ਪਾਕਿ ਦੇ ਨਵੇਂ ਸਿਆਸੀ ਕਪਤਾਨ ਇਮਰਾਨ ਖਾਨ ਨੇ ਭਾਰਤ ਵੱਲ ਸੁੱਟੀ ਸ਼ਾਂਤੀ ਦੀ ‘ਗੁਗਲੀ’

ਪਾਕਿ ਦੇ ਨਵੇਂ ਸਿਆਸੀ ਕਪਤਾਨ ਇਮਰਾਨ ਖਾਨ ਨੇ ਭਾਰਤ ਵੱਲ ਸੁੱਟੀ ਸ਼ਾਂਤੀ ਦੀ ‘ਗੁਗਲੀ’

ਚੋਣਾਂ ਵਿਚ ਜਿੱਤ ਮਗਰੋਂ ਇਸਲਾਮਾਬਾਦ ‘ਚ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਖਾਨ।

ਇਸਲਾਮਾਬਾਦ/ਬਿਊਰੋ ਨਿਊਜ਼ :

ਭਾਰਤ ਦੇ ਗਵਾਂਢੀ ਮੁਲਕ ਪਾਕਿਸਤਾਨ ਵਿਚ ਆਮ ਚੋਣਾਂ ‘ਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਰਤ ਨਾਲ ਰਿਸ਼ਤੇ ਸੁਧਾਰਨ ਲਈ ਪਾਕਿਸਤਾਨ ਤਿਆਰ ਹੈ ਅਤੇ ਉਨ੍ਹਾਂ ਦੀ ਸਰਕਾਰ ਚਾਹੇਗੀ ਕਿ ਦੋਵੇਂ ਮੁਲਕਾਂ ਦੇ ਆਗੂ ਕਸ਼ਮੀਰ ਦੇ ਅਹਿਮ ਮੁੱਦੇ ਸਮੇਤ ਹੋਰ ਵਿਵਾਦਤ ਮਸਲਿਆਂ ਨੂੰ ਗੱਲਬਾਤ ਰਾਹੀਂ ਸੁਲਝਾਉਣ। ਸਿਆਸੀ ਮਾਹਰਾਂ ਮੁਤਾਬਕ ਸਾਬਕਾ ਕ੍ਰਿਕਟ ਕਪਤਾਨ ਰਹੇ ਇਮਰਾਨ ਖਾਨ ਦੇ ਦੇਸ਼ ਦੇ  ਕਪਤਾਨ ਬਣਨ ਤੋਂ ਬਾਅਦ ਇਹ ਭਾਰਤ ਵੱਲ ਸੁੱਟੀ ਇਕ ਤਰ੍ਹਾਂ ਦੀ ”ਸਿਆਸੀ ਗੁਗਲੀ” ਹੈ, ਜਦਕਿ ਹਕੀਕਤ ਵਿਚ ਉਨ੍ਹਾਂ ਦੀ ਡੋਰ ਪਾਕਿਸਤਾਨੀ ਫੌਜ ਦੇ ਹੱਥ ਹੋਣ ਕਰਕੇ ਹਾਲਾਤ ਬਹੁਤੇ ਬਦਲਣ ਦੀ ਸੰਭਾਵਨਾ ਘੱਟ ਹੀ ਨਜ਼ਰ ਪੈਂਦੀ ਹੈ।
65 ਵਰ੍ਹਿਆਂ ਦੇ ਇਮਰਾਨ ਖ਼ਾਨ ਨੇ ਕਿਹਾ,”ਜੇਕਰ ਉਹ (ਭਾਰਤ) ਇਕ ਕਦਮ ਅੱਗੇ ਵਧੇਗਾ ਤਾਂ ਅਸੀਂ ਦੋ ਕਦਮ ਪੁੱਟਾਂਗੇ ਪਰ ਸ਼ੁਰੂਆਤ ਕਰਨ ਦੀ ਲੋੜ ਹੈ।”  ਉਨ੍ਹਾਂ ਕਿਹਾ ਕਿ ਕ੍ਰਿਕਟ ਦੇ ਦਿਨਾਂ ਤੋਂ ਹੀ ਉਹ ਭਾਰਤ ਦੇ ਜ਼ਿਆਦਾਤਰ ਲੋਕਾਂ ਨੂੰ ਜਾਣਦੇ ਹਨ ਅਤੇ ਦੋਵੇਂ ਮੁਲਕ ਰਲ ਕੇ ਦੱਖਣ ਪੂਰਬ ਏਸ਼ੀਆ ‘ਚ ਗਰੀਬੀ ਦੇ ਸੰਕਟ ਨੂੰ ਹੱਲ ਕਰ ਸਕਦੇ ਹਨ ਪਰ ਸਭ ਤੋਂ ਵੱਡੀ ਸਮੱਸਿਆ ਕਸ਼ਮੀਰ ਹੈ। ਇਮਰਾਨ ਨੇ ਭਾਰਤੀ ਮੀਡੀਆ ਤੋਂ ਨਿਰਾਸ਼ਾ ਜਤਾਈ ਜਿਸ ਨੇ ਉਸ ਨੂੰ ਪਿਛਲੇ ਕੁਝ ਹਫ਼ਤਿਆਂ ‘ਚ ‘ਬੌਲੀਵੁੱਡ ਦੇ ਖਲਨਾਇਕ’ ਵਰਗਾ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਦੋਵੇਂ ਗੁਆਂਢੀ ਮੁਲਕਾਂ ਵੱਲੋਂ ਇਕ-ਦੂਜੇ ‘ਤੇ ਦੋਸ਼ ਲਾਉਣ ਦੀ ਖੇਡ ਰੁਕਣੀ ਚਾਹੀਦੀ ਹੈ ਜੋ ਉਪ ਮਹਾਂਦੀਪ ਲਈ ਨੁਕਸਾਨਦੇਹ ਹੈ।
ਅਮਰੀਕਾ ਨਾਲ ਉਸ ਨੇ ਸੰਤੁਲਿਤ ਰਿਸ਼ਤਿਆਂ ਦੀ ਵਕਾਲਤ ਕੀਤੀ। ਇਰਾਨ ਅਤੇ ਸਾਊਦੀ ਅਰਬ ਨਾਲ ਉਨ੍ਹਾਂ ਦੀ ਪਾਰਟੀ ਮਜ਼ਬੂਤ ਰਿਸ਼ਤੇ ਚਾਹੁੰਦੀ ਹੈ। ਉਨ੍ਹਾਂ ਕਿਹਾ,”ਅਸੀਂ ਚੀਨ ਨਾਲ ਮਜ਼ਬੂਤ ਸਬੰਧ ਬਣਾਵਾਂਗੇ। ਉਨ੍ਹਾਂ ਚੀਨ-ਪਾਕਿਸਤਾਨ ਆਰਥਿਕ ਲਾਂਘੇ ‘ਚ ਨਿਵੇਸ਼ ਕਰਕੇ ਸਾਨੂੰ ਵੱਡਾ ਮੌਕਾ ਦਿੱਤਾ ਹੈ।” ਅਫ਼ਗਾਨਿਸਤਾਨ ਬਾਰੇ ਉਸ ਨੇ ਕਿਹਾ ਕਿ ਉਥੋਂ ਦੇ ਲੋਕਾਂ ਨੂੰ ਬਹੁਤ ਕੁਝ ਸਹਿਣਾ ਪਿਆ ਹੈ ਅਤੇ ਅਫ਼ਗਾਨਿਸਤਾਨ ‘ਚ ਸ਼ਾਂਤੀ ਦਾ ਮਤਲਬ ਪਾਕਿਸਤਾਨ ‘ਚ ਸ਼ਾਂਤੀ ਹੋਣਾ ਹੈ। ਵੀਡੀਓ ਲਿੰਕ ਨਾਲ ਪ੍ਰਸਾਰਿਤ ਭਾਸ਼ਨ ‘ਚ ਇਮਰਾਨ ਖ਼ਾਨ ਨੇ 22 ਸਾਲਾਂ ਦੇ ਸੰਘਰਸ਼ ਮਗਰੋਂ ਮਿਲੀ ਸਫ਼ਲਤਾ ਲਈ ‘ਅੱਲ੍ਹਾ’ ਦਾ ਧੰਨਵਾਦ ਕੀਤਾ। ਉਸ ਨੇ ਵਾਅਦਾ ਕੀਤਾ ਕਿ ਉਹ ਪਾਕਿਸਤਾਨ ਨੂੰ ਪਵਿੱਤਰ ‘ਮਦੀਨਾ’ ਵਰਗਾ ਬਣਾ ਦੇਵੇਗਾ ਜਿਥੇ ਗਰੀਬਾਂ ਅਤੇ ਕਮਜ਼ੋਰ ਵਰਗਾਂ ਨੂੰ ਵੱਧ ਸਹੂਲਤਾਂ ਦਿੱਤੀਆਂ ਜਾਣਗੀਆਂ। ਮੁਲਕ ‘ਚ ਵੀਆਈਪੀ ਸੱਭਿਆਚਾਰ ਨੂੰ ਖ਼ਤਮ ਕਰਨ ਦਾ ਵਾਅਦਾ ਕਰਦਿਆਂ ਉਸ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਮੌਜੂਦਾ ਰਿਹਾਇਸ਼ ਨੂੰ ਵਿਦਿਅਕ ਅਦਾਰੇ ‘ਚ ਤਬਦੀਲ ਕਰ ਦੇਵੇਗਾ।
ਰਣਨੀਤਕ ਮਾਮਲਿਆਂ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਦੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਨਾਲ ਭਾਰਤ ਨੂੰ ਵੱਧ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਉਸ ਨੂੰ ਪਾਕਿਸਤਾਨੀ ਫ਼ੌਜ ਨੇ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ‘ਚ ਤਾਕਤਵਰ ਫ਼ੌਜ ਵੱਲੋਂ ਭਾਰਤ ਪ੍ਰਤੀ ਆਪਣੇ ਹਮਲਾਵਰ ਤੇਵਰ ਜਾਰੀ ਰੱਖਣ ਦੀ ਸੰਭਾਵਨਾ ਹੈ ਅਤੇ ਉਹ ਜੰਮੂ ਕਸ਼ਮੀਰ ‘ਚ ਦਹਿਸ਼ਤੀ ਕਾਰਵਾਈਆਂ ਨੂੰ ਹਮਾਇਤ ਸਮੇਤ ਹੋਰ ਸਰਗਰਮੀਆਂ ‘ਚ ਰੁੱਝੀ ਰਹੇਗੀ। ਸਾਬਕਾ ਕੂਟਨੀਤਕ ਜੀ ਪਾਰਥਾਸਾਰਥੀ ਨੇ ਕਿਹਾ,”ਉਹ (ਇਮਰਾਨ ਖ਼ਾਨ) ਫ਼ੌਜ ਦਾ ਬੰਦਾ ਹੈ। ਪਾਕਿਸਤਾਨੀ ਫ਼ੌਜ ਜੋ ਉਸ ਨੂੰ ਆਖੇਗੀ, ਉਸ ਵੱਲੋਂ ਉਹੋ ਕੁਝ ਕੀਤੇ ਜਾਣ ਦੀ ਸੰਭਾਵਨਾ ਹੈ।”