਜਾਵੇ।