ਸ਼ਤਾਬਦੀ ਸਮਾਗਮਾਂ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਅਹਿਮ ਇਕੱਤਰਤਾ ਹੋਵੇਗੀ
ਸਿੰਘ ਸਾਹਿਬਾਨ ਦਾ ਫੈਸਲਾ ਪਰਖ ਦੀ ਘੜੀ ਹੋਵੇਗੀ, ਸੰਗਤ ਵਿਚ ਸਿੰਘ ਸਾਹਿਬਾਨ ਉਪਰ ਆਸ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮਿ੍ਤਸਰ-ਸ਼ੋ੍ਮਣੀ ਅਕਾਲੀ ਦਲ ਦੀਆਂ ਤਤਕਾਲੀ ਸਰਕਾਰਾਂ ਸਮੇਂ ਵਾਪਰੀਆਂ ਹਿਰਦੇਵੇਧਕ ਘਟਨਾਵਾਂ ਦੇ ਮਾਮਲੇ ਸੰਬੰਧੀ ਸਮੁੱਚੇ ਸਿੱੱਖ ਜਗਤ ਦੀਆਂ ਨਜ਼ਰਾਂ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਵੱਲ ਲੱਗੀਆਂ ਹੋਈਆਂ ਹਨ। ਪਿਛਲੇ ਦਿਨੀਂ 30 ਅਗਸਤ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਤਤਕਾਲੀ ਉਪ ਮੁੱਖ ਮੰਤਰੀ ਪੰਜਾਬ ਅਤੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਗੁਨਾਹਗਾਰ ਤੇ ਤਨਖਾਹੀਆ ਕਰਾਰ ਦਿੱਤੇ ਜਾਣ ਦੇ ਨਾਲ-ਨਾਲ 2007 ਤੋਂ 2017 ਦੌਰਾਨ ਪੰਜਾਬ ਵਿਚ ਕਾਰਜਸ਼ੀਲ ਰਹੀਆਂ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਕੈਬਨਿਟ ਵਿਚ ਸ਼ਾਮਿਲ ਰਹੇ 17 ਸਿੱਖ ਵਜ਼ੀਰਾਂ ਨੂੰ 15 ਦਿਨਾਂ ਅੰਦਰ ਆਪਣੇ ਸਪੱਸ਼ਟੀਕਰਨ ਪੱਤਰ ਨਿੱਜੀ ਤੌਰ 'ਤੇ ਪੇਸ਼ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੇਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ ।15 ਸਾਬਕਾ ਅਕਾਲੀ ਮੰਤਰੀ ਨਿੱਜੀ ਤੌਰ 'ਤੇ ਪੇਸ਼ ਹੋ ਕੇ ਅਤੇ ਦੋ ਤਤਕਾਲੀ ਮੰਤਰੀ ਵਿਦੇਸ਼ ਗਏ ਹੋਣ ਕਾਰਣ ਆਪਣੇ ਸਪੱਸ਼ਟੀਕਰਨ ਪੱਤਰ ਲਿਖਤੀ ਤੌਰ 'ਤੇ ਅਕਾਲ ਤਖਤ ਸਾਹਿਬ ਵਿਖੇ ਭੇਜ ਚੁੱਕੇ ਹਨ ।
ਇਨ੍ਹਾਂ ਸਪੱਸ਼ਟੀਕਰਨਾਂ ਲਈ ਨਿਰਧਾਰਤ 15 ਦਿਨਾਂ ਦੀ ਮਿਆਦ ਅਨੁਸਾਰ 14 ਸਤੰਬਰ ਨੂੰ ਇਹ ਮਿਆਦ ਵੀ ਸਮਾਪਤ ਹੋ ਚੁੱਕੀ ਹੈ । ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਵੀ 31 ਅਗਸਤ ਨੂੰ ਜਥੇਦਾਰ ਦੇ ਨਾਮ ਬੇਨਤੀ ਪੱਤਰ ਦੇ ਕੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਜਲਦ ਬੁਲਾ ਕੇ ਖਿਮਾ ਯਾਚਨਾ ਦਾ ਮੌਕਾ ਦੇਣ ਦੀ ਅਪੀਲ ਕਰ ਚੁੱਕੇ ਹਨ ।ਸਮਝਿਆ ਜਾਂਦਾ ਹੈ ਕਿ 450 ਸਾਲਾ ਸ਼ਤਾਬਦੀ ਸਮਾਗਮਾਂ ਤੋਂ ਬਾਅਦ ਇਸੇ ਮਹੀਨੇ ਦੇ ਅਖ਼ੀਰ ਜਾਂ ਅਕਤੂਬਰ ਮਹੀਨੇ ਦੇ ਸ਼ੁਰੂ ਵਿਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਣ ਦੀ ਸੰਭਾਵਨਾ ਹੈ ।
ਸਿਖ ਬੁਧਜੀਵੀਆਂ ਦੀ ਰਾਇ ਇਹ ਹੈ ਕਿ ਸਿੰਘ ਸਾਹਿਬਾਨ ਅਕਾਲੀ ਦਲ ਦੀ ਪੁਨਰ ਸਿਰਜਣਾ ਕਰਨ ਤੇ ਗੁਨਾਹਗਾਰ ਅਕਾਲੀ ਲੀਡਰਸ਼ਿਪ ਦੀਆਂ ਪੰਥਕ ਤੇ ਸਿਖ ਸਿਆਸੀ ਗਤੀਵਿਧੀਆਂ ਉਪਰ ਪਾਬੰਦੀਆਂ ਲਗਾਉਣ ਜਿਨ੍ਹਾਂ ਕਾਰਣ ਸਿਖ ਪੰਥ ਦਾ ਨਕਸਾਨ ਹੋਇਆ ਹੈ।
ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਸਿੰਘ ਸਾਹਿਬਾਨ ਦੇ ਫੈਸਲੇ ਕਾਰਣ ਸ਼ਤਾਬਦੀਆਂ ਦਾ ਪ੍ਰੋਗਰਾਮ ਰੁਕਾਵਟ ਨਾ ਆਵੇ।ਇਸ ਕਰਕੇ ਪੈਂਡਿੰਗ ਪਾ ਦਿਤਾ ਗਿਆ ਹੈ।ਇਹ ਵੀ ਮੰਨਿਆ ਜਾ ਰਿਹਾ ਕਿ ਸਿੰਘ ਸਾਹਿਬਾਨ ਉਪਰ ਬਾਦਲ ਧਿਰ ਦਾ ਵੀ ਦਬਾਅ ਹੈ।ਪਰ ਇਹ ਸਭ ਕੁਝ ਸਿੰਘ ਸਾਹਿਬਾਨ ਦੀ ਪਰਖ ਦੀ ਘੜੀ ਹੋਵੇਗੀ।
Comments (0)