ਕੈਪਟਨ ਦਾ ਚੁਣਾਵੀ ਦਾਅ : ਕਿਸਾਨਾਂ ਦਾ ਕਰਜ਼ਾ ਤੇ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ

ਕੈਪਟਨ ਦਾ ਚੁਣਾਵੀ ਦਾਅ : ਕਿਸਾਨਾਂ ਦਾ ਕਰਜ਼ਾ ਤੇ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ

‘ਆਵਾਜ਼-ਏ-ਪੰਜਾਬ’ ਨਾਲ ਗਠਜੋੜ ਨਹੀਂ, ਸਿਰਫ਼ ਰਲੇਵਾਂ ਹੀ ਸੰਭਵ
ਚੰਡੀਗੜ੍ਹ/ਬਿਊਰੋ ਨਿਊਜ਼ :
ਉਤਰ ਪ੍ਰਦੇਸ਼ ਵਿਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਸਫਲ ਕਿਸਾਨ ਯਾਤਰਾ ਮਗਰੋਂ ਹੁਣ ਕਾਂਗਰਸ ਪੰਜਾਬ ਵਿਚ ਕਿਸਾਨ ਸੰਪਰਕ ਪ੍ਰੋਗਰਾਮ ਸ਼ੁਰੂ ਕਰੇਗੀ। ਉਤਰ ਪ੍ਰਦੇਸ਼ ਵਿਚ ਕਰਜ਼ਾ ਮੁਆਫ਼ੀ ਦੇ ਨਾਅਰੇ ਮਗਰੋਂ ਪੰਜਾਬ ਵਿਚ ‘ਕਰਜ਼ਾ-ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ’ ਦਾ ਨਾਅਰਾ ਦਿੱਤਾ ਜਾਵੇਗਾ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰੋਗਰਾਮ ਦੇ ਪਹਿਲੇ ਪੜਾਅ ਵਿਚ 12-25 ਅਕਤੂਬਰ ਤਕ ਵਰਕਰ 25 ਲੱਖ ਘਰਾਂ ਵਿਚ ਦਸਤਕ ਦੇਣਗੇ। ਇਸ ਦੌਰਾਨ ਪਾਰਟੀ ਸੂਬੇ ਦੇ 75 ਲੱਖ ਵੋਟਰਾਂ ਨਾਲ ਸਿੱਧਾ ਸੰਪਰਕ ਕਰੇਗੀ ਤੇ ਦੋ ਕਰੋੜ ਲੋਕਾਂ ਤਕ ਪਹੁੰਚ ਬਣਾਏਗੀ।
ਕਰਜ਼ਾ ਮੁਆਫ਼ੀ ਦਾ ਸਮਝੌਤਾ :
ਮੁਹਿੰਮ ਤਹਿਤ ਕਾਂਗਰਸ ਵਰਕਰ ਪ੍ਰੋਫਾਰਮਾ ਭਰਨਗੇ, ਜਿਸ ਵਿਚ ਘਰ ਵਿਚ ਰਹਿਣ ਵਾਲਿਆਂ ਤੇ ਉਨ੍ਹਾਂ ਦੇ ਕਰਜ਼ੇ ਦੀ ਜਾਣਕਾਰੀ ਹੋਵੇਗੀ। ਕਿਸਾਨਾਂ ਨੂੰ ਕਾਂਗਰਸ ਸਰਕਾਰ ਬਣਨ ਮਗਰੋਂ ਕਰਜ਼ਾ ਮੁਆਫ਼ੀ ਦੇ ਸਮਝੌਤੇ ਦੀ ਰਸੀਦ ਦਿੱਤੀ ਜਾਵੇਗੀ। ਕੈਪਟਨ ਨੇ ਕਿਹਾ ਕਿ ਪਾਰਟੀ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਲਈ ਵਚਨਬੱਧ ਹੈ। ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਲਾਮੀ ਤੇ ਬੇਦਖ਼ਲੀ ‘ਤੇ ਰੋਕ ਲਗਾਈ ਜਾਵੇਗੀ। ਮੰਡੀਆਂ ਵਿਚ ਅਨਾਜ ਖ਼ਰੀਦ ਨਿਸਚਤ ਕੀਤਾ ਜਾਵੇਗਾ। ਸਵਾਮੀਨਾਥਨ ਕਮਿਸ਼ਨ ਦੀਆਂ ਜ਼ਿਆਦਾਤਰ ਸਿਫ਼ਾਰਸ਼ਾਂ ਲਾਗੂ ਕੀਤੀਆਂ ਜਾਣਗੀਆਂ।
‘ਆਵਾਜ਼-ਏ-ਪੰਜਾਬ’ ਨਾਲ ਗਠਜੋੜ ਨਹੀਂ :
ਕੈਪਟਨ ਅਮਰਿੰਦਰ ਸਿੰਘ ਨੇ ‘ਆਵਾਜ਼-ਏ-ਪੰਜਾਬ’ ਨਾਲ ਕਿਸੇ ਵੀ ਤਰ੍ਹਾਂ ਦੇ ਗਠਜੋੜ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਫਰੰਟ ਦਾ ਕਾਂਗਰਸ ਵਿੱਚ ਸਿਰਫ਼ ਰਲੇਵਾਂ ਹੀ ਸੰਭਵ ਹੈ।
ਕੈਪਟਨ ਅਮਰਿੰਦਰ ਦੇ ਇਸ ਐਲਾਨ ਤੋਂ ਬਾਅਦ ‘ਆਵਾਜ਼-ਏ-ਪੰਜਾਬ’ ਲਈ ਕਸੂਤੀ ਸਥਿਤੀ ਬਣ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ (ਆਪ) ਪਹਿਲਾਂ ਹੀ ਨਵਜੋਤ ਸਿੱਧੂ, ਵਿਧਾਇਕ ਬੈਂਸ ਭਰਾਵਾਂ ਤੇ ਪਰਗਟ ਸਿੰਘ ਨਾਲ ਕਿਸੇ ਤਰ੍ਹਾਂ ਦਾ ਗਠਜੋੜ ਕਰਨ ਤੋਂ ਪਾਸਾ ਵੱਟ ਚੁੱਕੀ ਹੈ। ਕਾਂਗਰਸ ਅਤੇ ‘ਆਪ’ ਪਰਗਟ ਸਿੰਘ ਨੂੰ ਆਪੋ-ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਲਈ ਜ਼ਰੂਰ ਗੰਭੀਰ ਜਾਪਦੀਆਂ ਹਨ। ਕੈਪਟਨ ਅਮਰਿੰਦਰ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਕਾਂਗਰਸੀ ਆਗੂ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕੋਈ ਗੱਲਬਾਤ ਨਹੀਂ ਚੱਲ ਰਹੀ ਹੈ ਤੇ ਇਹ ਸਭ ਅਫ਼ਵਾਹਾਂ ਹਨ। ਉਨ੍ਹਾਂ ਬੜੇ ਵਿਸ਼ਵਾਸ ਨਾਲ ਕਿਹਾ ਕਿ ਜੇ ਸਿੱਧੂ ਧੜੇ ਨਾਲ ਕੋਈ ਗੱਲਬਾਤ ਹੁੰਦੀ ਹੈ ਤਾਂ ਉਸ ਬਾਰੇ ਸੂਬਾਈ ਲੀਡਰਸ਼ਿਪ ਅਤੇ ਖ਼ਾਸ ਕਰਕੇ ਪਾਰਟੀ ਇੰਚਾਰਜ ਆਸ਼ਾ ਕੁਮਾਰੀ ਤੇ ਕੌਮੀ ਸਕੱਤਰ ਹਰੀਸ਼ ਚੌਧਰੀ ਨੂੰ ਜ਼ਰੂਰ ਜਾਣਕਾਰੀ ਹੋਣੀ ਸੀ।
ਉਨ੍ਹਾਂ ਉਲਟਾ ਸਿੱਧੂ ਜੋੜੇ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਕਿਹੜੇ ਕੇਂਦਰੀ ਆਗੂ ਨਾਲ ਗੱਲ ਹੋਈ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਹਰ ਕਿਸੇ ਦਾ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਸਵਾਗਤ ਹੈ ਪਰ ਇਸ ਦੌਰਾਨ ਸ਼ਰਤ ਤੇ ਸੀਟ ਸਬੰਧੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਧੜਾ ਵੀ ਪੀਪਲਜ਼ ਪਾਰਟੀ ਆਫ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਵਾਂਗ ਕਾਗਰਸ ਵਿੱਚ ਸਿਰਫ਼ ਰਲੇਵਾਂ ਹੀ ਕਰ ਸਕਦੇ ਹਨ। ਸਾਬਕਾ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਤੇ ‘ਆਪ’ ਸਮੇਤ ਹੋਰ ਪਾਰਟੀਆਂ ਵਿੱਚੋਂ ਕਾਂਗਰਸ ਵਿਚ ਸ਼ਾਮਲ ਹੋਣ ਦੇ ਚਾਹਵਾਨ ਲੋਕਾਂ ਬਾਰੇ ਵੀ ਇੱਕ ਵਿਸ਼ੇਸ਼ ਕਮੇਟੀ ਉਨ੍ਹਾਂ ਦੇ ਇਤਿਹਾਸ ਅਤੇ ਪ੍ਰੋਫਾਈਲ ਦੀ ਪੜਤਾਲ ਕਰਨ ਮਗਰੋਂ ਹੀ ਅਜਿਹੇ ਬਾਹਰੀ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰੇਗੀ।
1600 ਵਿਚੋਂ 600 ਉਮੀਦਵਾਰਾਂ ਦੀ ਸ਼ਾਰਟ ਲਿਸਟ :
ਉਨ੍ਹਾਂ ਇੱਕ ਹੋਰ ਖ਼ੁਲਾਸਾ ਕੀਤਾ ਕਿ ਪਾਰਟੀ ਦੀਆਂ ਟਿਕਟਾਂ ਵਾਸਤੇ ਪ੍ਰਾਪਤ ਹੋਈਆਂ ਕੁੱਲ 1600 ਦਾਅਵੇਦਾਰਾਂ ਦੀਆਂ ਅਰਜ਼ੀਆਂ ਵਿੱਚੋਂ ਪੰੰਜਾਬ ਕਾਂਗਰਸ ਨੇ 600 ਛਾਂਟੀਆਂ ਹਨ, ਜਦੋਂਕਿ 1000 ਅਰਜ਼ੀਆਂ ਤਕਨੀਕੀ ਆਧਾਰ ‘ਤੇ ਰੱਦ ਕਰ ਦਿੱਤੀਆਂ ਹਨ। ਰੱਦ ਕੀਤੀਆਂ ਬਹੁਤੀਆਂ ਅਰਜ਼ੀਆਂ ਅਧੂਰੀਆਂ ਸਨ, ਜਦੋਂਕਿ ਕੁਝ ਬਿਨੈਕਾਰ ਲੋੜ ਮੁਤਾਬਕ ਸਬੰਧਤ ਹਲਕੇ ਦੇ ਬੂਥਾਂ ਵਿਚੋਂ ਦੋ-ਦੋ ਵਿਅਕਤੀਆਂ ਨਾਲ ਸੰਪਰਕ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹੇ ਹਨ। ਪਾਰਟੀ ਨੇ ਪਹਿਲੀ ਵਾਰ ਉਮੀਦਵਾਰਾਂ ਵਾਸਤੇ ਸਖ਼ਤ ਸ਼ਰਤਾਂ ਰੱਖੀਆਂ ਹਨ ਅਤੇ ਉਮੀਦਵਾਰਾਂ ਦੀ ਚੋਣ ਲਈ ਸਿਰਫ਼ ਜਿੱਤਣ ਦੀ ਕਾਬਲੀਅਤ ਇੱਕੋ-ਮਾਤਰ ਆਧਾਰ ਹੋਵੇਗੀ। ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਦੀ ਅਗਵਾਈ ਹੇਠ 4 ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਹੜੀ ਉਮੀਦਵਾਰਾਂ ਦੀ ਪੜਤਾਲ ਕਰੇਗੀ।