ਅਮਰੀਕੀ ਮਹਿਲਾ ਨਾਲ ਜਬਰ ਜਨਾਹ ਮਾਮਲੇ ‘ਚ ਫ਼ਿਲਮਸਾਜ਼ ਫਾਰੂਕੀ ਨੂੰ ਕੈਦ

ਅਮਰੀਕੀ ਮਹਿਲਾ ਨਾਲ ਜਬਰ ਜਨਾਹ ਮਾਮਲੇ ‘ਚ ਫ਼ਿਲਮਸਾਜ਼ ਫਾਰੂਕੀ ਨੂੰ ਕੈਦ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਫ਼ਿਲਮ ‘ਪੀਪਲੀ ਲਾਈਵ’ ਦੇ ਸਹਿ ਨਿਰਦੇਸ਼ਕ ਮੁਹੰਮਦ ਫਾਰੂਕ ਨੂੰ ਪਿਛਲੇ ਸਾਲ ਅਮਰੀਕੀ ਖੋਜਾਰਥੀ ਮਹਿਲਾ ਨਾਲ ਜਬਰ ਜਨਾਹ ਦੇ ਦੋਸ਼ ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਅਡੀਸ਼ਨਲ ਸ਼ੈਸਨ ਜੱਜ ਸੰਜੀਵ ਜੈਨ ਨੇ ਇਹ ਆਦੇਸ਼ ਫਾਰੂਕੀ ਨੂੰ ਅਦਾਲਤ ਵਿੱਚ ਪੇਸ਼ ਕਰਨ ਮੌਕੇ ਸੁਣਾਏ। ਅਦਾਲਤ ਨੇ 44 ਸਾਲਾ ਨਿਰਦੇਸ਼ਕ ਨੂੰ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ ਤਾਂ ਜੋ ਪੀੜਤ ਦੀ ਮਦਦ ਕੀਤੀ ਜਾ ਸਕੇ। ਅਦਾਲਤ ਨੇ ਕਿਹਾ ਕਿ ਜੇ ਦੋਸ਼ੀ ਨੇ ਇਹ ਰਕਮ ਜਮ੍ਹਾਂ ਨਾ ਕਰਾਈ ਤਾਂ ਉਸ ਨੂੰ ਤਿੰਨ ਮਹੀਨਿਆਂ ਦੀ ਸਜ਼ਾ ਹੋਰ ਭੁਗਤਣੀ ਪੈ ਸਕਦੀ ਹੈ। ਅਦਾਲਤ ਨੇ 30 ਜੁਲਾਈ ਨੂੰ ਉਸ ਨੂੰ ਦੋਸ਼ੀ ਠਹਿਰਾਇਆ ਸੀ। ਦਿੱਲੀ ਪਲੀਸ ਨੇ ਉਸ ਨੂੰ ਉਮਰ ਕੈਦ ਦੀ ਮੰਗ ਕੀਤੀ ਸੀ ਤੇ ਇਹ ਦਲੀਲ ਦਿੱਤੀ ਸੀ ਕਿ ਫ਼ਿਲਮਸਾਜ਼ ਨੇ ਵਿਦੇਸ਼ੀ ਔਰਤ ਨਾਲ ਅਜਿਹਾ ਕਾਰਾ ਕਰਕੇ ਦੇਸ਼ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਸੀ।