ਅਡਾਨੀ ਦੇ ਗੋਦਾਮ ਵਿਚੋਂ ਕਣਕ ਦੀ ਮਾਲ ਗੱਡੀ ਤੋਰਨ 'ਤੇ ਜਥੇਬੰਦੀਆਂ ਦੇ ਵਖਰੇਂਵੇਂ ਸਾਹਮਣੇ ਆਏ

ਅਡਾਨੀ ਦੇ ਗੋਦਾਮ ਵਿਚੋਂ ਕਣਕ ਦੀ ਮਾਲ ਗੱਡੀ ਤੋਰਨ 'ਤੇ ਜਥੇਬੰਦੀਆਂ ਦੇ ਵਖਰੇਂਵੇਂ ਸਾਹਮਣੇ ਆਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਖੇਤੀ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਅਧੀਨ ਕਿਸਾਨ ਜਥੇਬੰਦੀਆਂ ਨੇ ਇਥੇ ਅਡਾਨੀ ਭੰਡਾਰ ’ਚੋਂ ਅਨਾਜ ਭਰ ਕੇ ਨਿਕਲੀ ਮਾਲ ਗੱਡੀ ਨੂੰ ਰੋਕ ਲਿਆ। ਪਰ ਇਸ ਮੌਕੇ ਦੋ ਜਥੇਬੰਦੀਆਂ ਵਿਚ ਫੈਂਸਲੇ ਬਾਰੇ ਵਖਰੇਂਵੇਂ ਵੀ ਸਾਹਮਣੇ ਆਏ।

ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾਈ ਆਗੂ ਬਲਦੇਵ ਸਿੰਘ ਜੀਰਾ ਦੀ ਅਗਵਾਈ ਹੇਠ ਕਿਸਾਨ ਰੇਲ ਪਟੜੀ ਉੱਤੇ ਬੈਠ ਗਏ ਅਤੇ ਗੱਡੀ ਨੂੰ ਡੱਕ ਦਿੱਤਾ। ਰੋਹ ’ਚ ਆਏ ਕਿਸਾਨਾਂ ਨੇ ਨਾਅਰੇਬਾਜ਼ੀ ਵੀ ਕੀਤੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਸਿਵਲ ਤੇ ਪੁਲੀਸ ਅਧਿਕਾਰੀ ਮੌਕੇ ਉੱਤੇ ਪੁੱਜ ਗਏ। ਉਨ੍ਹਾਂ ਜਥੇਬੰਦੀ ਆਗੂਆਂ ਨਾਲ ਗੱਲਬਾਤ ਕੀਤੀ। ਦੇਰ ਸ਼ਾਮ ਤੱਕ ਮਾਮਲਾ ਜਿਉਂ ਦਾ ਤਿਉਂ ਰਹਿਣ ਮਗਰੋਂ ਰੇਲ ਵਿਭਾਗ ਇਕੱਲਾ ਇੰਜਣ ਲੈ ਕੇ ਚਲਾ ਗਿਆ ਜਦੋਂਕਿ ਅਨਾਜ ਦੀ ਭਰੀ ਗੱਡੀ ਉਥੇ ਹੀ ਖੜੀ ਹੋਈ ਹੈ। 

ਅਡਾਨੀ ਅਨਾਜ ਭੰਡਾਰ ਅੱਗੇ ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਅਤੇ ਗੁਰਮੀਤ ਸਿੰਘ ਕਿਸ਼ਨਪੁਰਾ ਦੀ ਅਗਵਾਈ ਹੇਠ 149ਵੇਂ ਦਿਨ ਅਤੇ ਭਾਜਪਾ ਜਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੇ ਘਰ ਅੱਗੇ 124ਵੇਂ ਦਿਨ ਪੱਕਾ ਧਰਨਾ ਜਾਰੀ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਪਲਾਂਟ ਵਿੱਚੋਂ ਰੇਲ ਗੱਡੀਆਂ ਜਾਣ ਬਾਰੇ ਉਨ੍ਹਾਂ ਖਿਲਾਫ਼ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਸੂਬੇ ’ਚ ਕੋਲੇ ਦੀ ਕਿੱਲਤ ਮਗਰੋਂ ਸੰਯੁਕਤ ਮੋਰਚੇ ਵੱਲੋਂ ਰੇਲ ਪਟੜੀਆਂ ਤੋਂ ਧਰਨੇ ਚੁੱਕਣ ਦੇ ਲਏ ਗਏ ਫੈਸਲੇ ਵਿੱਚ  ਅਡਾਨੀ ਪਲਾਂਟ ਵਿੱਚੋਂ ਵੀ ਕਣਕ ਬਾਹਰੀ ਸੂਬਿਆਂ ਵਿੱਚ ਜਾਣ ਕਰਕੇ ਇੱਥੇ ਰੇਲਾਂ ਨਾ ਰੋਕਣ ਦਾ ਫੈਸਲਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅਗਾਮੀ ਕਣਕ ਦੀ ਫਸਲ ਅਡਾਨੀ ਭੰਡਾਰ ਵਿੱਚ ਸਟੋਰ ਨਹੀਂ ਕਰਨ ਦਿੱਤੀ ਜਾਵੇਗੀ।

ਚੇਤੇ ਰਹੇ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਰਾਹ ਪਈਆਂ ਕਿਸਾਨ ਜਥੇਬੰਦੀਆਂ ਨੇ ਕੋਲਾ ਆਦਿ ਦੀ ਢੋਆ-ਢੁਆਈ ਲਈ ਹੀ ਮਾਲ ਗੱਡੀਆਂ ਚੱਲਣ ਦੀ ਇਜਾਜ਼ਤ ਦਿੱਤੀ ਸੀ। ਬੀਕੇਯੂ ਕ੍ਰਾਂਤੀਕਾਰੀ ਆਗੂ ਬਲਦੇਵ ਸਿੰਘ ਜੀਰਾ ਨੇ ਕਿਹਾ ਕਿ ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ ਮਾਲ ਗੱਡੀ ਬਾਰੇ ਸੂਚਨਾ ਮਿਲਣ ਉੱਤੇ ਅਡਾਨੀ ਪਲਾਂਟ ’ਚੋਂ ਕਣਕ ਦੀ ਲੋਡ ਮਾਲ ਗੱਡੀ ਨੂੰ ਰੋਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਮਾਲ ਗੱਡੀ ਨਾ ਰੋਕਣ ਦਾ ਫ਼ੈਸਲਾ ਹੋਇਆ ਹੈ, ਪਰ ਉਨ੍ਹਾਂ ਦੀ ਜਥੇਬੰਦੀ ਨੂੰ ਇਸ ਬਾਰੇ ਕੋਈ ਇਲਮ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਮਾਲ ਗੱਡੀ ਨੂੰ ਇਥੋਂ ਜਾਣ ਜਾਂ ਨਾ ਜਾਣ ਦੇਣ ਬਾਰੇ ਫੈਸਲਾ ਲਿਆ ਜਾਵੇਗਾ।