89ਵਾਂ ਔਸਕਰ-ਘੱਟ ਬੱਜਟ ਵਾਲੀ ‘ਮੂਨਲਾਈਟ’ ਬਿਹਤਰੀਨ ਫ਼ਿਲਮ

89ਵਾਂ ਔਸਕਰ-ਘੱਟ ਬੱਜਟ ਵਾਲੀ ‘ਮੂਨਲਾਈਟ’ ਬਿਹਤਰੀਨ ਫ਼ਿਲਮ

ਪਹਿਲੀ ਵਾਰ ਮੁਸਲਿਮ ਕਲਾਕਾਰ ਨੂੰ ਮਿਲਿਆ ਬਿਹਤਰੀਨ ਸਪੋਰਟਿੰਗ ਅਦਾਕਾਰ ਐਵਾਰਡ
ਟਰੰਪ ਖ਼ਿਲਾਫ਼ ਮਜ਼ਾਹੀਆ ਲਹਿਜ਼ੇ ਵਿਚ ਹੁੰਦੀਆਂ ਰਹੀਆਂ ਟਿੱਪਣੀਆਂ
ਲਾਸ ਏਂਜਲਸ/ਬਿਊਰੋ ਨਿਊਜ਼ :
89ਵੇਂ ਅਕੈਡਮੀ ਐਵਾਰਡਜ਼ (ਔਸਕਰਜ਼) ਲਈ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਫ਼ਿਲਮ ‘ਲਾ ਲਾ ਲੈਂਡ’ ਨੂੰ ਪਿੱਛੇ ਧੱਕਦਿਆਂ ‘ਮੂਨਲਾਈਟ’ ਨੇ ਬਿਹਤਰੀਨ ਫ਼ਿਲਮ ਦਾ ਪੁਰਸਕਾਰ ਜਿੱਤ ਲਿਆ। ਬਿਹਤਰੀਨ ਨਿਰਦੇਸ਼ਕ ਦਾ ਖ਼ਿਤਾਬ ਫ਼ਿਲਮ ‘ਲਾ ਲਾ ਲੈਂਡ’ ਲਈ ਡੇਮੀਅਨ ਸ਼ਾਜ਼ੇਲ ਦੀ ਝੋਲੀ ਪਿਆ ਜਦਕਿ ਸਰਵੋਤਮ ਅਦਾਕਾਰ ਤੇ ਅਦਾਕਾਰਾ ਲਈ ਕ੍ਰਮਵਾਰ ਕੇਸੀ ਐਫ਼ਲੇਕ (ਮਾਨਚੈਸਟਰ ਬਾਇ ਦਿ ਸੀਅ) ਤੇ ਐਮਾ ਸਟੋਨ (ਲਾ ਲਾ ਲੈਂਡ) ਦੇ ਹਿੱਸੇ ਆਇਆ। ਭਾਰਤੀ ਮੂਲ ਦਾ ਅਦਾਕਾਰ ਦੇਵ ਪਟੇਲ, ਜਿਸ ਨੂੰ ਸਰਵੋਤਮ ਸਹਾਇਕ ਅਦਾਕਾਰ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਸੀ, ਨਾਕਾਮ ਰਿਹਾ। ਇਹ ਐਵਾਰਡ ਫ਼ਿਲਮ ‘ਮੂਨਲਾਈਟ’ ਲਈ ਮਾਹੇਰਸ਼ਾਲਾ ਅਲੀ ਨੂੰ ਮਿਲਿਆ। ਸਹਾਇਕ ਅਦਾਕਾਰਾ ਲਈ ਔਸਕਰ ਵਾਇਓਲਾ ਡੇਵਿਸ ਨੂੰ ਫ਼ਿਲਮ ‘ਫ਼ੈਂਸਿਜ਼’ ਲਈ ਮਿਲਿਆ। ਇਥੇ ਡੌਲਬੀ ਥੀਏਟਰ ਵਿੱਚ ਹੋਏ ਸਮਾਗਮ ਦੀ ਮੇਜ਼ਬਾਨੀ ਜਿੰਮੀ ਕਿਮਲ ਨੇ ਕੀਤੀ। ਜਿੰਮੀ ਨੇ ਇਸ ਦੌਰਾਨ ਵਿੱਚ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਜ਼ਾਹੀਆ ਲਹਿਜ਼ੇ ਵਿੱਚ ਟਿੱਪਣੀਆਂ ਵੀ ਕੀਤੀਆਂ।
ਇਸ ਤੋਂ ਪਹਿਲਾਂ ਪੁਰਸਕਾਰਾਂ ਦੇ ਐਲਾਨ ਦੌਰਾਨ ਹੈਰਾਨ ਕਰ ਦੇਣ ਵਾਲੀ ਗੜਬੜੀ ਸਾਹਮਣੇ ਆਈ। ‘ਲਾ ਲਾ ਲੈਂਡ’ ਨੂੰ ਸਰਵੋਤਮ ਨਿਰਦੇਸ਼ਕ, ਸਰਵੋਤਮ ਅਦਾਕਾਰਾ ਦੀ ਸ਼੍ਰੇਣੀ ਸਮੇਤ ਕੁਲ ਛੇ ਔਸਕਰ ਟਰਾਫ਼ੀਆਂ ਮਿਲੀਆਂ, ਪਰ ਵਾਰੇਨ ਬੈਟੀ ਤੇ ਫੇਅ ਡਨਵੇਅ ਨੇ ਗ਼ਲਤੀ ਨਾਲ ਫ਼ਿਲਮ ਨੂੰ ਸਰਵੋਤਮ ਫ਼ਿਲਮ ਐਲਾਨ ਦਿੱਤਾ। ਹਾਲਾਂਕਿ ਜੇਤੂ ਭਾਸ਼ਨ ਦੌਰਾਨ ਹੀ ਸੰਗੀਤਕ ਫ਼ਿਲਮ ‘ਲਾ ਲਾ ਲੈਂਡ’ ਦੇ ਨਿਰਮਾਤਾਵਾਂ ਨੂੰ ਪਤਾ ਲੱਗਾ ਕਿ ਕਿਤੇ ਕੁਝ ਗੜਬੜ ਹੈ। ਜੌਰਡਨ ਹੋਰਵਿਟਜ਼ ਨੇ ਐਲਾਨ ਕੀਤਾ ਕਿ ਇਹ ਪੁਰਸਕਾਰ ‘ਮੂਨਲਾਈਟ’ ਨੂੰ ਜਾਂਦਾ ਹੈ। ਡੌਲਬੀ ਥੀਏਟਰ ਵਿੱਚ ਬੈਠੇ ਵੱਡੀ ਗਿਣਤੀ ਲੋਕਾਂ ਨੂੰ ਉਨ੍ਹਾਂ ਦੀ ਗੱਲ ‘ਤੇ ਯਕੀਨ ਨਹੀਂ ਹੋਇਆ, ਪਰ ਹੋਰਵਿਟਜ਼ ਨੇ ਸਾਫ਼ ਕਰ ਦਿੱਤਾ ਕਿ ਉਹ ਮਜ਼ਾਕ ਨਹੀਂ ਕਰ ਰਿਹਾ। ਉਨ੍ਹਾਂ ਨੇ ਦਰਸ਼ਕਾਂ ਨੂੰ ‘ਮੂਨਲਾਈਟ’ ਦੇ ਨਾਂ ਵਾਲਾ ਕਾਰਡ ਵਿਖਾਇਆ।
‘ਮੂਨਲਾਈਟ’ ਟੈਰੇਲ ਐਲਵਿਨ ਮੈਕਕਰੇਨੀ ਦੇ ਆਤਮਕਥਾ ਨਾਟਕ ‘ਇਨ ਮੂਨਲਾਈਟ ਬਲੈਕ ਬੁਆਇਜ਼ ਲੁਕ ਬਲੂ’ ਉੱਤੇ ਅਧਾਰਤ ਹੈ। ਛੋਟੇ ਬਜਟ ਦੀ ਇਸ ਫ਼ਿਲਮ ਦੀ ਆਲੋਚਕਾਂ ਨੇ ਕਾਫ਼ੀ ਪ੍ਰਸ਼ੰਸਾ ਕੀਤੀ ਹੈ। ਅਕੈਡਮੀ ਪੁਰਸਕਾਰਾਂ ਵਿੱਚ ਸਰਵੋਤਮ ਨਿਰਦੇਸ਼ਕ, ਸਰਵੋਤਮ ਪਟਕਥਾ ਤੇ ਸਰਵੋਤਮ ਫ਼ਿਲਮ ਸ਼੍ਰੇਣੀ ਵਿੱਚ ਨਾਮਜ਼ਦ ਹੋ ਕੇ ਸਿਆਹਫਾਮ ਜੈਨਕਿਨਜ਼ ਨੇ ਇਤਿਹਾਸ ਸਿਰਜ ਦਿੱਤਾ। ਹੋਰਨਾਂ ਪੁਰਸਕਾਰਾਂ ਵਿੱਚ ਸਰਵੋਤਮ ਮੂਲ ਪਟਕਥਾ ਲਈ ਕੈਨੇਥ ਲੋਨਰਗਨ (ਮਾਨਚੈਸਟਰ ਬਾਇ ਦਾ ਸੀਅ), ਸਰਵੋਤਮ ਵੇਸ਼ਭੂਸ਼ਾ ਲਈ ਕੋਲੀਨ ਐਟਵੁੱਡ (ਫੈਂਟਾਸਟਿਕ ਬੀਸਟਜ਼ ਐਂਡ ਵੇਅਰ ਟੂ ਫਾਈਂਡ ਦੈਮ), ਸਰਵੋਤਮ ਵਿਦੇਸ਼ੀ ਫ਼ਿਲਮ ਲਈ ਇਰਾਨੀ ਫਿਲਮਸਾਜ਼ ਅਸਗਰ ਫਰਹਾਦੀ ਦੀ ‘ਦਿ ਸੇਲਜ਼ਮੈਨ’, ਸਰਵੋਤਮ ਦਸਤਾਵੇਜ਼ (ਲਘੂ) ‘ਦਿ ਵ੍ਹਾਈਟ ਹੈਲਮਟਜ਼’ ਤੇ ਸਰਵੋਤਮ ਸਿਨੇਮਾਟੋਗ੍ਰਾਫ਼ੀ ਲਈ ਲਾਇਨਸ ਸੈਂਡਗਰੈੱਨ (ਲਾ ਲਾ ਲੈਂਡ) ਨੂੰ ਦਿੱਤਾ ਗਿਆ।
ਓਮਪੁਰੀ, ਡੇਬੀ ਰੇਨਾਲਡਜ਼ ਤੇ ਕੈਰੀ ਫ਼ਿਸ਼ਰ ਨੂੰ ਸ਼ਰਧਾਂਜਲੀ :
ਭਾਰਤੀ ਅਭਿਨੇਤਾ ਓਮ ਪੁਰੀ, ‘ਸਟਾਰ ਵਾਰਜ਼’ ਦੀ ਨਾਇਕਾ ਕੈਰੀ ਫ਼ਿਸ਼ਰ, ਡੇਬੀ ਰੇਨਾਲਡਜ਼ ਤੇ ਬਿਲ ਪੈਕਸਟਨ ਉਨ੍ਹਾਂ ਮਰਹੂਮ ਹਸਤੀਆਂ ਵਿਚ ਸ਼ੁਮਾਰ ਹਨ, ਜਿਨ੍ਹਾਂ ਨੂੰ ਔਸਕਰ ਐਵਾਰਡਜ਼ ਦੌਰਾਨ ਸ਼ਰਧਾਂਜਲੀ ਦਿੱਤੀ ਗਈ।

ਰੂਸੋ ਗਾਊਨ ਵਿੱਚ ਨਜ਼ਰ ਆਈ ਪ੍ਰਿਅੰਕਾ :
ਔਸਕਰ ਐਵਾਰਡਜ਼ ਵਿੱਚ ਰੈੱਡ ਕਾਰਪੈੱਟ ‘ਤੇ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਵੀ ਹਾਜ਼ਰੀ ਲਵਾਈ। ਪ੍ਰਿਅੰਕਾ ਸਮਾਗਮ ਵਿੱਚ ਸਫ਼ੇਦ ਤੇ ਸਿਲਵਰ ਰੰਗਾ ਦਾ ਰਾਲਫ਼ ਰੂਸੋ ਗਾਊਨ ਪਾ ਕੇ ਸ਼ਾਮਲ ਹੋਈ। ਔਸਕਰ ਦੇ ਰੈੱਡ ਕਾਰਪੈੱਟ ‘ਤੇ ਪ੍ਰਿਅੰਕਾ ਨੇ ਪਿਛਲੇ ਸਾਲ ਵੀ ਹਾਜ਼ਰੀ ਲਵਾਈ ਸੀ। ਇਸ ਦੌਰਾਨ ਭਾਰਤੀ ਮੂਲ ਦਾ ਅਦਾਕਾਰ ਦੇਵ ਪਟੇਲ ਸਫ਼ੇਦ ਸੂਟ ਵਿੱਚ ਨਜ਼ਰ ਆਇਆ। ਪਟੇਲ ਨੂੰ ਉਸ ਦੀ ਫ਼ਿਲਮ ‘ਲਾਇਨ’ ਲਈ ਪਹਿਲੀ ਵਾਰ ਔਸਕਰ ਲਈ ਨਾਮਜ਼ਦ ਕੀਤਾ ਗਿਆ ਸੀ।