ਆਮ ਆਦਮੀ ਪਾਰਟੀ ਨੇ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ

ਆਮ ਆਦਮੀ ਪਾਰਟੀ ਨੇ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਬਿਜਲੀ ਅੰਦੋਲਨ ਰਾਹੀਂ ਸੂਬਾ ਪੱਧਰੀ ਰਣਨੀਤੀ ਦੇ ਅਧੀਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕ ਸਭਾ ਚੋਣਾਂ ਲਈ ਵੋਟਾਂ ਮੰਗਣ ਆਏ ਸੱਤਾਧਾਰੀ ਕਾਂਗਰਸੀਆਂ ਸਮੇਤ ਅਕਾਲੀ ਦਲ ਅਤੇ ਭਾਜਪਾ ਦੇ ਆਗੂ ਉਮੀਦਵਾਰਾਂ ਨੂੰ ਪੁੱਛਣ ਕਿ ਪੰਜਾਬ ਵਿਚ ਦੇਸ਼ ਭਰ ‘ਚੋਂ ਸਭ ਤੋਂ ਮਹਿੰਗੀ ਬਿਜਲੀ ਕਿਉਂ ਹੈ ਅਤੇ ਹਰ ਘਰ ‘ਤੇ ਪੈ ਰਹੇ ਇਸ ਵਾਧੂ ਵਿੱਤੀ ਬੋਝ ਲਈ ਕੌਣ ਜ਼ਿੰਮੇਵਾਰ ਹੈ?

ਇਸ ਦੇ ਨਾਲ ਹੀ ਆਪ ਨੇ ਸੋਮਵਾਰ ਨੂੰ ਪੰਜਾਬ ਦੇ 18 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਬਿਜਲੀ ਅੰਦੋਲਨ ਅਧੀਨ ਮੰਗ ਪੱਤਰ ਦਿੱਤੇ ਅਤੇ ਬਿਜਲੀ ਦਰਾਂ ਘੱਟ ਕਰਨ ਲਈ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਅਤਿ ਮਹਿੰਗੇ ਬਿਜਲੀ ਖਰੀਦ ਇਕਰਾਰਨਾਮੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਆਪ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਬੰਦ ਕਰਨ ਅਤੇ ਬਾਕੀ ਸਰਕਾਰੀ ਥਰਮਲ ਪਲਾਂਟਾਂ ਦੀ ਬਿਜਲੀ ਉਤਪਾਦਨ ਸਮਰੱਥਾ ਘਟਾ ਕੇ ਪੰਜਾਬ ਨੂੰ ਪ੍ਰਾਈਵੇਟ ਬਿਜਲੀ ਕੰਪਨੀਆਂ ‘ਤੇ ਨਿਰਭਰ ਕਰ ਦਿੱਤਾ ਗਿਆ ਹੈ।

ਮਾਨ ਅਨੁਸਾਰ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਪਿਛਲੀ ਬਾਦਲ ਸਰਕਾਰ ਵੱਲੋਂ ਬਿਜਲੀ ਸਰਪਲੱਸ ਕਰਨ ਦੇ ਨਾਂ ਹੇਠ ਅੱਜ ਤੱਕ ਦਾ ਸਭ ਤੋਂ ਵੱਡਾ ਘਪਲਾ ਕੀਤਾ ਗਿਆ। ਇਸ ਘਪਲੇ ਦੀ ਸਾਜ਼ਿਸ਼ ਤਹਿਤ ਜਿੱਥੇ ਸਰਕਾਰ ਨੇ ਥਰਮਲ ਪਲਾਂਟ ਬੰਦ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਕੋਲੋਂ ਰੋਜ਼ਗਾਰ ਖੋਹਿਆ ਹੈ, ਉਥੇ ਹੀ ਹਰ ਅਮੀਰ ਅਤੇ ਗਰੀਬ ਦੀ ਜੇਬ ‘ਤੇ ਡਾਕਾ ਮਾਰਿਆ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਬਿਜਲੀ ਕੰਪਨੀਆਂ ਨਾਲ ਕੀਤੇ ਲੰਬੇ ਸਮਝੌਤਿਆਂ ਵਿਚ ਪਹਿਲਾਂ ਬਾਦਲ ਸਰਕਾਰ ਚਲਾ ਰਹੇ ਵੱਡੇ ਲੀਡਰਾਂ ਦੀ ਹਿੱਸਾ ਪੱਤੀ ਰਹੀ ਹੈ। ਕੈਪਟਨ ਸਰਕਾਰ ਵੀ ਲੋਕਾਂ ਨਾਲ ਵਾਅਦੇ ਕਰਕੇ ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰਨ ਅਤੇ ਮਿਲੀਭੁਗਤ ਦੀ ਜਾਂਚ ਕਰਨ ਤੋਂ ਭੱਜ ਚੁੱਕੀ ਹੈ ਪਰ ਆਦਮੀ ਪਾਰਟੀ ਚੁੱਪ ਨਹੀਂ ਬੈਠੇਗੀ ਅਤੇ ਇਸ ਜੰਗੀ ਨੂੰ ਜਾਰੀ ਰੱਖੇਗੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ