ਇਕ ਸੁਹਿਰਦ ਅਧਿਆਪਕ

ਇਕ ਸੁਹਿਰਦ ਅਧਿਆਪਕ

ਅੱਜ ਦਾ ਦਿਨ ਸਵਿੱਤਰੀ ਬਾਈ ਫੂਲੇ ਤੋਂ ਲੈ ਕੇ ਹੁਣ ਤਕ ਦੇ ਸਾਰੇ ਸੁਹਿਰਦ ਅਧਿਆਪਕਾਂ ਦੇ ਨਾਮ...


 ਵੈਸੇ ਤਾਂ ਇਨਸਾਨ ਸਾਰੀ ਉਮਰ ਹੀ ਸਿੱਖਦਾ ਹੈ ਤੇ ਸਿਖਾਉਣ ਵਾਲਾ ਵੀ ਜ਼ਰੂਰੀ ਨਹੀਂ ਕਿ ਅਧਿਆਪਕ ਹੀ ਹੋਵੇ ਕੋਈ ਦੋਸਤ, ਮਾਤਾ ਪਿਤਾ,ਭੈਣ ਭਰਾ ਜਾਂ ਆਪਣਾ ਆਪ ਵੀ ਇਨਸਾਨ ਨੂੰ ਸਿਖਾਉਂਦੇ ਰਹਿੰਦੇ ਹਨ। ਹਾਲਾਤ ਤੇ ਮਜਬੂਰੀਆਂ ਇਨਸਾਨ ਦੀਆਂ ਸਭ ਤੋਂ ਵੱਡੀਆਂ ਗੁਰੂ ਹਨ ਜੋ ਉਸ ਨੂੰ ਸਿੱਖਣ ਲਈ ਪ੍ਰੇਰਿਤ ਕਰਦੀਆਂ ਹਨ। ਕੁਦਰਤ ਦੇ ਅੰਗ ਸੰਗ ਰਹਿ ਕੇ ਹੀ ਇਨਸਾਨ ਸਿੱਖ ਸਕਦਾ ਹੈ। ਕੁਦਰਤ ਤੋਂ ਮੁੱਖ ਮੋੜ ਕੇ ਉਸ ਵਿਚ ਸਿੱਖਣ ਦੀ ਪ੍ਰਵਿਰਤੀ ਖ਼ਤਮ ਹੋ ਜਾਂਦੀ ਹੈ। 
ਅਧਿਆਪਕ ਇੱਕ ਮਾਰਗ ਦਰਸ਼ਕ ਹੁੰਦਾ ਹੈ ,ਸਿੱਖਣ ਦੀ ਪ੍ਰਵਿਰਤੀ ਤਾਂ ਵਿਅਕਤੀ ਦੇ ਅੰਦਰ ਹੀ ਹੁੰਦੀ ਹੈ ਇੱਕ ਸੁਹਿਰਦ ਅਧਿਆਪਕ ਉਹੀ ਹੁੰਦਾ ਹੈ ਜੋ ਉਸ ਅੰਦਰਲੀ ਪ੍ਰਵਿਰਤੀ ਨੂੰ ਪ੍ਰੇਰਿਤ ਕਰਦਾ ਹੈ ਫਿਰ ਵਿਅਕਤੀ ਅਜੀਵਨ ਸਿੱਖਦਾ ਹੀ ਚਲਾ ਜਾਂਦਾ ਹੈ।

 ਪਰ ਅੱਜ ਇਨ੍ਹਾਂ ਸੁਹਿਰਦ ਅਧਿਆਪਕਾਂ ਦੀ ਕਮੀ ਹੋ ਰਹੀ ਹੈ, ਚਾਹੇ ਅਧਿਆਪਕਾਂ ਦੀ ਗਿਣਤੀ ਵਧ ਹੀ ਰਹੀ ਹੈ ।


 ਸਾਡੇ ਦੇਸ਼ ਵਿਚ ਤੀਹ ਸਾਲ ਤੱਕ ਬੰਦੇ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਉਸਨੇ ਕਰਨਾ ਕੀ ਹੈ। ਬਹੁਤੇ ਅਜਿਹੇ ਲੋਕ ਵੀ ਅੱਜ ਅਧਿਆਪਨ ਦੇ ਕਿੱਤੇ ਨਾਲ ਜੁੜੇ ਹਨ ਜਿਨ੍ਹਾਂ ਦਾ ਅਧਿਆਪਨ ਵਿਚ ਕੋਈ ਰੁਝਾਨ ਨਹੀਂ ਹੁੰਦਾ, ਕੇਵਲ ਮਜਬੂਰੀਆਂ ਵੱਸ ਉਹ ਇਸ ਕਿੱਤੇ ਨੂੰ ਅਪਣਾ ਲੈਂਦੇ ਹਨ। 
ਜੇਕਰ ਲੜਕੀਆਂ ਦੀ ਗੱਲ ਕਰੀਏ ਤਾਂ ਅਧਿਆਪਨ ਦਾ ਕਿੱਤਾ ਹੀ ਸੌਖਾ ਤੇ ਆਰਾਮਦਾਇਕ ਸਮਝਿਆ ਜਾਂਦਾ ਹੈ। ਮਾਪੇ ਉਨ੍ਹਾਂ ਨੂੰ ਇਸ ਕਿੱਤੇ ਨੂੰ ਅਪਣਾਉਣ ਲਈ ਕਹਿੰਦੇ ਹਨ ਤੇ ਬਹੁਤ ਸਾਰੇ ਅਜਿਹੇ ਕਿੱਤੇ ਵੀ ਹਨ ਜੋ ਸਮਾਜ ਵੱਲੋਂ ਪ੍ਰਵਾਨਗੀ ਨਾ ਹੋਣ ਕਾਰਨ ਲੜਕੀਆਂ ਨੂੰ ਕੇਵਲ ਅਧਿਆਪਨ ਦਾ ਕਿੱਤਾ ਹੀ ਅਪਨਾਉਣਾ ਪੈ ਰਿਹਾ ਹੈ।
ਮਜਬੂਰੀ ਵੱਸ ਅਧਿਆਪਨ ਦੇ ਕਿੱਤੇ ਨਾਲ ਜੁੜੇ ਲੋਕ ਸੁਹਿਰਦ ਅਧਿਆਪਕ ਨਹੀਂ ਹੋ ਸਕਦੇ । ਜਿਸ ਨਾਲ ਇੱਕ ਬੀਮਾਰ ਸਮਾਜ ਦਾ ਨਿਰਮਾਣ ਹੁੰਦਾ ਹੈ ਤੇ ਫਿਰ ਸਾਰੇ ਹੀ ਲੂਲ੍ਹੇ ਲੰਗੜੇ ਹੋ ਜਾਂਦੇ ਹਨ ।

 ਅੱਜ ਦੇਸ਼ ਵਿਚ ਬੀ .ਐੱਡ ਕਾਲਜਾਂ ਦੀ ਭਰਮਾਰ  ਹੈ। ਘਰੇ ਬੈਠੇ ਬੈਠੇ ਹੀ ਤੇ ਕੋਈ ਹੋਰ ਕੋਰਸ ਕਰਦੇ ਕਰਦੇ ਲੋਕ ਬੀ.ਐੱਡ ਦੀ ਡਿਗਰੀ ਲੈ ਲੈਂਦੇ ਹਨ। ਲਾਕਡਾਊਨ 'ਚ ਵੀ ਬਿਨਾਂ ਪੜ੍ਹੇ ਆਨਲਾਈਨ ਪੇਪਰ ਦੇ ਕੇ ਬਹੁਤ ਸਾਰੇ ਲੋਕ ਅਧਿਆਪਨ ਦੇ ਕਿੱਤੇ ਨਾਲ ਆ ਜੁੜੇ । ਕੁਝ ਜਾਅਲੀ ਯੂਨੀਵਰਸਿਟੀਆਂ ਤੋਂ ਵੱਡੀਆਂ ਵੱਡੀਆਂ ਡਿਗਰੀਆਂ ਲੈ ਅਧਿਆਪਨ ਦੇ ਕਿੱਤੇ ਨਾਲ਼ ਵੀ ਜੁੜ ਗਏ । ਅੱਖਾਂ ਨਮ ਹੁੰਦੀਆਂ ਹਨ ਅਜਿਹੇ ਅਧਿਆਪਕਾਂ ਨੂੰ ਦੇਖ ਕੇ ਤੇ ਅਜਿਹੇ ਸਿਸਟਮ ਨੂੰ ਦੇਖ ਕੇ ।

 ਬਹੁਤ ਸਾਰੇ ਅਜਿਹੇ ਸੁਹਿਰਦ ਅਧਿਆਪਕ ਵੀ ਹਨ ਜੋ ਮਜਬੂਰੀਵੱਸ ਇਸ ਲੰਗੜੇ ਸਮਾਜ ਦਾ ਹਿੱਸਾ ਬਣੇ ਹੋਏ ਹਨ। ਸਕੂਲਾਂ, ਕਾਲਜਾਂ ਵਿਚ ਅਧਿਆਪਕਾਂ ਨੂੰ ਅਧਿਆਪਨ ਦੇ ਨਾਲ਼ ਨਾਲ਼ ਅਜਿਹੇ ਹੋਰ ਬਹੁਤ ਸਾਰੇ ਕੰਮ ਸੌਂਪੇ ਜਾਂਦੇ ਹਨ ਜਿਸ ਕਰਕੇ ਉਹ ਇਨ੍ਹਾਂ ਕੰਮਾਂ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਨ ਅਤੇ ਅਧਿਆਪਨ ਤੋਂ ਵਾਂਝੇ ਹੋ ਜਾਂਦੇ ਹਨ।ਅਧਿਆਪਕ ਦਾ ਕੰਮ ਤਾਂ ਅਧਿਆਪਨ ਹੀ ਹੈ। 

ਅਧਿਆਪਕ ਉਹੀ ਹੈ ਜੋ ਆਪ ਦੀਵੇ ਦੀ ਬੱਤੀ ਵਾਂਗ ਬੁਝ ਕੇ ਵੀ ਦੂਸਰਿਆਂ ਨੂੰ ਰੋਸ਼ਨੀ ਕਰਦਾ ਹੈ ਚਾਹੇ ਆਪਣੀ ਜ਼ਿੰਦਗੀ ਕਿੰਨੀ ਵੀ ਹਨੇਰੇ ਵਿਚ ਕਿਉਂ ਨਾ ਹੋਵੇ! ਸੁਹਿਰਦ ਅਧਿਆਪਕ ਸਾਰੀ ਉਮਰ ਸਿੱਖਦਾ ਹੈ ਤੇ ਸਿਖਾਉਂਦਾ ਹੈ।
ਅੱਜ ਅਧਿਆਪਕ ਦਿਵਸ ਦੇ ਮੌਕੇ ਉੱਤੇ ਮੇਰੇ ਵੱਲੋਂ ਉਨ੍ਹਾਂ ਸਾਰੇ ਸੁਹਿਰਦ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾਂ।  

 

    ਵਿਰਕ ਪੁਸ਼ਪਿੰਦਰ