ਪਰਵਾਸੀ ਭਾਰਤੀਆਂ ਦਾ ਦੋਸ਼ : ਮੈਡੀਕਲ ਸਿੱਖਿਆ ਲਈ ਕੋਈ ਪੱਕੀ ਨੀਤੀ ਨਾ ਹੋਣ ਕਾਰਨ ਖੱਜਲ ਹੋ ਰਹੇ ਹਨ ਸਾਡੇ ਬੱਚੇ

ਪਰਵਾਸੀ ਭਾਰਤੀਆਂ ਦਾ ਦੋਸ਼ : ਮੈਡੀਕਲ ਸਿੱਖਿਆ ਲਈ ਕੋਈ ਪੱਕੀ ਨੀਤੀ ਨਾ ਹੋਣ ਕਾਰਨ ਖੱਜਲ ਹੋ ਰਹੇ ਹਨ ਸਾਡੇ ਬੱਚੇ

ਜਲੰਧਰ/ਬਿਊਰੋ ਨਿਊਜ਼ :
ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਅਤੇ ਮਿਸ਼ੀਗਨ ਸਟੇਟ ਚੈਪਟਰ ਦੀ ਚੇਅਰਪਰਸਨ ਰਾਣੀ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਵਾਸੀ ਪੰਜਾਬੀਆਂ ਲਈ ਮੈਡੀਕਲ ਸਿੱਖਿਆ ਲਈ ਕੋਈ ਪੱਕੀ ਨੀਤੀ ਨਾ ਹੋਣ ਕਾਰਨ ਐਨਆਰਆਈ ਬੱਚੇ ਖੱਜਲ ਹੋ ਰਹੇ ਹਨ। ਰਾਣੀ ਮਾਹਲ ਨੇ ਦੱਸਿਆ ਕਿ ਉਨ੍ਹਾਂ ਦੇ ਅਮਨ ਮਾਹਲ ਪੁੱਤਰ ਨੇ ਪੰਜਾਬ ਵਿੱਚ ਮੈਡੀਕਲ ਸਿੱਖਿਆ ਲੈਣ ਦਾ ਮਨ ਬਣਾਇਆ ਸੀ ਪਰ ਜਿਸ ਢੰਗ ਨਾਲ ਉਸ ਦੀ ਖੱਜਲ ਖੁਆਰੀ ਹੋਈ ਹੈ, ਉਸ ਨਾਲ ਹੋਰ ਪਰਵਾਸੀ ਬੱਚੇ ਵੀ ਪੰਜਾਬ ਆਉਣ ਤੋਂ ਟਾਲਾ ਵੱਟਣਗੇ।
ਇਸ ਮੌਕੇ ਅਮਨ ਮਾਹਲ ਨੇ ਦੱਸਿਆ ਕਿ ਉਹ ਅਮਰੀਕਾ ਵਿੱਚ ਜੰਮਿਆ ਹੈ ਤੇ ਪੰਜਾਬ ਨਾਲ ਜੁੜਨਾ ਦਾ ਇੱਛੁਕ ਹੈ। ਮਈ ਵਿੱਚ ਜਦੋਂ ਇੱਥੇ ਆ ਕੇ ਪੜ੍ਹਨ ਦਾ ਮਨ ਬਣਾਇਆ ਤਾਂ ਕੁੱਝ ਹੀ ਹਫ਼ਤਿਆਂ ਅੰਦਰ ਇੱਥੇ ਪੜ੍ਹਾਈ ਦੇ ਨਿਯਮ ਬਦਲ ਗਏ। ਦਾਖ਼ਲਿਆਂ ਤੋਂ ਕੁੱਝ ਮਹੀਨੇ ਪਹਿਲਾਂ ਨਿਯਮ ਬਦਲਣ ਕਾਰਨ ਤਿਆਰੀ ਲਈ ਵੀ ਸਮਾਂ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪ੍ਰੀਖਿਆ ਦੇਣ ਵਾਲਿਆਂ ਵਿੱਚੋਂ ਬਹੁਤ ਸਾਰੇ ਪੱਕੇ ਐਨਆਰਆਈ ਵੀ ਨਹੀਂ ਸਨ ਤੇ ਉਨ੍ਹਾਂ ਵਿੱਚੋਂ ਕੁਝ ਜਣੇ ਕਈ ਸਾਲਾਂ ਤੋਂ ਭਾਰਤ ਵਿੱਚ ਰਹਿ ਰਹੇ ਸਨ। ਕਈ ਇੱਥੇ ਪੈਦਾ ਹੀ ਹੋਏ ਤੇ ਇੱਥੋਂ ਹੀ ਗ੍ਰੈਜੂਏਸ਼ਨ ਕੀਤੀ ਸੀ। ਉਹ ਦਾਖ਼ਲਿਆਂ ਵਿੱਚ ਰਿਆਇਤ ਖ਼ਾਤਰ ਐਨਆਰਆਈ ਟੈਗ ਦੀ ਵਰਤੋਂ ਕਰ ਰਹੇ ਸਨ। ਉਸ ਨੇ ਦੱਸਿਆ ਕਿ ਬਾਬਾ ਫ਼ਰੀਦ ਵਰਸਿਟੀ ਵਿੱਚ ਹੋਈ ਪ੍ਰੀਖਿਆ ਤੋਂ ਬਾਅਦ ਇਹ  ਸੋਚਿਆ ਸੀ ਕਿ ਉਹ ਹੁਣ ਪੰਜਾਬ ਵਿੱਚ ਦਾਖ਼ਲਾ ਲੈਣ ਦੇ ਕਾਬਲ ਹੋ ਜਾਵੇਗਾ ਪਰ ਨਤੀਜਾ ਆਉਣ ਤੋਂ ਪਹਿਲਾਂ ਰੋਕ ਲੱਗ ਗਈ ਅਤੇ ਕਈ ਅੜਿੱਕੇ ਖੜ੍ਹੇ ਹੋ ਗਏ। ਇਸ ਮੌਕੇ ਨਾਪਾ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਭਾਰਤ ਵਿੱਚ ਸਰਕਾਰਾਂ ਸਿੱਧੀ ਦਖ਼ਲਅੰਦਾਜ਼ੀ ਕਰ ਰਹੀਆਂ ਹਨ, ਜਿਸ ਕਾਰਨ  ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਰਿਹਾ ਹੈ। ਇਸ ਮੌਕੇ ਨਾਪਾ ਆਗੂਆਂ ਨੇ ਕਿਹਾ ਕਿ ਸਿੱਖਿਆ ਦਾ ਮਾੜਾ ਪ੍ਰਬੰਧ ਵਿਦਿਆਥੀਆਂ ਦੇ ਰਾਹ ਦੀ ਰੁਕਾਵਟ ਬਣ ਜਾਂਦਾ ਹੈ।