ਭੁਪਾਲ ਦਾ ਮੁਕਾਬਲਾ : ਖੋਖਲੇ ਤਰਕਾਂ ਦੇ ਤੀਰ

ਭੁਪਾਲ ਦਾ ਮੁਕਾਬਲਾ : ਖੋਖਲੇ ਤਰਕਾਂ ਦੇ ਤੀਰ

ਜਿਵੇਂ ਹੀ ਇਹ ਕੈਦੀ ਭੱਜੇ, ਸਰਕਾਰ ਨੇ ਉਨ੍ਹਾਂ ਦੇ ਪਿਛੇ ਪੁਲੀਸ ਦੌੜਾ ਦਿੱਤੀ ਅਤੇ ਪੁਲੀਸ ਨੇ ਉਨ੍ਹਾਂ ਨਿਹੱਥੇ ਅੱਤਵਾਦੀਆਂ ਨੂੰ ਮਾਰ ਦਿੱਤਾ। ਇਹ ਨਾਟਕ ਇਸ ਲਈ ਰਚਿਆ ਗਿਆ ਕਿ ਮੋਦੀ ਸਰਕਾਰ ਦੀ ਦਿਖ ਚਮਕਾਉਣੀ ਹੈ, ਉਤਰ ਪ੍ਰਦੇਸ਼ ਦੀ ਚੋਣ ਜਿੱਤਣੀ ਹੈ ਤੇ ਜਨਤਾ ਨੂੰ ਇਹ ਦੱਸਣਾ ਹੈ ਕਿ ਇਹ 56 ਇੰਚ ਦੀ ਛਾਤੀ ਵਾਲੀ ਸਰਕਾਰ ਹੈ।
ਵੇਦਪ੍ਰਤਾਪ ਵੈਦਿਕ
ਭੁਪਾਲ ਦੀ ਜੇਲ੍ਹ ‘ਚੋਂ ਭੱਜਣ ਵਾਲੇ ਅੱਤਵਾਦੀਆਂ ਨੂੰ ਮਾਰ ਕੇ ਮੱਧ ਪ੍ਰਦੇਸ਼ ਪੁਲੀਸ ਨੇ ਮਿਸਾਲ ਕਾਇਮ ਕੀਤੀ ਹੈ। ਉਸ ਨੇ ਅੱਗੇ ਤੋਂ ਭੱਜਣ ਵਾਲੇ ਭਗੌੜਿਆਂ ਦੀਆਂ ਹੱਡੀਆਂ ਵਿਚ ਕੰਬਨੀ ਛੇੜ ਦਿੱਤੀ ਹੋਵੇਗੀ। ਜੇਕਰ ਸਰਕਾਰ ਜੇਲ੍ਹਾਂ ਦੇ ਦਰਵਾਜ਼ੇ ਖੋਲ੍ਹ ਵੀ ਦੇਵੇ ਤਾਂ ਵੀ ਅੱਤਵਾਦੀ ਭੱਜਣਾ ਪਸੰਦ ਨਹੀਂ ਕਰਨਗੇ। ਉਹ ਮਰਨ ਦੀ ਬਜਾਏ ਜੇਲ੍ਹ ਵਿਚ ਮੁਫ਼ਤ ਦੀਆਂ ਰੋਟੀਆਂ ਤੋੜਨਾ ਜ਼ਿਆਦਾ ਪਸੰਦ ਕਰਨਗੇ। 2013 ਵਿਚ ਖੰਡਵਾ ਜੇਲ੍ਹ ‘ਚੋਂ ਭੱਜੇ ਅੱਤਵਾਦੀ ਦੇਸ਼ ਦੇ ਵੱਖ ਵੱਖ ਇਲਾਕਿਆਂ ‘ਚੋਂ ਫੜੇ ਗਏ ਸਨ। ਖੰਡਵਾ ਜੇਲ੍ਹ ਦੇ ਉਨ੍ਹਾਂ ਹੀ ਅੱਤਵਾਦੀਆਂ ਨੇ ਭੁਪਾਲ ਜੇਲ੍ਹ ਦੇ ਸਾਥੀ ਨੂੰ ‘ਦੂਸਰੇ ਖੰਡਵਾ’ ਲਈ ਭੜਕਾਇਆ ਹੋਵੇਗਾ।
ਸਾਜ਼ਿਸ਼ ਕਾਫ਼ੀ ਤਕੜੀ ਸੀ। ਸਭ ਤੋਂ ਪਹਿਲਾਂ ਸੀ.ਸੀ.ਟੀ.ਵੀ. ਦੇ ਕੈਮਰੇ ਦੇ ਤਾਰ ਕੱਟੇ। ਦੀਵਾਰ ਪਾਰ ਕਰਨ ਲਈ ਚਾਦਰਾਂ ਤੋਂ ਰੱਸੀ ਦਾ ਕੰਮ ਲਿਆ। ਇਸ ਲਈ ਉਨ੍ਹਾਂ ਨੇ ਕਿਹੜੀ ਰਾਤ ਚੁਣੀ? ਦੀਵਾਲੀ ਦੀ ਰਾਤ। ਜਦੋਂ ਵੱਡੇ ਅਫ਼ਸਰ ਅਕਸਰ ਛੁੱਟੀ ‘ਤੇ ਅਤੇ ਸਾਧਾਰਨ ਜਵਾਨ ਤੇ ਕੈਦੀ ਵੀ ਉਤਸਵ ਦੇ ਮੂਡ ਵਿਚ ਹੁੰਦੇ ਹਨ। ਪਰ ਹੌਲਦਾਰ ਰਮਾਸ਼ੰਕਰ ਯਾਦਵ ਨੇ ਜਾਨ ‘ਤੇ ਖੇਡ ਕੇ ਇਨ੍ਹਾਂ ਭਗੌੜਿਆਂ ਨੂੰ ਰੋਕਿਆ। ਇਕ ਹੌਲਦਾਰ ਅਤੇ 8 ਮੁਸਟੰਡੇ। ਉਨ੍ਹਾਂ ਨੇ ਯਾਦਵ ਦੀ ਹੱਤਿਆ ਕਰ ਦਿੱਤੀ ਤੇ ਇਕ ਹੋਰ ਜਵਾਨ ਨੂੰ ਅਧਮਰਿਆ ਕਰ ਦਿੱਤਾ। ਕੀ ਉਨ੍ਹਾਂ ਨੇ ਕੁਝ ਹਥਿਆਰਾਂ ਦਾ ਇਸਤੇਮਾਲ ਨਹੀਂ ਕੀਤਾ ਹੋਵੇਗਾ? ਕੀ ਉਨ੍ਹਾਂ ਨੇ ਇਨ੍ਹਾਂ ਪੁਲੀਸ ਵਾਲਿਆਂ ਦੇ ਹਥਿਆਰ ਉਥੇ ਪਏ ਰਹਿਣ ਦਿੱਤੇ ਹੋਣਗੇ? ਉਹ ਡਰਪੋਕ ਅੱਤਵਾਦੀ ਹਨ, ਕੁਸ਼ਤੀ ਲੜਨ ਵਾਲੇ ਪਹਿਲਵਾਨ ਨਹੀਂ। ਉਹ ਨਿਹੱਥਿਆਂ ‘ਤੇ ਵਾਰ ਕਰਨ ਵਾਲੇ ਬਰਹਿਮ ਸ਼ਸ਼ਤਰਧਾਰੀਆਂ, ਜੰਗਲੀ ਪਸ਼ੂਆਂ ਨਾਲੋਂ ਵੀ ਵਧੇਰੇ ਖੂੰਖਾਰ ਹੁੰਦੇ ਹਨ। ਮਨੁੱਖੀ ਅਧਿਕਾਰ ਕਮਿਸ਼ਨ ਨੇ ਸਾਰੇ ਮਾਮਲੇ ‘ਤੇ ਮੱਧ ਪ੍ਰਦੇਸ਼ ਸਰਕਾਰ ਤੋਂ ਰਿਪੋਰਟ ਮੰਗੀ ਹੈ, ਉਹ ਤਾਂ ਉਸ ਨੇ ਠੀਕ ਕੀਤਾ, ਪਰ ਉਸ ਤੋਂ ਪਹਿਲਾਂ ਇਹ ਵੀ ਤੈਅ ਕਰਨਾ ਚਾਹੀਦਾ ਹੈ ਕਿ ਮਨੁੱਖ ਕੌਣ ਹੈ ਤੇ ਅਧਿਕਾਰ ਕਿਸ ਦੇ ਹੁੰਦੇ ਹਨ? ਜਿਨ੍ਹਾਂ ਦੇ ਅਧਿਕਾਰ ਹੁੰਦੇ ਹਨ, ਉਨ੍ਹਾਂ ਦੇ ਕੁਝ ਫਰਜ਼ ਵੀ ਹੁੰਦੇ ਹਨ ਜਾਂ ਨਹੀਂ ਹੁੰਦੇ?
ਜੇਕਰ ਇਹ ਅੱਤਵਾਦੀ ਮਾਰੇ ਜਾਂ ਫੜੇ ਨਾ ਜਾਂਦੇ ਤਾਂ ਸਮਝ ਲਓ ਕਿ ਮੱਧ ਪ੍ਰਦੇਸ਼ ਦੀ ਸ਼ਿਵਰਾਜ ਚੌਹਾਨ ਅਤੇ ਕੇਂਦਰ ਦੀ ਮੋਦੀ ਸਰਕਾਰ ‘ਤੇ ਏਨਾ ਜ਼ਬਰਦਸਤ ਹਮਲਾ ਹੁੰਦਾ ਕਿ ਉਨ੍ਹਾਂ ਦਾ ਜਿਊਣਾ ਹਰਾਮ ਹੋ ਜਾਂਦਾ। ਵਿਰੋਧੀ ਤਾਂ ਉਨ੍ਹਾਂ ਨੂੰ ਉਲਟਾ ਟੰਗਣ ਦੀ ਕੋਸ਼ਿਸ਼ ਕਰਦੇ ਹੀ, ਜਨਤਾ ਵਿਚ ਵੀ 56 ਇੰਚ ਦੀ ਛਾਤੀ ਦਾ ਮਜ਼ਾਕ ਉਡਦਾ। ਦੋਵੇਂ ਸਰਕਾਰਾਂ ਭਾਜਪਾ ਦੀਆਂ ਹਨ। ਭੁਪਾਲ ਦੀ ਸਜ਼ਾ ਦਿੱਲੀ ਨੂੰ ਵੀ ਭੁਗਤਨੀ ਪੈਂਦੀ। ਅੱਤਵਾਦੀਆਂ ਦੇ ਹੌਸਲੇ ਹੋਰ ਬੁਲੰਦ ਹੋ ਜਾਂਦੇ ਪਰ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਅਤੇ ਉਨ੍ਹਾਂ ਦੀ ਪੁਲੀਸ ਨੇ ਇਹ ਕੰਮ ਕਰ ਦਿਖਾਇਆ ਕਿ ਜਨਤਾ  ਉਨ੍ਹਾਂ ਨੂੰ ਵਧਾਈਆਂ ਦੇ ਰਹੀ ਹੈ। ਪਰ ਇਨ੍ਹਾਂ ਵਧਾਈਆਂ ਨੇ ਅਨੇਕ ਬਿਆਨਵੀਰ ਨੇਤਾਵਾਂ ਨੂੰ ਨਿਰਾਸ਼ ਕਰ ਦਿੱਤਾ। ਫਿਰ ਵੀ ਉਹ ਮੰਨੇ ਨਹੀਂ। ਉਹ ਕਹਿਣ ਲੱਗੇ ਕਿ ਅੱਤਵਾਦੀਆਂ ਅਤੇ ਪੁਲੀਸ ਵਿਚਾਲੇ ਹੋਏ ਮੁਕਾਬਲੇ ਫਰਜ਼ੀ ਹਨ। ਪਹਿਲਾਂ ਵੀ ਉਨ੍ਹਾਂ ਨੇ ਪਾਕਿਸਤਾਨ ਖ਼ਿਲਾਫ਼ ਕੀਤੀ ਗਈ ਸਰਜੀਕਲ ਸਟਰਾਈਕ ਨੂੰ ਫਰਜ਼ੀਕਲ ਸਟਰਾਈਕ ਕਹਿ ਦਿੱਤਾ ਸੀ। ਭੁਪਾਲ ਕੋਲ ਈਂਟਖੇੜੀ ਵਿਚ ਜੋ ਹੋਇਆ ਹੈ, ਉਸ ਨੂੰ ਕਰੋੜਾਂ ਲੋਕ ਹੁਣ ਤਕ ਦੇਖ ਚੁੱਕੇ ਹਨ। ਇਸ ਮੁਕਾਬਲੇ ਬਾਰੇ ਵੀ ਕਈ ਸ਼ੱਕ ਖੜ੍ਹੇ ਹੋ ਗਏ ਹਨ। ਕਿਹਾ ਇਹ ਜਾ ਰਿਹਾ ਹੈ ਕਿ ਅੱਤਵਾਦੀਆਂ ਦਾ ਜੇਲ੍ਹ ਤੋੜ ਕੇ ਭੱਜਣਾ ਅਤੇ ਪੁਲੀਸ ਦਾ ਉਨ੍ਹਾਂ ਨੂੰ ਮਾਰ ਦੇਣਾ ਪਹਿਲਾਂ ਹੀ ਮਿੱਥੀ ਯੋਜਨਾ ਦਾ ਨਤੀਜਾ ਹੈ। ਇਸ ਦਾ ਕੀ ਅਰਥ ਕੱਢਿਆ ਜਾਵੇ? ਕੀ ਇਹ ਕੀ ਸੂਬਾ ਸਰਕਾਰ ਨੇ ਅੱਤਵਾਦੀਆਂ ਨੂੰ ਕਿਹਾ ਕਿ ਤੁਹਾਨੂੰ ਭੱਜ ਜਾਣ ਦਾ ਮੌਕਾ ਦਿੱਤਾ ਜਾਵੇਗਾ। ਅਸੀਂ ਤੁਹਾਨੂੰ ਨਵੇਂ ਕੱਪੜੇ, ਜੁੱਤੇ ਤੇ ਘੜੀਆਂ ਵਗੈਰਾ ਵੀ ਦੇ ਦਿੰਦੇ ਹਾਂ ਤਾਂ ਕਿ ਜਦੋਂ ਤੁਸੀਂ ਇਕੋ ਸਮੇਂ ਬਾਹਰ ਨਿਕਲੋ ਤਾਂ ਕੈਦੀਆਂ ਦੇ ਕੱਪੜਿਆਂ ਵਿਚ ਪਛਾਣੇ ਨਾ ਜਾਵੋ। ਉਧਰ ਪੁਲੀਸ ਨੂੰ ਵੀ ਸਾਵਧਾਨ ਕਰ ਦਿੱਤਾ ਕਿ ਤੁਸੀਂ ਤਿਆਰੀ ਰੱਖਣਾ। ਜਿਵੇਂ ਹੀ ਇਹ ਕੈਦੀ ਭੱਜੇ, ਸਰਕਾਰ ਨੇ ਉਨ੍ਹਾਂ ਦੇ ਪਿਛੇ ਪੁਲੀਸ ਦੌੜਾ ਦਿੱਤੀ ਅਤੇ ਪੁਲੀਸ ਨੇ ਉਨ੍ਹਾਂ ਨਿਹੱਥੇ ਅੱਤਵਾਦੀਆਂ ਨੂੰ ਮਾਰ ਦਿੱਤਾ। ਇਹ ਨਾਟਕ ਇਸ ਲਈ ਰਚਿਆ ਗਿਆ ਕਿ ਮੋਦੀ ਸਰਕਾਰ ਦੀ ਦਿਖ ਚਮਕਾਉਣੀ ਹੈ, ਉਤਰ ਪ੍ਰਦੇਸ਼ ਦੀ ਚੋਣ ਜਿੱਤਣੀ ਹੈ ਤੇ ਜਨਤਾ ਨੂੰ ਇਹ ਦੱਸਣਾ ਹੈ ਕਿ ਇਹ 56 ਇੰਚ ਦੀ ਛਾਤੀ ਵਾਲੀ ਸਰਕਾਰ ਹੈ।
ਕੀ ਕਿਸੇ ਖੁੱਲ੍ਹੇ ਲੋਕਤੰਤਰ ਵਿਚ ਏਨੀ ਡੂੰਘੀ ਸਾਜ਼ਿਸ਼ ਲੁਕੀ ਰਹਿ ਸਕਦੀ ਹੈ? ਅਜਿਹੀ ਸਾਜ਼ਿਸ਼ ਦੀ ਕਲਪਨਾ ਹੀ ਕਿਸੇ ਦਿਮਾਗ਼ੀ ਫਿਤੂਰ ਤੋਂ ਘੱਟ ਨਹੀਂ ਹੈ। ਇਹ ਠੀਕ ਹੈ ਕਿ ਪੁਲੀਸ ਇਕਤਰਫ਼ਾ ਮੁਕਾਬਲਾ ਕਰਦੀ ਰਹਿੰਦੀ ਹੈ ਤੇ ਕਈ ਵਾਰ ਮਾਸੂਮ ਅਤੇ ਨਿਹੱਥੇ ਲੋਕ ਵੀ ਮਾਰੇ ਜਾਂਦੇ ਹਨ। ਅਜਿਹੇ ਮਾਮਲਿਆਂ ਦੀ ਕਠੋਰ ਤੇ ਨਿਰਪੱਖ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਤੇ ਉਨ੍ਹਾਂ ‘ਤੇ ਤਿੱਖੇ ਸਵਾਲ ਵੀ ਪੁਛੇ ਜਾਣੇ ਚਾਹੀਦੇ ਹਨ ਪਰ ਕੀ ਇਹ ਅੱਤਵਾਦੀ ਬੇਕਸੂਰ ਸਨ? ਉਨ੍ਹਾਂ ਨੇ ਅੱਤਵਾਦੀਆਂ ਦੇ ਨਾਤੇ ਕਿੰਨੇ ਭਿਆਨਕ ਜੁਰਮ ਕੀਤੇ ਹਨ, ਇਹ ਤਾਂ ਅਦਾਲਤਾਂ ਨੇ ਤੈਅ ਕਰਨਾ ਸੀ। ਹੋ ਸਕਦਾ ਹੈ ਕਿ ਉਨ੍ਹਾਂ ਵਿਚੋਂ ਕੁਝ ਬੇਗੁਨਾਹ ਵੀ ਸਿੱਧ ਹੋ ਜਾਂਦੇ ਪਰ ਉਨ੍ਹਾਂ ਨੇ ਜੇਲ੍ਹ ‘ਚੋਂ ਭੱਜਦੇ ਸਮੇਂ ਜੋ ਕੀਤਾ, ਕੀ ਇਹ ਉਨ੍ਹਾਂ ਨੂੰ ਬੇਕਸੂਰ ਰਹਿਣ ਦਿੰਦਾ ਹੈ? ਉਨ੍ਹਾਂ ਸਾਰਿਆਂ ਨੇ ਮਿਲ ਕੇ ਹੌਲਦਾਰ ਯਾਦਵ ਦੀ ਹੱਤਿਆ ਕੀਤੀ, ਇਕ ਜਵਾਨ ਨੂੰ ਮਾਰ-ਮਾਰ ਕੇ ਅਧਮਰਿਆ ਕਰ ਦਿੱਤਾ, ਜੇਲ੍ਹ ਦੀ ਦੀਵਾਰ ਅਤੇ ਜੰਦਰੇ ਤੋੜ ਦਿੱਤੇ ਤੇ ਦੀਵਾਰ ਕੁੱਦ ਕੇ ਭੱਜ ਨਿਕਲੇ। ਏਨਾ ਹੀ ਨਹੀਂ, ਘੇਰੇ ਜਾਣ ‘ਤੇ ਉਹ ਹਤਿਆਰੇ ਆਤਮ-ਸਮਰਪਣ ਕਰ ਦਿੰਦੇ ਤਾਂ ਉਨ੍ਹਾਂ ਨੂੰ ਚਪੇੜ ਮਾਰਨਾ ਵੀ ਗ਼ਲਤ ਹੁੰਦਾ, ਪਰ ਉਨ੍ਹਾਂ ਨੇ ਪੁਲੀਸ ਦਾ ਮੁਕਾਬਲਾ ਕੀਤਾ, ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੱਥਰਾਂ ਨਾਲ ਵਾਰ ਕੀਤਾ। ਉਨ੍ਹਾਂ ਕੋਲ ਹਥਿਆਰ ਸਨ ਜਾਂ ਨਹੀਂ, ਇਸ ‘ਤੇ ਵੱਖ ਵੱਖ ਤੱਥ ਸਾਹਮਣੇ ਆ ਰਹੇ ਹਨ, ਪਰ ਉਨ੍ਹਾਂ ਨੇ ਗੋਲੀਆਂ ਚਲਾਈਆਂ ਜਾਂ ਨਹੀਂ, ਜੇਕਰ ਪੁਲੀਸ ਉਨ੍ਹਾਂ ਦਾ ਕੰਮ ਤਮਾਮ ਨਾ ਕਰਦੀ ਤਾਂ ਕੀ ਕਰਦੀ? ਉਨ੍ਹਾਂ ਵਿਚੋਂ ਇਕ-ਅੱਧ ਬਚ ਜਾਂਦਾ ਤਾਂ ਬਿਹਤਰ ਹੁੰਦਾ, ਪਰ ਮੁਕਾਬਲੇ ਵੇਲੇ ਏਨਾ ਹੋਸ਼ ਕਿਸ ਨੂੰ ਰਹਿੰਦਾ ਹੈ? ਜਾਂ ਤਾਂ ਤੁਸੀਂ ਉਨ੍ਹਾਂ ਨੂੰ ਮਾਰੋ ਜਾਂ ਖ਼ੁਦ ਮਰੋ!
ਕੁਝ ਨੇਤਾਵਾਂ ਨੇ ਇਹ ਸਵਾਲ ਵੀ ਪੁਛਿਆ ਹੈ ਕਿ ਸਿਰਫ਼ ਮੁਸਲਮਾਨ ਕੈਦੀਆਂ ਨੂੰ ਹੀ ਕਿਉਂ ਮਰਵਾਇਆ ਗਿਆ? ਇਸ ਤਰਕ ‘ਤੇ ਕੀ ਕਿਹਾ ਜਾਵੇ? ਜਦੋਂ ਨੇਤਾਵਾਂ ਨੇ ਦੇਖਿਆ ਕਿ ਉਨ੍ਹਾਂ ਦੇ ਹੋਰਨਾਂ ਬਚਗਾਨਾ ਸਵਾਲਾਂ ‘ਤੇ ਲੋਕ ਹੱਸ ਰਹ ਹਨ ਤਾਂ ਉਨ੍ਹਾਂ ਨੇ ਆਪਣੇ ਖਾਲੀ ਤਰਕਸ਼ ‘ਚੋਂ ਇਹ ਤੀਰ ਕੱਢਿਆ। ਇਸ ਸਾਰੀ ਘਟਨਾ ਨੂੰ ਫਿਰਕੂ ਰੰਗ ਵਿਚ ਰੰਗਣ ਵਾਲੇ ਨੇਤਾ ਇਹ ਭੁੱਲ ਜਾਂਦੇ ਹਨ ਕਿ ਅਜਿਹਾ ਤਰਕ ਕਰਕੇ ਉਹ ਭਾਜਪਾ ਦੇ ਵੋਟ-ਬੈਂਕ ਨੂੰ ਮਜ਼ਬੂਤ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਦੇਸ਼ ਦੇ ਕਰੋੜਾਂ ਦੇਸ਼ ਭਗਤ ਮੁਸਲਮਾਨਾਂ ਨਾਲ ਅਣਜਾਣੇ ਹੀ ਦੁਸ਼ਮਣੀ ਕਰ ਰਹੇ ਹਨ। ਇਨ੍ਹਾਂ ਅੱਤਵਾਦੀਆਂ ਨੂੰ ਦੇਸ਼ ਦੇ ਮੁਸਲਮਾਨਾਂ ਨਾਲ ਸਿੱਧਾ ਜੋੜ ਰਹੇ ਹਨ। ਉੜੀਸਾ ਵਿਚ ਕੁਝ ਦਿਨ ਪਹਿਲਾਂ ਹੋਏ ਮੁਕਾਬਲੇ ਵਿਚ ਕਈ ਅੱਤਵਾਦੀ ਮਾਰੇ ਗਏ। ਕੀ ਇਹ ਮੁਸਲਮਾਨ ਸਨ? ਇਹ ਨਕਸਲੀ ਸਨ ਤੇ ਹਿੰਦੂ ਸਨ। ਉਦੋਂ ਤਾਂ ਕਿਸੇ ਨੇਤਾ ਦਾ ਮੂੰਹ ਵੀ ਨਹੀਂ ਖੁੱਲ੍ਹਿਆ। ਕਿਉਂ? ਕਿਉਂਕਿ ਉਹ ਮੂੰਹ ਖੋਲ੍ਹਦੇ ਤਾਂ ਉਸ ਵਿਚ ਸਿਆਸੀ ਹਲਵਾ-ਪੂਰੀ ਨਹੀਂ ਮਿਲਣੀ ਸੀ। ਭੁਪਾਲ ਦੇ ਮੁਕਾਬਲੇ ਨੇ ਵੀ ਉਨ੍ਹਾਂ ਦੀ ਹਲਵਾ-ਪੂਰੀ ਖੋਹ ਲਈ, ਪਰ ਹੁਣ ਉਹ ਤਰਕਾਂ ਦੇ ਚਨੇ-ਮੁਰਮਰੇ ਨਾਲ ਆਪਣਾ ਢਿੱਡ ਭਰ ਰਹੇ ਹਨ। ਇਹ ਠੀਕ ਹੈ ਕਿ ਇਸ ਮੁੱਦੇ ‘ਤੇ ਆਮ ਲੋਕ ਵਿਰੋਧੀਆਂ ਦੇ ਖੋਖਲੇ ਤਰਕਾਂ ‘ਤੇ ਧਿਆਨ ਨਹੀਂ ਦੇ ਰਹੇ ਤੇ ਅੱਤਵਾਦੀਆਂ ਦੀ ਹੱਤਿਆ ‘ਤੇ ਸੰਤੋਸ਼ ਪ੍ਰਗਟ ਕਰ ਰਹੇ ਹਨ ਪਰ ਸਭ ਇਹ ਜਾਣਨਾ ਚਾਹੁੰਦੇ ਹਨ ਕਿ ਸੂਬਿਆਂ ਦੀਆਂ ਇਹ ਜੇਲ੍ਹਾਂ, ਜੇਲ੍ਹਾਂ ਹਨ ਜਾਂ ਧਰਮਸ਼ਾਲਾਵਾਂ ਹਨ? ਇਨ੍ਹਾਂ ਵਿਚ ਗ੍ਰਿਫ਼ਤਾਰ ਅਪਰਾਧੀ ਵੀ ਨੇਤਾਵਾਂ ਵਾਂਗ ਮੌਜ-ਮਜੇ ਕਰਦੇ ਹਨ ਤੇ ਜਦੋਂ ਚਾਹੇ ਜੇਲ੍ਹ ਤੋੜ ਕੇ ਫਰਾਰ ਹੋ ਜਾਂਦੇ ਹਨ। ਇਸ ਲਾਪ੍ਰਵਾਹੀ ਦੀ ਜਾਂਚ ਸਿਰਫ਼ ਮੱਧ ਪ੍ਰਦੇਸ਼ ਦੀ ਹੀ ਨਹੀਂ, ਭਾਰਤ ਦੀਆਂ ਸਾਰੀਆਂ ਜੇਲ੍ਹਾਂ ਬਾਰੇ ਹੋਣੀ ਚਾਹੀਦੀ ਹੈ।
(ਲੇਖਕ ਭਾਰਤੀ ਵਿਦੇਸ਼ ਨੀਤੀ ਪ੍ਰੀਸ਼ੱਦ ਦੇ ਮੁਖੀ ਹਨ। )