ਹਰਿਆਣਾ ਨੇ ਪੰਜਾਬ ਵਿਚ ਨਾ ਭੇਜੀਆਂ ਆਪਣੀਆਂ ਬੱਸਾਂ

ਹਰਿਆਣਾ ਨੇ ਪੰਜਾਬ ਵਿਚ ਨਾ ਭੇਜੀਆਂ ਆਪਣੀਆਂ ਬੱਸਾਂ

ਪਟਿਆਲਾ/ਬਿਊਰੋ ਨਿਊਜ਼ :
ਐਸਵਾਈਐਲ ਮਾਮਲੇ ਕਰ ਕੇ ਜਿੱਥੇ ਪੰਜਾਬ ਵਿੱਚ ਰਾਜਸੀ ਉਥਲ ਪੁਥਲ ਸ਼ੁਰੂ ਹੋ ਗਈ ਹੈ, ਉਥੇ ਗੁਆਂਢੀ ਸੂਬੇ ਹਰਿਆਣਾ ਨੇ ਵੀ ਪੰਜਾਬ ਵਿੱਚ ਆਪਣੀਆਂ ਸਰਕਾਰੀ ਬੱਸਾਂ ਨਹੀਂ ਭੇਜੀਆਂ। ਪਟਿਆਲਾ ਅਤੇ ਨੇੜਲਿਆਂ ਖੇਤਰਾਂ ਵਿੱਚ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਨਜ਼ਰ ਨਾ ਆਉਣ ਕਰਕੇ ਮੁਸਾਫ਼ਰ ਵੀ ਖੱਜਲ ਖੁਆਰ ਹੋਏ। ਲੋਕਾਂ ਨੂੰ ਦਰਪੇਸ਼ ਮੁਸ਼ਕਲ ਦੇ ਮੱਦੇਨਜ਼ਰ ਪੀਆਰਟੀਸੀ ਵੱਲੋਂ ਸੌ ਦੇ ਕਰੀਬ ਬੱਸਾਂ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ।
ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਵਿਧਾਇਕਾਂ ਵੱਲੋਂ ਅਸਤੀਫ਼ੇ ਦੇਣ ਸਮੇਤ ਆਮ ਆਦਮੀ ਪਾਰਟੀ ਵੱਲੋਂ ਕਪੂਰੀ ਵਿੱਚ ਧਰਨਾ ਵੀ ਮਾਰਿਆ ਗਿਆ। ਸੱਤਾਧਾਰੀ ਧਿਰ ਵੱਲੋਂ ਹਰਿਆਣਾ ਨੂੰ ਪਾਣੀ ਦੀ ਇਕ ਵੀ ਬੂੰਦ ਨਾ ਦਿੱਤੇ ਜਾਣ ਦੇ ਐਲਾਨ ਕਰਕੇ ਦੋਵਾਂ ਰਾਜਾਂ ਵਿੱਚ ਕੁੜੱਤਣ ਵਧਦੀ ਜਾ ਰਹੀ ਹੈ। ਇਸੇ ਕੜੀ ਵਜੋਂ ਹੀ ਅੱਜ ਹਰਿਆਣਾ ਨੇ ਪੰਜਾਬ ਅੰਦਰ ਆਉਂਦੀਆਂ ਆਪਣੀਆਂ ਬੱਸਾਂ ਬੰਦ ਕਰ ਦਿੱਤੀਆਂ ਹਨ। ਉਂਜ ਇਹ ਗੱਲ ਸਪਸ਼ਟ ਨਹੀਂ ਹੋ ਸਕੀ ਕਿ ਹਰਿਆਣਾ ਵੱਲੋਂ ਅਜਿਹਾ ਫ਼ੈਸਲਾ ਇਹਤਿਆਤ ਵਜੋਂ ਜਾਂ ਫੇਰ ਪੰਜਾਬ ਦੇ ਰਵੱਈਏ ਖ਼ਿਲਾਫ਼ ਲਿਆ ਗਿਆ ਹੈ।  ਉਂਜ ਹਰਿਆਣਾ ਵੱਲੋਂ ਬੱਸਾਂ ਪੰਜਾਬ ਵਿੱਚ ਨਾ ਭੇਜਣ ਦੀ ਪੀਆਰਟੀਸੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ। ਉਧਰ ਪੀਆਰਟੀਸੀ ਦੇ ਜਨਰਲ ਮੈਨੇਜਰ (ਪ੍ਰਸ਼ਾਸਨ) ਸੁਰਿੰਦਰ ਸਿੰਘ ਨੇ ਬੱਸਾਂ ਦੇ  ਬਦਲਵੇਂ ਪ੍ਰਬੰਧ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਅੱਠ ਦਰਜਨ ਦੇ ਕਰੀਬ ਬੱਸਾਂ ਹਰਿਆਣਾ ਦੇ ਰੂਟਾਂ ‘ਤੇ ਚਲਾਈਆਂ ਜਾ ਰਹੀਆਂ ਹਨ।