ਖਾਲਿਸਤਾਨ ਦੇ ਸ਼ਬਦ ਨੂੰ ਸਿਰਫ ਪਿਆਰ ਕਰਨ ਦੀ ਬਜਾਏ ਪੰਥ ਦੀ ਹੋਣੀ ਦੇ ਪਾਂਧੀ ਬਣੀਏ

ਖਾਲਿਸਤਾਨ ਦੇ ਸ਼ਬਦ ਨੂੰ ਸਿਰਫ ਪਿਆਰ ਕਰਨ ਦੀ ਬਜਾਏ ਪੰਥ ਦੀ ਹੋਣੀ ਦੇ ਪਾਂਧੀ ਬਣੀਏ

ਲੇਖਕ ਵਲੋਂ ਨੋਟ
ਕੁੱਝ ਹਫਤੇ ਪਹਿਲਾਂ ਰਾਸ਼ਟਰਵਾਦ ਦੇ ਮੁੱਦੇ ਨੂੰ ਲੈ ਕੇ ਭਖਵੀਂ ਬਹਿਸ ਕਰਨ ਦਾ ਇੱਕਪਾਸੜ ਐਲਾਨ ਹੋਇਆ ਅਤੇ ਉਸ ਬਹਿਸ ਨੂੰ ਭਾਈ ਅਜਮੇਰ ਸਿੰਘ ਅਤੇ ਉਸ ਦੇ ਸਾਥੀਆਂ ਦਾ ਚੀਰਹਰਨ ਅਤੇ ਖਾਲਿਸਤਾਨ ਦੇ ਵਿਰੋਧ ਕਰਨ ਦਾ ਇੱਕ ਸੰਦ ਬਣਾਇਆ ਗਿਆ। ਰਾਸ਼ਟਰਵਾਦ ਦੇ ਹੱਕ ਵਿੱਚ ਕਾਮਰੇਡਾਂ ਤੋਂ ਲੈ ਕੇ ਕੁੱਝ 24 ਕੈਰੇਟ ਖਾਲਿਸਤਾਨੀ ਵੀ ਇਕੋ ਸਟੇਜ ਤੇ ਆ ਨਿੱਤਰੇ ਕਿਉਂ ਕਿ ਦੁਸ਼ਮਣ ਸਾਂਝਾ ਸੀ। ਜੇ ਇਹ ਬਹਿਸ ਪੰਥਕ ਸ਼ਖਸ਼ੀਅਤਾਂ ਵਲੋਂ ਭਵਿਖ ਦੀ ਹੋਣੀ ਬਾਰੇ ਹੁੰਦੀ ਤਾਂ ਉਸਦਾ ਪਲੇਟਫਾਰਮ ਅਖਬਾਰਾਂ ਦੀ ਬਜਾਏ ਕੋਈ ਹੋਰ ਹੋ ਸਕਦਾ ਸੀ ਪਰ ਇਸ ਬਹਿਸ ਦੀ ਆੜ ਹੇਠ ਤਾਕ ‘ਚ ਬੈਠੇ ਕਈ ਖਿਡਾਰੀ ਨਿਕਲੇ, ਕਿਸੇ ਨੇ ਭਾਈ ਅਜਮੇਰ ਸਿੰਘ ਢਾਉਣਾ ਸੀ, ਕੋਈ ਭਾਈ ਦਲਜੀਤ ਸਿੰਘ ਜਾਂ ਉਸ ਦੇ ਗਰੁੱਪ ਦਾ ਢਿੱਡੋਂ ਵਿਰੋਧੀ ਸੀ, ਕੋਈ ਖਾਲਿਸਤਾਨੀ ਵਿਰੋਧੀ। ਜਿਸਦੇ ਪਿੜ ਵਿੱਚ ਜਾ ਕੇ ਅਸੀਂ ਆਪਣੀ ਖਿਦੋ ਵਗਾਹ ਮਾਰੀ ਫਿਰ ਜਿਹੜੀ ਉਸ ਖਿੱਦੋ-ਖੁੰਡੀ ਵਿੱਚ ਪਿਛਲੇ ਸਾਰੇ ਰਿਸ਼ਤੇ-ਨਾਤੇ ਅੱਖੋਂ-ਪਰੋਖੇ ਕਰਕੇ ਕਿਸੇ ਦੇ ਮੌਰਾਂ ‘ਚ, ਕਿਸੇ ਦੇ ਗਿਟਿਆਂ ‘ਚ ਜਿਥੇ ਸੂਤ ਲਗਿਆ ਛਾਂਗਿਆ ਗਿਆ। ਹੁਣ ਇਸ ਵਿੱਚੋਂ ਕੁੱਝ ਨਿਕਲਣ ਦੀ ਆਸ ਕਿਵੇਂ ਹੋ ਸਕਦੀ ਸੀ? ਖਿੱਦੋ ਈ ਲੀਰੋ-ਲੀਰ ਹੋਣੀ ਸੀ, ਹੋਈ।
ਰਾਸ਼ਟਰਵਾਦ ਦੀ ਗੱਲ ਅਜੋਕੀ ਰਾਜਨੀਤੀ ਦੇ ਸੰਦਰਭ ਵਿੱਚ ਸਮਝਣੀ ਸਾਡੇ ਲਈ (ਸਮੇਤ ਮੇਰੇ) ਇੰਨੀ ਸੌਖੀ ਨਹੀਂ ਜਾਪਦੀ । ਭਾਈ ਅਜਮੇਰ ਸਿੰਘ ਨੇ ਇੱਕ ਮੁੱਦਾ ਸਾਡੇ ਸਾਹਮਣੇ ਲਿਆਂਦਾ ਪਰ ਅਸੀਂ so called ਖਾਲਿਸਤਾਨੀਆਂ ਨੇ ਉਹਦਾ ਜੋ ਹਸ਼ਰ ਕੀਤੈ ਕੀ ਅੱਗੇ ਤੋਂ ਕੋਈ ਨਵੀ ਗੱਲ ਕਹਿਣ ਦੀ ਜ਼ੁਰੱਅਤ ਕਰੂਗਾ ? ਅਸੀਂ ਆਪਣੇ ਰਾਹ ਆਪ ਬੰਦ ਕਰ ਰਹੇ ਹਾਂ ਅਤੇ ਜੋ ਤਰੀਕਾ ਅਪਣਾ ਰਹੇ ਹਾਂ ਉਹ ਇੰਨਾ ਨੀਵੀਂ ਪੱਧਰ ਦਾ, ਪੇਤਲਾ ਅਤੇ ਹੈਂਕੜ ਵਾਲਾ ਹੈ। ਜੇ ਸਾਨੂੰ ਸਾਡੇ ਬਾਰੇ disgusting ਸ਼ਬਦ ਵਰਤਣਾ ਚੰਗਾ ਨਹੀਂ ਲਗਦਾ ਤਾਂ ਸਾਨੂੰ ਆਪਣੇ ਵਿਹਾਰ ਅਤੇ ਕੰਮਾਂ-ਕਾਰਵਾਈਆਂ ਵਿੱਚ ਵੀ ਸਿੱਖਾਂ ਵਾਲਾ ਕਿਰਦਾਰ ਦਿਖਾਉਣਾ ਪਏਗਾ। ਵੈਸੇ ਜਦੋਂ ਇਹ ਸ਼ਬਦ (disgusting) ਭਾਈ ਅਜਮੇਰ ਸਿੰਘ ਨੇ ਕਿਹਾ ਸੀ ਤਾਂ ਮੈਨੂੰ ਵੀ ਚੰਗਾ ਨਹੀਂ ਸੀ ਲਗਿਆ ਪਰ ਹੁਣ ਲਗਦੈ ਹੋਰ ਢੁਕਵਾਂ ਸ਼ਬਦ ਹੈ ਈ ਕਿਹੜਾ ?
ਜਿਹੜੇ ਬੰਦਿਆਂ ਨੇ ਇਹ ਸਾਰੇ ਕਾਸੇ ਨੂੰ ਹਵਾ ਦਿੱਤੀ, ਉਹਨਾਂ ਨੇ ਇਸ ਬਾਰੇ ਕਿਉਂ ਨਹੀਂ ਲਿਖਿਆ? ਜਿਹੜੇ ਬੰਦੇ ਜਾਂ ਲੀਡਰ ਖਾਲਿਸਤਾਨ ਦੇ ਨਾਹਰਿਆਂ, ਜੈਕਾਰਿਆਂ ਜਾਂ ਬੁਲਾਰਿਆਂ ਤੱਕ ਈ ਸੀਮਤ ਨੇ ਉਹ ਵੀ ਇੱਸ ਮੁਦੇ ਤੇ ਬੋਲਣ ਅਤੇ ਦੱਸਣ ਕਿ ਉਹਨਾਂ ਦੇ ਕੰਮਾਂ ਦੀ ਭਵਿਖ ਵਿੱਚ ਕੀ ਰੂਪ-ਰੇਖਾ ਹੋਵੇਗੀ? ਇਹ ਕਿਹੜੀ ਕਿਤਾਬ ’ਚ ਲਿਖਿਐ ਕਿ ਭਾਈ ਦਲਜੀਤ ਸਿੰਘ ਦੇ ਗਰੁੱਪ ਨੂੰ ਹੀ ਸੂਈ ਦੇ ਨੱਕੇ ਵਿੱਚੋਂ ਕਢਿਆ ਜਾਵੇ ਪਰ ਦੂਜਿਆਂ ਨੂੰ ਪੂਰੀ ਖੁੱਲ੍ਹ, ਉਹ ਭਾਵੇਂ ਕਾਮਰੇਡਾਂ ਨਾਲ ਯਾਰੀ ਨਿਭਾਉਣ, ਚਾਹੇ ਰਾਧਾ ਸੁਆਮੀ ਨਾਲ ਜਾਂ ਬਿਨਾਂ ਪੰਥ ਦੀ ਸਲਾਹ ਤੋਂ ਨਵਾਂ ਪਾਲਿਸੀ ਪ੍ਰੋਗਰਾਮ ਲਿਆ ਕੇ ਪੰਥ ਦੇ ਸਿਰ ਮੜ੍ਹ ਦੇਣ ।  ਉਹਨਾਂ ਦੇ ਕੰਮਾਂ ਤੇ ਕਿੰਤੂ ਕਰਨ ਦਾ ਹੱਕ ਕੋਈ ਨਹੀਂ ਪਰ ਉਹਨਾਂ ਨੇ ਕਿਸੇ ਨੂੰ ਬਖਸ਼ਣਾ ਨਹੀਂ। ਕੀ ਅਜਿਹੇ ਕਲਚਰ ਦਾ ਵਾਧਾ ਕਰਨ ਵਾਲਿਆਂ ਨੂੰ disgusting ਕਹਿਣਾ ਠੀਕ ਨਹੀਂ ?
ਮੈਂ ਇਹ ਲੇਖ ਬਹਿਸ ਸ਼ੁਰੂ ਕਰਨ ਲਈ ਲਿਖਿਆ ਸੀ ਪਰ ਜਿਨ੍ਹਾਂ ਨੇ ਅਜਮੇਰ ਸਿੰਘ ਨੂੰ ਘੇਰਾ ਪਾਉਣ ਦਾ ਕੰਮ ਵਿਢਿਆ ਉਹ ਕੋਈ ਬਾਦਲੀਲ ਗੱਲ ਕਰਨ ਦੀ ਥਾਂ ਉਲਟਾ ਧੂੜ ਵਿੱਚ ਟੱਟੂ ਭਜਾਉਂਦੇ ਨਜ਼ਰ ਆਏ। ਇਸ ਲਈ ਅਸੀਂ ਇਹ ਲੇਖ ਛਾਪ ਕੇ ਇਸ ਬਹਿਸ ਨੂੰ ਬੰਦ ਕਰਦੇ ਹਾਂ ਕਿਉਂਕਿ ਅਸਲ ‘ਚ ਇਸ ਮਸਲੇ ਨੂੰ ਇੱਕ ਧਿਰ ਵਲੋਂ ਸਿਰਫ ਭਾਈ ਅਜਮੇਰ ਸਿੰਘ ਨਾਲ ਕਿੜ ਕੱਢਣ ਅਤੇ ਖਾਲਿਸਤਾਨ ਦੇ ਵਿਰੋਧ ਲਈ ਵਰਤਿਆ ਜਾ ਰਿਹਾ ਹੈ।
ਹਾਂ ਜੇ ਕੋਈ ਇਸ ਵਿਸ਼ੇ ਤੇ ਸੰਜੀਦਾ ਵਿਚਾਰ ਕਰਨੀ ਚਾੰਹੁਦਾ ਹੈ ਤਾਂ ਇਸਦੀਆਂ ਦੋ ਬੈਠਕਾਂ ਇੱਕ ਅਮਰੀਕਾ ਵਿੱਚ ਅਤੇ ਇੱਕ ਪੰਜਾਬ ਵਿੱਚ ਰੱਖੀ ਜਾ ਸਕਦੀ ਹੈ। ਸ਼ਾਮਿਲ ਹੋਣ ਵਾਲੇ ਵਿਅਕਤੀ ਸੰਪਰਕ ਕਰਨ।
ਈਮੇਲ : asrtimes@gmail.com

ਜਸਜੀਤ ਸਿੰਘ
Ethnicity ਅਤੇ  Nationalism  ਬਾਰੇ ਕੁੱਝ ਵੀ ਲਿਖਣ ਤੋਂ ਪਹਿਲਾਂ ਇਹਨਾਂ ਦੇ ਭਾਵਅਰਥ ਸਿੱਖਾਂ ਲਈ ਕੀ ਹਨ ਸਮਝਣਾ ਜਰੂਰੀ ਹੈ ਕਿਉਂਕਿ ਸਿੱਖ ਲਿਖਤਾਂ ਵਿਚ ਇਹ ਇੰਨੇ ਰਲਗੱਡ ਹੋਏ ਹਨ ਕਿ ਇਨ੍ਹਾਂ ਵਿਚ ਅੰਤਰ ਸਮਝਣਾ ਔਖਾ ਹੋ ਜਾਂਦਾ ਹੈ। ਉਸਦਾ ਇਕ ਕਾਰਨ ਇਨ੍ਹਾਂ ਦੇ ਪੰਜਾਬੀ ਵਿਚ ਢੁਕਵੇਂ ਸ਼ਬਦ ਨਹੀਂ ਲੱਭਦੇ ਅਤੇ ਨਾ ਹੀ ਪੰਜਾਬੀ ਸਕਾਲਰਾਂ ਨੇ ਇਨ੍ਹਾਂ ਦੇ ਸ਼ਬਦ ਘੜੇ ਹਨ। ਮੈਂ ਕੰਮ ਚਲਾਉਣ ਲਈ ਆਪਣੀ ਸਮਝ ਮੁਤਾਬਕ ਕੁਝ ਸ਼ਬਦਾਂ ਦੀ ਵਰਤੋਂ ਕੀਤੀ ਹੈ ਪਰ ਆਰਟੀਕਲ ਵਿਚ ਭਾਵਅਰਥ ਅੰਗਰੇਜ਼ੀ ਸ਼ਬਦਾਂ ਤੋਂ ਹੀ ਲਿਆ ਜਾਵੇ। ਇਥੇ ਆਪਾਂ ਸਿੱਖ ਪੰਥ (Ethnicity ਸ਼ਬਦ ਥੋੜਾ ਕਰੀਬ ਹੈ) ਅਤੇ ਸਿੱਖ ਕੌਮ ਨੂੰ Sikh Nation ਵਜੋਂ ਵਰਤਾਂਗੇ। Ethnicity ਸ਼ਬਦ ਦੇ ਅਰਥਾਂ ਮੁਤਾਬਕ ਮਨੁੱਖ ਜਨਮ ਤੋਂ ਹੀ ਕਿਸੇ ਨਾ ਕਿਸੇ Ethnicity (ਨਸਲ) ਦਾ ਹਿੱਸਾ ਹੁੰਦਾ ਹੈ ਜਿਸ ਦਾ ਇਕ ਧਰਮ, ਸਰੂਪ, ਭਾਸ਼ਾ, ਸਭਿਆਚਾਰ ਅਤੇ ਇਤਿਹਾਸ ਸਾਂਝਾ ਹੋ ਸਕਦਾ ਹੈ। Nation (ਕੌਮ) ਸ਼ਬਦ ਬਾਰੇ ਤਕਰੀਬਨ ਸਾਰੇ ਰਾਜਨੀਤਿਕ ਸ਼ਾਸ਼ਤਰੀ Benedict Anderson ਵਲੋਂ ਦਿੱਤੀ ਪਰਿਭਾਸ਼ਾ ਨੂੰ ਹੀ ਮੰਨਦੇ ਹਨ ਜਿਸ ਵਿੱਚ ਉਹ ਕਹਿੰਦਾ ਹੈ ਕਿ ਕੌਮ (Nation) ਇਕ ਕਲਪਨਾਤਿਕ ਭਾਈਚਾਰਾ (Imagined Community) ਹੈ ਜਿਹੜੀ ਕਿ ਖਾਸ ਭੂਗੋਲਿਕ ਹੱਦਾਂ ਦੇ ਵਿਚ ਉਸਰਦੀ ਹੈ ਅਤੇ ਜਿਸਦਾ ਮੁੱਖ ਉਦੇਸ਼ ਰਾਜ਼ਸੀ ਹੁੰਦਾ ਹੈ। ਇਹ ਉਹ ਲੋਕ ਹੁੰਦੇ ਹਨ ਜੋ ਕਈ ਵਾਰ ਸਭਿਆਚਾਰ ਅਤੇ ਭਾਸ਼ਾ ਵਰਗੇ ਕਾਰਨਾਂ ਕਰਕੇ ਇਕ ਖਿਤੇ ਵਿਚ ਰਹਿੰਦੇ ਹਨ ਅਤੇ ਜਿਹਨਾਂ ਦਾ ਰਾਜਸੀ ਨਿਸ਼ਾਨਾ Sovereignty ਹੁੰਦਾ ਹੈ। ਧਿਆਨ ਗੋਚਰੇ ਹੈ ਕਿ ਕੌਮ ਵਿੱਚ ਧਰਮ ਅਤੇ ਇਤਿਹਾਸ ਸਾਂਝਾ ਹੋਣਾ ਜਰੂਰੀ ਤੱਤ ਨਹੀਂ ਹਨ। ਅਫਰੀਕਾ ਦੇ ਜਿਆਦਾ ਮੁਲਕ ਇਸ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ ਅਮਰੀਕਾ ,ਕੈਨੇਡਾ ਵੀ ਤਕਰੀਬਨ ਇਸੇ ਤਰਾਂ ਮੰਨੇ ਜਾਂਦੇ ਹਨ। ਕਈ ਵਾਰੀ Nation ਅਤੇ Ethnicity  ਵਿਚ ਭੇਦ ਕਰਨਾ ਔਖਾ ਹੋ ਜਾਂਦਾ ਹੈ ਜਾਂ ਕਹਿ ਲਉ ਇਹ ਨਾਲ ਨਾਲ ਹੀ ਚਲਦੇ ਹਨ ਜਿਨ੍ਹਾਂ ਵਿਚ ਮੁੱਖ ਤੌਰ ਤੇ ਜਪਾਨੀ ਅਤੇ ਕੋਰੀਅਨ ਕਹੇ ਜਾ ਸਕਦੇ ਹਨ।
ਰਾਜੇ, ਮਹਾਰਾਜਿਆਂ ਜਾਂ ਬਾਦਸ਼ਾਹ ਵੇਲੇ ਲੋਕਾਂ ਦੀ ਵੰਡ ਜਾਂ ਉਨ੍ਹਾਂ ਦੇ ਉਦੇਸ਼ ਕੌਮ (Nation) ਦੇ ਆਧਾਰ ਤੇ ਨਹੀਂ ਸਨ ਹੁੰਦੇ। ਲੋਕ ਬਹੁਤ ਛੋਟੇ ਛੋਟੇ ਕਸਬਿਆਂ ਵਿਚ ਰਹਿੰਦੇ ਸਨ ਅਤੇ ਘੱਟ ਜਾਣਕਾਰੀ ਦੇ ਸਾਧਨ ਹੋਣ ਕਰਕੇ ਉਨ੍ਹਾਂ ਨੂੰ ਦੁਨੀਆਂ ਵਿਚ ਵਸਦੇ ਉਨ੍ਹਾਂ ਵਰਗੇ ਹੋਰ ਲੋਕਾਂ ਬਾਰੇ ਪਤਾ ਵੀ ਨਹੀਂ ਸੀ। ਸਨਅਤੀ ਇਨਕਲਾਬ (Industrial Revolution) ਕਰਕੇ ਪ੍ਰੈਸ ਆਉਣ ਕਾਰਣ ਪਰਚਿਆਂ ਦੇ ਛਪਣ ਅਤੇ ਪੂੰਜੀਵਾਦੀ ਰੁਝਾਨ ਵਧਣ ਨਾਲ, ਵਿਚਾਰ ਦੀ ਸ਼ੁਰੂਆਤ ਅਤੇ ਕੌਮਾਂ ਅਤੇ ਸਭਿਆਚਾਰਾਂ ਦੀ ਜਾਣ ਪਹਿਚਾਣ ਹੋਣ ਲੱਗੀ। ਇਸ ਤੋਂ ਪਹਿਲਾਂ ਲੋਕ ਨਸਲੀ (Ethnicity) ਤੌਰ ਤੇ ਕਬੀਲਿਆਂ ਵਿਚ ਰਹਿੰਦੇ ਸਨ। ਫਰਾਂਸ ਦੀ ਕ੍ਰਾਂਤੀ ਅਤੇ ਨਵੇਂ ਯੁੱਗ (ਬਸਤੀਵਾਦੀ) ਨਾਲ ਹੀ ਹੌਲੀ ਹੌਲੀ ਕੌਮਾਂ ਦੀ ਪਹਿਚਾਣ Nationalism (ਰਾਸ਼ਟਰਵਾਦ) ਨੇ ਰਾਜਸੀ ਖੇਤਰ ਵਿਚ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ। ਬਸਤੀਵਾਦ ਵੇਲੇ ਨੇਸ਼ਨ ਸਟੇਟ ਦਾ ਉਭਾਰ ਸ਼ੁਰੂ ਹੋਇਆ ਜਿਸ ਵਿਚ ਇਕ ਖਾਸ ਭੂਗੋਲਿਕ ਖਿੱਤੇ ਵਿਚ ਰਹਿੰਦੇ ਲੋਕਾਂ ਨੇ ਇਕ ਸਭਿਆਚਾਰਕ ਇਕਾਈ ਨੂੰ ਜਨਮ ਦਿੱਤਾ ਜਿਸਦਾ ਮਨੋਰਥ ਰਾਜਸੀ ਤਾਕਤ ਪ੍ਰਾਪਤ ਕਰਨਾ ਸੀ। ਇਕ ਇਤਿਹਾਸਕਾਰ ਮੁਤਾਬਕ  ‘Nation means building Political roof over your cultural head’ ਜੇ ਗੱਲ ਸੌਖੀ ਸਮਝਣੀ ਹੋਵੇ ਤਾਂ ਭਾਰਤ ਵਿਚ ਕਈ ਨਸਲਾਂ (Ethnicity) ਨੇ ਇਕੱਠੇ ਹੋ ਕੇ ਭਾਰਤੀ ਕੌਮ (Indian Nation) ਦੇ ਨਾਮ ਹੇਠ ਭਾਰਤ ਆਜ਼ਾਦ ਕਰਾਇਆ। ਹੁਣ ਦੁਨੀਆਂ ਦੇ ਤਕਰੀਬਨ 193 ਮੁਲਕਾਂ ਵਿਚ 650 ਨਸਲਾਂ ਦੇ ਲੋਕ ਰਹਿੰਦੇ ਹਨ। ਪਹਿਲੇ ਮਹਾਂ-ਯੁੱਧ ਤੋਂ ਬਾਅਦ ਹੋਲੀ-ਹੋਲੀ ਆਜ਼ਾਦੀ ਕੌਮਾਂ ਦੇ ਆਧਾਰ ਤੇ ਹੋਣ ਲੱਗੀ ਅਤੇ ਇਹਨਾਂ ਨੂੰ ਹੀ Nation-State ਕਿਹਾ ਜਾਣ ਲੱਗਾ ਅਤੇ ਆਜ਼ਾਦੀ ਲੈਣ ਦਾ ਫਾਰਮੂਲਾ ਵੀ ਨੇਸ਼ਨ ਬਣਨ ਲੱਗਾ। ਇਹਨਾਂ ਸਟੇਟਾਂ ਨੇ ਹੀ ਇਕੱਠੇ ਹੋਕੇ UNO ਦੀ ਸਥਾਪਨਾ ਕੀਤੀ।
Nation State  ਦੇ ਰੂਪ ਵਿਚ ਹੋਂਦ ਵਿਚ ਆਏ  ਕਈ ਮੁਲਕਾਂ ਵਿਚਲੀ  ਬਹੁਗਿਣਤੀ ਕੌਮਾਂ ਨੇ ਲੋਕਤੰਤਰ ਦੇ ਨਾਮ ਹੇਠ ਸਾਰੀ ਸ਼ਕਤੀ ਦਾ ਕੇਂਦਰੀਕਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਹੜੀਆਂ ਹੋਰ ਨਸਲਾਂ (Ethnicities) ਉਨ੍ਹਾਂ ਨਾਲ ਆਜ਼ਾਦੀ ਦੇ ਰਾਹ ਦੀਆਂ ਹਮਸਫ਼ਰ ਸਨ ਉਨ੍ਹਾਂ ਦਾ ਹੀ ਗਲਾ ਘੋਟਨਾ ਸ਼ੁਰੂ ਕਰ ਦਿੱਤਾ। ਜਿਵੇਂ ਦਸਿਆ ਹੈ 650 ਨਸਲਾਂ ਨੇ ਆਪਣੀ ਕਿਸਮਤ 193 ਦੇਸ਼ਾਂ ਦੇ ਭੂਗੋਲਿਕ ਖੇਤਰ ਵਿਚ ਬੰਨ੍ਹ ਲਈ। ਹੁਣ ਜਦੋਂ ਇਨ੍ਹਾਂ ਨਸਲਾਂ ਦੇ ਇਤਿਹਾਸ, ਸਭਿਆਚਾਰ ਜਾਂ ਧਰਮ ਨੂੰ ਬਹੁਗਿਣਤੀ ਨੇ ਆਪਣੇ ਵਿਚ ਸਮੇਟਨਾ ਸ਼ੁਰੂ ਕਰ ਦਿੱਤਾ ਤਾਂ ਇਨ੍ਹਾਂ ਵਿਚੋਂ ਬਹੁਤੀਆਂ ਕੌਮਾਂ ਵੀ ਆਪਣੀ ਆਜ਼ਾਦੀ ਦੇ ਰਾਹ ਤੁਰ ਪਈਆਂ ਅਤੇ ਇਸ ਹਥਿਆਰਬੰਦ ਜੰਗ ਵਿੱਚ ਹੁਣ ਤੱਕ 32 ਮਿਲੀਅਨ ਮੌਤਾਂ ਸਿਰਫ਼ ਇਸ ਕਾਰਨ ਹੀ ਹੋਈਆਂ ਜਿਹੜੀ ਕਿ ਮਨੁੱਖੀ ਇਤਿਹਾਸ ਵਿਚ ਰਾਜਸੀ ਤਾਕਤ ਪ੍ਰਾਪਤ ਕਰਨ ਲਈ ਸਭ ਤੋਂ ਵੱਡੀ ਗਿਣਤੀ ਹੈ।
ਲੋਕਤੰਤਰ ਰਾਸ਼ਟਰਵਾਦ ਦੀ ਮਸ਼ੀਨ ਬਣ ਗਿਆ ਅਤੇ ਇਸ ਦੌਰ ਵਿੱਚ ਪਦਾਰਥਵਾਦੀ ਵਿਕਾਸ ਦੀ ਜਰੂਰਤ ਵਜੋਂ ਸੰਸਾਰੀਕਰਣ ਦੀ ਵਿਧੀ ਨੇ ਜਨਮ ਲਿਆ। ਲੋਕਤੰਤਰ ਬਾਰੇ ਬਹੁਤ ਵਿਸਥਾਰ ਨਾਲ ਨਾ ਜਾਂਦੇ ਹੋਏ ਇਸ ਵਿਚ ਵਣਜ (Commerce) ਨੂੰ ਜ਼ਿਆਦਾ ਤਰਜ਼ੀਹ ਮਿਲਣੀ ਸ਼ੁਰੂ ਹੋਈ ਕਿਉਂਕਿ ਵਿਉਪਾਰੀ ਲੋਕਤੰਤਰ ਦੀ ਪਿੱਠ ਥਾਪੜਨ ਲੱਗੇ। ਹੌਲੀ ਹੌਲੀ ਸਰਕਾਰੀ ਪ੍ਰਣਾਲੀ ਵਿਚ ਧਰਮ ਦੀ ਛਾਪ ਮੱਧਮ ਹੁੰਦੀ ਗਈ। ਬਹੁਤੀਆਂ Nation States ਧਰਮ ਉਤੇ ਆਧਾਰਿਤ ਵੀ ਨਹੀਂ ਸਨ ਅਤੇ ਕਈਆਂ ਨੇ ਧਰਮ ਨੂੰ ਸੰਵਿਧਾਨ ਦੇ ਘੇਰੇ ਵਿੱਚ ਨਿਹੱਥਾ (disarm) ਕਰ ਦਿੱਤਾ। ਇਸ ਵਰਤਾਰੇ ਵਿਚ ਵੱਡੀਆਂ ਤਾਕਤਾਂ ਨੇ ਇਕ ਸਾਂਝ ਬਣਾ ਲਈ ਅਤੇ ਵਿਉਪਾਰ ਦੇ ਆਧਾਰ ਤੇ ਹੀ ਸੰਧੀਆਂ ਹੋਣ ਲੱਗੀਆਂ। ਕਿਸੇ ਕੌਮ ਦੀ ਆਜ਼ਾਦੀ ਸਿਰਫ਼ ਤੇ ਸਿਰਫ਼ ਵੱਡੀਆਂ ਤਾਕਤਾਂ ਦਾ ਤੋਹਫ਼ਾ (Gift) ਹੋ ਕੇ ਰਹਿ ਗਈ। ਕੌਮਾਂ ਦੇ ਹੱਕ ਦਾ ਧਿਆਨ ਨਾ ਰੱਖਦੇ ਹੋਏ ਕੌਮਾਂ ਦੀ ਆਜ਼ਾਦੀ ਵੀ ਵਿਉਪਾਰ ਵਿਚ ਨਫੇਨੁਕਸਾਨ ਕਰਕੇ ਹੀ ਹੋਣ ਲੱਗੀ। ਜਿਹਨਾਂ ਦੇਸ਼ਾਂ ਵਿੱਚ ਕੌਮਾਂ ਦੀ ਹੱਕੀ ਆਜ਼ਾਦੀ ਲਈ ਸਵਿਧਾਨ ਵਿੱਚ ਕੋਈ ਸੁਵਿਧਾ ਨਹੀਂ ਸੀ ਉਥੇ ਹਥਿਆਰਬੰਦ ਜੰਗ ਨਾਲ ਆਜ਼ਾਦੀ ਲੈਣ ਦਾ ਤਰੀਕਾ ਅਪਣਾਇਆ ਗਿਆ ਪਰ ਮਹਾਂ-ਤਾਕਤਾਂ ਨੇ ਰਲ-ਮਿਲ ਕੇ ਇਹਨਾਂ ਨੂੰ ਦਬਾਉਣਾ ਸ਼ੁਰੂ ਕੀਤਾ ਜਿਹਨਾਂ ਵਿੱਚ ਤਾਮਿਲ, ਕਸ਼ਮੀਰੀ, ਸਿੱਖ, ਕੁਰਦ, ਬਾਸਕ, ਕੋਸਵੋ, ਪੈਲਸਟਾਈਨ ਆਦਿ। ਇਸੇ ਤਰਾਂ ਸਵਿਧਾਨ ਦੇ ਘੇਰੇ ਵਿੱਚ ਰਹਿਕੇ ਤਿੱਬਤ, ਕੈਟਲੋਨੀਆ, ਕਿਊਬਕ ਅਤੇ ਸਕਾਟਲੈਂਡ ਆਪਣੀ ਕਿਸਮਤ ਅਜ਼ਮਾ ਚੁੱਕੇ ਹਨ।
ਵੱਡੀਆਂ ਤਾਕਤਾਂ ਦਾ ਇਹ ਫੈਸਲਾ ਸਮਝਿਆ ਜਾ ਰਿਹਾ ਹੈ ਕਿ ਹੁਣ ਕੌਮੀ (Nation) ਅਧਾਰ ਤੇ ਨਵੇਂ ਮੁਲਕ ਨਹੀਂ ਬਣਨ ਦੇਣੇ ਕਿਉਂਕਿ ਇਹ ਵਿਸ਼ਵੀਕਰਨ ਦੇ ਰਾਹ ਵਿਚ ਰੋੜਾ ਹੈ ਜੋ ਕਿ ਇਕਸਾਰਤਾ ਦੀ ਮੰਗ ਕਰਦਾ ਹੈ ਤਾਂ ਜੋ ਵਣਜ ਨਫੇ ਦੀ ਗਰੰਟੀ ਕਰੇ। ਵੱਡੀਆਂ ਤਾਕਤਾਂ  ਸਾਰੀ ਦੁਨੀਆਂ ਨੂੰ ਇਕ ਯੂਨਿਟ ਬਨਾਉਣਾ ਚਾਹੁੰਦੀਆਂ ਹਨ ਜਿਸ ਵਿੱਚ ਇੱਕ ਤਰ੍ਹਾਂ ਦਾ ਨਵਾਂ ਸਭਿਆਚਾਰ ਅਤੇ ਅੰਗਰੇਜ਼ੀ ਭਾਸ਼ਾ ਹੋਵੇ ਜਿਸ ਕਾਰਨ ਸਾਰੀ ਦੁਨੀਆ ਹੀ ਉਹਦੀ ਮੰਡੀ ਹੋਵੇ। ਇਸ ਨਵੇਂ ਉਭਰ ਰਹੇ ਸ਼ਖਸ਼ੀ ਕਲਚਰ (Individualistic) ਵਿੱਚ ਆਪਣੀ ਕੌਮ ਦੇ ਧਰਮ, ਸਭਿਆਚਾਰ, ਸਾਹਿਤ, ਰਿਵਾਜ਼ਾਂ, ਭਾਸ਼ਾ ਲਈ ਕੋਈ ਜਗਾ੍ਹ ਨਹੀਂ। ਮਨੁੱਖ ਨਿੱਜੀ ਜਿੰਦਗੀ ਵਿੱਚ ਮਾਂ-ਪਿਉ ਦੀਆਂ ਬੰਦਸਾਂ ਤੋਂ ਲੈਕੇ ਵਿਆਹ ਕਰਾਉਣ ਤੱਕ, ਧਰਮ ਦੀ ਮਰਿਯਾਦਾ ਅਤੇ ਸਮਾਜਿਕ ਜ਼ਿੰਦਗੀ ਵਿੱਚ ਬਿਨਾਂ ਰੁਕਾਵਟ ਪੂਰੀ ਆਜ਼ਾਦੀ ਚਾਹੁੰਦਾ ਹੈ। ਕੌਮ ਲਈ ਮਰ-ਮਿਟਣਾਂ ਸਿਰਫ ਕੁੱਝ ਲੋਕਾਂ ਦੀ ਖੇਡ ਰਹਿ ਗਈ ਹੈ ਅਤੇ ਜਿਸਨੂੰ ਅਤਿਵਾਦ ਦਾ ਲੇਬਲ ਲਾਕੇ ਖ਼ਤਮ ਕਰਨ ਦੀ ਇੱਕ ਕਾਨੂੰਨੀ ਪ੍ਰਵਾਣਗੀ ਮਿਲ ਚੁੱਕੀ ਹੈ।
ਦੁਨੀਆਂ ਵਿਚ ਹੁਣ ਵਿਚਾਰ ਇਹ ਚਲਦਾ ਹੈ ਕਿ ਜੇ ਸਾਰੀਆਂ ਨਸਲਾਂ ਨੂੰ ਦੇਸ਼ ਦੇ ਦਿੱਤੇ ਜਾਣ ਤਾਂ ਦੁਨੀਆਂ ਛੋਟੇ-ਛੋਟੇ ਮੁਲਕਾਂ ਵਿਚ ਵੰਡੀ ਜਾਵੇਗੀ ਅਤੇ ਇਸ ਦੇ ਉਲਟ ਨਵਾਂ ਮਾਡਲ (Super National Umbrella) ਹੀ ਇੱਕ ਅਜਿਹਾ ਮਾਡਲ ਹੈ ਜਿਹੜਾ ਸਭ ਲਈ ਲਾਭਦਾਇਕ ਹੈ ਅਤੇ ਜ਼ਿਆਦਾ Diverse ਤੇ Tolerance  ਵਾਲਾ ਹੋਏਗਾ। ਇਸੇ ਅਧੀਨ ਯੂਰਪ ਵੀ ਇੱਕ ਇਕਾਈ (United States of Europe) ਬਣਨ ਵੱਲ ਤੁਰ ਪਿਆ ਹੈ। ਜਰਮਨੀ ਨੂੰ ਯੂਰਪ ਦਾ ਇੰਜਨ ਸਮਝਿਆ ਜਾਂਦਾ ਹੈ ਅਤੇ ਜਰਮਨੀ ਨੇ ਸਿੱਧੇ ਰੂਪ ਵਿਚ ਕਹਿ ਦਿੱਤਾ ਹੈ ਕਿ ਰਾਸ਼ਟਰਵਾਦ ਦੀ ਅੱਜ ਦੇ ਯੁੱਗ ਵਿਚ ਕੋਈ ਜਗ੍ਹਾ ਨਹੀਂ ਅਤੇ ਉਹ United States of Europe (ਅਮਰੀਕਾ ਵਾਂਗ) ਵਰਗੇ ਨਵੇਂ ਢਾਂਚੇ ਉਸਾਰਨ ਲਈ sovereignty ਤਿਆਗਣ ਲਈ ਵੀ ਤਿਆਰ ਹੈ।

ਲੰਡਨ ਦੀਆਂ ਉੱਚੀਆਂ ਇਮਾਰਤਾਂ ਵਿਚ ਦੁਨੀਆਂ ਦੇ ਮੰਨੇ-ਪ੍ਰਮੰਨੇ ਪੜ੍ਹੇ-ਲਿਖੇ, ਜਿਹਨਾਂ ਨੇ ਉੱਚ ਵਿਦਿਆ Harvard, IMT ਜਾਂ Oxford ਵਰਗੀਆਂ ਨਾਮੀ ਸੰਸਥਾਵਾਂ ਤੋਂ ਕੀਤੀ ਅਤੇ ਮਕੈਂਜੀ ਵਰਗੀਆਂ ਫਰਮਾਂ ਵਿਚੋਂ ਟਰੇਂਡ ਹੁੰਦੇ ਹਨ, ਦੁਨੀਆਂ ਦੇ ਮੁਲਕਾਂ ਦੀਆਂ ਸਰਕਾਰਾਂ ਚਲਾ ਰਹੇ ਹਨ ਅਤੇ ਬਹੁਤੇ ਮੁਲਕਾਂ ਦੀਆਂ ਸਰਕਾਰਾਂ ਦੇ ਮੁਖੀ ਵੀ ਹੁਣ ਇੱਥੋਂ ਹੀ ਨਿਕਲ ਰਹੇ ਹਨ। ਇਸ ਪੂੰਜੀਵਾਦੀ ਸੰਸਾਰ ਵਿਚ ਉਹਨਾਂ ਦੀ ਵਫਾਦਾਰੀ ਸਿਰਫ਼ ਆਪਣੇ ਨਾਲ ਹੈ ਜਾਂ ਜਿਹਨਾਂ ਨਾਲ ਉਹ ਵਿਉਪਾਰ ਕਰਦੇ ਹਨ।  Sovereign  bond, Hedge funds ਵਰਗੇ ਫੈਸਲੇ ਉਥੇ ਬੈਠਕੇ ਹੀ ਨਿਸਚਤ ਹੁੰਦੇ ਹਨ।
ਦੁਨੀਆਂ ਦੇ ਰਾਜਨੀਤੀ ਮਾਹਿਰਾਂ ਦੀ ਬਹਿਸ ਚੱਲ ਰਹੀ ਹੈ ਕਿ ‘ਕੀ ਰਾਸ਼ਟਰਵਾਦ ਆਪਣੇ ਆਖਰੀ ਸਾਹਾਂ ਤੇ ਹੈ ਅਤੇ ਸੰਨ 2050 ਤੱਕ ਯੂਰਪ ਇੱਕ ਇਕਾਈ ਵਜੋਂ ਕੰਮ ਕਰੇਗਾ ਅਤੇ ਦੁਨੀਆ ਦੇ ਮੁਲਕਾਂ ਦੀਆਂ ਹੱਦਾਂ ਵਿੱਚ ਫੇਰ ਬਦਲਾਅ ਆਵੇਗਾ?’ ਆਦਿ। ਦੁਨੀਆਂ ਵਿੱਚ ਚੱਲ ਰਹੀ ਇਸ ਰਾਸ਼ਟਰਵਾਦ ਅਤੇ ਭਵਿਖ ਦੀ ਰਾਜਨੀਤਿਕ ਸਫਬੰਦੀ ਦੀ ਬਹਿਸ ਵਿੱਚ ਸਿੱਖ ਕਿਧਰੇ ਵੀ ਸ਼ਾਮਿਲ ਨਹੀਂ। ਨਵੇਂ ਰਾਜਨੀਤਿਕ ਮਾਡਲ ਵਿੱਚ ਨਸਲਾਂ (Ethnic communities) ਲਈ ਇਹ ਇੱਕ ਚੈਲੰਜ ਹੈ ਕਿ ਉਹ ਕਿਹੜਾ ਮਾਡਲ ਹੋਵੇ ਜਿਸ ਵਿੱਚ ਦੁਨੀਆ ਆਪਣੇ ਧਰਮ, ਸਭਿਆਚਾਰ, ਭਾਸ਼ਾਂ ਨੂੰ ਬਰਕਰਾਰ ਰੱਖ ਸਕੇ ਅਤੇ ਭਿੰਨ-ਭਿੰਨ (Diverse) ਲੋਕ ਕਿਵੇਂ ਸਾਂਤੀ ਨਾਲ ਬਿਨਾ ਕਿਸੇ ਵਿਤਕਰੇ ਦੇ ਇੱਕਠੇ ਰਹਿ ਸਕਣ। ਸਿੱਖਾਂ ਵਿੱਚ ਕੋਈ ਵੀ ਅਜਿਹਾ ਸਕਾਲਰ ਨਹੀਂ ਜਿਹੜਾ ਦੁਨੀਆਂ ਵਿਚਲੀ ਹਾਲਤ ਨੂੰ ਸਮਝਦੇ ਹੋਏ ‘ਹਲੀਮੀ ਰਾਜ’ ਦੇ ਸਿਧਾਂਤ ਨੂੰ ਦੁਨੀਆ ਸਾਹਮਣੇ ਪੇਸ਼ ਕਰ ਸਕੇ ਕਿਉਂ ਕਿ ਮੇਰੀ ਨਿੱਜ਼ੀ ਜਾਣਕਾਰੀ ਮੁਤਾਬਕ ਇਹ ਇਸ ਕੰਮ ਵੱਲ ਇੱਕ ਕਦਮ ਵੀ ਤੁਰੇ ਨਹੀਂ।
ਸਿੱਖਾਂ ਨੂੰ ਖਾਲਸਾ ਰਾਜ ਬਾਰੇ ਕੋਈ ਵੀ ਕੰਮ ਕਰਨ ਲੱਗੇ ਇਸ ਅੰਤਰ-ਰਾਸ਼ਟਰੀ ਹਾਲਾਤ ਸਮੇਤ ਭਾਰਤ ਅਤੇ ਦੱਖਣੀ ਏਸ਼ੀਆ ਦੀ ਸਥਿਤੀ ਨੂੰ ਵੀ ਧਿਆਨ ਵਿੱਚ ਰੱਖਣਾ ਪਏਗਾ। ਉਸ ਤੋਂ ਬਾਅਦ ਸਿੱਖਾਂ ਦੀ ਅੰਦਰੂਨੀ ਹਾਲਾਤ ਤੇ ਵੀ ਨਜ਼ਰ ਪਾਉਣੀ ਪਏਗੀ ਅਤੇ ਸਿੱਖਾਂ ਵਿੱਚ ਕਿੰਨਾ ਕੁ ਹਿੱਸਾ ਅਸੀਂ ਆਪਣੇ ਨਾਲ ਜੋੜਨ ਵਿੱਚ ਕਾਮਯਾਬ ਹੋਏ ਹਾਂ, ਬਾਰੇ ਵਿਚਾਰ ਕਰਨਾ ਪਏਗਾ।
ਰਾਸ਼ਟਰਵਾਦ ਅਤੇ ਖਾਲਿਸਤਾਨ ਦੇ ਨਾਮ ਤੇ ਕਿਸੇ ਇੱਕ ਮੁੱਦੇ ਨੂੰ ਲੈਕੇ ਬਹਿਸ ਅਧੂਰੀ ਹੋਵੇਗੀ, ਸਾਨੂੰ ਬਹਿਸ ਲਈ ਇੱਕ ਵੱਡਾ ਦਾਇਰਾ ਮੁਕਰੱਰ ਕਰਨਾ ਪਏਗਾ ਅਤੇ ਬਹਿਸ ਦਾ ਪਲੇਟਫਾਰਮ ਵੀ ਢੰਗ ਦਾ ਚੁਨਣਾ ਪਏਗਾ। ਬਹਿਸ ਵਿੱਚ ਸ਼ਾਮਿਲ ਹੋਣ ਵਾਲਾ ਵਿਅਕਤੀ ਆਹਮੋ-ਸਾਹਮਣੇ ਕਈ ਦਿਨ ਬੈਠਕੇ ਇਸਨੂੰ ਕਿਸੇ ਸਿਰੇ ਲਾਉਣ ਲਈ ਤਿਆਰ ਹੋਣਾ ਚਾਹੀਦੈ। ਭੱਜੇ ਜਾਂਦੇ ਘੋੜੇ ਦੇ ਚਬਕਾਂ ਮਾਰੇ ਤੋਂ ਕੰਮ ਨਹੀਂ ਚਲਨਾਂ ਬਰਾਬਰ ਤੇ ਕੰਮ ਕਰਨ ਲਈ ਮੈਦਾਨ ਵਿੱਚ ਆਉਣਾ ਪਏਗਾ, ਬਾਤਾਂ ਪਾਉਣ ਦੀ ਮਿਆਦ ਹੁਣ ਪੁੱਗ ਗਈ ਹੈ। ਬਹਿਸ ਨੂੰ ਕੋਈ ਉਸਾਰੂ ਰੂਪ ਦੇਣ ਲਈ ਕੋਈ ਮਰਿਯਾਦਾ ਤਾਂ ਤਹਿ ਕਰਨੀ ਹੀ ਪਏਗੀ ਜਿਹੜੀ ਕਿ ਕੁੱਝ ਸੁਆਂਲਾਂ ਦੇ ਜੁਆਬਾਂ ਨਾਲ ਹੀ ਹੋਂਦ ਵਿੱਚ ਆ ਸਕਦੀ ਹੈ। ਭਾਵੇਂ ਖਿਡਾਰੀ ਨੇ ਖੇਡਨ ਤੋਂ ਪਹਿਲਾਂ ਕਈ ਦਰਸ਼ਕ ਇਕੱਠੇ ਕੀਤੇ ਹਨ ਜਿਹਨਾਂ ਦਾ ਇਸ ਬਹਿਸ ਵਿੱਚ ਰੋਲ ਲਾਂਬੂ ਲਾਉਣ ਵਾਲਾ ਹੀ ਹੋਵੇਗਾ ਪਰ ਜੇ ਇਰਾਦੇ ਵਿੱਚ ਸੁਹਿਰਦਤਾ ਹੋਈ ਤਾਂ ਜ਼ਰੂਰ ਕੋਈ ਨਾ ਕੋਈ ਉਸਾਰੂ ਗੱਲ ਸਾਹਮਣੇ ਆ ਜਾਵੇਗੀ।
ਸੁਆਲ ਇਸ ਤਰਾਂ ਹਨ;
ਕੀ ਸਿੱਖਾਂ ਕੋਲ ਆਜ਼ਾਦੀ ਲੈਣ ਦਾ ਰਾਹ ਸਿਰਫ ਤੇ ਸਿਰਫ ਨੇਸ਼ਨ ਸਟੇਟ ਵਾਲਾ ਪੈਂਤੜਾ ਹੀ ਹੈ ? ਕੀ ਨੇਸ਼ਨ ਸਟੇਟ ਪੱਥਰ ਦੇ ਲਿਖਿਆ ਸੱਚ ਹੈ?
ਜੇ ਇਹੀ ਰਾਹ ਹੈ ਤਾਂ ਉਸਦਾ ਕੀ roadmap ਹੈ ? ਕੋਈ ਦੇਸ਼ ਮਦਦ ਦੇਣ ਲਈ ਤਿਆਰ ਹੋ ਸਕਦਾ ਹੈ? ਉਹ ਕਿਹੜੇ ਕਿਹੜੇ ਕਾਰਨ ਹਨ ਜਿੰਨ੍ਹਾਂ ਕਰਕੇ ਕੋਈ ਵੀ ਮੁਲਕ ਸਿੱਖਾਂ ਦੀ ਆਜ਼ਾਦੀ ਦੀ ਪ੍ਰੋੜਤਾ ਕਰੇਗਾ?
ਖਾਲਿਸਤਾਨ ਦਾ ਭੂਗੋਲਿਕ ਦਾਇਰਾ, ਭਾਵ  ਇਸ ਦੀਆਂ ਸਰਹੱਦਾਂ ਕੀ ਹੋਣਗੀਆਂ, ਉਸ ਅੰਦਰ ਵੱਖ ਵੱਖ ਧਾਰਮਿਕ ਵਰਗਾਂ ਦੀ ਵਸੋਂ ਦਾ ਅਨੁਪਾਤ ਕੀ ਹੋਵੇਗਾ), ਅਤੇ ਉਸ ਵਿੱਚ ਰਾਜਸੀ ਤੰਤਰ ਦਾ ਸਰੂਪ ਕੀ ਹੋਵੇਗਾ, ਭਾਵ ਕੀ ਮੌਜੂਦਾ ਭਾਰਤੀ ਰਾਜ ਵਾਂਗ ਹਰ ਬਾਲਗ਼ ਨੂੰ ਵੋਟ ਦਾ ਹੱਕ ਹੋਵੇਗਾ ਜਾਂ ਕੋਈ ਵੱਖਰੀ ਤਰ੍ਹਾਂ ਦੀ ਚੋਣ ਵਿਧੀ ਅਮਲ ਵਿਚ ਲਿਆਂਦੀ ਜਾਵੇਗੀ, ਪ੍ਰੰਬਧਕੀ ਢਾਂਚਾਂ ਕਿਹੋ ਜਿਹਾ ਹੋਵੇਗਾ, ਸੰਵਿਧਾਨ ਵਿੱਚ ਧਰਮਾਂ/ਨਸਲਾਂ ਦਾ ਸਥਾਨ ਖਾਸ ਕਰ ਅਕਾਲ ਤੱਖਤ ਸਾਹਿਬ ਦਾ ਢਾਂਚੇ ਨਾਲ ਸਬੰਧ ਆਦਿ ਮੁਢਲੇ ਸੁਆਲਾਂ ਤੇ ਕੀ ਸਾਨੂੰ ਇਕਮੱਤ ਹੋਣ ਦੀ ਜਰੂਰਤ ਨਹੀਂ ਹੈ?
ਜਦੋਂ ਕੋਈ ਆਪਣੇ ਬਨਣ ਵਾਲੇ ਦੇਸ਼ ਦੀ ਰੂਪ-ਰੇਖਾ ਅਤੇ ਉਹਨੂੰ ਪ੍ਰਾਪਤ ਕਰਨ ਲਈ ਚੱਲ ਰਹੇ ਰਸਤੇ ਤੇ ਵਿਚਾਰ ਕਰੇ ਤਾਂ ਉਹਨੂੰ ਪੰਥ ਵਿਰੋਧੀ ਕਹਿਣਾ ਕਿਧਰੇ ਸਾਡੇ ਖਾਲਿਸਤਾਨ ਦੇ ਸ਼ਬਦ ਅਤੇ ਜੈਕਾਰਿਆਂ ਨਾਲ ਇਸ਼ਕ ਕਰਕੇ ਤਾਂ ਨਹੀਂ?
ਕੀ ਹਮੇਸ਼ਾ ਦੀ ਤਰਾਂ ਸਾਡੀ ਬਹਿਸ ਮੁੱਦੇ ਦੀ ਬਜਾਏ ਵਿਅਕਤੀਆਂ ਦੀ ਕਿਰਦਾਰਕੁਸ਼ੀ ਦੁਆਲੇ ਹੀ ਘੁੰਮੇਗੀ ?
ਦੁਨੀਆਂ ਵਿਚ ਇਹ ਮੰਨਿਆ ਜਾਂਦਾ ਹੈ ਕਿ  ਧਰਮ ਰਾਜਨੀਤੀ ਨੂੰ ਪ੍ਰੀਭਾਸ਼ਤ (ਡਿਫਾਇਨ) ਨਹੀਂ ਕਰਦਾ। ਸਿੱਖਾਂ ਅੱਗੇ ਇਹੀ ਚੈਂਲੰਜ ਹੈ ਕਿ ਦੁਨੀਆਂ ਨੂੰ ਕਿਹੜਾ ਮਾਡਲ ਦਿੱਤਾ ਜਾਵੇ ਜਿਥੇ ਧਰਮ ਰਾਜਨੀਤੀ ਨੂੰ ਡਿਫਾਇਨ ਕਰੇ ਅਤੇ ਸਾਰੀਆਂ ਭਿੰਨ-ਭਿੰਨ ਕੌਮਾਂ (Nations) ਇਕ ਭਾਈਚਾਰੇ (Community) ਦੇ ਤੌਰ ‘ਤੇ ਆਪਣੇ ਧਰਮ ਅਤੇ ਸਭਿਆਚਾਰ ਦੀ ਪੂਰਨ ਆਜ਼ਾਦੀ ਮਾਨਦੇ ਹੋਏ ਇਕੱਠੇ ਰਹਿ ਸਕਣ। ਇਸ ਮਾਡਲ ਨੇ ਵੀ ਦੁਨੀਆਂ ਦੀਆਂ ਹੱਦਾਂ ਵਿਚ ਤਬਦੀਲੀ ਲਿਆਉਣੀ ਹੈ ਅਤੇ ਇਸ ਤਬਦੀਲੀ ਵਿਚ ਸਿੱਖਾਂ ਨੂੰ ਖਾਲਿਸਤਾਨ ਦੀ ਪ੍ਰਾਪਤੀ ਲਾਜ਼ਮੀ ਹੈ ਅਤੇ ਸੰਭਵ ਵੀ ਹੈ। ਆਉ ਖਾਲਿਸਤਾਨ ਦੇ ਸ਼ਬਦ ਨੂੰ ਪਿਆਰ ਕਰਨ ਦੀ ਬਜਾਏ ਪੰਥ ਦੀ ਹੋਣੀ ਦੇ ਪਾਂਧੀ ਬਣੀਏ ਅਤੇ ਅਖਬਾਰਾਂ ਦੀ ਜਗ੍ਹਾ ਉਸਾਰੂ ਬਹਿਸ ਦਾ ਵੀ ਕੋਈ ਮਾਡਲ ਸਿਰਜੀਏ।