ਭਾਰਤ ਦੇ ਸਾਬਕਾ ਸਮੁੰਦਰੀ ਫੌਜ ਮੁਖੀ ਨੇ ਤਾਕਤ ਦੀ ਬਜਾਏ ਗੱਲਬਾਤ ਰਾਹੀਂ ਕਸ਼ਮੀਰ ਮਸਲਾ ਹੱਲ ਕਰਨ ਦੀ ਵਕਾਲਤ ਕੀਤੀ
ਸ੍ਰੀਨਗਰ: ਭਾਰਤ ਦੀ ਸਮੁੰਦਰੀ ਫੌਜ ਦੇ ਸਾਬਕਾ ਮੁਖੀ ਲਕਸ਼ਮੀ ਨਾਰਾਇਣ ਰਾਮਦਾਸ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਕਸ਼ਮੀਰ ਦੇ ਰਾਜਨੀਤਕ ਮਸਲੇ ਨੂੰ ਫੌਜੀ ਤਾਕਤ ਦੀ ਬਜਾਏ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ।
ਲਕਸ਼ਮੀਨਾਰਾਇਣ ਵਲੋਂ 20 ਫਰਵਰੀ ਨੂੰ ਲਿਖੀ ਗਈ ਇਹ ਚਿੱਠੀ ਪੁਲਵਾਮਾ ਹਮਲੇ ਤੋਂ ਬਾਅਦ ਬਣੇ ਹਾਲਾਤਾਂ ਦੇ ਸੰਧਰਬ ਵਿਚ ਲਿਖੀ ਗਈ ਹੈ।
ਉਨ੍ਹਾਂ ਚਿੱਠੀ ਵਿਚ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕਰਦਿਆਂ ਨਾਲ ਹੀ ਸਵਾਲ ਵੀ ਚੁੱਕੇ ਕਿ ਖੂਫੀਆ ਤੰਤਰ ਦੀਆਂ ਰਿਪੋਰਟਾਂ ਦੇ ਬਾਵਜੂਦ ਅਣਗੈਹਿਲੀ ਕਿਉਂ ਵਰਤੀ ਗਈ।
ਜ਼ਿਕਰਯੋਗ ਹੈ ਕਿ ਮੀਡੀਆ ਰਿਪੋਰਟਾਂ ਮੁਤਾਬਿਕ ਸੀਆਰਪੀਐਫ ਨੂੰ ਅਜਿਹਾ ਹਮਲਾ ਹੋਣ ਦੀ ਸੰਭਾਵਨਾ ਸਬੰਧੀ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਕਸ਼ਮੀਰ ਦੀ ਰਾਜਨੀਤਕ ਸਮੱਸਿਆ ਨੂੰ ਭਾਰਤ, ਪਾਕਿਸਤਾਨ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਪਸੀ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਲਿਖਿਆ ਕਿ ਹੁਣ ਸਮਾਂ ਹੈ ਕਿ ਅਸੀਂ ਮੇਜ਼ 'ਤੇ ਬੈਠ ਕੇ ਸਾਰੀਆਂ ਧਿਰਾਂ ਨਾਲ ਇਕ ਗੰਭੀਰ ਸੰਵਾਦ ਰਚਾਈਏ।
ਇਸ ਤੋਂ ਇਲਾਵਾ ਕਸ਼ਮੀਰੀਆਂ ਪ੍ਰਤੀ ਭਾਰਤ ਵਿਚ ਬਣਾਏ ਜਾ ਰਹੇ ਨਫਰਤ ਵਾਲੇ ਮਾਹੌਲ 'ਤੇ ਫਿਕਰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਨਫਰਤ ਸਾਰੇ ਮੁਸਲਮਾਨਾਂ ਖਿਲਾਫ ਭੜਕ ਉੱਠੇ ਉਸ ਤੋਂ ਪਹਿਲਾਂ ਸਾਨੂੰ ਇਸ ਨੂੰ ਰੋਕਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਨਿਰਦੋਸ਼ ਕਸ਼ਮੀਰੀਆਂ ਖਿਲਾਫ ਛੇੜੀ ਜਾ ਰਹੀ ਮੀਡੀਆ ਜੰਗ ਨੂੰ ਵੀ ਰੋਕਣਾ ਚਾਹੀਦਾ ਹੈ।
Comments (0)