ਰੋਮ ਰੋਮ ਮੇਰਾ ਨਾਨਕ ਵਸੇ, ਨਾਨਕ ਨਾਨਕ ਆਖਾਂ

ਰੋਮ ਰੋਮ ਮੇਰਾ ਨਾਨਕ ਵਸੇ, ਨਾਨਕ ਨਾਨਕ ਆਖਾਂ

ਆਪਜੀ ਨੇ ਸੱਜਣ ਠੱਗ, ਕੌਡੇ ਰਾਕਸ਼ ਅਤੇ ਵਲੀ ਕੰਧਾਰੀ ਜਿਹੇ ਆਦਮ ਖੋਰਾਂ ਨੂੰ ਆਪਣੇ ਪ੍ਰਬਚਨਾਂ ਸਦਕਾ ਇੱਕ ਨਵੀਂ ਜੀਵਨ ਜਾਂਚ ਦਿੱਤੀ ਅਤੇ ਗਰੀਬਾਂ ਨੂੰ ਆਪਣੇ ਗਲੇ ਲਾਇਆ। ਬਾਬਰ ਨੂੰ ਜਾਬਰ ਕਿਹਾ, ਗੱਲ ਕੀ ਸੱਚ ਬੋਲਣਾ ਅਤੇ ਸੱਚ ‘ਤੇ ਪਹਿਰਾ ਦੇਣਾ ਉਹ ਵੀ ਬਿਨਾਂ ਕਿਸੇ ਡਰ ਤੋਂ। ਵਹਿਮਾਂ ਭਰਮਾਂ ਅਤੇ ਪਾਖੰਡਾ ਤੋਂ ਲੋਕਾਂ ਨੂੰ ਲਗਾਤਾਰ ਸੁਚੇਤ ਕਰਦੇ ਰਹੇ।

ਸੰਜੀਵ ਝਾਂਜੀ, ਜਗਰਾਉਂ

ਰੋਮ ਰੋਮ ਮੇਰਾ ਨਾਨਕ ਵਸੇ, ਨਾਨਕ ਨਾਨਕ ਆਖਾਂ
ਨਾਨਕ ਦੇਖਾਂ ਨਾਨਕ ਆਖਾਂ ਨਾਨਕ ਸੁਣ ਜਾ ਜੀਵਾਂ,
ਨਾਨਕ ਲਿਖਾਂ ਨਾਨਕ ਪੜ੍ਹਾਂ ਨਾਨਕ ਸੋਚ ਸਜੀਵਾਂ।
ਨਾਨਕ ਇਕ ਅਜਿਹਾ ਨਾਮ ਹੈ ਜਿਹੜਾ ਰੋਮਓਰੋਮ ‘ਚ ਵਾਸਾ ਕਰਦਾ ਹੈ।
ਰੋਮ ਰੋਮ ਮੇਰਾ ਨਾਨਕ ਵਸੇ, ਨਾਨਕ ਨਾਨਕ ਆਖਾਂ
ਧੰਨ ਗੁਰ ਨਾਨਕ ਧੰਨ ਗੁਰ ਨਾਨਕ ਇਹੀਉ ਰਾਗ ਅਲਾਪਾਂ।
ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਜਿਹੇ ਸਮੇ ਵਿਚ ਹੋਇਆ ਜਦੋਂ ਚਾਰੇ ਪਾਸੇ ਅਗਿਆਨਤਾ ਦਾ ਘੁੱਪ ਹਨੇਰਾ ਪਸਰਿਆ ਹੋਇਆ ਸੀ। ਮਨੁੱਖਤਾ ਵਹਿਮਾਂ ਭਰਮਾਂ ਵਿਚ ਫਸੀ ਅਤੇ ਉਲਝੀ ਹੋਈ ਸੀ। ਇਹ ਸੁਲਤਾਨਾਂ ਦਾ ਸਮਾਂ ਸੀ। ਸੁਲਤਾਨਾਂ ਦੇ ਸਮੇਂ ਤੱਕ ਭਾਰਤ ਵਿੱਚ ਮੁਸਲਮਾਨਾਂ ਨੂੰ ਰਹਿੰਦੇ ਕਾਫੀ ਸਮਾਂ ਹੋ ਚੁੱਕਾ ਸੀ। ਉਨ੍ਹਾਂ ਹਿੰਦੂ ਧਰਮ ਨੂੰ ਕਾਫੀ ਪ੍ਰਭਾਵਿਤ ਕੀਤਾ ਅਤੇ ਇਸ ਨੂੰ ਮਚੋੜਣ ਅਤੇ ਖੇਰੂ ਖੇਰੂ ਕਰਨ ਵਿਚ ਕੋਈ ਕਸਰ ਬਾਕੀ ਨਹੀ ਛੱਡੀ। ਇਸ ਕਾਰਨ ਦੇਸ਼ ਵਿੱਚ ਇੱਕ ਨਵੀਂ ਧਾਰਮਿਕ ਲਹਿਰ ਚੱਲੀ। ਉਤਰੀ ਭਾਰਤ ਵਿੱਚ ਇਸ ਲਹਿਰ ਦੇ ਮੁੱਖ ਸੰਚਾਲਕ ਭਗਤ ਕਬੀਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਨ। ਇਨ੍ਹਾਂ ਨੇ ਇੱਕ ਰੱਬ ਦੀ ਭਗਤੀ ਕਰਨ ‘ਤੇ ਜ਼ੋਰ ਦਿੱਤਾ ਅਤੇ ਜਾਤ ਪਾਤ ਦਾ ਖੰਡਨ ਕੀਤਾ। ਇਸ ਲਹਿਰ ਦੇ ਬਾਨੀਆਂ ਵਿੱਚ ਗੁਰੂ ਰਵਿਦਾਸ, ਭਗਤ ਸ੍ਰੀ ਰਾਮਾ ਨੰਦ, ਭਗਤ ਨਾਮਦੇਵ ਜੀ, ਸੈਣ ਭਗਤ ਵੀ ਸ਼ਾਮਲ ਸਨ। ਇਨ੍ਹਾਂ ਮਹਾਂਪੁਰਸ਼ਾਂ ਦੇ ਉਪਦੇਸ਼ਾਂ ਸਦਕਾ ਹੀ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਆਪਸੀ ਪਿਆਰ ਵਧਿਆ ਅਤੇ ਇੱਕ ਦੂਸਰੇ ਦੇ ਕਰੀਬ ਆਉਣੇ ਸ਼ੁਰੂ ਹੋ ਗਏ।
ਸੁਣੀ ਪੁਕਾਰਿ ਦਤਾਰ ਪ੍ਰਭੂ, ਗੁਰੂ ਨਾਨਕ ਜਰਾ ਮਾਹਿ ਪਨਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਸੰਮਤ 1526, ਸੰਨ 1469 ਈ: ਨੂੰ ਰਾਏ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਸ੍ਰੀ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ। ਇਹ ਸਥਾਨ ਅੱਜ ਕੱਲ੍ਹ ਪਾਕਿਸਤਾਨ ਵਿਚ ਹੈ।
ਗੁਰੂ ਨਾਨਕ ਦੇਵ ਜੀ ਦੇ ਆਗਮਨ ਬਾਰੇ ਭਾਈ ਗੁਰਦਾਸ ਲਿਖਦੇ ਹਨ :
ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇ।
ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ
ਤੇ ਫਿਰ
ਕਲਿਯੁਗ ਬਾਰੇ ਤਾਰਿਆ, ਸਤਿਨਾਮ ਪੜਿ ਮੰਤਰ ਸੁਣਾਇਆ,
ਕਲ ਤਾਰਿਣ ਗੁਰੂ ਨਾਨਕ ਆਇਆ।
ਉਰਦੂ ਦੇ ਪ੍ਰਸਿੱਧ ਸ਼ਾਇਰ ਡਾ. ਇਕਬਾਲ ਨੇ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ ਹੈ ਕਿ :
ਫਿਰ ਉਠੀ ਸਦਾ ਤੌਹੀਦ ਕੀ ਪੰਜਾਬ ਸੇ,
ਹਿੰਦ ਕੇ ਇਕ ਮਰਦਿ ਕਾਮਲ ਨੇ ਜਗਾਇਆ ਖਾਬ ਸੇ।

ਇਸ ਬਾਰੇ ਜੇਕਰ ਮੈਂ ਇੰਝ ਕਹਾ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ:
ਉੱਠੀਆ ਸੀ ਜਦੋਂ ਨ੍ਹੇਰੇ ਅਗਿਆਨਤਾ ਦੀਆਂ ਕੁੜ ਲਪਟਾਂ ਪੰਜਾਬ ਵਿਚੋ,
ਮਾਨਵ ਨੂੰ ਜਗਾਇਆ ਸੀ ਵਕਤ ਉਸ ਗੁਰ ਨਾਨਕ ਨੇ ਖ਼ਾਬ ਵਿਚੋ।
ਬਾਲ ਅਵਸਥਾ ਵਿੱਚ ਆਪ ਜੀ ਨੇ ਕਈ ਕੌਤਕ ਕੀਤੇ। ਕਈ ਦਿਨਾਂ ਤੋਂ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਸੱਚਾ ਸੌਦਾ ਕਰਕੇ ਨਵੀਂ ਪਰੰਪਰਾ ਦੀ ਨੀਂਵ ਰੱਖ ਦਿੱਤੀ।
ਐਸੀ ਨੀਂਵ ਧਰੀ, ਗੁਰੂ ਨਾਨਕ ਨਿੱਤ ਨਿੱਤ ਚੜੇ ਸੁਣਾਈ।
ਬਾਅਦ ਵਿੱਚ ਆਪ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਪਾਸ ਸੁਲਤਾਨਪੁਰ ਆ ਗਏ। ਜਦੋਂ ਗੁਰੂ ਨਾਨਕ ਜੀ ਨੇ ਮੋਦੀ ਖਾਨੇ ਨੌਕਰੀ ਕੀਤੀ ਤਾਂ ਉਸ ਬਾਰੇ ਗੁਰੂ ਘਰ ਨਾਨਕਸਰ ਦੇ ਸੇਵਕ ਰਹੇ ਮਸ਼ਹੂਰ ਕਵਿ ਡਾ. ਤਾਰਾ ਸਿੰਘ ਆਲਮ ਲਿਖਦੇ ਹਨ:
ਮੋਦੀ ਖਾਨਾ ਪਤਾ ਦੱਸੇ ਤੇਰਾ ਤੇਰਾ ਤੋਲਦਾ
ਕੌੜਾ ਰੀਠਾ ਅਜੇ ਤੱਕ ਮਿਠਾ ਮਿਠਾ ਬੋਲਦਾ।
ਇਕੇ ਹੀ ਆਪ ਜੀ ਨੇ ਕਾਜੀ ਅਤੇ ਨਵਾਬ ਨਾਲ ਮਸੀਤ ਜਾਣਾ, ਉਨ੍ਹਾਂ ਨੂੰ ਖੁਦਾ ਦੀ ਇਬਾਦਤ ਕਰਨ ਦਾ ਭੇਤ ਸਮਝਾਉਣਾ ਕਈ ਕੌਤਕ ਕੀਤੇ। ਕਾਫ਼ੀ ਸਮਾਂ ਸੁਲਤਾਨਪੁਰ ਰਹਿੰਦੇ, ਇੱਕ ਦਿਨ ਕੀ ਤੱਕਿਆ ਕਿ ਲੋਕਾਈ ਈਰਖਾ ਦੀ ਅੱਗ ਵਿੱਚ ਸੜ ਕੇ ਮਰੀ ਜਾ ਰਹੀ ਹੈ।

ਬਾਬਾ ਦੇਖੇ ਧਿਆਨ ਕਰ, ਜਲਤੀ ਸਭ ਪ੍ਰਿਥਵੀ ਦਿਸਿ ਆਈ।
ਅਤੇ ਜਿਸ ਮਕਸਦ ਵਾਸਤੇ ਆਪ ਨੇ ਅਵਤਾਰ ਧਾਰਨ ਕੀਤਾ ਸੀ, ਉਸ ਉਦੇਸ਼ ਨੂੰ ਲੈ ਕੇ ਪਹਿਲੀ ਉਦਾਸੀ ਦਾ ਆਰੰਭ ਕਰਨਾ ਅਤੇ ਮਰਦਾਨੇ ਨੂੰ ਕਹਿਣ ਲੱਗੇ ਚੱਲ ਤੈਨੂੰ ਭਗਤੀ ਦਾ ਘਰ ਦਿਖਾਈਏ। ਉਸ ਸਮੇਂ ਕੋਈ ਕਿਸੇ ਦਾ ਸਤਿਕਾਰ ਨਹੀਂ ਕਰਦਾ ਸੀ। ਊਚ ਨੀਚ ਦਾ ਕੋਈ ਵਿਚਾਰ ਨਾ ਰਿਹਾ। ਦੇਸ਼ ਦੇ ਬਾਦਸ਼ਾਹ ਅਧਰਮੀ ਅਤੇ ਬੇਇਨਸਾਫ਼ੀ ਹੋ ਗਏ। ਅਤੇ ਇਸ ਤਰ੍ਹਾਂ ਕਸਾਈ ਬਣ ਗਏ ਅਤੇ ਜਾਲਮ ਹੋ ਕੇ ਪਰਜਾ ਤੇ ਜੁਲਮ ਢਾਉਣ ਲੱਗੇ। ਇਸ ਤਰ੍ਹਾਂ ਸਭ ਸ੍ਰਿਸ਼ਟੀ ਸ਼ੁਭ ਕਰਮਾਂ ਤੋਂ ਹੀਣ ਹੋ ਗਈ। ਭਾਈ ਗੁਰਦਾਸ ਜੀ ਲਿਖਦੇ ਹਨ :
ਕੋਈ ਨਾ ਕਿਸੇ ਪੂਜਦਾ, ਊਚ ਨੀਚ ਸਭਿ ਰਾਤਿ ਬਿਰਸਾਈ।
ਭਏ ਬਿਅਦਲੀ ਬਾਦਸ਼ਾਹ, ਕਲ ਕਾਤੀ ਉਸਰਾਇ ਕਸਾਈ।
ਰਹਿ ਤਪਾਵਸੁ ਤ੍ਰਿਹੁ ਜੁਗੀ, ਚਉ ਜੁਗਿ ਜੋ ਦੇਇ ਸੋ ਪਾਈ।
ਕਰਮ ਭ੍ਰਿਸ਼ਟ ਸਭ ਪਈ ਲੋਕਾਈ
ਜਿੱਥੇ ਧਰਮ ਦਾ ਪਤਨ ਹੋ ਚੁੱਕਾ ਸੀ, ਉਥੇ ਲੋਕਾਂ ਨਾਲ ਰਾਜਸੀ ਧੱਕਾ ਵੀ ਸਿਖਰਾਂ ‘ਤੇ ਸੀ। ਜੇਕਰ ਹਿੰਦੂ ਜਨਤਾ ਮੁਸਲਮ ਹਾਕਮਾਂ ਦੀ ਕੱਟੜਤਾ ਤੋਂ ਦੁਖੀ ਸਨ ਤਾਂ ਗਰੀਬ ਮੁਸਲਮਾਨ ਜਨਤਾ ਵੀ ਘੱਟ ਦੁਖੀ ਨਹੀਂ ਸੀ। ਰਾਜੇ ਕਸਾਈ ਤੇ ਨਿਆਈ ਸਨ। ਦੁਖੀ ਦੁਨੀਆ ਦੀ ਪੁਕਾਰ ਸੁਣ ਕੇ ਅਜਿਹੀਆਂ ਪ੍ਰਸਥਿਤੀਆਂ ਵਿੱਚ ਗੁਰੂ ਨਾਨਕ ਦੇਵ ਜੀ ਵਰਗੇ ਦੈਵੀ ਮਹਾਂਪੁਰਸ਼ ਨੂੰ ਦਾਤਾਰ ਪ੍ਰਭੂ ਨੇ ਸ਼੍ਰਿਸ਼ਟੀ ਦੇ ਕਲਿਆਣ ਲਈ ਭੇਜਿਆ। ਇਸ ਤਰ੍ਹਾਂ ਗੁਰੂ ਨਾਨਕ ਅਵਤਾਰ ਕਲਯੁਗ ਦੇ ਲੋਕਾਂ ਨੂੰ ਤਾਰਨ ਵਾਸਤੇ ਆਏ। ਅਗਿਆਨਤਾ ਦੂਰ ਹੋ ਗਈ ਅਤੇ ਗਿਆਨ ਦਾ ਚਾਰੇ ਪਾਸੇ ਪਸਾਰਾ ਹੋਇਆ।
ਗੁਰੂ ਨਾਨਕ ਦੇਵ ਜੀ ਅਕਾਲ ਰੂਪ ਸਨ, ਕਿਉਂਕਿ ਉਹ ਅਕਾਲ ਪੁਰਖ ਨਾਲ ਇੱਕ ਮਿੱਕ ਸਨ, ਉਹ ਅਕਾਲ ਪੁਰਖ ਵੱਲੋਂ ਵਰੋਸਾਇ ਹੋਣ ਕਰਕੇ ਜਗਤ ਗੁਰੂ ਆਖੇ ਜਾ ਸਕਦੇ ਹਨ, ਕਿਉਂਕਿ ਉਨ੍ਹਾਂ ਨੂੰ ਦੋਹਾਂ ਕੌਮਾਂ ਹਿੰਦੂ ਅਤੇ ਮੁਸਲਮਾਨ ਅਤੇ ਇਸੇ ਉਦੇਸ਼ ਸਦਕਾ ਗੁਰੂ ਨਾਨਕ ਦੇਵਵ ਜੀ ਨੇ ‘ਧੁਰ ਕੀ ਬਾਣੀ’ ਉਚਾਰ ਕੇ ਬਿਨ੍ਹਾਂ ਮਜ਼ਹਬ ਦੁਨੀਆ ਦਾ ਆਧਾਰ ਕੀਤਾ। ਆਪ ਜੀ ਨੇ ਭਾਈ ਲਾਲੋ ਦੇ ਘਰ ਪਹੁੰਚ ਕੇ ਉਸ ਦੀ ਰੁੱਖੀ ਮਿੱਸੀ ਰੋਟੀ ਦਾ ਭੋਗ ਲਾਇਆ ਅਤੇ ਮਲਕ ਭਾਗੋ ਦੀ ਰੋਟੀ ਵਿੱਚੋਂ ਹੰਕਾਰ ਰੂਪੀ ਲਹੂ ਦੇ ਤੁਪਕੇ ਕੱਢੇ।
ਆਪਜੀ ਨੇ ਸੱਜਣ ਠੱਗ, ਕੌਡੇ ਰਾਕਸ਼ ਅਤੇ ਵਲੀ ਕੰਧਾਰੀ ਜਿਹੇ ਆਦਮ ਖੋਰਾਂ ਨੂੰ ਆਪਣੇ ਪ੍ਰਬਚਨਾਂ ਸਦਕਾ ਇੱਕ ਨਵੀਂ ਜੀਵਨ ਜਾਂਚ ਦਿੱਤੀ ਅਤੇ ਗਰੀਬਾਂ ਨੂੰ ਆਪਣੇ ਗਲੇ ਲਾਇਆ। ਬਾਬਰ ਨੂੰ ਜਾਬਰ ਕਿਹਾ, ਗੱਲ ਕੀ ਸੱਚ ਬੋਲਣਾ ਅਤੇ ਸੱਚ ‘ਤੇ ਪਹਿਰਾ ਦੇਣਾ ਉਹ ਵੀ ਬਿਨਾਂ ਕਿਸੇ ਡਰ ਤੋਂ। ਵਹਿਮਾਂ ਭਰਮਾਂ ਅਤੇ ਪਾਖੰਡਾ ਤੋਂ ਲੋਕਾਂ ਨੂੰ ਲਗਾਤਾਰ ਸੁਚੇਤ ਕਰਦੇ ਰਹੇ। ਆਪ ਜੀ ਦੇ ਵੇਲੇ ਜਦੋਂ ਹਿੰਦੂ ਧਰਮ ਪੂਰੀ ਤਰ੍ਹਾਂ ਨਿਘਾਰ ਵੱਲ ਸੀ ਅਤੇ ਮੁਸਲਮਾਨ ਵੀ ਇਨ੍ਹਾਂ ਪਖੰਡਾਂ ਦੇ ਸ਼ਿਕਾਰ ਹੋ ਗਏ ਸਨ ਤਾਂ ਗੁਰੂ ਜੀ ਦੇ ਸ਼ਬਦਾਂ ਵਿਚ :
ਸਰਮੁ ਧਰਮੁਦੁਇ ਛਪਿ ਖਲੋਹੇ ਕੂੜੁ ਫਿਰੈ ਪ੍ਰਧਾਨ ਵੇ ਲਾਲੋ।
ਕਾਜੀਆਂ ਬਾਮਣਾ ਕੀ ਗਲ ਥਕੀ ਅਗਦ ਪੜੈ ਸ਼ੈਤਾਨ ਵੇ ਲਾਲੋ।
ਮੁਸਲਮਾਨੀਆਂ ਪੜਹਿ ਕਤੇਬਾਂ ਕਸਟ ਮਹਿ ਕਰਹਿ ਖੁਦਾਈ ਵੇ ਲਾਲੋ। (੭੨੨)
ਉਨ੍ਹਾਂ ਦੇ ਸਾਥੀ ਮਰਦਾਨਾ ਜੀ ਰਬਾਬ ਦੇ ਤਾਰ ਛੱਡਦੇ ਤਾਂ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਪ੍ਰਤੀ ਬਿਰਾਗ ਪੈਦਾ ਕਰਦੇ ਅਤੇ ਉਸ ਅਕਾਲ ਪੁਰਖ ਦੀ ਸਿਫ਼ਤ ਸਲਾਹ ਆਪਣੇ ਪਵਿੱਤਰ ਮੁਖਾਰਬਿੰਦ ਵਿਚੋਂ ਉਚਾਰਦੇ ਤਾਂ ਲੋਕਾਂ ਦੇ ਮਨਾਂ ਵਿਚ ਪਈਆਂ ਗਲਤ ਧਾਰਨਾਵਾਂ ਦੀਆਂ ਗੰਢਾਂ ਖੁੱਲ੍ਹਦੀਆਂ। ਉਹ ਧੰਨ ਗੁਰੂ ਨਾਨਕ ਆਖਦੇ। ਇਸੇ ਬਾਰੇ ਇਕ ਹੋਰ ਥਾਂ ਡਾ. ਤਾਰਾ ਸਿੰਘ ਲਿਖਦੇ ਹਨ:
ਉਹਦੇ ਮੁਖੜੇ ‘ਤੇ ਲਾਲੀ, ਉਹਦਾ ਨੂਰ ਹੈ ਨਿਰਾਲਾ।
ਮਰਦਾਨਾ ਸੱਜੇ ਪਾਸੇ,ਉਹਦੇ ਖੱਬੇ ਹੱਥ ਬਾਲਾ।
ਮਰਦਾਨਾ ਰਬਾਬ ਵਜਾਵੇ, ਬਾਲਾ ਚੌਰ ਨੂੰ ਝੁਲਾਵੇ।
ਗੁਰੂ ਮਿੱਠਾ ਮਿੱਠਾ ਗਾਵੇ ਉਹਨੂੰ ਬਾਣੀ ਧੁਰੋਂ ਆਵੇ।
ਵੀਹਗੁਰੂ ਜਪੇ ਫੇਰੇ ਸਵਾਸਾਂ ਵਾਲੀ ਮਾਲਾ।
ਸਾਨੂੰ ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ ਪ੍ਰਵਾਹ ਵਿਚੋਂ ਜਾਚ ਮਿਲਦੀ ਹੈ, ਜਿਸ ਨਾਲ ਮਨੁੱਖ ਆਪਣੇ ਜੀਵਨ ਨੂੰ ਸਫਲ ਕਰ ਸਕਦਾ ਹੈ। ਅਜਿਹੀ ਸਮਦਰਸ਼ੀ, ਪਵਿੱਤਰ ਆਤਮਾ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਜਨਮ ਦਿਹਾੜਾ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ। ਦੇਸ਼ ਭਰ ਵਿਚ ਵੱਖ ਵੱਖ ਥਾਵਾਂ ‘ਤੇ ਦੀਵਾਨ ਸਜਾਏ ਜਾਂਦੇ ਹਨ ਅਤੇ ਦੀਪਮਾਲਾ ਕੀਤੀ ਜਾਂਦੀ ਹੈ ਅਤੇ ਸਰਬੱਤ ਦੇ ਭਲੇ ਲਈ ਗਾਇਆ ਜਾਂਦਾ ਹੈ:

ਨਾਨਕ ਨਾਮ ਚੜ੍ਹਦੀ ਕਲਾ।
ਤੇਰੇ ਭਾਣੇ ਸਰਬਤ ਦਾ ਭਲਾ।