ਪੁਲੀਸ ਨੇ ਧਮਕਾਇਆ-ਕਹੋ ਕਿ ਨਰੇਸ਼ ਯਾਦਵ ਨੇ ਸਾਜ਼ਿਸ਼ ਰਚੀ : ਮੁੱਖ ਮੁਲਜ਼ਮ ਵਿਜੈ

ਪੁਲੀਸ ਨੇ ਧਮਕਾਇਆ-ਕਹੋ ਕਿ ਨਰੇਸ਼ ਯਾਦਵ ਨੇ ਸਾਜ਼ਿਸ਼ ਰਚੀ : ਮੁੱਖ ਮੁਲਜ਼ਮ ਵਿਜੈ

ਕੁਰਾਨ ਸ਼ਰੀਫ਼ ਬੇਅਦਬੀ ਮਾਮਲਾ :
ਸੰਗਰੂਰ/ਬਿਊਰੋ ਨਿਊਜ਼ :
ਮਲੇਰਕੋਟਲਾ ਦੇ ਕੁਰਾਨ ਸਰੀਫ਼ ਬੇਅਦਬੀ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਕੇਸ ਦੇ ਮੁੱਖ ਮੁਲਜ਼ਮ ਵਿਜੇ ਕੁਮਾਰ ਨੇ ਚੁੱਪ ਤੋੜਦਿਆਂ ਮੀਡੀਆ ਸਾਹਮਣੇ ਖੁਲਾਸਾ ਕੀਤਾ ਕਿ ਬੇਅਦਬੀ ਮਾਮਲੇ ਵਿੱਚ ਪੁਲੀਸ ਵੱਲੋਂ ਉਸ ਦੇ ਬਿਆਨ ਡਰਾ ਧਮਕਾ ਕੇ ਲਏ ਗਏ ਹਨ। ਵਿਜੇ ਕੁਮਾਰ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਉਸ ਨੂੰ ਧਮਕੀ ਦਿੱਤੀ ਗਈ ਸੀ ਕਿ ਉਸ ਦੇ ਖ਼ਿਲਾਫ਼ ਕਤਲ ਅਤੇ ਇਰਾਦਾ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਦਿੱਤਾ ਜਾਵੇਗਾ। ਵਿਜੈ ਨੇ ਕਿਹਾ, ‘ਡਰਦਿਆਂ ਮੈਂ ਉਹੀ ਕੀਤਾ ਜੋ ਪੁਲੀਸ ਨੇ ਮੈਨੂੰ ਕਿਹਾ।’ ਵਿਜੇ ਕੁਮਾਰ ਇਥੇ ਕੁਰਾਨ ਸਰੀਫ਼ ਬੇਅਦਬੀ ਕੇਸ ਵਿੱਚ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਸ ਨੇ ਪੁਲੀਸ ਵੱਲੋਂ ਦਰਜ ਕੀਤੀ ਗਈ ਐਫ.ਆਈ.ਆਰ. ਉਪਰ ਵੀ ਸਵਾਲ ਖੜ੍ਹੇ ਕੀਤੇ। ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਖ਼ਿਲਾਫ਼ ਲਗਾਏ ਗਏ ਦੋਸ਼ਾਂ ਬਾਰੇ ਵਿਜੇ ਕੁਮਾਰ ਨੇ ਕਿਹਾ ਕਿ ਸਾਰੇ ਦੋਸ਼ ਪੁਲੀਸ ਦੀ ਧਮਕੀ ਦੇ ਕਾਰਨ ਹੀ ਲਗਾਏ ਗਏ ਅਤੇ ਇਹ ਪੁਲੀਸ ਦੀ ਆਪਣੀ ਹੀ ਯੋਜਨਾ ਸੀ।
ਵਿਜੇ ਕੁਮਾਰ ਨੇ ਦਾਅਵਾ ਕੀਤਾ ਕਿ ਪੁਲੀਸ ਵਲੋਂ ਦਰਜ ਕੀਤੀ ਐਫ਼ਆਈਆਰ ਵਿੱਚ ਘਟਨਾ ਮੌਕੇ ਬਲੈਰੋ ਗੱਡੀ ਦੀ ਵਰਤੋਂ ਕਰਨਾ ਵਿਖਾਇਆ ਗਿਆ ਹੈ ਜਦੋਂ ਕਿ ਉਸ ਪਾਸੋਂ ਥਾਰ ਜੀਪ ਬਰਾਮਦ ਕੀਤੀ ਹੈ। ਐਫ਼ਆਈਆਰ ਵਿੱਚ ਪੁਲੀਸ ਵਲੋਂ ਬਲੈਰੋ ਗੱਡੀ ਦੀ ਪਿਛਲੀ ਖਿੜਕੀ ਰਾਹੀਂ ਧਾਰਮਿਕ ਪੰਨ੍ਹੇ ਸੁੱਟਣ ਦੀ ਗੱਲ ਕਹੀ ਗਈ ਹੈ ਜਦੋਂ ਕਿ ਥਾਰ ਜੀਪ ਦੇ ਪਿਛਲੇ ਪਾਸੇ ਕੋਈ ਖਿੜਕੀ ਹੀ ਨਹੀਂ ਹੈ।
ਓਧਰ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਵੀ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਹੋਏ। ਉਸ ਨੇ ਕਿਹਾ ਕਿ ਪੁਲੀਸ ਵੱਲੋਂ ਉਸ ਨੂੰ ਝੂਠਾ ਫਸਾਇਆ ਗਿਆ ਹੈ। ਉਸ ਦੇ ਵਕੀਲ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਪੁਲੀਸ ਵੱਲੋਂ ਵਿਜੇ ਕੁਮਾਰ ਦੇ 164-ਏ ਤਹਿਤ ਦਰਜ ਕੀਤੇ ਬਿਆਨ ਦੀ ਕਾਪੀ, ਘਟਨਾ ਮੌਕੇ ਦੀ ਸੀਸੀਟੀਵੀ ਫੁਟੇਜ਼ ਅਤੇ ਕਾਲ ਡਿਟੇਲ ਦੀ ਮੰਗ ਕੀਤੀ ਗਈ ਹੈ। ਕੇਸ ਦੀ ਅਗਲੀ ਸੁਣਵਾਈ ਲਈ ਅਦਾਲਤ ਵਲੋਂ 1 ਦਸੰਬਰ ਦੀ ਤਾਰੀਖ ਪੇਸ਼ੀ ਨਿਸ਼ਚਿਤ ਕੀਤੀ ਗਈ  ਹੈ।