ਸੱਤਾ ਵਿਚ ਆਉਂਦਿਆਂ ਹੀ ਅਕਾਲੀਆਂ ਖ਼ਿਲਾਫ਼ ਸਾਰੇ ਕੇਸ ਖੋਲ੍ਹਾਂਗੇ : ਭਗਵੰਤ ਮਾਨ

ਸੱਤਾ ਵਿਚ ਆਉਂਦਿਆਂ ਹੀ ਅਕਾਲੀਆਂ ਖ਼ਿਲਾਫ਼ ਸਾਰੇ ਕੇਸ ਖੋਲ੍ਹਾਂਗੇ : ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਪੰਜਾਬ ਵਿਚ ਪਾਰਟੀ ਦੀ ਚੋਣ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਚਲਾ ਰਹੇ ਹਨ। ਮਾਨ, ਜਿਨ੍ਹਾਂ ਨੇ ਲੋਕ ਸਭਾ ਚੋਣ ਰਿਕਾਰਡ ਅੰਤਰ ਨਾਲ ਜਿੱਤੀ ਸੀ, ਸੂਬੇ ਵਿਚ ਕਾਫ਼ੀ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ ਪਰ ਨਾਲੋ-ਨਾਲ ਅਕਸਰ ਵਿਵਾਦਾਂ ਵਿਚ ਵੀ ਘਿਰੇ ਰਹਿੰਦੇ ਹਨ। ਇਸ ਸਬੰਧ ਵਿਚ ਅੰਗਰੇਜ਼ੀ ਅਖ਼ਬਾਰ ‘ਡੇਲੀ ਵਰਲਡ’ ਵਲੋਂ ਉਨ੍ਹਾਂ ਨਾਲ ਖ਼ਾਸ ਮੁਲਾਕਾਤ ਕੀਤੀ ਗਈ, ਜੋ ਤੁਹਾਡੀ ਨਜ਼ਰ ਪੇਸ਼ ਹੈ।
ਸਵਾਲ- ਪੰਜਾਬ ਵਿਚ 2017 ਦੀਆਂ ਚੋਣਾਂ ਵਿਚ ਤੁਸੀਂ ‘ਆਪ’ ਦੀ ਭੂਮਿਕਾ ਬਾਰੇ ਕਿਸ ਤਰ੍ਹਾਂ ਸੋਚਦੇ ਹੋ? ਤੁਹਾਡੇ ਵਿਚਾਰ ਵਿਚ ਸਿਆਸੀ ਏਜੰਡਾ ਕੀ ਹੋਣਾ ਚਾਹੀਦਾ ਹੈ?
ਮਾਨ- ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਦੇਸ਼ ਭਰ ਵਿਚ ਹੁੰਗਾਰਾ ਨਹੀਂ ਸੀ ਮਿਲਿਆ ਪਰ ਪੰਜਾਬ ਵਿਚ ਇਸ ਨੇ ਚਾਰ ਸੀਟਾਂ  ਜਿੱਤ ਲਈਆਂ ਸਨ। ਇਸ ਦਾ ਮਤਲਬ ਹੈ ਕਿ ਪੰਜਾਬ ਦੇ ਲੋਕਾਂ ਨੇ ‘ਆਪ’ ਨੂੰ ਪੂਰੀ ਤਰ੍ਹਾਂ ਸਵੀਕਾਰ ਲਿਆ ਹੈ ਅਤੇ ਇਕੋ ਜਿਹੇ ਸਿਆਸੀ ਖਾਸੇ ਵਾਲੀਆਂ ਪਾਰਟੀਆਂ ਕਾਂਗਰਸ ਤੇ ਅਕਾਲੀ-ਭਾਜਪਾ ਗਠਜੋੜ ਦੇ ਬਦਲ ਵਜੋਂ ਹੀ ‘ਆਪ’ ਨੂੰ ਲੈ ਰਹੇ ਹਨ। ਇਨ੍ਹਾਂ ਤਿੰਨਾਂ ਪਾਰਟੀਆਂ ਨੇ ਰਲ਼ ਕੇ ਪੰਜਾਬ ਨੂੰ ਲੁੱਟ ਲਿਆ ਹੈ। ਮੈਂ ਇਹ ਤਾਂ ਨਹੀਂ ਦੱਸ ਸਕਦਾ ਕਿ ਅਸੀਂ ਕਿੰਨੀਆਂ ਸੀਟਾਂ ਲਵਾਂਗੇ ਪਰ ਜਿਸ ਤਰ੍ਹਾਂ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ‘ਆਪ’ ਨੂੰ ਤੀਜੇ ਬਦਲ ਵਜੋਂ ਮੌਕਾ ਦੇਣਾ ਚਾਹੁੰਦੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ‘ਆਪ’ ਭਾਰੀ ਬਹੁਮਤ ਨਾਲ ਵਿਧਾਨ ਸਭਾ ਚੋਣਾਂ ਜਿੱਤੇਗੀ। ‘ਆਪ’ ਨੂੰ ਲੈ ਕੇ ਪੰਜਾਬੀਆਂ ਦਾ ਉਤਸ਼ਾਹ ਦੇਖਣ ਵਾਲਾ ਹੈ। ਅੱਜ ਪੰਜਾਬ ਦੀ ਹਾਲਤ ਬਾਰੇ ਹਰ ਕੋਈ ਜਾਣੂ ਹੈ। ਇਥੇ ਅਮਨ-ਕਾਨੂੰਨ ਦੀ ਸਥਿਤੀ ਬਹੁਤ ਬਦਤਰ ਹੋ ਚੁੱਕੀ ਹੈ ਕਿਉਂਕਿ ਬਾਦਲ ਸਰਕਾਰ ਦੀ ਹਕੂਮਤ ਵਿਚ ਪੁਲੀਸ ਮਸ਼ੀਨਰੀ ਦੀ ਬੁਰੀ ਤਰ੍ਹਾਂ ਦੁਰਵਰਤੋਂ ਹੋ ਰਹੀ ਹੈ। ਮੈਂ ਜਦੋਂ ਵੀ ਮਾਲਵਾ, ਮਾਝਾ ਤੇ ਦੋਆਬਾ ਜਾਂਦਾ ਹਾਂ ਤਾਂ ਸਾਰੇ ਪਾਸੇ ਇਕੋ ਜਿਹੀਆਂ ਸਮੱਸਿਆਵਾਂ ਹਨ। ਲੋਕ ਅਕਾਲੀਆਂ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਤੇ ਬਾਦਲ ਸਰਕਾਰ ਲੋਕਾਂ ‘ਤੇ ਝੂਠੇ ਪਰਚੇ ਦਰਜ ਕਰਵਾ ਰਹੀ ਹੈ।

ਸਵਾਲ- ਕੁਝ ਮਹੀਨੇ ਪਹਿਲਾਂ ‘ਆਪ’ ਦੀ ਸਥਿਤੀ ਬਹੁਤ ਬਿਹਤਰ ਨਜ਼ਰ ਆ ਰਹੀ ਸੀ ਪਰ ਹਾਲ ਹੀ ਦੇ ਸਰਵੇਖਣਾਂ ਨੇ ਇਸ ਨੂੰ ਦੂਜੇ ਨੰਬਰ ‘ਤੇ ਪਹੁੰਚਾ ਦਿੱਤਾ ਹੈ। ਲਗਦਾ ਹੈ ਤੁਹਾਡੀ ਪਾਰਟੀ ਦੀ ਪੁਜੀਸ਼ਨ ਥੋੜ੍ਹੀ ਹੇਠਾਂ ਆਈ ਹੈ?
ਮਾਨ- ਹਾਂ ਜੀ, ਸਰਵੇਖਣ ਆਏ ਹਨ ਪਰ ਇਨ੍ਹਾਂ ‘ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ। ਦਿੱਲੀ ਵਿਚ ਚੋਣ ਸਰੇਵਖਣਾਂ ਦੌਰਾਨ ਕਿਹਾ ਗਿਆ ਸੀ ਕਿ ਸਾਨੂੰ ਪੰਜ ਸੀਟਾਂ ਮਿਲਣਗੀਆਂ। ਫੇਰ ਉਨ੍ਹਾਂ ਨੇ ਕਿਹਾ ਕਿ ਨਹੀਂ 15 ਸੀਟਾਂ ਤੇ ਫੇਰ ਕਿਹਾ 25 ਤੇ ਅਖ਼ੀਰ ਕਿਹਾ ਕਿ 37 ਸੀਟਾਂ ਮਿਲਣਗੀਆਂ ਅਤੇ ਸਾਨੂੰ 70 ਵਿਚੋਂ 67 ਸੀਟਾਂ ਮਿਲੀਆਂ। ਆਖ਼ਰੀ ਸਰਵੇਖਣ ਲੋਕਾਂ ਵਲੋਂ ਕੀਤਾ ਗਿਆ ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਕਾਂਗਰਸ ਸਾਡੇ ਨੇੜੇ-ਤੇੜੇ ਵੀ ਨਹੀਂ ਹੈ। ਦਿੱਲੀ ਵਿਚ ਕਾਂਗਰਸ ਸਿਫ਼ਰ ‘ਤੇ ਸਿਮਟ ਗਈ ਹੈ ਤੇ ਪੰਜਾਬ ਦੇ ਲੋਕ ਕਾਂਗਰਸ ਤੇ ਅਕਾਲੀਆਂ ਦੋਹਾਂ ਤੋਂ ਅੱਕ ਚੁੱਕੇ ਹਨ। ਅਸੀਂ ਪੰਜਾਬ ਨੂੰ ਮੁੜ ਖ਼ੁਸ਼ਹਾਲੀ ਵੱਲ ਲੈ ਕੇ ਆਉਣ ਲਈ ਸੰਘਰਸ਼ ਕਰ ਰਹੇ ਹਾਂ ਅਤੇ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਜਾਂ ਕੁਝ ਹੋਰ ਨਹੀਂ ਬਣਾਉਣਾ ਚਾਹੁੰਦੇ ਪਰ ਅਸੀਂ ਪੰਜਾਬ ਨੂੰ ਪੁਰਾਣੇ ਵਾਲਾ ਪੰਜਾਬ ਬਣਾਉਣ ਦੇ ਯਤਨ ਕਰ ਰਹੇ ਹਨ। ਮੇਰੀ ਜ਼ਿੰਦਗੀ ਦਾ ਇਕੋ ਮਕਸਦ ਹੈ ਕਿ ਪੰਜਾਬ ਨੂੰ ਇਸ ਚਮਕ ਵਾਪਸ ਲੈ ਕੇ ਦੇਣਾ।

ਸਵਾਲ-ਤੁਹਾਡਾ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਵੇਗਾ? ਤੁਸੀਂ ਚੋਣਾਂ ਵੇਲੇ ਕਿਸੇ ਦਾ ਚਿਹਰਾ ਪੇਸ਼ ਕਰਨਾ ਚਾਹੁੰਦੇ ਹੋ? ਜਾਂ ਜੇਕਰ ਤੁਹਾਡੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਕੇਜਰੀਵਾਲ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋ ਸਕਦੇ ਹਨ?
ਮਾਨ- ਅਸੀਂ ਇਸ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ। ਇਸ ਮਸਲੇ ‘ਤੇ ਪਾਰਟੀ ਅੰਦਰ ਕੋਈ ਵਿਚਾਰ ਨਹੀਂ ਹੋਇਆ ਅਤੇ ਇਸ ਬਾਰੇ ਕੋਈ ਵੀ ਫੈਸਲਾ ਹਾਈ ਕਮਾਂਡ ਹੀ ਲਏਗੀ। ਹਾਂ, ਇਕ ਗੱਲ ਪੱਕੀ ਹੈ ਕਿ ਅਰਵਿੰਦ ਕੇਜਰੀਵਾਲ ਚੋਣਾਂ ਦੌਰਾਨ ਪੰਜਾਬ ਵਿਚ ਵੱਡੇ ਪੱਧਰ ‘ਤੇ ਮੁਹਿੰਮ ਚਲਾਉਣਗੇ। ਮੁੱਖ ਮੰਤਰੀ ਬਾਰੇ ਆਖ਼ਰੀ ਫ਼ੈਸਲਾ ਬਾਅਦ ਵਿਚ ਲਿਆ ਜਾਵੇਗਾ।

ਸਵਾਲ- ਪਾਰਟੀ ਅੰਦਰ ਪੁਜੀਸ਼ਨਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਤੁਹਾਡੇ ਦੋ ਸੰਸਦ ਮੈਂਬਰ ਬਾਗ਼ੀ ਹੋ ਗਏ ਹਨ, ‘ਆਪ’ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ, ਇਸ ਨਾਲ ਪਾਰਟੀ ਨੂੰ ਢਾਹ ਲੱਗੀ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
ਮਾਨ- ਦੋਵੇਂ ਸੰਸਦ ਮੈਂਬਰਾਂ (ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖ਼ਾਲਸਾ) ਨੇ ਪਾਰਟੀ ਨਹੀਂ ਛੱਡੀ, ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਨੇ ਅਨੁਸਾਸ਼ਨ ਭੰਗ ਕੀਤਾ ਕਿਉਂਕਿ ਪਾਰਟੀ ਨੇ ਫ਼ੌਜ ਵਾਂਗ ਚੱਲਣਾ ਹੁੰਦਾ ਹੈ ਤੇ ਸਾਰਿਆਂ ਦਾ ਤਾਲਮੇਲ ਜ਼ਰੂਰੀ ਹੁੰਦਾ ਹੈ। ਛੋਟੇਪੁਰ ਦੇ ਮਾਮਲੇ ਵਿਚ, ਉਸ ਨੇ ਉਹੀ ਕੁਝ ਕੀਤਾ, ਜਿਸ ਲਈ ਉਸ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ। ਪਾਰਟੀ ਵਲੋਂ ਕਾਇਮ ਪੈਨਲ ਅੱਗੇ ਉਨ੍ਹਾਂ ਨੂੰ ਆਪਣਾ ਜਵਾਬ ਦੇਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਇਨ੍ਹਾਂ ਆਦੇਸ਼ਾਂ ਦੀ ਪ੍ਰਵਾਹ ਨਹੀਂ ਕੀਤੀ ਅਤੇ ਆਪਣਾ ਵੱਖਰਾ ਸਿਆਸੀ ਫਰੰਟ ਬਣਾ ਲਿਆ। ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ‘ਆਪ’ ਆਗੂ ਪਾਰਟੀ ਨਾਲੋਂ ਵੱਡੇ ਨਹੀਂ ਹਨ। ਨੇਤਾ ਆਉਂਦੇ-ਜਾਂਦੇ ਰਹਿੰਦੇ ਹਨ ਪਰ ‘ਆਪ’ ਚਲਦੀ ਰਹੇਗੀ ਕਿਉਂਕਿ ਇਸ ਦਾ ਆਪਣਾ ਨਜ਼ਰੀਆ ਹੈ।
ਛੋਟੇਪੁਰ ਦੇ ਪਾਰਟੀ ਛੱਡਣ ਮਗਰੋਂ ਮੋਗਾ ਵਿਚ ਸਤੰਬਰ ਵਿਚ ਰੈਲੀ ਕੀਤੀ ਗਈ ਸੀ ਅਤੇ ਰੈਲੀ ਵਿਚ ਚਾਰ ਲੱਖ ਤੋਂ ਵੱਧ ਲੋਕ ਆਏ। ਇਹ ਸਪਸ਼ਟ ਸਿੱਧ ਕਰਦਾ ਹੈ ਕਿ ‘ਆਪ’ ਹਾਲੇ ਵੀ ਪੰਜਾਬ ਦੇ ਵੋਟਰਾਂ ਦੀ ਚਹੇਤੀ ਹੈ। ਪੰਜਾਬ ਦੇ ਲੋਕ ਦੋਵੇਂ ਰਵਾਇਤੀ ਪਾਰਟੀਆਂ ਤੋਂ ਅੱਕੇ ਪਏ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਇਹ ਲੋਕਾਂ ਦੇ ਭਲੇ ਬਾਰੇ ਨਹੀਂ ਸੋਚਦੀਆਂ। ਇਸ ਲਈ ਛੋਟੇਪੁਰ ਕਾਂਡ ‘ਆਪ’ ਦੇ ਭਵਿੱਖ ‘ਤੇ ਕੋਈ ਅਸਰ ਨਹੀਂ ਕਰੇਗਾ।

ਸਵਾਲ- ਦੂਜੀਆਂ ਪਾਰਟੀਆਂ ਦੋਸ਼ ਲਾਉਂਦੀਆਂ ਹਨ ਕਿ ‘ਆਪ’ ਟੋਪੀਵਾਲਿਆਂ ਨਾਲ ਭਰੀ ਪਈ ਹੈ ਤੇ ਬਾਹਰਲਿਆਂ ਦੀ ਪਾਰਟੀ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
ਮਾਨ- ਕੀ ਭਗਵੰਤ ਮਾਨ ਪੰਜਾਬ ਤੋਂ ਨਹੀਂ, ਜਾਂ ਕੰਵਰ ਸੰਧੂ, ਐਚ.ਐਸ. ਫੂਲਕਾ ਜਾਂ ਗੁਰਪ੍ਰੀਤ ਘੁੱਗੀ ਜਾਂ ਖਹਿਰਾ ਪੰਜਾਬ ਤੋਂ ਨਹੀਂ? ਸਾਡੇ ਸਾਰੇ ਉਮੀਦਵਾਰ, ਜਿਨ੍ਹਾਂ ਨੂੰ ਹੁਣ ਤਕ ਟਿਕਟਾਂ ਮਿਲ ਚੁੱਕੀਆਂ ਹਨ, ਪੰਜਾਬ ਤੋਂ ਹਨ। ਉਹ ਕੌਣ ਹੁੰਦੇ ਹਨ ਸਾਨੂੰ ਟੋਪੀਵਾਲੇ ਤੇ ਬਾਹਰਲੇ ਕਹਿਣ ਵਾਲੇ। ਮੈਨੂੰ ਕਾਉਂਟਰ ਸਵਾਲ ਪੁਛਣਾ ਚਾਹੁੰਦਾ ਹਾਂ। ਕੀ ਸੋਨੀਆ ਗਾਂਧੀ ਅੰਮ੍ਰਿਤਸਰ ਜਾਂ ਆਸ਼ਾ ਕੁਮਾਰੀ ਜ਼ੀਰਕਪੁਰ ਤੋਂ ਹੈ ਜਾਂ ਰਾਹੁਲ ਗਾਂਧੀ ਬਠਿੰਡਾ ਜਾਂ ਹਰੀਸ਼ ਚੌਧਰੀ ਸੰਗਰੂਰ ਤੋਂ ਹਨ? ਇਸ ਲਈ ਇਹ ਕਹਿਣਾ ਗ਼ਲਤ ਹੋਵੇਗਾ ਕਿ ‘ਆਪ’ ਬਾਹਰਲਿਆਂ ਨਾਲ ਭਰੀ ਪਈ ਹੈ। ਕਾਂਗਰਸ ਕੌਮੀ ਪਾਰਟੀ ਹੈ ਤੇ ‘ਆਪ’ ਵੀ ਕੌਮੀ ਪਾਰਟੀ ਹੈ, ਇਸ ਲਈ ਪੂਰੇ ਦੇਸ਼ ਦੇ ਲੋਕ ਸਾਡੇ ਨਾਲ ਜੁੜੇ ਹਨ।

ਸਵਾਲ- ਤੁਹਾਡੀ ਪਾਰਟੀ ਖ਼ਿਲਾਫ਼ ਇਕ ਹੋਰ ਦੋਸ਼ ਲਗਦਾ ਹੈ ਕਿ ਤੁਹਾਨੂੰ ਸਿੱਖੀ ਦੇ ਮੁੱਦਿਆਂ ਬਾਰੇ ਕੁਝ ਨਹੀਂ ਪਤਾ ਤੇ ਤੁਸੀਂ ਸਿੱਖ ਭਾਵਨਾਵਾਂ ਦੀ ਕਦਰ ਨਹੀਂ ਕਰਦੇ? ਹਾਲ ਹੀ ਵਿਚ, ਤੁਹਾਡੇ ਕੌਮੀ ਆਗੂ ਅਸ਼ੀਸ਼ ਖੇਤਾਨ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਕੇਸ ਵੀ ਦਰਜ ਹੋਇਆ?
ਮਾਨ- ਇਹ ਕੁਝ ਪਾਰਟੀਆਂ ਵਲੋਂ ਧਾਰਮਿਕ-ਸਿਆਸੀ ਖੇਡ ਖੇਡੀ ਜਾ ਰਹੀ ਹੈ। ਅਸੀਂ ਧਰਮ ਨਿਰਪੱਖ ਹਾਂ ਤੇ ਅਸੀਂ ਧਾਰਮਿਕ ਸਿਆਸੀ ਚਾਲਾਂ ਨਹੀਂ ਚਲਦੇ। ਜਿੱਥੋਂ ਤਕ ਸਿੱਖਾਂ ਦੀਆਂ ਭਾਵਨਾਵਾਂ ਬਾਰੇ ਜਾਣਨ ਦਾ ਸਵਾਲ ਹੈ, ਐਚ.ਐਸ. ਫੂਲਕਾ ਤੋਂ ਵੱਧ ਕੌਣ ਜਾਣ ਸਕਦਾ ਹੈ ਜੋ 1984 ਤੋਂ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਦਾ ਕੇਸ ਲੜਦੇ ਆ ਰਹੇ ਹਨ ਜਾਂ ਜਰਨੈਲ ਸਿੰਘ, ਜੋ ਖ਼ੁਦ ਦੰਗਿਆਂ ਦਾ ਪੀੜਤ ਹੈ ਤੇ ਇਨ੍ਹਾਂ ਕਤਲੇਆਮ ਵਿਚ ਉਸ ਦੇ ਪਰਿਵਾਰਕ ਜੀਅ ਨਹੀਂ ਰਹੇ ਤੇ ‘ਆਪ’ ਸਾਰੇ ਪੰਜਾਬੀਆਂ ਨੂੰ ਇਕ ਪਲੇਟਫਾਰਮ ‘ਤੇ ਇਕੱਠਾ ਕਰਨਾ ਚਾਹੁੰਦੀ ਹੈ।

ਸਵਾਲ- ਬਾਦਲ ਸਰਕਾਰ ਨੇ ਹਾਲ ਹੀ ਵਿਚ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਪੁਰਾਣਾ ਕੇਸ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ, ਤੋਤਾ ਸਿੰਘ ਮਾੜੀਆਂ ਰਸਾਇਣਕ ਖਾਦਾਂ ਦੀ ਸਪਲਾਈ ਦੇ ਦੋਸ਼ਾਂ ਵਿਚ ਵੀ ਘਿਰੇ ਹਨ, ਤੁਹਾਡਾ ਇਸ ਬਾਰੇ ਕੀ ਵਿਚਾਰ ਹੈ?
ਮਾਨ- ਜ਼ਾਹਰ ਹੈ ਕਿ  ਫ਼ਸਲਾਂ ਦੀ ਬਰਬਾਦੀ ਅਤੇ ਖਾਦ ਘੁਟਾਲਾ ਪੰਜਾਬ ਦੇ ਕਿਸਾਨਾਂ ਲਈ ਵੱਡੀ ਮਾਰ ਹੈ। ਸੈਂਕੜੇ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਸੱਤਾਧਾਰੀ ਪਾਰਟੀ ਦੇ ਆਗੂ ਸੂਬੇ ਵਿਚ ਆਪਣੀ ਸੱਤਾ ਖੁੱਸਣ ਤੋਂ ਪਹਿਲਾਂ ਆਪਣੀਆਂ ਕਰਤੂਤਾਂ ਤੋਂ ਬਰੀ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਵੀ ਭ੍ਰਿਸ਼ਟਾਚਾਰ ਦਾ ਕੇਸ ਰੱਦ ਕਰ ਦਿੱਤਾ ਹੈ। ਇਹ ਇਕੋ ਥਾਲੀ ਦੇ ਚੱਟੇ-ਵੱਟੇ ਹਨ। ਪਰ ‘ਆਪ’ ਨੇ ਜਿਹੜਾ ਮੈਨੀਫੈਸਟੋ ਤਿਆਰ ਕੀਤਾ ਹੈ, ਅਸੀਂ ਵਿਸ਼ੇਸ਼ ਤੌਰ ‘ਤੇ ਤੋਤਾ ਸਿੰਘ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਸਿਕੰਦਰ ਸਿੰਘ ਮਲੂਕਾ ਦੇ ਨਾਵਾਂ ਦਾ ਜ਼ਿਕਰ ਕੀਤਾ ਹੈ। ਅਸੀਂ ਆਪਣੇ ਕਿਸਾਨ ਮੈਨੀਫੈਸਟੋ ‘ਤੇ ਵਚਨਬੱਧ ਹਾਂ ਕਿ ਜਦੋਂ ਵੀ ਅਸੀਂ ਸੱਤਾ ਵਿਚ ਆਏ ਤਾਂ ਅਸੀਂ ਵਿਸ਼ੇਸ਼ ਜਾਂਚ ਟੀਮ ਕਾਇਮ ਕਰਾਂਗੇ ਤੇ ਸਾਰੇ ਕੇਸ ਮੁੜ ਖੋਲ੍ਹੇ ਜਾਣਗੇ।

ਸਵਾਲ- ਪਹਿਲਾਂ ਇਹ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਨਵਜੋਤ ਸਿੰਘ ਸਿੱਧੂ ‘ਆਪ’ ਵਿਚ ਸ਼ਾਮਲ ਹੋ ਸਕਦੇ ਹਨ। ਤੁਸੀਂ ਇਸ ਬਾਰੇ ਕੀ ਸੋਚਦੇ ਹੋ?
ਮਾਨ- ਮੈਂ ਪਹਿਲਾ ਵਿਅਕਤੀ ਹਾਂ ਜੋ ਨਵਜੋਤ ਸਿੱਧੂ ਦੇ ਪਾਰਟੀ ਵਿਚ ਸ਼ਾਮਲ ਹੋਣ ਦਾ ਸਵਾਗਤ ਕਰਾਂਗਾ। ਜਿਸ ਉਨ੍ਹਾਂ ਰਾਜ ਸਭਾ ਤੋਂ ਅਸਤੀਫ਼ਾ ਦਿੱਤਾ ਸੀ, ਮੈਂ ਪਹਿਲਾ ਵਿਅਕਤੀ ਸੀ, ਜਿਸ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਬਚਪਨ ਤੋਂ ਹੀ ਉਹ ਮੇਰੇ ਆਦਰਸ਼ ਰਹੇ ਹਨ। ਮੈਂ ਪਾਰਟੀ ਵਿਚ ਉਨ੍ਹਾਂ ਦਾ ਦਿਲੋਂ ਸਵਾਗਤ ਕਰਦਾ ਹਾਂ। ਉਹ ਆਉਣ ਤੇ ਸਾਡੇ ਨਾਲ ਸ਼ਾਮਲ ਹੋਣ। ਪਰ ਸਿੱਧੂ ਅਤੇ ਸਾਡੇ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ। ਜੇਕਰ ਸਿੱਧੂ ਅਤੇ ਹਾਈ ਕਮਾਂਡ ਵਿਚਾਲੇ ਕੋਈ ਗੱਲ ਹੋਈ ਹੈ ਤਾਂ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ।

ਸਵਾਲ- ਦੋਸ਼ ਲਗਦੇ ਹਨ ਕਿ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹੋ, ਇਥੋਂ ਤਕ ਕਿ ਦਿਨ ਵਿਚ ਹੀ ਪੀਤੀ ਹੁੰਦੀ ਹੈ? ਇਹ ਵੀ ਰਿਪੋਰਟਾਂ ਹਨ ਕਿ ਸ਼ਰਾਬ ਪੀ ਕੇ ਸੰਸਦ ਵਿਚ ਵੀ ਗਏ?
ਮਾਨ- ਇਹ ਸੌ ਫ਼ੀਸਦੀ ਝੂਠ ਹੈ। ਉਹ ਲੋਕ ਸਿਰਫ਼ ਮੇਰੀ ਦਿਖ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਨੂੰ ਮੇਰੇ ਖ਼ਿਲਾਫ਼ ਕੁਝ ਨਹੀਂ ਮਿਲਿਆ, ਇਸ ਲਈ ਉਹ ਮੇਰੇ ਖ਼ਿਲਾਫ਼ ਝੂਠਾ ਪ੍ਰਚਾਰ ਕਰ ਰਹੇ ਹਨ। ਮੈਂ ਅਜਿਹਾ ਕੁਝ ਵੀ ਨਹੀਂ ਕੀਤਾ। ਪਿਛਲੇ ਦੋ ਸਾਲਾਂ ਤੋਂ ਕਿਸੇ ਨੂੰ ਮੇਰੇ ਤੋਂ ਕੋਈ ਸਮੱਸਿਆ ਨਹੀਂ ਸੀ ਤੇ ਉਹ ਅਚਾਨਕ ਆ ਕੇ ਮੇਰੇ ਖ਼ਿਲਾਫ਼ ਦੋਸ਼ ਮੜ੍ਹਨ ਲੱਗੇ। ਕਿਸੇ ਵੀ ਸਟੇਜ ‘ਤੇ ਅਜਿਹੀ ਕੋਈ ਗੱਲ ਨਹੀਂ ਵਾਪਰੀ। ਮੈਂ ਸਿਰਫ਼ ਪੰਜਾਬ ਨੂੰ ਉਸ ਦੇ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਲਈ ਲੜ ਰਿਹਾ ਹਾਂ। ਅਕਾਲੀ ਦਲ ਅਤੇ ਸਾਡੇ ਪਾਰਟੀ ਵਿਚੋਂ ਕੱਢੇ ਲੋਕ ਮੇਰੇ ਖ਼ਿਲਾਫ਼ ਕੁੜਪ੍ਰਚਾਰ ਕਰ ਰਹੇ ਹਨ।

ਸਵਾਲ- ਹਾਲ ਹੀ ਵਿਚ ਤੁਸੀਂ ਸੰਸਦ ਦੀ ਸੁਰੱਖਿਆ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾਉਣ ਕਾਰਨ ਵਿਵਾਦਾਂ ਵਿਚ ਆ ਗਏ ਸੀ। ਦੋਸ਼ ਲੱਗੇ ਸਨ ਕਿ ਤੁਸੀਂ ਅਜਿਹਾ ਕਰ ਕੇ ਸੰਸਦ ਦੀ ਸੁਰੱਖਿਆ ਦਾਅ ‘ਤੇ ਲਾਈ ਹੈ। ਉਸ ਕੇਸ ਦਾ ਕੀ ਹੋਇਆ?
ਮਾਨ- ਮੈਂ ਸੰਸਦ ਦੇ ਸਿਫ਼ਰ ਕਾਲ ਦੀ ਵੀਡੀਓ ਅਪਲੋਡ ਕੀਤੀ ਸੀ। ਲੋਕਾਂ ਨੂੰ ਦਿਖਾਉਣ ਲਈ ਕਿ ਸੰਸਦ ਵਿਚ ਸਵਾਲਾਂ ਸਬੰਧੀ ਕਿਵੇਂ ਲੱਕੀ ਡਰਾਅ ਨਿਕਲਦੇ ਹਨ। ਉਨ੍ਹਾਂ ਨੇ ਮੇਰੇ ਖ਼ਿਲਾਫ਼ ਜਾਂਚ ਆਰੰਭੀ, ਜਿਸ ਦੀ ਨਵੰਬਰ ਵਿਚ ਰਿਪੋਰਟ ਪੇਸ਼ ਕੀਤੀ ਜਾ ਚੁੱਕੀ ਹੈ। ਇਹ ਵੀ ਸਿਆਸੀ ਚਾਲ ਸੀ ਤਾਂ ਜੋ ਮੈਨੂੰ ਸੰਸਦ ਤੋਂ ਬਾਹਰ ਰੱਖਿਆ ਜਾ ਸਕੇ।

ਸਵਾਲ- ਸੀਨੀਅਰ ਕਾਂਗਰਸੀ ਲੀਡਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ‘ਆਪ’ ਅਰਜਾਕਤਾਵਾਦੀਆਂ ਦੀ ਸਮੂਹ ਹੈ। ਦਿੱਲੀ ‘ਆਪ’ ਨਾਲ ਖੜ੍ਹਨ ਦੇ ਸਮਰਥ ਸੀ, ਪੰਜਾਬ ਸੰਵੇਦਨਸ਼ੀਲ ਸਰਹੱਦੀ ਸੂਬਾ ਹੋਣ ਕਾਰਨ ਅਜਿਹਾ ਨਹੀਂ ਕਰ ਸਕਦਾ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
ਮਾਨ- ਇਸ ਕਾਂਗਰਸੀ ਆਗੂ, ਜੋ ਅੱਜ ਪੂਰੀ ਤਰ੍ਹਾਂ ਜ਼ੀਰੋ ਹੈ, ਨੂੰ ਦਿੱਲੀ ‘ਤੇ ਟਿੱਪਣੀ  ਕਰਨ ਦਾ ਕੋਈ ਹੱਕ ਨਹੀਂ। ਮੈਂ ਇਹ ਕਹਿ ਸਕਦਾ ਹਾਂ ਕਿ ਇਸੇ ਮਨੀਸ਼ ਤਿਵਾੜੀ ਨੇ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਤੋਂ ‘ਆਪ’ ਦੀ ਟਿਕਟ ‘ਤੇ ਲੜਨ ਲਈ ਅਪਲਾਈ ਕੀਤਾ ਸੀ। ਸੋ, ਅਸੀਂ ਉਸ ਨੂੰ ਟਿਕਟ ਨਾ ਦੇਣ ਦਾ ਫੈਸਲਾ ਕੀਤਾ ਸੀ ਕਿਉਂਕਿ ਉਹ ਅੰਨਾ ਹਜ਼ਾਰੇ ਦੇ ਅੰਦੋਲਨ ਖ਼ਿਲਾਫ਼ ਜ਼ੋਰ-ਸ਼ੋਰ ਨਾਲ ਬੋਲਿਆ ਸੀ। ਜਿਸ ਨੇ ਹਾਜ਼ਰੇ ਦਾ ਵਿਰੋਧ ਕੀਤਾ ਹੋਵੇ, ਉਸ ਨੂੰ ਅਸੀਂ ਟਿਕਟ ਨਹੀਂ ਦੇ ਸਕਦੇ ਸੀ। ਫੇਰ ਉਹ ਬਿਮਾਰ ਹੋ ਗਿਆ ਤੇ ਕਾਂਗਰਸ ਦੀ ਟਿਕਟ ਤੋਂ ਚੋਣ ਨਾ ਲੜਨ ਦਾ ਫੈਸਲਾ ਕੀਤਾ ਕਿਉਂਕਿ ਉਹ ਜਾਣਦਾ ਸੀ ਕਿ ਉਹ ਹਾਰ ਜਾਵੇਗਾ।

ਸਵਾਲ- ਤੁਹਾਡੇ ਕੋਲ ਪੰਜਾਬ ਲਈ ਕੀ ਵਿਜ਼ਨ ਹੈ? ਪੰਜਾਬ ਵਿਚ ਸਥਿਤੀ ਦੀ ਬਿਹਤਰੀ ਲਈ ਤੁਹਾਡੀ ਪਾਰਟੀ ਕੀ ਕਰੇਗੀ?
ਮਾਨ- ਅਸੀਂ ਪੰਜਾਬ ਵਿਚ ਰੁਜ਼ਗਾਰ, ਕਾਰੋਬਾਰ ਤੇ ਖੇਤੀਬਾੜੀ ਲਈ ਮਾਹੌਲ ਤਿਆਰ ਕਰਨ ਦੀ ਯੋਜਨਾ ਘੜੀ ਹੈ। ਅਸੀਂ ਕਿਸਾਨਾਂ, ਵਿਦਿਆਰਥੀਆਂ ਤੇ ਕਾਰੋਬਾਰੀਆਂ ਦੇ ਚਿਹਰੇ ‘ਤੇ ਮੁੜ ਮੁਸਕਰਾਹਟ ਲਿਆਉਣ ਦੀ ਯੋਜਨਾ ਬਣਾਈ ਹੈ। ਇਸ ਲਈ ਅਸੀਂ ਲੋਕਾਂ ‘ਤੇ ਆਧਾਰ ਨੀਤੀਆਂ ਬਣਾਉਣ ਅਤੇ ਉਨ੍ਹਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੀ ਯੋਜਨਾ ਬਣਾਈ ਹੈ। ਭਵਿੱਖ ਵਿਚ ਸਾਡੀਆਂ ਹੋਰ ਵੀ ਕਈ ਤਰਜੀਹਾਂ ਹੋਣਗੀਆਂ।

ਸਵਾਲ- ਤੁਹਾਡੀ ਪਾਰਟੀ ਦੇ ਕਈ ਵਿਧਾਇਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ‘ਤੇ ਬਲਾਤਕਾਰ ਤੇ ਬਲੈਕਮੇਲ ਵਰਗੇ ਦੋਸ਼ ਲੱਗੇ ਹਨ। ਪੰਜਾਬ ਦੀਆਂ ਅਗਾਮੀ ਚੋਣਾਂ ‘ਤੇ ਇਸ ਦਾ ਕੀ ਅਸਰ ਪਏਗਾ?
ਮਾਨ- ਸਾਨੂੰ ਹਰ ਥਾਂ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਅਸੀਂ ਫੇਰ ਵੀ ਦਿੱਲੀ ਵਿਚ ਕੰਮ ਕਰ ਰਹੇ ਹਾਂ ਤੇ ਦੂਜਿਆਂ ਲਈ ਆਦਰਸ਼ ਕਾਇਮ ਕਰ ਰਹੇ ਹਾਂ। ਇਹ ਸਾਰੇ ਦੋਸ਼ ਸਿਆਸਤ ਤੋਂ ਪ੍ਰੇਰਤ ਹਨ ਤੇ ਬਹੁਤੇ ਦੋਸ਼ ਬੇਬੁਨਿਆਦ ਹਨ। ਇਹ ਦਿੱਲੀ ਵਾਸੀਆਂ ਲਈ ਠੀਕ ਨਹੀਂ। ਜਿਹੜੇ ਵੀ ਸਰਕਾਰ ਦੇ ਨੇੜੇ ਹਨ, ਉਨ੍ਹਾਂ ਖ਼ਿਲਾਫ਼ ਲਾਏ ਦੋਸ਼ ਹਾਲੇ ਤਕ ਸਿੱਧ ਨਹੀਂ ਹੋਏ।
‘ਡੇਲੀ ਵਰਲਡ’ ਤੋਂ ਧੰਨਵਾਦ ਸਹਿਤ