ਦਿਨਕਰ ਗੁਪਤਾ ਨੂੰ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ

ਦਿਨਕਰ ਗੁਪਤਾ ਨੂੰ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ
ਦਿਨਕਰ ਗੁਪਤਾ ਨਾਲ ਹੱਥ ਮਿਲਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ, ਨਾਲ ਖੜ੍ਹੇ ਹਨ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਰੇਸ਼ ਅਰੋੜਾ

ਚੰਡੀਗੜ੍ਹ: ਭਾਰਤ ਦੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਪ੍ਰਵਾਨ ਕੀਤੇ ਗਏ ਤਿੰਨ ਨਾਵਾਂ ਵਿਚੋਂ ਇਕ ਦੀ ਚੋਣ ਕਰਦਿਆਂ ਅੱਜ ਪੰਜਾਬ ਸਰਕਾਰ ਨੇ 1987 ਬੈਚ ਦੇ ਆਈਪੀਐਸ ਅਫਸਰ ਦਿਨਕਰ ਗੁਪਤਾ ਨੂੰ ਪੰਜਾਬ ਦਾ ਨਵਾਂ ਪੁਲਿਸ ਮੁਖੀ ਨਿਯੁਕਤ ਕਰ ਦਿੱਤਾ ਹੈ। ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਅੱਜ ਸਵੇਰੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਹਰੀ ਝੰਡੀ ਦਿੱਤੀ ਗਈ। ਦਿਨਕਰ ਗੁਪਤਾ ਸੁਰੇਸ਼ ਅਰੋੜਾ ਦੀ ਥਾਂ ਲੈਣਗੇ।

ਇਸ ਤੋਂ ਪਹਿਲਾਂ ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਖੂਫੀਆ ਵਿਭਾਗ ਦੇ ਮੁਖੀ ਸਨ, ਜੋ ਪੰਜਾਬ ਦੇ ਖੂਫੀਆ ਵਿੰਗ, ਅੱਤਵਾਦ-ਵਿਰੋਧੀ ਸਕੁਐਡ ਅਤੇ ਓਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਦੀ ਨਿਗਰਾਨੀ ਕਰਦਾ ਹੈ। 

ਦਿਨਕਰ ਗੁਪਤਾ 2004 ਤੋਂ 2012 ਦੇ ਵਕਫੇ ਦੌਰਾਨ 8 ਸਾਲਾਂ ਲਈ ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਡੈਪੁਟੇਸ਼ਨ 'ਤੇ ਵੀ ਰਹੇ। ਪੰਜਾਬ ਵਿਚ ਭਾਰਤ ਤੋਂ ਅਜ਼ਾਦੀ ਲਈ ਚੱਲੇ ਹਥਿਆਰਬੰਦ ਸੰਘਰਸ਼ ਦੌਰਾਨ ਦਿਨਕਰ ਗੁਪਤਾ ਬਤੌਰ ਐਸਐਸਪੀ ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚ ਤੈਨਾਤ ਰਹੇ ਸਨ। ਇਸ ਦੌਰ ਦੌਰਾਨ ਪੰਜਾਬ ਪੁਲਿਸ ਵਲੋਂ ਵੱਡੇ ਪੱਧਰ 'ਤੇ ਮਨੁੱਖੀ ਹੱਕਾਂ ਦਾ ਘਾਣ ਕਰਨ ਦੇ ਮਾਮਲੇ ਸਾਰੀ ਦੁਨੀਆਂ ਸਾਹਮਣੇ ਨਸ਼ਰ ਹੋ ਚੁੱਕੇ ਹਨ। 

ਹੁਣ ਮੋਜੂਦਾ ਸਮੇਂ ਜਦੋਂ ਪੰਜਾਬ ਵਿਚ ਵੱਡਾ ਰਾਜਨੀਤਕ ਖਲਾਅ ਪੈਦਾ ਹੋ ਚੁੱਕਿਆ ਹੈ ਤੇ ਪੰਜਾਬ ਪੁਲਿਸ ਵਿਚ ਅਫਸਰਾਂ ਦੀ ਧੜੇਬੰਦੀ ਆਮ ਦੇਖਣ ਨੂੰ ਮਿਲ ਰਹੀ ਹੈ ਤਾਂ ਬਤੌਰ ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਕਿਹੋ ਜਿਹੀਆਂ ਸੇਵਾਵਾਂ ਨਿਭਾਉਂਦੇ ਹਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।