ਕੈਪਟਨ ਦੀ ਪ੍ਰਚਾਰ ਗੱਡੀ ਨੂੰ ਕਿਸਾਨਾਂ ਦੀਆਂ ਵਿਧਵਾਵਾਂ ਨੇ ਦਿਖਾਈ ਹਰੀ ਝੰਡੀ

ਕੈਪਟਨ ਦੀ ਪ੍ਰਚਾਰ ਗੱਡੀ ਨੂੰ ਕਿਸਾਨਾਂ ਦੀਆਂ ਵਿਧਵਾਵਾਂ ਨੇ ਦਿਖਾਈ ਹਰੀ ਝੰਡੀ

ਤਿੰਨ ਮਹੀਨਿਆਂ ਅੰਦਰ ਹੀ ਖ਼ਤਮ ਕਰ ਦਿਆਂਗੇ ਕਿਸਾਨਾਂ ਦਾ ਕਰਜ਼ਾ : ਕੈਪਟਨ
ਚੰਡੀਗੜ੍ਹ/ਬਿਊਰੋ ਨਿਊਜ਼ :
ਕਰਜ਼ਿਆਂ ਕਾਰਨ ਖ਼ੁਦਕੁਸ਼ੀਆਂ ਕਰ ਗਏ 9 ਕਿਸਾਨਾਂ ਦੀਆਂ ਵਿਧਵਾਵਾਂ ਨੇ ਪੰਜਾਬ ਕਾਂਗਰਸ ਦੀ ਕਿਸਾਨ ਯਾਤਰਾ (ਰੋਡ ਸ਼ੋਅ) ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਵਿੱਚ 22 ਦਿਨ ਪਹਿਲਾਂ ਚਾਰ ਲੱਖ ਰੁਪਏ ਦੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਰਾਜੋਮਾਜਰਾ ਦੇ ਕਿਸਾਨ ਦੀ ਵਿਧਵਾ ਹਰਬੰਸ ਕੌਰ ਵੀ ਸ਼ਾਮਲ ਸੀ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ। ਵਿਧਵਾ ਹਰਬੰਸ ਕੌਰ ਨੇ ਦੱਸਿਆ ਕਿ ਬਾਦਲ ਸਰਕਾਰ ਨੇ ਉਸ ਦੀਆਂ ਮੁਸ਼ਕਲਾਂ ਦੂਰ ਕਰਨ ਦੀ ਥਾਂ ਉਨ੍ਹਾਂ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਦੀ ਤਿੰਨ ਵਿੱਘੇ ਜ਼ਮੀਨ ਵਿਚ ਬਿਜਲੀ ਦਾ ਟਾਵਰ ਲਾ ਕਾ ਉਨ੍ਹਾਂ ਨੂੰ ਜ਼ਮੀਨ ਵਰਤਣ ਤੋਂ ਵੀ ਵਾਂਝੇ ਕਰ ਦਿੱਤਾ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਵੱਲ ਧੱਕਣ ਵਾਲੇ ਬਾਦਲਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।  ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਪੰਜਾਬ ਦੇ ਲੋਕਾਂ ਦੀ ਕਮਾਈ ਨਾਲ ਆਪਣੀਆਂ ਜੇਬਾਂ ਭਰੀਆਂ ਹਨ। ਕੈਪਟਨ ਦੇ ਰੋਡ ਸ਼ੋਅ ਲਈ ਇੱਕ ਬੱਸ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ ਹੈ। ਬੱਸ ਵਿੱਚ ਇੱਕ ਹਾਈਡਰੌਲਿਕ ਮੰਚ ਹੈ, ਜਿਥੇ ਖੜ੍ਹੇ ਹੋ ਕੇ ਕੈਪਟਨ ਰਾਹ ਵਿੱਚ ਵੱਖ-ਵੱਖ ਕਿਸਾਨ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ‘ਕਰਜ਼ਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ’ ਨਾਅਰੇ ਨੂੰ ਪ੍ਰਗਟਾਉਂਦੀ ਹਾਈਟੈੱਕ ਬੱਸ ਨੂੰ ਵਿਲੱਖਣ ਦਿੱਖ ਦਿੱਤੀ ਗਈ ਹੈ। ਇਸ 500 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਦੌਰਾਨ ਫ਼ਰੀਦਕੋਟ, ਲੁਧਿਆਣਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਕਿਸਾਨਾਂ ਨਾਲ ਰਾਬਤਾ ਕੀਤਾ ਜਾਵੇਗਾ। ਰੋਡ ਸ਼ੋਅ ਤੋਂ ਇਲਾਵਾ ਕਿਸਾਨ ਸਭਾਵਾਂ ਅਤੇ ਮੰਡੀਆਂ ਵਿੱਚ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ।  ਕੈਪਟਨ ਦੀ ਯਾਤਰਾ ਵਾਲੀ ਬੱਸ ਨੂੰ ਝੰਡੀ ਦਿਖਾਉਣ ਵਾਲਿਆਂ ਵਿੱਚ ਸ਼ਾਮਲ ਘਨੌਰ ਖੁਰਦ ਦੇ ਖ਼ੁਦਕੁਸ਼ੀ ਕਰ ਗਏ ਜਗਦੇਵ ਸਿੰਘ ਦੀ ਪਤਨੀ ਮਨਜੀਤ ਕੌਰ, ਚੰਗਾਲੀ ਦੇ ਕਿਸਾਨ ਹਰਜਿੰਦਰ ਸਿੰਘ ਦੀ ਵਿਧਵਾ ਗੁਰਮੀਤ ਕੌਰ, ਘਨੌਰ ਖੁਰਦ ਦੇ ਕਿਸਾਨ ਲਖਵੀਰ ਸਿੰਘ ਦੀ ਵਿਧਵਾ ਰਮਨਦੀਪ ਕੌਰ, ਇਸੇ ਪਿੰਡ ਦੀ ਜਸਪਾਲ ਕੌਰ, ਬਮਾਲ ਦੀ ਅਮਰ ਕੌਰ, ਕੱਕੜਵਾਲ ਦੀ ਜਸਵੰਤ ਕੌਰ, ਬਲਜੀਤ ਕੌਰ ਅਤੇ ਸੁਖਵਿੰਦਰ ਕੌਰ ਨੇ ਕਿਹਾ ਕਿ ਕਰਜ਼ਿਆਂ ਨੇ ਉਨ੍ਹਾਂ ਨੂੰ ਜ਼ਿਉਂਦੀਆਂ ਲਾਸ਼ਾਂ ਬਣਾ ਦਿੱਤਾ ਹੈ। ਕੈਪਟਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਕਰਜ਼ਿਆਂ ਉਪਰ ਲਕੀਰ ਫੇਰ ਕੇ ਪੰਜਾਬ ਨੂੰ ਇਸ ਦੁਖਾਂਤ ਤੋਂ ਮੁਕਤ ਕਰਨਗੇ।
ਉਧਰ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੇ ਕਰਜ਼ਾ ਮੁਆਫ਼ੀ ਦੇ ਵਾਅਦਿਆਂ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ  ‘ਕਿਸਾਨ ਯਾਤਰਾ’ ਦੌਰਾਨ ਕਿਸਾਨਾਂ ਨੂੰ ਨਵੀਂ ਕਰਜ਼ਾ ਮੁਆਫ਼ੀ ਯੋਜਨਾ ਰਾਹੀਂ ਗੁਮਰਾਹ ਕਰਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਯੂਪੀਏ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ 2008 ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਐਲਾਨੀ 70 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਯੋਜਨਾ ਵਿੱਚ ਸ਼ਾਮਲ ਨਹੀਂ ਕੀਤਾ ਸੀ। ਇਸ ਕਾਰਨ ਇਸ ਯੋਜਨਾ ਦਾ ਪੰਜਾਬ ਦੇ ਕੇਵਲ ਇੱਕ ਫ਼ੀਸਦੀ ਕਿਸਾਨਾਂ ਨੂੰ ਵੀ ਲਾਭ ਨਹੀਂ ਮਿਲਿਆ ਸੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਪਹਿਲਾਂ 70 ਹਜ਼ਾਰ ਕਰੋੜ ਰੁਪਏ ਦੀ ਦੱਸੀ ਗਈ ਸੀ ਜਦਕਿ ਨਿਕਲੀ 52 ਹਜ਼ਾਰ ਕਰੋੜ ਰੁਪਏ ਦੀ ਸੀ।