ਅਕਾਲ ਤਖ਼ਤ ਸਾਹਿਬ ਵਲੋਂ ਪੰਥ ਦੇ ਚਲੰਤ ਮਾਮਲਿਆਂ ਸਬੰਧੀ ਇਕਤਰਤਾ, ਪੰਥ ਨੂੰ ਰੌਸ਼ਨ ਰਾਹ ਵੱਲ ਲਿਜਾਣ ਦੀ ਲੋੜ ‘ਤੇ ਜ਼ੋਰ

ਅਕਾਲ ਤਖ਼ਤ ਸਾਹਿਬ ਵਲੋਂ ਪੰਥ ਦੇ ਚਲੰਤ ਮਾਮਲਿਆਂ ਸਬੰਧੀ ਇਕਤਰਤਾ, ਪੰਥ ਨੂੰ ਰੌਸ਼ਨ ਰਾਹ ਵੱਲ ਲਿਜਾਣ ਦੀ ਲੋੜ ‘ਤੇ ਜ਼ੋਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 6 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਥ ਦੇ ਚਲੰਤ ਮਾਮਲਿਆਂ ਸਬੰਧੀ ਵਿਚਾਰ ਕਰਨ ਲਈ ਬੁਲਾਈ ਗਈ ਵਿਦਵਾਨਾਂ ਦੀ ਇਕੱਤਰਤਾ ਵਿਚ ਵੱਖ-ਵੱਖ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਖੁੱਲ੍ਹ ਕੇ ਪੇਸ਼ ਕੀਤੇ ਅਤੇ ਸਿੱਖ ਪੰਥ ਦੇ ਸਰਬਪੱਖੀ ਹਿਤਾਂ ਅਤੇ ਮਸਲਿਆਂ ਉੱਤੇ ਵਿਆਪਕ ਪਹੁੰਚ ਅਪਨਾ ਕੇ ਪੰਥ ਨੂੰ ਰੌਸ਼ਨ ਰਾਹ ਵੱਲ ਲਿਜਾਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਹਰੇਕ ਸਿੱਖ ਵਿਦਵਾਨ ਦੇ ਵਿਚਾਰ ਬੜੇ ਧਿਆਨ ਤੇ ਸੰਜੀਦਗੀ ਨਾਲ ਸੁਣੇ। ਕੁਝ ਵਿਦਵਾਨਾਂ ਨੇ ਆਪਣੇ ਲਿਖਤੀ ਵਿਚਾਰ ਵੀ ਭੇਜੇ ਸਨ, ਜਿਨ੍ਹਾਂ ਨੂੰ ਵੀ ਇਸ ਇਕੱਤਰਤਾ ਵਿਚ ਵਿਚਾਰ-ਚਰਚਾ ਵਿਚ ਸ਼ਾਮਿਲ ਕੀਤਾ ਗਿਆ।

ਇਸ ਮੌਕੇ ਸਾਰੇ ਵਿਦਵਾਨਾਂ ਦੇ ਵਿਚਾਰ ਸੁਣਨ ਤੋਂ ਬਾਅਦ ਸਿੰਘ ਸਾਹਿਬਾਨ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸਮੇਂ-ਸਮੇਂ ਪੰਥ ਵਿਚ ਕੌਮੀ ਮੁੱਦਿਆਂ ‘ਤੇ ਪੰਥਕ ਵਿਦਵਾਨਾਂ ਅਤੇ ਬੁੱਧੀਜੀਵੀਆਂ ਨਾਲ ਵਿਚਾਰ-ਵਟਾਂਦਰੇ ਦੀ ਹਮੇਸ਼ਾ ਇਹ ਰਵਾਇਤ ਰਹੀ ਹੈ ਅਤੇ ਇਸ ਰਵਾਇਤ ਨੂੰ ਅੱਗੇ ਤੋਂ ਵੀ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਿੱਖ ਸੰਪਰਦਾਵਾਂ, ਜਥੇਬੰਦੀਆਂ, ਸਿੰਘ ਸਭਾਵਾਂ ਅਤੇ ਗੁਰਦੁਆਰਾ ਕਮੇਟੀਆਂ ਨਾਲ ਵੀ ਪੰਥਕ ਮਸਲਿਆਂ ‘ਤੇ ਵਿਚਾਰ-ਚਰਚਾ ਲਈ ਇਕੱਤਰਤਾ ਕੀਤੀ ਜਾਵੇਗੀ ਤਾਂ ਜੋ ਵਿਸ਼ਾਲ ਪੰਥਕ ਸੰਦਰਭ ਵਿਚ ਕੌਮ ਦੀ ਸਾਂਝੀ ਅਤੇ ਇਕਮਤ ਰਾਏ ਨੂੰ ਸਿੱਖ ਸੰਸਥਾਵਾਂ ਦੇ ਅਮਲਾਂ ਦਾ ਹਿੱਸਾ ਬਣਾ ਕੇ ਪੰਥ ਨੂੰ ਨਵੇਂ ਤੇ ਉੱਜਲ ਦਿਸਹੱਦਿਆਂ ਵੱਲ ਲਿਜਾਇਆ ਜਾ ਸਕੇ।