ਸਿਆਸੀ ਲੁਟੇਰਿਆਂ ਤੇ ਧਾੜਵੀਆਂ ਲਈ ਸਬਕ

ਸਿਆਸੀ ਲੁਟੇਰਿਆਂ ਤੇ ਧਾੜਵੀਆਂ ਲਈ ਸਬਕ

ਰੂਸੀ ਰਾਜਦੂਤ ਦੇ ਕਤਲ ਨੇ ਖੜ੍ਹੇ ਕੀਤੇ ਕਈ ਸਵਾਲ
ਤੁਰਕੀ ਵਿਚ ਰੂਸ ਦੇ ਰਾਜਦੂਤ ਆਂਦਰੇਈ ਕਾਲਰੇਵ ਦੇ ਕਤਲ ਨੇ ਕੁਲ ਦੁਨੀਆ ਦਾ ਧਿਆਨ ਖਿਚਿਆ ਹੈ। ਇਹ ਹੱਤਿਆ ਠੀਕ ਉਸ ਵੇਲੇ ਹੋਈ ਜਦੋਂ ਕਾਲਰੇਵ ਇਕ ਕਲਾ ਪ੍ਰਦਰਸ਼ਨੀ ਦਾ ਲੁਤਫ਼ ਲੈ ਰਿਹਾ ਸੀ ਤੇ ਅਚਾਨਕ ਤੁਰਕੀ ਦੇ ਇਕ ਪੁਲੀਸ ਅਧਿਕਾਰੀ ਨੇ ਆਪਣੀ ਬੰਦੂਕ ਨਾਲ ਐਨ ਨੇੜਿਓਂ ਉਸ ‘ਤੇ ਹਮਲਾ ਕਰ ਦਿੱਤਾ। ਰੂਸੀ ਰਾਜਦੂਤ ਦੀ ਇਸ ਤਰ੍ਹਾਂ ਹੱਤਿਆ ਦਾ ਇਹ ਤਕਰੀਬਨ 90 ਸਾਲਾਂ ਵਿਚ ਪਹਿਲਾ ਮਾਮਲਾ ਹੈ। ਇਸ ਹੱਤਿਆ ਨੇ ਪੂਰੀ ਦੁਨੀਆ ਲਈ ਕਈ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਆਖ਼ਰ ਇਸ ਹੱਤਿਆ ਦਾ ਕਾਰਨ ਕੀ ਹੈ? ਕਿਉਂ ਯੂਰਪੀ, ਏਸ਼ਿਆਈ ਤੇ ਅਰਬ ਮੁਲਕਾਂ ਵਿਚ ਮੌਤ ਦਾ ਤਾਂਡਵ ਹੋ ਰਿਹਾ ਹੈ?
ਆਂਦਰੇਈ ਦਾ ਕਤਲ ਕੋਈ ਨਿੱਜੀ ਰੰਜਿਸ਼ ਨਹੀਂ ਸਗੋਂ ਪੂਰੀ ਦੁਨੀਆ ਵਿਚ ਫੈਲੀ ਬਹੁਪਰਤੀ ਬੇਚੈਨੀ ਦਾ ਸਿੱਟਾ ਹੈ। ਅੱਜ ਕੁਲ ਦੁਨੀਆ ਜਿਸ ਆਰਥਿਕ ਮੰਦੀ, ਸਮਾਜਿਕ ਬੇਚੈਨੀ ਅਤੇ ਸਿਆਸੀ ਉਥਲ-ਪੁਥਲ ਦੇ ਦੌਰ ਵਿਚੋਂ ਲੰਘ ਰਹੀ ਹੈ, ਉਸ ਦੀਆਂ ਮਾਤਮੀ ਧੁਨਾਂ ਕੰਨਾਂ ਨੂੰ ਚੀਰਦੀਆਂ ਜਾ ਰਹੀਆਂ ਹਨ। ਜ਼ਾਹਰਾ ਤੌਰ ‘ਤੇ ਇਸ ਸਭ ਕਾਸੇ ਲਈ ਸੱਤਾ ਪ੍ਰਾਪਤੀ ਦੀ ਦੌੜ ਵਿਚ ਲੱਗੀਆਂ ਸਿਆਸੀ ਸ਼ਕਤੀਆਂ ਕੰਮ ਕਰ ਰਹੀਆਂ ਹਨ। ਆਬਾਦੀ ਵਧਦੀ ਜਾ ਰਹੀ ਹੈ, ਕੁਦਰਤੀ ਸਰੋਤ ਘਟਦੇ ਜਾ ਰਹੇ ਹਨ। ਨਵੇਂ ਸਾਧਨ ਪੈਦਾ ਕਰਨ ਨਾਲੋਂ, ਦੂਜੇ ਦੇ ਸਰੋਤਾਂ ‘ਤੇ ਕਬਜ਼ੇ ਦੀ ਹੋੜ ਲੱਗੀ ਹੋਈ ਹੈ। ਆਪਣੀ ਆਪਣੀ ਸਰਦਾਰੀ ਕਾਇਮ ਕਰਨ ਲਈ ਸਭ ਤੋਂ ਵੱਧ ਤਾਕਤਵਰ ਹੋਣ ਦਾ ਭਰਮ ਪੈਦਾ ਕੀਤਾ ਜਾ ਰਿਹਾ ਹੈ ਤੇ ਇਹ ਭਰਮ ਲਾਸ਼ਾਂ ਦੇ ਢੇਰ ‘ਤੇ ਫੈਲਦਾ ਜਾ ਰਿਹਾ ਹੈ।
ਤਾਜ਼ਾ ਘਟਨਾ ਵਾਰ ਵਾਰ ਸੀਰੀਆ ਵਿਚ ਪੈਦਾ ਹੋਏ ਸਿਆਸੀ, ਆਰਥਿਕ ਅਤੇ ਸਮਾਜਿਕ ਸੰਕਟ ਵੱਲ ਇਸ਼ਾਰਾ ਕਰ ਰਹੀ ਹੈ। ਇਹ ਅਚਾਨਕ ਆਇਆ ਉਬਾਲ ਨਹੀਂ, ਸਗੋਂ ਕਈ ਵਰ੍ਹਿਆਂ ਦੀ ਉਥਲ-ਪੁਥਲ ਹੈ। ਰੂਸ ਤੇ ਤੁਰਕੀ ਵਿਚਾਲੇ ਕਈ ਵਰ੍ਹਿਆਂ ਤੋਂ ਤਣਾਅ ਚੱਲਿਆ ਆ ਰਿਹਾ ਹੈ। ਪਿਛਲੇ ਸਾਲ ਤੁਰਕੀ ਨੇ ਸੀਰੀਆ ‘ਤੇ ਬੰਬਾਰੀ ਕਰ ਰਹੇ ਰੂਸੀ ਜਹਾਜ਼ ਨੂੰ ਮਾਰ ਗਿਰਾਇਆ ਸੀ। ਹਾਲ ਹੀ ਵਿਚ ਰੂਸੀ ਦਖ਼ਲ ਨਾਲ ਸੀਰਿਆਈ ਰਾਸ਼ਟਰਪਤੀ ਬਸ਼ਰ-ਅਲ-ਅਸਦ ਅਤੇ ਬਾਗ਼ੀਆਂ ਵਿਚਾਲੇ ਕਰਾਰ ਹੋਇਆ ਹੈ। ਤੁਰਕੀ ਵਿਚ ਇਸ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਰੂਸ ਸੀਰਿਆਈ ਬਾਗ਼ੀਆਂ ਖ਼ਿਲਾਫ਼ ਲਗਾਤਾਰ ਕਾਰਵਾਈ ਵੀ ਕਰ ਰਿਹਾ ਹੈ; ਜਿਸ ਤੋਂ ਤੁਰਕੀ ਦਾ ਵੱਡਾ ਹਿੱਸਾ ਰੂਸ ਤੋਂ ਨਾਰਾਜ਼ ਹੈ।
ਪੁਲੀਸ ਅਧਿਕਾਰੀ ਨੇ ਜਦੋਂ ਕਾਲਰੇਵ ਨੂੰ ਗੋਲੀ ਮਾਰੀ ਤਾਂ ਉਸ ਨੇ ਇਕੋ ਨਾਅਰਾ ਲਾਇਆ-‘ਅਲੈਪੋ ਨੂੰ ਨਾ ਭੁਲੋ’। ਦਰਅਸਲ, ਇਨ੍ਹੀਂ ਦਿਨੀਂ ਅਲੈਪੋ ਮੌਤ ਦਾ ਮੈਦਾਨ ਬਣਿਆ ਹੋਇਆ ਹੈ। ਕਰੀਬ ਚਾਰ ਸਾਲ ਤੋਂ ਅਲੈਪੋ ਸੀਰਿਆਈ ਫ਼ੌਜ ਤੇ ਬਾਗ਼ੀਆਂ ਵਿਚਾਲੇ ਜੰਗ ਦਾ ਕੇਂਦਰ ਹੈ। ਸੀਰੀਆ ਦੀ ਸਰਕਾਰੀ ਫ਼ੌਜ ਅਲੈਪੋ ਵਿਚ ਲੋਕਾਂ ਨੂੰ ਘਰਾਂ ਅੰਦਰ ਦਾਖ਼ਲ ਹੋ ਕੇ ਮਾਰ ਰਹੀ ਹੈ। ਨਿੱਤ ਸੈਂਕੜੇ ਹੱਤਿਆਵਾਂ ਹੋ ਰਹੀਆਂ ਹਨ। ਔਰਤਾਂ, ਬੱਚਿਆਂ ਤਕ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਹੈ। ਹਜ਼ਾਰਾਂ ਹਜ਼ਾਰ ਲੋਕ ਬੇਘਰ ਹੋ ਗਏ ਹਨ। ਲੋਕ ਠੰਢੀਆਂ ਰਾਤਾਂ ਵਿਚ ਖੁਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹਨ। ਉਹ ਇਕ ਪਾਸੇ ਗੋਲੀਆਂ ਦਾ ਸ਼ਿਕਾਰ ਹੋ ਰਹੇ ਹਨ, ਦੂਜੇ ਪਾਸੇ ਭੁੱਖਮਰੀ ਤੇ ਬਿਮਾਰੀਆਂ ਨਾਲ ਜੂਝ ਰਹੇ ਹਨ। ਬੰਬਾਰੀ ਨਾਲ ਰੋਜ਼ ਸੈਂਕੜੇ ਲੋਕ ਮਾਰੇ ਜਾ ਰਹੇ ਹਨ ਤੇ ਸੈਂਕੜੇ ਜ਼ਖ਼ਮੀ ਹੋ ਰਹੇ ਹਨ। ਜ਼ਖ਼ਮੀਆਂ ਦੇ ਇਲਾਜ ਲਈ ਹਸਪਤਾਲ ਵੀ ਥੋੜ੍ਹੇ ਪੈ ਰਹੇ ਹਨ।
ਤਾਜ਼ਾ ਹਾਲਾਤ ਤੋਂ ਕੁਝ ਸਮੇਂ ਪਹਿਲਾਂ ਪਿਛਲ ਝਾਤ ਮਾਰਨੀ ਵੀ ਜ਼ਰੂਰੀ ਹੈ। ਸਾਲ 2011 ਵਿਚ ਰਾਸ਼ਟਰਪਤੀ ਬਸ਼ਰ-ਅਲ-ਅਸਦ ਖ਼ਿਲਾਫ਼ ਸ਼ੁਰੂ ਹੋਏ ਵਿਦਰੋਹ ਤੋਂ ਪਹਿਲਾਂ ਅਲੈਪੋ ਸੀਰਿਆ ਦਾ ਸਭ ਤੋਂ ਵੱਡਾ ਸ਼ਹਿਰ ਸੀ ਅਤੇ ਵਪਾਰਕ ਤੇ ਉਦਯੋਗਿਕ ਕੇਂਦਰ ਸੀ। ਦੇਸ਼ ਵਿਚ ਜਾਰੀ ਗ੍ਰਹਿ ਯੁੱਧ ਮਗਰੋਂ ਸ਼ਹਿਰ ਦੋ ਹਿੱਸਿਆਂ ਵਿਚ ਵੰਡਿਆ ਗਿਆ। ਇਕ ਹਿੱਸਾ ਸਰਕਾਰੀ ਕੰਟਰੋਲ ਅਤੇ ਦੂਸਰਾ ਬਾਗ਼ੀਆਂ ਦੇ ਕਬਜ਼ੇ ਵਾਲਾ ਇਲਾਕਾ। ਪਰ ਇਸ ਸਾਲ ਸੀਰੀਆ ਨੇ ਇਰਾਨ ਹਮਾਇਤੀ ਸ਼ੀਆ ਮੁਸਲਿਮ ਲੜਾਕਿਆਂ ਤੇ ਰੂਸ ਦੇ ਹਵਾਈ ਹਮਲਿਆਂ ਦੀ ਮਦਦ ਨਾਲ ਜਾਰੀ ਗਤੀਰੋਧ ਤੋੜ ਦਿੱਤਾ ਤੇ ਸਤੰਬਰ ਵਿਚ ਵੱਡਾ ਫ਼ੌਜੀ ਅਪ੍ਰੇਸ਼ਨ ਸ਼ੁਰੂ ਕੀਤਾ। ਨਤੀਜਾ, ਰੋਜ਼ਾਨਾ ਮੌਤਾਂ ਦਾ ਸਿਲਸਿਲਾ।
ਇਸ ਭਿਆਨਕ ਮੰਜ਼ਰ ਤੋਂ ਮਨੁੱਖੀ ਅਧਿਕਾਰ ਸੰਗਠਨ ਵਾਕਫ਼ ਜ਼ਰੂਰ ਹਨ, ਪਰ ਬੇਵੱਸ ਵੀ। ਹੈਰਾਨੀ ਉਦੋਂ ਹੋਰ ਵੱਧ ਜਾਂਦੀ ਹੈ ਜਦੋਂ ਸੰਸਾਰ ਦੇ ਅਲੰਬਰਦਾਰਾਂ ਵਲੋਂ ਵਿਸ਼ਵ ਸ਼ਾਂਤੀ ਦਾ ਹੋਕਾ ਦਿੱਤਾ ਜਾਂਦਾ ਹੈ। ਕਿਸੇ ਨਾ ਕਿਸੇ ਮੁਲਕ ਵਿਚ ਇਹ ਧਿਰਾਂ ਸਿਰ ਜੋੜ ਬੈਠਦੀਆਂ ਹਨ ਤੇ ਮਨੁੱਖੀ ਹੱਕਾਂ ਤੇ ਅਤਿਵਾਦ ਖ਼ਿਲਾਫ਼ ਭਾਸ਼ਣ ਤੇ ਭਾਸ਼ਣ ਦਿੰਦੀਆਂ ਹਨ। ਹਰ ਮੁਲਕ ਦਾ ‘ਸਰਦਾਰ’ ਇਨ੍ਹਾਂ ਭਾਸ਼ਣਾਂ ਰਾਹੀਂ ਆਪਣੀ ਜਨਤਾ ਵਿਚ ਚੰਗਾ ਅਕਸ ਦਿਖਾਉਣ ਲਈ ਸ਼ਾਂਤੀ ਦੂਤ ਹੋਣ ਦਾ ਭੁਲੇਖਾ ਦਿੰਦਾ ਹੈ। ਅਮਨ ਸ਼ਾਂਤੀ ਲਈ ਪੂਰੀ ਦੁਨੀਆ ਦੇ ਯਤਨ ਜਾਂ ਤਾਂ ਥੋੜ੍ਹੇ ਪੈ ਰਹੇ ਹਨ ਜਾਂ ਇਸ ਪ੍ਰਤੀ ਸੰਜ਼ੀਦਗੀ ਨਾਲ ਕੰਮ ਹੀ ਨਹੀਂ ਕੀਤਾ ਜਾਂਦਾ।
ਇਸ ਅਤਿਵਾਦ ਦਾ ਕੋਈ ਰੂਪ, ਕੋਈ ਧਰਮ ਨਹੀਂ। ਉਹ ਵੱਖਰੇ ਵੱਖਰੇ ਰੂਪ ਧਾਰ ਕੇ ਸਾਹਮਣੇ ਆਉਂਦਾ ਹੈ। ਪਰ ਜਿਸ ਤਰ੍ਹਾਂ ਖ਼ਾਸ ਫ਼ਿਰਕੇ ਮੁਸਲਮਾਨਾਂ ਖ਼ਿਲਾਫ਼ ਅਤਿਵਾਦੀ ਹੋਣ ਦਾ ਠੱਪਾ ਲਾਇਆ ਜਾ ਰਿਹਾ ਹੈ, ਇਸ ਨੇ ਅਤਿਵਾਦ ਦੇ ਅਸਲ ਕਾਰਨਾਂ, ਸਮਾਜ ਵਿਚ ਫੈਲੀ ਬੇਚੈਨੀ, ਆਰਥਿਕ ਤੰਗੀਆਂ ‘ਤੇ ਪਰਦਾ ਪਾ ਦਿੱਤਾ ਹੈ। ਜਦੋਂ ਆਂਦਰੇਈ ਦੇ ਕਤਲ ਦੀਆਂ ਖ਼ਬਰਾਂ ਆ ਰਹੀਆਂ ਹਨ, ਤਾਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦਾ ਬਿਆਨ ਆਉਂਦਾ ਹੈ ਕਿ ਇਹ ਸਭ ਇਸਲਾਮਿਕ ਕੱਟੜਵਾਦੀਆਂ ਕਾਰਨ ਵਾਪਰ ਰਿਹਾ ਹੈ। ਅਜਿਹੇ ਬਿਆਨ ਅਸਲ ਸਮੱਸਿਆਵਾਂ ‘ਤੇ ਤਾਂ ਪਰਦਾਪੋਸ਼ੀ ਕਰਨਗੇ ਹੀ, ਸਗੋਂ ਆਮ ਲੋਕਾਂ ‘ਤੇ ਵੀ ਹਮਲਿਆਂ ਦਾ ਕਾਰਨ ਬਣਨਗੇ। ਇਥੇ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਇਹ ਉਹੀ ਟਰੰਪ ਹਨ ਜਿਨ੍ਹਾਂ ਨੇ ਚੋਣ ਮੁਹਿੰਮਾਂ ਦੌਰਾਨ ਹਰ ਹੱਥ ਵਿਚ ਹੱਤਿਆਰ ਦੀ ਵਕਾਲਤ ਕੀਤੀ ਸੀ।
ਸੰਸਾਰ ਨੂੰ ਇਕ ਪਿੰਡ ਬਣਾਉਣ ਵਾਲੀਆਂ ਸ਼ਕਤੀਆਂ ਜੇਕਰ ਸੱਚਮੁਚ ਹੀ ਲੋਕਾਈ ਦਾ ਭਲਾ ਚਾਹੁੰਦੀਆਂ ਹਨ ਤਾਂ ਸਭ ਤੋਂ ਪਹਿਲਾਂ ਆਮ ਲੋਕਾਂ ਦੇ ਹੱਕਾਂ ‘ਤੇ ਪਹਿਰਾ ਦੇਣਾ ਪਵੇਗਾ। ਉਨ੍ਹਾਂ ਦੇ ਰੋਟੀ-ਰੋਜ਼ੀ ਦੇ ਮਸਲੇ ਹੱਲ ਕਰਨੇ ਪੈਣਗੇ। ਮੁੱਠੀ ਭਰ ਲੋਕਾਂ ਵਲੋਂ ਕੁਦਰਤੀ ਸਾਧਨਾਂ ਦੀ ਹੋ ਰਹੀ ਲੁੱਟ ਰੋਕਣੀ ਪਏਗੀ। ਇਨ੍ਹਾਂ ਸਾਧਨਾਂ ‘ਤੇ ਸਾਰਿਆਂ ਦਾ ਬਰਾਬਰ ਦਾ ਹੱਕ ਯਕੀਨੀ ਬਣਾਉਣਾ ਪਏਗਾ। ਆਬਾਦੀ ਦੇ ਨਾਲ ਨਾਲ ਰੋਜ਼ੀ-ਰੋਟੀ ਦੇ ਸਾਧਨ ਵੀ ਵਧਾਉਣੇ ਪੈਣਗੇ। ਬੇਕਾਰ ਹੱਥਾਂ ਨੂੰ ਜਦੋਂ ਰੁਜ਼ਗਾਰ ਮਿਲੇਗਾ ਤਾਂ ਲਾਜ਼ਮੀ ਤੌਰ ‘ਤੇ ਹੱਤਿਆਰਾਂ ਦੀ ਥਾਂ ਉਪਜਾਊ ਸੰਦ ਹੋਣਗੇ।
ਦੁਨੀਆ ਦੀ ਦੂਜੀ ਵੱਡੀ ਸ਼ਕਤੀ ਰਹੇ ਰੂਸ ਦੇ ਰਾਜਦੂਤ ਨੂੰ ਅਪਣੀ ਗੋਲੀ ਦਾ ਨਿਸ਼ਾਨਾ ਬਣਾਉਣ ਵਾਲੇ ਮੇਵਲਤ ਮਰਤ ਅਲਤਿਨਤਾਸ ਵਲੋਂ ਕਹੇ ਸ਼ਬਦ ‘ਅਲੈਪੋ ਨੂੰ ਨਾ ਭੁੱਲੋ, ਸੀਰੀਆ (ਲੋਕਾਂ) ਦਾ ਚੇਤਾ ਕਰੋ’ ਅਸਲ ਵਿੱਚ ਸਿਆਸੀ ਲੁਟੇਰਿਆਂ ਤੇ ਧਾੜਵੀਆਂ ਵਿਰੁਧ ਲੋਕ ਰੋਹ ਦਾ ਸਪੱਸ਼ਟ ਸੁਨੇਹਾ ਹੈ।