ਨਨਕਾਣਾ ਸਾਹਿਬ ਵਿਚ ਰਹੀਆਂ ਪ੍ਰਕਾਸ਼ ਪੁਰਬ ਦੀਆਂ ਰੌਣਕਾਂ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਭਾਰਤ ਸਮੇਤ ਵੱਖ ਵੱਖ ਮੁਲਕਾਂ ਤੋਂ ਪੁੱਜੇ ਸਿੱਖ ਸ਼ਰਧਾਲੂਆਂ ਨੇ ਇਸ ਮੌਕੇ ਹੋਏ ਧਾਰਮਿਕ ਸਮਾਗਮ ਵਿਚ ਉਤਸ਼ਾਹ ਨਾਲ ਸ਼ਿਰਕਤ ਕੀਤੀ। ਸਵੇਰ ਸਮੇਂ ਗੁਰਦੁਆਰਾ ਨਨਕਾਣਾ ਸਾਹਿਬ ਵਿਚ ਧਾਰਮਿਕ ਸਮਾਗਮ ਕੀਤਾ ਗਿਆ, ਜਿਸ ਵਿਚ ਪਾਕਿਸਤਾਨ ਦੇ ਘੱਟ ਗਿਣਤੀਆਂ ਅਤੇ ਧਾਰਮਿਕ ਮਾਮਲਿਆਂ ਸਬੰਧੀ ਵਜ਼ੀਰ ਸਰਦਾਰ ਯੂਸਫ਼ ਖਾਨ ਨੇ ਸ਼ਿਰਕਤ ਕੀਤੀ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਲਮੀ ਪੱਧਰ ‘ਤੇ ਪ੍ਰਚਾਰਨ ‘ਤੇ ਜ਼ੋਰ ਦਿੱਤਾ। ਸਮਾਗਮ ਵਿਚ ਪਾਕਿਸਤਾਨ ਔਕਾਫ਼ ਬੋਰਡ ਦੇ ਮੁਖੀ ਸਾਦਿਕ ਉਲ-ਫਾਰੂਕ ਅਤੇ ਲਹਿੰਦੇ ਪੰਜਾਬ ਦੇ ਵਜ਼ੀਰ ਰਾਣਾ ਅਸ਼ਰਫ ਸਮੇਤ ਪਾਕਿਸਤਾਨੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਪਤਵੰਤਿਆਂ ਨੇ ਇਸ ਮੌਕੇ ਸੰਗਤ ਨੂੰ ਗੁਰਪੁਰਬ ਦੀ ਵਧਾਈ ਵੀ ਦਿੱਤੀ।
ਦੱਸਣਯੋਗ ਹੈ ਕਿ ਦੋਵਾਂ ਦੇਸ਼ਾਂ ਵਿਚ ਤਣਾਅ ਦੇ ਬਾਵਜੂਦ ਭਾਰਤ ਤੋਂ ਲਗਭਗ ਦੋ ਹਜ਼ਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਪੁੱਜਾ, ਜਿਨ੍ਹਾਂ ਨੇ ਗੁਰਪੁਰਬ ਸਮਾਗਮ ਵਿਚ ਸ਼ਮੂਲੀਅਤ ਕੀਤੀ। ਬਾਅਦ ਦੁਪਹਿਰ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਕਿਆਰਾ ਸਾਹਿਬ ਤਕ ਨਗਰ ਕੀਰਤਨ ਸਜਾਇਆ ਗਿਆ।
ਫੁੱਲਾਂ ਨਾਲ ਸਜਾਈ ਪਾਲਕੀ ਵਿਚ ਗੁਰੂ ਗ੍ਰੰਥ ਸਾਹਿਬ ਸ਼ੁਸ਼ੋਭਿਤ ਸਨ ਅਤੇ ਪੰਜ ਪਿਆਰੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਸਖ਼ਤ ਸੁਰੱਖਿਆ ਪ੍ਰਬੰਧਾਂ ਵਾਲੇ ਨਗਰ ਕੀਰਤਨ ਵਿਚ ਮੁਸਲਿਮ ਭਾਈਚਾਰੇ ਨੇ ਵੀ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਲੰਗਰ ਵੀ ਲਾਏ ਗਏ।
ਇਸ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੇ ਰਿਣੀ ਹਨ, ਜੋ ਏਨੀ ਵੱਡੀ ਗਿਣਤੀ ਵਿਚ ਪ੍ਰਕਾਸ਼ ਦਿਵਸ ਮਨਾਉਣ ਪੁੱਜੇ। ਇਸ ਮੌਕੇ ਸਰਦਾਰ ਯੂਸਫ਼ ਖਾਨ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੇਸ਼ ਅੰਦਰ ਹਰ ਧਰਮ ਨੂੰ ਪੂਰਾ ਮਾਣ ਸਤਿਕਾਰ ਹੈ ਤੇ ਅੱਜ ਸ੍ਰੀ ਨਨਕਾਣਾ ਸਾਹਿਬ ਸ਼ਹਿਰ ਨੂੰ ਵਿਸ਼ਵ ਦੇ ਸ਼ਹਿਰ ਦੇ ਨਾਂਅ ਨਾਲ ਜਾਣਿਆ ਜਾ ਰਿਹਾ ਹੈ। ਚੇਅਰਮੈਨ ਸਦੀਕ ਉਲ ਫਾਰੂਕ ਨੇ ਕਿਹਾ ਕਿ ਓਕਾਫ਼ ਬੋਰਡ ਦੀ ਸੇਵਾ ਉਨ੍ਹਾਂ ਵੱਲੋਂ ਪੂਰੀ ਇਮਾਨਦਾਰੀ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੱਥਾ ਲੀਡਰ ਜਥੇਦਾਰ ਮੰਗਵਿੰਦਰ ਸਿੰਘ ਖਾਪੜਖੇੜੀ ਨੇ ਆਪਣੇ ਸੰਬੋਧਨ ਦੌਰਾਨ ਪਾਕਿਸਤਾਨ ਸਰਕਾਰ ਕੋਲੋਂ ਭਾਰਤੀ ਸਿੱਖ ਯਾਤਰੂਆਂ ਨੂੰ ਪੂਰੇ ਵੀਜ਼ੇ ਦੇ ਕੇ ਆਪਣੇ ਵਿਛੜੇ ਗੁਰਧਾਮਾਂ ਦੀ ਯਾਤਰਾ ਕਰਨ ਅਤੇ ਸ਼੍ਰੋਮਣੀ ਕਮੇਟੀ ਨੂੰ ਪਾਕਿਸਤਾਨ ਦੇ ਗੁਰਧਾਮ ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਲਾਹੌਰ ਵਿਖੇ ਇਕ ਵਿਸ਼ੇਸ਼ ਯਾਤਰੂ ਸਰਾਂ ਬਣਾਉਣ ਦੀ ਕਾਰ ਸੇਵਾ ਦੇਣ ਲਈ ਅਪੀਲ ਕੀਤੀ।
Comments (0)