ਪੰਜਾਬ ਦਾ ਕੈਪਟਨ ਕਿ ਦਿੱਲੀ ਦਾ ਦਰਬਾਰੀ

ਪੰਜਾਬ ਦਾ ਕੈਪਟਨ ਕਿ ਦਿੱਲੀ ਦਾ ਦਰਬਾਰੀ

ਪਟਿਆਲਾ ਦੇ ਸ਼ਾਹੀ ਘਰਾਣੇ ਦੇ ਵਾਰਸ ਕੈਮਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਸੰਵਾਰਨਾ ਤਾਂ ਕੀ ਸੀ ਉਲਟਾ ਇਸ ਦੀਆਂ ਸਿੱਖ ਵਿਰੋਧੀ ਨੀਤੀਆਂ ਸ਼ਰੇਆਮ ਉੱਭਰ ਕੇ ਸਾਹਮਣੇ ਆਉਣ ਲੱਗੀਆਂ ਹਨ। ਸਭ ਤੋਂ ਖ਼ਤਰਨਾਕ ਹੈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਹਿੰਦੂਤਵੀ ਏਜੰਡੇ ਵਾਲੀ ਕੇਂਦਰ ਸਰਕਾਰ ਨਾਲ ਕੈਪਟਨ ਦੀ ਸਾਂਝ-ਭਿਆਲੀ। ਜਿਹੜੇ ਰਾਜਸੀ, ਧਾਰਮਿਕ, ਨਿੱਜੀ ਖ਼ਾਸ ਕਰ ਪੈਸੇ-ਟਕੇ (ਵਿਦੇਸ਼ੀ ਖ਼ਾਤਿਆਂ ਦੇ ਦੋਸ਼ਾਂ) ਨੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਮੁੱਖ ਮੰਤਰੀ ਹੁੰਦਿਆਂ ਉਸਨੂੰ ‘ਦਿੱਲੀ ਦਾ ਦਰਬਾਰੀ’ ਬਣਨ ਲਈ ਮਜਬੂਰ ਕੀਤਾ ਹੈ, ਇਹ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਜਾਣਦਾ ਹੋਣੇ ਪਰ ਪੰਜਾਬ ਦਾ ਜਿਹੜਾ ਨੁਕਸਾਨ ਹੋਣਾ ਹੈ ਉਸਦੇ ਲੱਛਣ ਹੁਣ ਸਪੱਸ਼ਟ ਉਭਰ ਕੇ ਸਾਹਮਣੇ ਆਉਣ ਲੱਗੇ ਹਨ। ਕੈਪਟਨ ਦੀ ‘ਨਿੱਕਰਧਾਰੀ ਹਿੰਦੂਤਵੀਆਂ’ ਅੱਗੇ ਝੁਕਣ ਦੀ ਤਾਜ਼ਾ ਮਿਸਾਲ ਪੰਜਾਬ ਸਕੂਲ ਸਿਖਿਆ ਬੋਰਡ ਦੇ ਸਕੂਲੀ ਸਿਲੇਬਸ ਵਾਲੀਆਂ ਕਿਤਾਬਾਂ ਵਿਚੋਂ ਸਿੱਖ ਇਤਿਹਾਸ ਸਬੰਧੀ ਉਥਲ-ਪੁੱਥਲ ਕਰਨ ਦੀ ਸਾਜ਼ਿਸ਼ ਹੈ। ਭਾਵੇਂ ਕੈਪਟਨ ਤੇ ਸਕੂਲ ਬੋਰਡ ਦੇ ਅਧਿਕਾਰੀ ਅਜਿਹੀ ਕਿਸੇ ਵੀ ਤਬਦੀਲੀ ਤੋਂ ਇਨਕਾਰ ਕਰਦਿਆਂ ਉਲਟਾ ਵਿਰੋਧੀਆਂ ਉੱਤੇ ਦੋਸ਼ ਲਾ ਰਹੇ ਹਨ ਪਰ ‘ਦਾਲ ਵਿੱਚ ਕੁਝ ਕਾਲਾ’ ਹੀ ਨਹੀਂ ਬਲਕਿ ‘ਦਾਲ ਕਾਲੀ’ ਹੈ। ਇਸੇ ਤਰ੍ਹਾਂ ਸੱਤਾ ਸੰਭਾਲਣ ਬਾਅਦ ਪੰਜਾਬ ਵਿਚੋਂ ਗੈਂਗਵਾਰ, ਹਿੰਸਕ ਗ੍ਰੋਹਾਂ ਤੇ ਸਿਆਸੀ ਕਤਲਾਂ ਦੇ ਜੁੰਮੇਵਾਰ ਦੋਸ਼ੀਆਂ ਵਿਰੁਧ ਕਾਰਵਾਈ ਦੀ ਆੜ ‘ਚ ਪੰਜਾਬ ਪੁਲੀਸ ਨੂੰ ਸਿੱਖ ਨੌਜਵਾਨਾਂ ਵਿਰੁਧ ਤਸ਼ੱਦਦ ਦੀ ਖੁਲ੍ਹੀ ਛੁੱਟੀ ਦੇਣਾ ਕੈਪਟਨ ਦਾ ਦਿੱਲੀ ਵਿਚਲੀਆਂ ਸਰਕਾਰੀ ਏਜੰਸੀਆਂ ਦੇ ਮੋਹਤਬਰਾਂ ਨੂੰ ਮਨਮਰਜ਼ੀਆਂ ਕਰਨ ਦਾ ਸ਼ਪੱਸ਼ਟ ਥਾਪੜਾ ਦੇਣਾ ਹੈ। ਅੱਜ ਕਲ੍ਹ ਜੋ ਕੁਝ ਵੀ ਪੰਜਾਬ ਵਿੱਚ ਤੇ ਪੰਜਾਬ ਨਾਲ ਹੋ ਰਿਹਾ ਹੈ, ਕੈਪਟਨ ਉਸ ਸਭ ਕੁਝ ਦੀ ਜਿੰਮੇਵਾਰੀ ਤੋਂ ਭੱਜ/ਮੁਕਰ ਨਹੀਂ ਸਕਦਾ।
ਅਕਾਲੀ ਦਲ (ਬਾਦਲ) ਦੇ 10 ਸਾਲਾ ਰਾਜ ਦੀ ਲੁੱਟ-ਘਸੁੱਟ ਤੇ ਬਾਦਲ ਲਾਣੇ ਦੀਆਂ ਸਿੱਖ ਵਿਰੋਧੀ ਜਿਹੜੀਆਂ ਨੀਤੀਆਂ ਤੋਂ ਅੱਕ ਕੇ ਲੋਕਾਂ ਨੇ ਕਾਂਗਰਸ ਨੂੰ ਬਲਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ‘ਚ ਜਿਤਾਉਣ ਦਾ ਤੱਕ ਚੱਬਿਆ ਸੀ,  ਉਹ ਲੋਕ ਨਿਰਾਸ਼ ਤਾਂ ਹਨ ਹੀ ਉਦਾਸ ਵੀ ਹਨ ਕਿ ਹੁਣ ਕਿਸ ਰਾਜਸੀ ਆਗੂ ਜਾਂ ਪਾਰਟੀ ਉੱਤੇ ਭਵਿੱਖ ਵਿੱਚ ਟੇਕ ਰੱਖੀ ਜਾ ਸਕੇਗੀ। ਪਿਛਲੇ ਸਾਲ ਦੀ ਪਹਿਲੀ ਤਿਮਾਹੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਪੰਜਾਬ ਦੇ ਲੋਕਾਂ, ਜਿਨ੍ਹਾਂ ਵਿਚੋਂ ਭਾਰੀ ਗਿਣਤੀ ਸਿੱਖਾਂ ਦੀ ਹੈ, ਵਲੋਂ ਰਾਜਸੀ ਖੇਤਰ ‘ਚ ਆਸ ਦੀਆਂ ਨਵੀਆਂ ਕਿਰਨਾਂ, ਵਾਅਦੇ ਤੇ ਦਾਅਵੇ ਲੈ ਕੇ ਚੋਣ ਮੈਦਾਨ ਵਿੱਚ ਨਿੱਤਰੀ ਆਮ ਆਦਮੀ ਪਾਰਟੀ ਦੀ ਥਾਂ ਕਾਂਗਰਸ ਨੂੰ ਰਾਜ-ਭਾਗ ਸੌਂਪਣ ਦਾ ਮੁੱਖ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਸਿੱਖੀ, ਕਿਸਾਨੀ ਤੇ ਪੰਜਾਬ ਦੇ ਮਸਲਿਆਂ ਬਾਰੇ ਪਿਛਲੇ ਸਮਿਆਂ ਦੌਰਾਨ ਅਪਣਾਈ ਜਾਂਦੀ ਰਹੀ ਦਰੁੱਸਤ ਪਹੁੰਚ ਤੇ ਕਿਸੇ ਹੱਦ ਤੱਕ ਧੜੱਲੇਦਾਰ ਸਟੈਂਡ ਲੈਣਾ ਸੀ। ਪਰ ਚੋਣਾਂ ਜਿੱਤਣ ਬਾਅਦ ਕੈਪਟਨ ਦਾ ਜਿਹੜਾ ਰੂਪ ਸਾਹਮਣੇ ਆਉਣਾ ਸ਼ੁਰੂ ਹੋਇਆ ਤੇ ਹੁਣ ਜਿਹੜਾ ਦਿਨੋਂ ਦਿਨ ‘ਨੰਗਾ ਹੋ ਰਿਹਾ ਹੈ, ਉਹ ਕੈਪਟਨ ਪੰਜਾਬ ਦਾ ਪੁੱਤ ਨਹੀਂ ਬਲਕਿ ਦਿੱਲੀ ਦਰਬਾਰ ਦੇ ਦੂਤ ਤੋਂ ਵੱਧ ਕੁਝ ਨਹੀਂ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਅਮਰਿੰਦਰ ਸਿੰਘ ਵਰ੍ਹਿਆਂ ਤੋਂ ਸਦਾ ਹੀ ਸਿੱਖਾਂ ਤੇ ਪੰਜਾਬੀਆਂ ਦੇ ਹਿੱਤਾਂ ਦੀ ਦੁਸ਼ਮਣ ਸਿੱਧ ਹੁੰਦੀ ਆ ਰਹੀ ਕਾਂਗਰਸ ਵਾਲੇ ਦਿੱਲੀ ਦਰਬਾਰ ਦਾ ਨਹੀਂ ਬਲਕਿ ਭਾਰਤ ‘ਚ ਸਿੱਖਾਂ ਤੇ ਮੁਸਲਮਾਨਾਂ ਸਮੇਤ ਸਾਰੀਆਂ ਘੱਟ ਗਿਣਤੀਆਂ ਦਾ ਮਲੀਆਮੇਟ ਕਰਨ ਵਾਲੇ ਫਿਰਕੂ ਹਿੰਦੂਤਵੀ ਦਰਬਾਰ ਦੇ ਪਿਆਦੇ ਵਜੋਂ ਵਿਚਰਦਿਆਂ ਅੱਜ ਕਲ੍ਹ ਜੋ ਕੁਝ ਕਰ/ਕਮਾ ਰਿਹਾ ਹੈ, ਉਹ ਕਾਂਗਰਸੀ ਕਿਰਦਾਰ ਤੋਂ ਕਿਤੇ ਵੱਧ ਘਾਤਕ ਤੇ ਖ਼ਤਰਨਾਕ ਹੈ।
ਅਸਲ ਵਿੱਚ ਜੂਨ 1984 ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਭਾਰਤੀ ਫੌਜ ਦੇ ਹਮਲੇ ਵਿਰੁਧ ਲੋਕ ਸਭਾ ਦੀ ਮੈਂਬਰੀ ਅਤੇ ਕਾਂਗਰਸ ਤੋਂ ਅਸਤੀਫ਼ਾ ਦੇਣ ਅਤੇ ਫਿਰ ਕਈ ਸਾਲਾਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋਣ ਬਾਅਦ ਮੁੱਖ ਮੰਤਰੀ ਬਣਨ ਮੌਕੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਹੱਕ ਵਿੱਚ ਪਾਰਟੀ ਹਾਈਕਮਾਂਡ ਦੀ ਪ੍ਰਵਾਹ ਨਾ ਕਰਦਿਆਂ ਰਾਜ ਵਿਧਾਨ ਸਭਾ ਵਿੱਚ ਅਹਿਮ ਸਟੈਂਡ ਲੈਣ ਵਾਲਾ ਅਮਰਿੰਦਰ ਸਿੰਘ ਲਗਾਤਾਰ ਦੋ ਵਾਰ ਪਾਰਟੀ ਹਾਰ ਕਾਰਨ ਰਾਜਸੀ, ਨੈਤਿਕ ਤੇ ਸਰੀਰਕ ਤੌਰ ਉੱਤਰ ਕਮਜ਼ੋਰ ਹੋ ਚੁੱਕਾ ਸੀ।
ਇਸਦਾ ਝਲਕਾਰਾ ਮਾਰਚ 2017 ਵਿੱਚ ਰਾਜ ਵਿਧਾਨ ਸਭਾ ਚੋਣਾਂ ਦੇ ਦਿਨੀਂ ਪੰਜਾਬ ਦੇ ਸ਼ਹਿਰਾਂ/ਪਿੰਡਾਂ ਅਤੇ ਸੜਕਾਂ ਤੋਂ ਇਲਾਵਾ ਖੇਤਾਂ ਵਿਚਲੇ ਟਿਊਬਵੈਲਾਂ ਦੇ ਕੋਠਿਆਂ ਦੀਆਂ ਕੰਧਾਂ ਉੱਤੇ ਲੱਗੇ ਪਰਚਾਰ ਪੋਸਟਰਾਂ ਵਿਚਲੇ ਕੈਪਟਨ ਦੀ ਸ਼ਹਿਰੀ ਪੱਗ ਵਿਚੋਂ ਜਿਹੜਾ ਸੰਕੇਤ ਉਭਰਦਾ ਸੀ। ਭਾਵੇਂ ਕਿ ਇਸ ਗੱਲ ਵਲ ਬਹੁਤਿਆਂ ਦਾ ਉਸ ਵਕਤ ਧਿਆਨ ਨਹੀਂ ਗਿਆ। ਬੇਸ਼ੱਕ ਤਸਵੀਰ ਚਿਤਰਣ/ ਚੁਣਨ ਵਾਲਿਆਂ ਦਾ ਮਨਸ਼ਾ ਕੋਈ ਵੀ ਹੋਵੇ, ਪਰ ਕੈਪਟਨ ਦਾ ਉਹ ਰੂਪ ਪੋਸਟਰਾਂ ਦੀ ਇਬਾਰਤ ‘ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ’ ਨੂੰ ਲੋਕ ਪੱਖੀ (ਕਿਸਾਨਾਂ/ਮਜ਼ਦੂਰਾਂ) ਦੀ ਬਜਾਏ ਸ਼ਹਿਰੀ ਕਿਰਦਾਰ ਵਾਲੀ ਸ਼ੈਲੀ ਵਾਲੀ ਹੋਣ ਦੀ ਗਵਾਹੀ ਭਰਦੀ ਜਾਪਦੀ ਸੀ। ਇਸੇ ਲਈ ਸਾਲ ਕੁ ਪਹਿਲਾਂ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਕੈਪਟਨ ਵਲੋਂ ਸਾਰੇ ਸਮੇਂ ਦੌਰਾਨ ਅਪਣੀ ਧਰਤੀ, ਅਪਣੇ ਲੋਕਾਂ, ਮਮਾਂ ਬੋਲੀ ਇੱਥੋਂ ਤੱੱਕ ਕਿ ਅਪਣੇ ਧਰਮ ਤੋਂ ਬੇਮੁੱਖ ਹੁੰਦਾ ਜਾਣਾ ਸਭਨਾਂ ਲਈ ਨਿਰਾਸ਼ ਹੋਣ ਨਾਲੋਂ ਚਿੰਤਾਜਨਕ ਵੱਧ ਹੈ।
ਕਰਜ਼ੇ ਹੇਠ ਦੱਬੇ ਹੋਣ ਕਾਰਨ ਖੁਦਕੁਸ਼ੀਆਂ ਲਈ ਮਜਬੂਰ ਕਿਸਾਨਾਂ ਦੀ ਬਾਂਹ ਫੜਣ ਅਤੇ ਨਸ਼ਿਆਂ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਬਰਬਾਦੀ ਰੋਕਣ ਲਈ ਤਖ਼ਤ ਦਮਦਮਾ ਸਹਿਬ ਵਿਖੇ ਪਵਿੱਤਰ ਗੁੱਟਕੇ ਉੱਤੇ ਸਹੁੰ ਚੁਕਣ ਵਾਲੇ ਅਮਰਿੰਦਰ ਸਿੰਘ ਦੀ ਅਪਣੇ ਰਾਜਸੀ ਦੁਸ਼ਮਣਾਂ ਤੇ ਪੰਜਾਬ ਦੇ ਲੁਟੇਰਾ ਬਾਦਲ ਜੁੰਡਲੀ ਨਾਲ ਸਾਂਝ ਭਿਆਲੀ ਜੱਗ ਜ਼ਾਹਰ ਹੈ। ਬਾਦਲ ਪਿਓ-ਪੁੱਤ ਦੀ ਅਗਵਾਈ ਵਾਲੀ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ 10 ਸਾਲਾ ਰਾਜ ਦੌਰਾਨ ਨਸ਼ਿਆਂ ਦੀ ਤਸਕਰੀ ਦੇ ਜਾਲ, ਬੱਸ ਕਾਰੋਬਾਰ ਉੱਤੇ ਬਾਦਲਾਂ ਦੇ ਕਬਜ਼ੇ, ਕਰੋੜਾਂ ਰੁਪਏ ਦੇ ਸਰਕਾਰੀ ਫੰਡਾਂ ਬਾਦਲਾਂ ਦੇ ਚਹੇਤੇ ਪ੍ਰਾਜੈਕਟਾਂ ਲਈ ਦੁਰਵਰਤੋਂ ਇਲਾਵਾ ਕਿੰਨੇ ਹੀ ਬੇਹੱਦ ਨਾਜ਼ੁਕ ਤੇ ਭਖ਼ਦੇ ਮਸਲੇ ਸਨ, ਜਿਨ੍ਹਾਂ ਸਬੰਧੀ ਕਾਰਵਾਈ ਕਰਨ ਬਾਰੇ ਕੈਪਟਨ ਨੇ ਚੋਣਾਂ ਤੋਂ ਪਹਿਲਾਂ ਕੂਕ ਕੂਕ ਕੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ।
ਹੋਇਆ ਸਗੋਂ ਉਲਟ ਹੈ। ਨਸ਼ਿਆਂ ਦੇ ਕਾਰੋਬਾਰੀ ਦਾ ਜਾਲ/ਜੰਜਾਲ ਤੋੜਣ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਨੂੰ ਕੈਪਟਨ ਉਲਟਾ ਘੁਰਕੀਆਂ ਦੇ ਕੇ ‘ਅਸਲ ਦੋਸ਼ੀਆਂ’ ਨਾਲ ਦੋਸਤੀ ਪਾਲਣ ਦਾ ਧਰਮ ਨਿਭਾਉਂਦਾ ਨਜ਼ਰ ਆਉਂਦਾ ਹੈ। ਕਿਸਾਨਾਂ ਦੇ ਕਰਜ਼ਿਆਂ ਲਈ ਲੋਕਾਂ ਦੇ ਅੱਖ਼ੀ ਘੱਟਾ ਪਾਉਣ ਵਾਲੀਆਂ ਸ਼ਾਤਰ ਸਿਆਸੀ ਚਾਲਾਂ ਤੋਂ ਲੋਕ ਚੇਤੰਨ ਹੋ ਰਹੇ ਨੇ। ਬਾਦਲਾਂ ਦੀਆਂ ਬੱਸਾਂ ਸਗੋਂ ਪਹਿਲਾਂ ਨਾਲੋਂ ਵੱਧ ਪੰਜਾਬ ਇੱਥੋਂ ਤੱਕ ਕੌਮੀ ਰਾਜਧਾਨੀ ਦਿੱਲੀ ਵਲ ਜਾਂਦੀਆਂ ਦੀਆਂ ਸੜਕਾਂ ਉੱਤੇ ਘੂਕਦੀਆਂ ਤੇ ਕਮਾਉਂਦੀਆ ਫਿਰਦੀਆਂ ਨੇ।
ਜੇ ਹਾਲਾਤ ਨੇ ਕੋਈ ਨਾਟਕੀ ਮੋੜ ਨਾ ਲਿਆ ਤਾਂ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਅਜੇ ਲੱਗਭਗ 4 ਸਾਲ ਬਾਕੀ ਰਹਿੰਦੇ ਹਨ,ਜੋ ਤਾਜ਼ਾ ਘਟਨਾਕਰਮ ਦੇ ਮੱਦੇਨਜ਼ਰ ਬਹੁਤ ਮਾੜੇ ਹਾਲਾਤ ਪੈਦਾ ਕਰਨ ਵਲ ਲਿਜਾਣਗੇ।
ਹੋ ਸਕਦਾ ਹੈ ਅਮਰਿੰਦਰ ਸਿੰਘ ਦੇ ਅਹਿਲਕਾਰਾਂ/ਸਲਾਹਕਾਰਾਂ ਦੀ ਜੁੰਡਲੀ ਵਿਚਲੇ ਸਖ਼ਸ਼ਾਂ ਦਾ ਅਪਣੇ ਮਾਲਕ ਪ੍ਰਤੀ ਨਿੱਜ਼ੀ ਵਫਾਦਾਰੀ ਤੋਂ ਇਲਾਵਾ ਪੰਜਾਬ ਤੇ ਲੋਕਾਂ ਪ੍ਰਤੀ ਕੋਈ ਲਗਾਅ/ਪ੍ਰਤੀਬੱਧਤਾ ਇੱਥੋਂ ਕਿ ਲੋਕ ਮਸਲਿਆਂ ਬਾਰੇ ਸੂਝ ਬੂਝ ਨਾ ਹੋਣ ਕਾਰਨ ਕੈਪਟਨ ਤੱਕ ਅਸਲ ਮਸਲਿਆਂ ਤੇ ਮੌਜੂਦਾ ਹਾਲਾਤ ਬਾਰੇ ਸਹੀ ਜਾਣਕਾਰੀ ਨਾ ਪਚੁੰਚਦੀ ਹੋਵੇ। ਪਰ ਜਿਹੋ ਜਿਹੇ ਸਲਾਹਕਾਰ ਕੋਈ ਚੁਣਦਾ ਹੈ, ਉਹੋ ਜਿਹੇ ਨਤੀਜੇ ਹੀ ਨਿਕਲਣੇ ਹੁੰਦੇ ਹਨ। ਰਾਜ ਪ੍ਰਬੰਧ ਵਲ ਧਿਆਨ ਦੇਣ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਅੰਦਾਜ਼, ਐਸ਼ੋ-ਇਸ਼ਰਤ, ਮੌਜ ਮਸਤੀਆਂ, ਮਾਇਆ ਕਮਾਉਣ ਦਾ ਮੋਹ ਤੇ ਰਾਜਸੀ ਵਿਰੋਧੀਆਂ ਨਾਲ ਸਿਆਸੀ ਸੌਦੇਬਾਜ਼ੀ ਦੀਆਂ ਖ਼ਬਰਾਂ ਮਹਿਜ਼ ਅਫਵਾਹਾਂ ਨਹੀਂ। ਪੰਜਾਬ ਦੇ ਲੋਕਾਂ ਨੇ ਅਜਿਹਾ ਕੈਪਟਨ ਕਦੇ ਵੀ ਚਾਹਿਆ/ਚਿਤਵਿਆ ਨਹੀਂ ਸੀ।