ਅਮਰੀਕੀ ਲੋਕੋ ਹੁਣ ਸ਼ਾਂਤ ਹੋ ਜਾਓ , ਕਿਸੇ ਨੇ ਕਿਥੇ ਵੋਟ ਪਾਈ ਇਸ ਦਾ ਕੋਈ ਮਤਲਬ ਨਹੀਂ- ਬਾਈਡਨ

ਅਮਰੀਕੀ ਲੋਕੋ ਹੁਣ ਸ਼ਾਂਤ ਹੋ ਜਾਓ , ਕਿਸੇ ਨੇ ਕਿਥੇ ਵੋਟ ਪਾਈ ਇਸ ਦਾ ਕੋਈ ਮਤਲਬ ਨਹੀਂ- ਬਾਈਡਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕੀ ਲੋਕਾਂ ਨੂੰ ਕਿਹਾ ਹੈ ਕਿ ਚੋਣਾਂ ਖਤਮ ਹੋ ਚੁੱਕੀਆਂ ਹਨ, ਹੁਣ ਸ਼ਾਂਤ ਹੋ  ਜਾਵੋ ਤੇ ਇਕ ਦੂਸਰੇ ਪ੍ਰਤੀ ਸਾਰੇ ਗੁੱਸੇ ਗਿਲੇ ਭੁੱਲ ਜਾਵੋ। ਉਨਾਂ ਕਿਹਾ ਹੈ ਕਿ ਅਮਰੀਕੀ ਲੋਕ ਸ਼ਾਂਤਮਈ ਤੇ ਨਿਯਮਾਂ ਅਨੁਸਾਰ ਸੱਤਾ ਤਬਦੀਲੀ ਦੇ ਹੱਕਦਾਰ ਹਨ। ਉਨਾਂ ਕਿਹਾ ਕਿ ਕਿਸੇ ਨੇ ਕਿਹੜੀ ਪਾਰਟੀ ਜਾਂ ਉਮੀਦਵਾਰ ਨੂੰ ਵੋਟ ਪਾਈ ਇਸ ਦਾ ਕੋਈ ਮਤਲਬ ਨਹੀਂ ਹੈ, ਹੁਣ ਇਕ ਦੂਸਰੇ ਪ੍ਰਤੀ ਸਾਰੀ ਕੜਵਾਹਟ ਛੱਡ ਕੇ ਰਲ ਮਿਲ ਕੇ ਰਹਿਣ ਦਾ ਸਮਾਂ ਹੈ। ਉਨਾਂ ਕਿਹਾ ''ਬਰਿੰਗ ਡਾਊਨ ਦਾ ਟੈਮਰੇਚਰ'' ਅਰਥਾਤ ਪਾਰਾ ਹੇਠਾਂ ਲੈ ਆਓ। ਰਾਸ਼ਟਰਪਤੀ ਦਾ ਇਹ ਬਿਆਨ ਰਿਪਬਲੀਕਨ ਪਾਰਟੀ ਦੀ ਚੋਣ ਮੁਹਿੰਮ ਦੇ ਸੰਚਾਲਕਾਂ ਵੱਲੋਂ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਤੇ ਰਾਸ਼ਟਰਪਤੀ ਬਾਈਡਨ ਵਿਚਾਲੇ ਹੋਈ ਫੋਨ ਉਪਰ ਗੱਲਬਾਤ ਤੋਂ ਬਾਅਦ ਆਇਆ ਹੈ।  ਇਸ ਗੱਲਬਾਤ ਦੌਰਾਨ ਬਾਈਡਨ ਨੇ ਟਰੰਪ ਨੂੰ ਵਧਾਈ ਦਿੱਤੀ ਸੀ ਤੇ ਨਾਲ ਹੀ ਕਿਹਾ ਸੀ ਕਿ ਆਓ ਵਾਈਟ ਹਾਊਸ ਤੁਹਾਡੀ ਉਡੀਕ ਕਰ ਰਿਹਾ ਹੈ। ਚੋਣ ਮੁਹਿੰਮ ਦੇ ਬੁਲਾਰੇ ਸਟੀਵਨ ਚੇਉਂਗ  ਨੇ ਕਿਹਾ ਹੈ ਕਿ ਬਾਈਡਨ ਨਾਲ ਅਗਲੀ ਮੀਟਿੰਗ ਬਾਰੇ ਟਰੰਪ ਤਿਆਰ ਹੈ ਤੇ ਇਹ ਮੀਟਿੰਗ ਬਹੁਤ ਛੇਤੀ ਹੋਵੇਗੀ। ਇਸ ਤੋਂ ਪਹਿਲਾਂ ਬਾਈਡਨ ਨੇ ਉਤਸ਼ਾਹਜਨਕ ਚੋਣ ਮੁਹਿੰਮ ਲਈ ਹੈਰਿਸ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਉਸ ਨੇ ਅੰਤ ਤੱਕ ਪੂਰੀ ਵਾਹ ਲਾਈ। ਬਾਈਡਨ ਨੇ ਕਿਹਾ ਹੈਰਿਸ ਤੇ ਉਸ ਦੀ ਸਮੁੱਚੀ ਟੀਮ ਨੂੰ ਆਪਣੀ ਚੋਣ ਮੁਹਿੰਮ ਉਪਰ ਮਾਣ ਹੋਣਾ ਚਾਹੀਦੀ ਹੈ।